ਅਜੋਕੇ ਗੁਰਦੁਆਰਿਆਂ ਦਾ ਪ੍ਰਬੰਧਕ ਢਾਂਚਾ ਗੁਰਮਤਿ ਜਾਂ ਮਨਮਤ -  ਪ੍ਰੋ. ਗੁਰਵੀਰ ਸਿੰਘ ਸਰੌਦ

ਸਿੱਖ ਆਸਥਾ ਸ਼ਬਦ ਗੁਰੂ ਤੋਂ ਹਵਨ ਯੱਗ ਵੱਲ

ਸਿੱਖ ਪਰੰਪਰਾ ਅਨੁਸਾਰ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਸ਼ਨਾ ਹੋਵੇ । ਜੋ ਵੀ ਧਾਰਨਾ ਹੋਵੇ ਦਸਾਂ ਗੁਰੂਆਂ ਦੀ ਵਿਚਾਰਧਾਰਾ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਰਹਿਤ-ਮਰਿਆਦਾ ਅਨੁਸਾਰ ਹੋਵੇ। ਉਸ ਅਸਥਾਨ ਨੂੰ ਗੁਰਦੁਆਰਾ ਸਾਹਿਬ ਕਿਹਾ ਜਾ ਸਕਦਾ ਹੈ। ਹਰ ਇੱਕ ਸਿੱਖ ਦੀ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ  ਤੋਂ ਹੀ ਹੁੰਦੀ ਹੈ।
ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਅਨੁਸਾਰ: ''ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀ ਲਈ ਸਕੂਲ, ਆਤਮ ਜਿਗਿਆਸਾ ਵਾਲਿਆ ਲਈ ਗਿਆਨ ਉਪਦੇਸ਼ਕ ਸਰੋਤ, ਰੋਗੀਆ ਲਈ ਸਫ਼ਾਖਾਨਾ, ਭੁੱਖਿਆ ਲਈ ਅੰਨਪੂਰਨਾ, ਇਸਤਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਹਥਿਆਰ ਅਤੇ ਮੁਸਫ਼ਿਰਾ ਲਈ ਵਿਸ਼ਰਾਮ ਦਾ ਅਸਥਾਨ ਹੈ''।
ਗੁਰਦੁਆਰਾ ਸਾਹਿਬ ਸਿਰਫ਼ ਇੱਕ ਧਰਮ ਕੇਂਦਰ ਹੀ ਨਹੀ ਬਲਕਿ ਜਿੱਥੇ ਸਿੱਖ ਕੌਮ ਜੀਵਨ ਨਾਲ ਸਬੰਧਤ ਹਰ ਤਰ੍ਰਾਂ ਦੀ ਸੱਮਸਿਆਵਾਂ, ਚਣੋਤੀਆਂ ਦੇ  ਸਮਾਧਾਨ ਦੀ ਵੀ ਗੱਲ ਕਰਦੀ ਹੈ। ਧਰਮ ਸੇਧ ਤੋਂ ਇਲਾਵਾ ਸਮਾਜਿਕ, ਰਾਜਨੀਤਿਕ ਚਣੋਤੀਆਂ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ।
