ਪੱਕੀ ਕਣਕ ਤੇ ਮੰਡਰਾ ਰਿਹਾ ਲਟਕਦੀਆਂ ਤਾਰਾਂ ਦਾ ਬੱਦਲ - ਪ੍ਰੋ. ਗੁਰਵੀਰ ਸਿੰਘ ਸਰੌਦ

ਪੱਕੀ ਕਣਕ ਦੇ ਖੇਤਾਂ ਵਿੱਚ ਲਟਕੀਆਂ ਤਾਰਾਂ ਦੇ ਰਹੀਆਂ ਨੇ ਸੱਦਾ ਅਣ-ਸੁਖਾਵੀਂ ਘਟਨਾ ਨੂੰ

ਹਾਲ ਦੀ ਘੜੀ ਕਣਕ ਦੀ ਫ਼ਸਲ ਐਨ ਪੱਕਣ ਤੇ ਖੜੀ ਹੈ। ਕਿਸਾਨ ਦੀ ਕਈ ਮਹੀਨਿਆਂ ਦੀ ਮਿਹਨਤ ਦਾਅ ਉੱਪਰ ਲੱਗੀ ਹੋਈ ਹੈ। ਪੁਰਾਣੀ ਕਹਾਵਤ ਅਨੁਸਾਰ:- '' ਕਿ ਫ਼ਸਲ ਤਾਂ ਘਰ ਆਈ ਦੀ ਏ।'' ਕਿਉਂਕਿ ਕੁਦਰਤੀ ਕਰੋਪੀਆਂ ਅੱਗੇ ਕਿਸੇ ਦਾ ਕੋਈ ਜ਼ੋਰ ਨਹੀ ਚਲਦਾ। ਪਰ ਕੁਝ ਸੱਮਸਿਆਵਾਂ ਅਸੀ ਆਪ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਪੈਦਾ ਕੀਤੀਆਂ ਹਨ। ਜਿਨ੍ਹਾਂ ਵਿੱਚੋਂ ਅਹਿਮ ਹੈ, ਪੱਕੀ ਫ਼ਸਲ ਨੂੰ ਕਿਸੇ ਕਾਰਨ ਅੱਗ ਲੱਗ ਜਾਣਾ। ਇਸ ਦਾ ਮੁੱਖ ਕਾਰਨ ਲਾਹਪ੍ਰਵਾਹੀ ਹੀ ਹੁੰਦਾ ਹੈ, ਉਹ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ। ਕੁਝ ਸਾਲਾਂ ਤੋਂ ਖੇਤਾਂ ਦੇ ਟਿਊਬਵੈੱਲਾਂ ਨੂੰ ਜਾਂਦੀਆਂ ਬਿਜਲੀ ਦੀਆਂ ਤਾਰਾਂ ਦਾ ਹੱਦ ਤੋਂ ਜਿਆਦਾ ਢਿੱਲੀਆਂ ਹੋਣਾ, ਜੋ ਸਪਾਰਕ ਕਾਰਨ ਫ਼ਸਲ ਵਿੱਚ ਅੱਗ ਲੱਗਣ ਦਾ ਕਾਰਨ ਬਣਦੀਆਂ ਹਨ। ਕਿਉਂਕਿ ਅਪ੍ਰੈਲ ਮਹੀਨੇ ਤਾਪਮਾਨ ਵਿੱਚ ਇੱਕ ਦਮ ਬਦਲਾਅ ਅਉਂਦਾ ਹੈ, ਫ਼ਸਲ ਪੱਕਣ ਸਮੇਂ ਮੌਸਮ ਬੜਾ ਖੁਸ਼ਕ ਹੋ ਜਾਂਦਾ ਹੈ। ਅੱਗ ਦੀ ਇੱਕ ਚੰਗਿਆੜੀ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਦੀਂ ਹੈ।
ਅਕਸਰ ਇਹ ਦੇਖਿਆ ਜਾਂਦਾ ਹੈ, ਤੇਜ਼ ਹਵਾਵਾਂ ਚੱਲਣ ਕਾਰਨ ਬਿਜਲੀ ਦੀਆਂ ਤਾਰਾਂ ਢਿੱਲੀਆਂ  ਹੋ ਕੇ ਆਪਸ ਵਿੱਚ ਟਕਰਾਉਣ ਨਾਲ ਸਪਾਰਕ ਨਾਲ ਪੂਰਾ ਖੇਤ ਅੱਗ ਦੀ ਲੇਪਟ ਵਿੱਚ ਆ ਜਾਂਦਾ ਹੈ।ਪਿਛਲੇ ਸਾਲ ਪੰਜਾਬ ਦੇ ਹਰ ਜਿਲ੍ਹੇ ਵਿੱਚ ਫ਼ਸਲ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਆਈਆਂ। ਇਹ ਸਭ ਲਈ ਜਿੱਥੋਂ ਤੱਕ ਬਿਜਲੀ ਮਹਿਕਮਾ ਜਿੰਮੇਵਾਰ ਹੈ, ਉੱਥੇ ਕਿਸਾਨ ਵੀ ਬਰਾਬਰ ਦੇ ਜਿੰਮੇਵਾਰ ਬਣ ਜਾਂਦੇ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਕਿ ਬਿਜਲੀ ਮਹਿਕਮਾ ਦਾ ਕੰਮ ਸਿਰਫ਼ ਖਾਨਾ-ਪੂਰਤੀ  ਰਹਿ ਚੁੱਕਾ ਹੈ। ਕਿਉਂਕਿ ਨਾ ਤਾਂ ਸਰਕਾਰੀ ਸਾਜੋ-ਸਮਾਨ ਤੇ ਨਾ ਅਵਾਜਾਈ ਦੇ ਯੋਗ ਸਾਧਨ ਉਨ੍ਹਾਂ ਮੁਲਾਜਮਾਂ ਨੂੰ ਮਹੁੱਈਆਂ ਕਰਵਾਏ ਜਾ ਰਹੇ ਹਨ, ਤੇ ਇਨ੍ਹਾਂ ਮੁਲਾਜਮਾਂ ਦੀ ਉਮਰ ਇੰਨ੍ਹੀ ਹੋ ਚੁੱਕੀ ਹੈ ਕਿ ਉਹ ਖੰਭਿਆਂ ਤੇ ਚੜਣ ਤੋਂ ਅਸਮਰੱਥ ਜਾਪਦੇ ਹਨ। ਦੂਸਰਾ ਬਿਜਲੀ ਮਹਿਕਮੇ ਦਾ ਜਿਆਦਾਤਾਰ ਕੰਮ ਪ੍ਰਈਵੇਟ ਠੇਕੇਦਾਰਾਂ ਕੋਲ ਹੈ, ਜੋ ਆਪਣਾ ਕੰਮ ਤੱਸਲੀਬਖ਼ਸ ਨਹੀਂ ਸਗੋਂ ਮਰਜ਼ੀ ਮੁਤਾਬਿਕ ਕਰਦੇ ਹਨ। ਕਿਉਂਕਿ ਉਨ੍ਹਾਂ ਨੇ ਕੰਮ ਫਾਇਦੇ ਲਈ ਲਿਆ ਹੁੰਦਾ ਹੈ, ਕੰਮ ਵਿੱਚ ਜਲਦੀ-ਬਾਜ਼ੀ ਵੀ ਦਰਘਟਨਾ ਦਾ ਕਾਰਨ ਬਣਦੀ ਹੈ। ਇਸ ਕਾਰਨ ਵੀ ਬਿਜਲੀ ਮਹਿਕਮਾ ਬਦਨਾਮ ਹੋਇਆ ਹੈ। ਦੂਜੇ ਪਾਸੇ ਕਿਸਾਨ ਵੀ ਬਰਾਬਰ ਦੇ ਜਿੰਮੇਵਾਰ ਹਨ, ਕਿਉਂਕਿ ਜਦੋਂ ਸਾਨੂੰ ਪਤਾ ਕਿ ਸਾਡੇ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਜਾਂ ਟਰਾਂਸਫਾਰਮ ਨੂੰ ਕਿਸੇ ਪ੍ਰਕਾਰ ਦਾ ਨੁਕਸ ਹੈ, ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤਾਂ ਫਿਰ ਅਸੀ ਪਹਿਲਾ ਕਿਉਂ ਸੁਚੇਤ ਨਹੀਂ ਹੁੰਦੇ। ਅੰਤ ਸਰਕਾਰਾਂ ਦਾ ਰੋਲ ਤਾਂ ਅਣ-ਸੁਖਾਵੀਂ ਘਟਨਾ ਵਾਪਰਨ ਤੋਂ ਬਾਅਦ ਸ਼ੁਰੂ ਹੁੰਦਾ ਹੈ। ਅੱਜ ਦੀ ਰਾਜਨੀਤੀ ਸਿਰਫ਼ ਦੂਸ਼ਣਬਾਜ਼ੀ ਤੱਕ ਸੀਮਤ ਰਹਿ ਚੁੱਕੀ ਹੈ। ਜੇਕਰ ਸਰਕਾਰ ਕੁਝ ਕਰਨਾ ਚਾਹੇ, ਤਾਂ ਕੀ ਨਹੀ ਸੰਭਵ !
ਸੋ ਹੁਣ ਫ਼ਸਲ ਪੱਕ ਚੁੱਕੀ ਹੈ, ਕੋਈ ਸਥਾਈ ਹੱਲ ਨਹੀਂ ਹੋ ਸਕਦਾ, ਪਰ ਫਿਰ ਵੀ ਅਜਿਹੇ ਘਟਨਾਕ੍ਰਮ ਸਬੰਧਤ ਸਾਨੂੂੰੰ ਸੁਚੇਤ ਰਹਿਣਾ ਚਾਹੀਦਾ ਹੈ, ਜਿਥੇ ਕਿਸੇ ਪ੍ਰਕਾਰ ਦੀ ਕੋਈ ਬਿਜਲੀ ਦੀ ਤਾਰ ਸਪਾਰਕ ਕਰਦੀ ਨਜ਼ਰ ਆ ਰਹੀ  ਹੈ ਤਾਂ ਤਰੁੰਤ ਬਿਜਲੀ ਬੰਦ ਕਰਵਾ ਦੇਣਾ ਚਾਹੀਦਾ ਹੈ। ਜੇਕਰ ਟਰਾਂਸਫਾਰਮ ਦੇ ਆਲੇ-ਦੁਆਲੇ ਕਣਕ ਹੈ ਤਾਂ ਉਸ ਨੂੰ ਵੱਢ, ਜਗ੍ਹਾ ਨੂੰ ਵਾਹ ਦੇਣਾ ਚਾਹੀਦਾ ਹੈ। ਅਗਲੀ ਵਾਰ ਕੋਸ਼ਿਸ ਕਰੀਏ ਟਰਾਂਸਫਾਰਮ ਦੇ ਆਲੇ ਦੁਆਲੇ ਕਣਕ ਦੀ ਬਜਾਏ ਹਰੀ ਸਬਜ਼ੀ ਲਗਾ ਲਈਏ, ਜਿਸ ਨਾਲ ਖਾਣ ਲਈ ਆਰਗੈਨਿਕ ਸ਼ਬਜੀ ਵੀ ਪੈਦਾ ਹੋ ਜਾਵੇਗੀ। ਸੁੱਰਖਿਆਂ ਵੀ ਕਾਇਮ ਰਹੇਗੀ। ਖੇਤਾਂ ਵਿੱਚ ਬਣੇ ਔਲੂਆਂ, ਖਾਲਾਂ ਨੂੰ ਪਾਣੀ ਨਾਲ ਭਰ ਕੇ ਰੱਖੋ।ਪਿੰਡਾਂ ਵਿੱਚ ਪਾਣੀ ਦੀਆਂ ਟੈਕੀਆਂ ਨੂੰ ਭਰ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਅਣ-ਸੁਖਾਵੀਂ ਘਟਨਾ ਉੱਪਰ ਫੌਰੀ ਕਾਬੂ ਪਾਇਆ ਜਾ ਸਕੇ।ਕਿਉਂਕਿ ਕਣਕ ਨਾਲ ਸਿਰਫ਼ ਕਿਸਾਨ ਜਾਂ ਕਿਸਾਨ ਦੇ ਪਰਿਵਾਰ ਨੇ ਨਹੀਂ ਸਗੋਂ ਸੁੱਮਚੇ ਦੇਸ਼ ਨੇ ਢਿੱਡ ਭਰਨਾ ਹੈ।   

ਲੇਖਕ:    ਪ੍ਰੋ. ਗੁਰਵੀਰ ਸਿੰਘ ਸਰੌਦ
ਹਰਫ਼ ਕਾਲਜ, ਮਲੇਰਕੋਟਲਾ।
ਸੰਪਰਕ: 9417971451

12 April 2019