ਸ਼ੁਰੂ ਵਿੱਚ ਗੁਰਦੁਆਰਿਆਂ ਦੀ ਸਥਾਪਨਾ ਗੁਰੂਆਂ ਨੇ ਕਰਵਾਈ ਕੁਝ ਉਹਨਾਂ ਦੇ ਜੀਵਨ ਨਾਲ ਸਬੰਧਤ ਹਨ। ਜਿਹਨਾਂ ਦੀ ਉਸਾਰੀ ਸਿੱਖ ਕੌਮ ਨੇ ਬਾਅਦ ਵਿੱਚ ਕਰਵਾਈ  ਉਹਨਾਂ ਅਸਥਾਨਾ ਨੂੰ ਇਤਿਹਾਸਕ  ਗੁਰਦੁਆਰੇ ਕਿਹਾ ਜਾ ਸਕਦਾ ਹੈ। ਪਰ ਸਮੇਂ ਨਾਲ ਹਰੇਕ ਪਿੰਡ, ਸ਼ਹਿਰ ਵਿੱਚ ਗੁਰਦੁਅਰਿਆਂ ਦੀ ਸਥਾਪਨਾ ਕੀਤੀ ਗਈ, ਜੋ ਸਿੱਖ ਕੌਮ ਨੂੰ ਜੀਵਨ ਸੇਧ ਦੇਣ, ਜਿਸ ਨੂੰ ਸਥਾਨਕ ਗੁਰਦੁਆਰੇ ਕਿਹਾ ਜਾ ਸਕਦਾ ਹੈ।
ਇਹ ਧਾਰਨਾ ਸਹੀ ਜਾਪਦੀ ਹੈ, ਕਿ ਜਦੋ ਅਸੀ ਕੋਈ ਭੁੱਲ ਪਹਿਲੀ ਵਾਰ ਕਰਦੇ ਹਾਂ ਉਸ ਨੂੰ ਗਲਤੀ ਪਰ ਜਦੋਂ ਕੋਈ ਭੁੱਲ ਵਾਰ-ਵਾਰ ਕਰਦੇ ਹਾਂ ਤਾਂ ਉਹ ਆਦਤ ਬਣ ਜਾਦੀ ਹੈ।
ਅਜੋਕੇ ਸਮੇਂ ਗੱਲ ਸਥਾਨਕ ਗੁਰਦੁਅਰਿਆਂ ਦੀ ਕੀਤੀ ਜਾਵੇ। ਤਾਂ ਇਹ ਸਿੱਖੀ-ਸਿਧਾਂਤਾਂ, ਰਹਿਤ-ਮਰਿਆਦਾ, ਅਤੇ ਗੁਰਮਤਿ ਦੇ ਰਸਤੇ ਤੋਂ ਭੜਕ ਚੁੱਕੇ ਹਨ। ਇਹਨਾਂ ਗੁਰਦੁਅਰਿਆਂ ਦਾ ਪ੍ਰੰਬਧ ਇੱਕ ਰਹਿਤ-ਮਰਿਆਦਾ ਅਨੁਸਾਰ ਨਹੀ ਬਲਕਿ ਆਪਣੀ ਆਰਮਦਾਇਕ ਸਹੂਲਤਾਂ ਮੁਤਾਬਿਕ ਕੀਤਾ ਜਾਦਾ ਹੈ।ਇਹਨਾਂ ਗੁਰਦੁਆਰਿਆਂ ਦਾ ਪ੍ਰੰਬਧ ਚਲਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਦਾ ਹੈ। ਜਿਸ ਦੇ ਮੈਂਬਰ ਉਸ ਪਿੰਡ,ਸ਼ਹਿਰ ਦੇ ਨਿਵਾਸੀ ਹੁੰਦੇ ਹਨ । ਜਿਨ੍ਹਾਂ ਦਾ ਅਮ੍ਰਿਤਪਾਨ ਵੀ ਹੋਣਾ ਲਾਜ਼ਮੀ ਨਹੀ ਹੁੰਦਾ ਉਹ ਇੱਕ ਪ੍ਰੰਬਧਕਾਂ ਦੇ ਰੂਪ ਵਿੱਚ ਆਪਣੀ ਜਿੰਮੇਵਾਰੀ ਨਿਭਾਉਦੇ ਹਨ।
ਜੇਕਰ ਗੱਲ ਦਰਬਾਰ ਸਾਹਿਬ ਦੇ ਅੰਦਰ ਦੀ ਕੀਤੀ ਜਾਵੇ, ਤਾਂ ਜਿਆਦਾਤਾਰ ਗੁਰਦੁਆਰਿਆਂ ਵਿੱਚ ਸਿੱਖ ਗੁਰੂਆਂ, ਸੇਵਾਦਾਰਾਂ ਦੀਆਂ ਵੱਡੀਆਂ- ਵੱਡੀਆਂ ਤਸਵੀਰਾਂ ਲੱਗ ਚੁੱਕੀਆਂ ਹਨ। ਜੋ ਸਿੱਖ ਰਹਿਤ-ਮਰਿਆਦਾ ਅਨੁਸਾਰ ਬਿਲਕੁਲ ਗਲਤ ਹਨ। ਕਿਉਂਕਿ ਇੱਕ ਸਿੱਖ ਦਾ ਧਰਮ ਸਭ ਤੋਂ ਪਹਿਲਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਨਮਸਤਕ ਹੋਣਾ ਹੈ, ਫਿਰ ਗੁਰੁ ਰੂਪ ਸਾਧ ਸੰਗਤ ਦੇ ਸਾਹਮਣੇ, ਪਰ ਹੁਣ ਜਿਆਦਾਤਾਰ ਸਿੱਖ ਕੌਮ ਉਹਨਾਂ ਤਸਵੀਰਾਂ ਨੂੰ ਨਮਸਤਕ ਹੋਣ ਲੱਗ ਜਾਦੀ ਹੈ।
ਇੱਕ ਸਮਾਂ ਸੀ, ਜਦੋ ਬਿਜਲੀ ਦਾ ਪੂਰਾ ਪ੍ਰੰਬਧ ਨਾ ਹੋਣ ਕਾਰਨ ਦਰਬਾਰ ਸਾਹਿਬ ਵਿੱਚ ਦੀਵਾ (ਜੋਤ) ਜਲਾ ਦਿੱਤਾ ਜਾਦਾ ਸੀ। ਤਾਂ ਕਿ ਬਿਜਲੀ ਕੱਟ ਹੋਣ ਦੀ ਸੂਰਤ ਵਿੱਚ ਚਾਨਣ ਬਰਕਰਾਰ ਰਹਿ ਸਕੇ। ਪਰ 21ਵੀਂ ਸਦੀਂ ਵਿੱਚ ਬਿਜਲੀ ਕੱਟ ਹੋਣ ਦਾ ਪਤਾ ਨਹੀ ਲੱਗਦਾ। ਕਿਉਂਕਿ ਅਧੁਨਿਕ ਬੈਟਰੀਆਂ ਨਾਲ ਚਾਨਣ ਬਰਕਰਾਰ ਰਹਿੰਦਾ ਹੈ । ਫਿਰ ਵੀ ਅੱਜ ਉਹ ਦੀਵਾ ਬਰਕਾਰਰ ਹੈ। ਉਹ ਵੀ ਦੇਸੀ ਘਿਉ ਦਾ, ਜੋ ਇੱਕ ਫਜੂਲ ਜਾਪਦਾ ਹੈ। ਜੇਕਰ ਇਹ ਘਿਉ ਕਿਸੇ ਲੋੜਵੰਦ ਨੂੰ ਦਿੱਤਾ ਜਾਵੇ ਤਾਂ ਕਿੰਨਾ ਉੱਤਮ ਹੋਵੇਗਾ।
ਹੁਣ ਤਾਂ ਇੰਨਾ ਸਥਾਨਕ  ਗੁਰਦੁਆਰਿਆਂ ਵਿੱਚ ਵੀ ਜਥੇਦਾਰੀ ਪ੍ਰਥਾ ਪੂਰੀ ਤਰ੍ਰਾ ਵਿਕਸਤ ਹੋ ਚੁੱਕੀ ਹੈ। ਕਿਉਂਕਿ ਕੁਝ ਪ੍ਰਬੰਧਕ ਵਲੋਂ ਦਰਬਾਰ ਸਾਹਿਬ ਵਿੱਚ ਬੈਠਣ ਲਈ ਪਹਿਲੀ ਕਤਾਰ ਜਾਂ ਸੰਗਤ ਤੋਂ ਅੱਲਗ ਵਾਲੇ ਪਾਸੇ ਦੀ ਵਰਤੋਂ ਕੀਤੀ ਜਾਦੀ ਹੈ। ਇਹੀਂ ਹਾਲ ਲੰਗਰ ਸਮੇਂ ਹੁੰਦਾ ਹੈ, ਉਹ ਸੰਗਤ ਵਿੱਚ ਬੈਠ ਕਿ ਲੰਗਰ ਨਹੀ ਛਕਦੇ ਬਲਕਿ ਅੱਲਗ ਬੈਠ ਕਿ ਮਾਣ ਮਹਿਸੂਸ ਕਰਦੇ ਹਨ। ਜਦ ਕਿ ਸਿੱਖ ਧਰਮ ਦਾ ਜਨਮ ਹੀ ਜਾਤ-ਪਾਤ,ਊਚ-ਨੀਚ ਦੇ ਖੰਡਨ ਤੋਂ ਹੋਇਆ ਹੈ।
ਗੁਰਦੁਆਰਿਆਂ ਦੇ ਸਪੀਕਰਾਂ ਤੋਂ ਕੋਈ ਜਰੂਰੀ ਧਾਰਮਿਕ ਸੂਚਨਾ,ਕਿਸੇ ਸਿੱਖ ਪਰਿਵਾਰ ਵੱਲੋ ਬੇਨਤੀ ਤਾਂ ਇੱਕ ਚੰਗਾ ਸਾਧਨ ਹੈ। ਪਰ ਇਹਨਾਂ ਲਾਊਡ-ਸਪੀਕਰਾਂ ਤੋਂ ਮਸ਼ਹੂਰੀ ਜਾਂ ਆਪਣਾ ਸੌਦਾ ਵੇਚਿਆ ਜਾਦਾ ਹੈ ।ਇੱਥੋਂ ਤੱਕ ਕਿ ਸਿਮ ਵੇਚਣ ਵਾਲੇ ਵੀ ਗੁਰਦੁਆਰਿਆਂ ਤੱਕ ਪਹੁੰਚ ਕਰ ਚੁੱਕੇ ਹਨ। ਇਸ ਨਵੇਂ ਆ ਚੁੱਕੇ ਬਦਲਾਅ ਵਿੱਚ ਸਿੱਖ ਧਰਮ ਲਈ ਕੋਈ ਲਾਹੇਵੰਦ ਜੀਵਨ ਸੇਧ ਨਜ਼ਰ ਨਹੀ ਅਉਂਦੀ ਕਿਉਂਕਿ ਸਭ ਤੋਂ ਜਰੂਰੀ ਕੰਮ ਧਰਮ-ਪ੍ਰਚਾਰ ਜੋ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਇਹ ਸਭ ਸਥਾਨਕ ਕਮੇਟੀਆਂ ਆਪਣੀ ਜਿੰਮੇਵਾਰੀ ਹੀ ਨਹੀ ਸਮਝਦੀਆਂ ਕਿਉਂਕਿ ਉਹਨਾਂ ਦਾ ਬਜਟ ਚੰਗੀਆਂ ਇਮਾਰਤਾਂ ਦੀ ਸਥਾਪਨਾ ਕਰਨਾ ਅਤੇ ਖੂਬਸੂਰਤ ਬਣਾਉਣਾ ਹੀ ਰਹਿ ਗਿਆ ਹੈ।
ਅਜੋਕੇ ਸਮੇਂ ਦੌਰਾਨ ਤਾਂ ਇਹਨਾਂ ਗੁਰਦੁਆਰਿਆਂ ਵਿੱਚ ਇੱਕ ਨਵੀਂ ਹੀ ਧਾਰਾ ਨੇ ਜਨਮ ਲੈ ਲਿਆ ਹੈ। ਜੋ ਕਿ ਮਸ਼ਹੂਰ ਗੁਰਦੁਆਰਿਆਂ ਦੀ ਨਕਲ ਤੋਂ ਸ਼ੁਰੂ ਹੋਈ ਹੈ, ਇੱਕ ਹੀ ਸਮੇਂ ਦੌਰਾਨ ਇੱਕ ਤੋ ਜਿਆਦਾ ਅਖੰਡ ਪਾਠ ਪ੍ਰਕਾਸ਼ ਕਰਨੇ। ਜਿਸ ਨੂੰ ਇਹ ਲੋਕ ਅਖੰਡ ਪਾਠਾਂ ਦੀ ਲੜੀ ਕਹਿੰਦੇ ਹਨ। ਇਹ ਲੜੀਆਂ ਗੁਰੂ ਘਰ ਦੇ ਸੇਵਾਦਾਰ ਦੀ ਮੌਤ ਜਾਣ ਬਾਆਦ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਮਨਾਈਆਂ ਜਾਂਦੀਆਂ ਹਨ। ਇਸ ਦੌਰਾਨ ਇਕ ਹੀ ਸਮੇਂ ਵਿੱਚ 10-10 ਪਾਠ ਪ੍ਰਕਾਸ਼ ਕਰ ਲਏ ਜਾਂਦੇ ਹਨ, ਪਤਾ ਵੀ ਨਹੀ ਚਲਦਾ ਕਿ ਗ੍ਰੰਥੀ ਸਿੰਘ ਕੀ-ਕੀ ਉਚਾਰਨ ਕਰ ਰਹੇ ਹਨ।
ਮੈਨੂੰ ਸਮਝ ਨਹੀ ਆਉਂਦਾ ਸਾਡੀ ਆਸਥਾ ਸ਼ਬਦ ਗੁਰੂ ਤੋਂ ਕਿਉਂ ਭੜਕ ਰਹੀ ਹੈ। ਅਸੀ ਗੁਰਬਾਣੀ ਨੂੰ ਸਿਰਫ਼ ਪੜਨਾ ਹੀ ਨਹੀ ਬਲਕਿ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣਾ ਵੀ ਹੈ ਜੋ ਕਿ ਸਿੱਖ ਦਾ ਧਰਮ ਹੈ। ਦੂਜਾ ਅਸੀ ਜਨਮ ਦਿਨ ਜਾਂ ਸਹੀਦੀ ਦਿਹਾੜੇ ਅਸੀ ਸਾਰੇ ਗੁਰੂ ਸਹਿਬਾਨਾਂ ਦੇ ਵੀ ਨਹੀ ਮਨਾਉਦੇ। ਸਿੱਖ ਕੌਮ ਦਾ ਸਭ ਤੋਂ ਵੱਡਾ ਦਿਨ 13 ਅਪ੍ਰੈਲ 1699 ਸੀ। ਜਿਸ ਦਿਨ ਦਸਵੇਂ ਗੁਰੂ ਨੇ ਸਾਡੀ ਕੌਮ ਨੂੰ ਚਿੜੀਆਂ ਤੋਂ ਬਾਜ ਬਣਾਇਆ ਸੀ, ਉਸ ਦਿਨ ਨੂੰ ਤਾਂ ਅਸੀ ਪੂਰੀ ਸ਼ਰਧਾ ਨਾਲ ਵੀ ਨਹੀ ਮਨਾਉਦੇ ਪਰ ਸੇਵਾਦਾਰਾਂ ਦੀਆਂ ਬਰਸੀਆਂ ਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ। ਜੋ ਕਿ ਇਕ ਫਜ਼ੂਲ ਤੇ ਰਹਿਤ ਮਰਿਆਦਾ ਅਨੁਸਾਰ ਗਲਤ ਹੈ। ਜੇਕਰ ਸੇਵਾਦਾਰਾਂ ਦੀ ਧਰਮ ਨੂੰ ਦੇਣ ਹੈ, ਤਾਂ ਉਸ ਦਿਨ ਧਰਮ ਪ੍ਰਚਾਰ ਸੰਬੰਧੀ ਪ੍ਰੋਗਾਰਾਮ ਕਰਵਾਏ ਜਾਣ ਨਾ ਕਿ ਮੰਹਿਗੇ ਪਕਵਾਨ ਬਣਾਏ ਜਾਣ।
ਜੇਕਰ ਬਰਸੀਆਂ, ਸਹੀਦੀ ਦਿਹਾੜੇ ਹੀ ਮਨਾਉਣੇ ਹਨ ਤਾਂ ਉਹਨਾਂ ਦੇ ਮਨਾਉ, ਜੋ ਚਰਖੜੀਆਂ ਤੇ ਚੜੇ, ਬੰਦ-ਬੰਦ ਕਟਾਏ, ਨੀਹਾਂ ਵਿੱਚ ਚੁਣੇ ਗਏ, ਧਰਮ ਹੇਤ ਸੀਸ ਦਿੱਤੇ, ਪਰ ਧਰਮ ਨਹੀ ਹਾਰਿਆ।
ਗੁਰਦੁਆਰਾ ਇੱਕ ਵਿਦਿਆਰਥੀ ਲਈ ਇੱਕ ਸਕੂਲ ਹੈ। ਉਸ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਤਾਂ ਜੋ ਜੀਵਨ ਸੇਧ ਮਿਲੇ। ਜਗਿਆਸੂਆਂ ਲਈ ਉਪਦੇਸ਼ਕ ਸਥਾਨ ,ਭੁੱਖਿਆਂ ਲਈ ਅੰਨ-ਪੂਰਨਾ, ਮੁਸਾਫਿਰਾਂ ਲਈ ਵਿਸ਼ਰਾਮ ਘਰ, ਇੱਕ ਸਿੱਖ ਦਾ ਜੀਵਨ ਉਪਕਾਰ ਭਰਿਆ ਹੈ। ਸਿੱਖ ਦੇ ਤਿੰਨ ਕਰਮ:-  ਕਿਰਤ ਕਰੋ, ਨਾਮ ਜਪੋ, ਵੰਡ ਛਕੋ ਹਨ। ਤਾਂ ਫਿਰ ਅਸੀ ਕਿਉਂ ਗੁਰਦੁਆਰਿਆ ਦਾ ਪ੍ਰੰਬਧ ਸੀ੍ਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ,ਰਹਿਤ-ਮਰਿਆਦਾ ਅਨੁਸਾਰ ਕਿਉਂ ਨਹੀ ਚਲਾ ਰਹੇ। ਕਿ ਫਇਦਾ ਸੋਹਣੀਆਂ ਇਮਾਰਤਾਂ ਬਣਾਉਣ ਦਾ ਜੇਕਰ ਅਸੀ ਸਿੱਖ ਸਿਧਾਤਾਂ ਤੇ ਪੂਰਾ ਪਹਿਰਾ ਹੀ ਨਹੀ ਦੇ ਸਕਦੇ।
ਆਉ ਸਾਡੇ ਬੱਚਿਆਂ ਨੂੰ ਸਿੱਖ-ਧਰਮ, ਸਿੱਖ-ਇਤਿਹਾਸ ਅਤੇ ਦਸਾਂ ਗੁਰੂਆਂ ਦੇ ਜੀਵਨ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਲਇਬ੍ਰੇਰੀਆ ਦੀ ਸਥਾਪਨਾ ਕਰੀਏ, ਤਾਂ ਕਿ ਆਉੇਣ ਵਾਲੇ ਭੱਵਿਖ ਨੂੰ ਗੁਰਦੁਆਰੇ ਦੀ ਪਰਿਭਾਸ਼ਾ ''ਇੱਕ ਖੂਬਸੂਰਤ ਇਮਾਰਤ ਜਿੱਥੇ ਚੰਗੇ-ਚੰਗੇ ਪਕਵਾਨ ਬਣਦੇ ਹੋਣ'' ਨਾ ਹੋਵੇ। ਆਪਣਾ ਜੀਵਨ ਸ਼ਬਦ ਗੁਰੂ ਸੀ੍ਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਸਾਰ ਢਲੀਏ ਤਾਂ ਕਿ ਇੱਕ ਖਾਲਸ ਸਿੱਖ ਸਮਾਜ ਦੀ ਮੁੜ ਤੋਂ ਸਿਰਜਣਾ ਕਰ ਸਕੀਏ॥

ਲੇਖਕ: ਪ੍ਰੋ. ਗੁਰਵੀਰ ਸਿੰਘ ਸਰੌਦ
ਹਰਫ਼ ਕਾਲਜ, ਮਲੇਰਕੋਟਲਾ।
ਸੰਪਰਕ: 9417971451