ਵਿਸਾਖੀ ਮਹਿਜ਼ ਇੱਕ ਤਿਉਹਾਰ ਨਹੀ ਬਦਲਦੀ ਦੀ ਰੁੱਤ ਦਾ - ਬਘੇਲ ਸਿੰਘ ਧਾਲੀਵਾਲ

ਵਿਸਾਖੀ ਦਾ ਪਵਿੱਤਰ ਦਿਹਾੜਾ ਮਹਿਜ਼ ਬਦਲਦੀ ਰੁੱਤ ਦਾ ਪਰਤੀਕ ਨਹੀ ਅਤੇ ਨਾ ਹੀ ਸਿਰਫ ਬਦਲਦੀ ਰੁੱਤ ਦਾ ਤਿਉਹਾਰ ਹੈ।ਇਹ ਦਿਨ ਤਾਂ ਉਹ ਪਵਿੱਤਰ ਦਿਹਾੜਾ ਹੈ,ਜਦੋ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਦੀ ਤਕਦੀਰ ਬਦਲੀ ਸੀ।ਇਹ ਉਹ ਪਵਿੱਤਰ ਦਿਹਾੜਾ ਹੈ,ਜਦੋ ਗੁਰੂ ਸਾਹਿਬ ਨੇ ਸਿੱਖ ਪੰਥ ਦੇ ਬਾਨੀ ਅਤੇ ਮਹਾਨ ਕਰੰਤੀਕਾਰੀ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਆਰੇ ਅਤੇ ਨਿਰਾਲੇ ਪੰਥ ਨੂੰ ਵੱਖਰੀ ਪਛਾਣ ਵਾਲੀ  ਦੁਨੀਆਂ ਤੋ ਨਿਆਰੀ,ਨਿਰਾਲੀ ਅਤੇ ਵਿਲੱਖਣ ਕੌਂਮ ਦਾ ਦਰਜਾ ਦਿੱਤਾ ਸੀ।ਇਹ ਉਹ ਪਵਿੱਤਰ ਦਿਹਾੜਾ ਹੈ,ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੁਨੀਆਂ ਨੂੰ ਇਹ ਦਰਸਾਇਆ ਸੀ ਕਿ ਕਿਰਪਾਨ ਸਿਰਫ ਤੇ ਸਿਰਫ ਜਾਨ ਲੈਂਦੀ ਹੀ ਨਹੀ,ਸਗੋ ਇਹ ਤਾਂ ਜੀਵਨ ਬਦਲਕੇ ਮਨੁੱਖ ਨੂੰ ਉਹਦੇ ਜਿਉਣ ਦੇ ਸਹੀ ਮਾਇਨੇ ਦਰਸਾਉਣ ਵਾਲੀ ਜੀਵਨਦਾਤੀ ਵੀ ਹੈ।ਇਹ ਉਹ ਪਵਿੱਤਰ ਦਿਹਾੜਾ ਹੈ ਜਦੋ ਗੁਰੂ ਗੋਬਿੰਦ ਸਿੰਘ ਦੀ ਲਿਸਕਦੀ ਤਲਵਾਰ ਨੇ ਖੂੰਨ ਮੰਗਿਆ ਸੀ,ਕਿਸੇ ਮਰਜੀਵੜੇ ਦਾ ਅਤੇ ਫਿਰ ਵਾਰੀ ਵਾਰੀ ਇੱਕ ਨਹੀ ਪੰਜ ਮਰਜੀਵੜੇ ਨਿੱਤਰੇ ਸਨ ਗੁਰੂ ਸਾਹਿਬ ਦੀ ਤਲਵਾਰ ਦੀ ਪਿਆਸ ਬੁਝਾਉਣ ਲਈ।ਅੱਜ ਖਾਲਸਾ ਪੰਥ ਨੂੰ ਇਹ ਯਾਦ ਹੋਣਾ ਚਾਹੀਦਾ ਹੈ,ਕਿ ਇਹ ਉਹ ਦਿਨ ਹੈ ਜਿਸ ਦਿਨ ਅਪਣਾ ਸੀਸ ਗੁਰੂ ਨੂੰ ਭੇਂਟ ਕਰਕੇ ਪੰਜ ਸਿੱਖਾਂ ਨੇ ਜਿੱਥੇ ਸਿੱਖ ਪੰਥ ਨੂੰ ਵੱਖਰੀ ਪਛਾਣ ਵਾਲੀ ਵਿਲੱਖਣ ਕੌਂਮ ਦਾ ਦਰਜਾ ਦਿਵਾਇਆ ਸੀ,ਓਥੇ ਉਹਨਾਂ ਮਰਜੀਵੜਿਆਂ ਨੂੰ ਪੰਥ ਦਾ ਸਭ ਤੋ ਉੱਚਾ ਦਰਜਾ ਵੀ ਪਰਾਪਤ ਹੋਇਆ ਸੀ।ਗੁਰੂ ਸਾਹਿਬ ਨੇ ਉਹਨਾਂ ਪੰਜਾਂ ਮਰਜੀਵੜਿਆਂ ਨੂੰ ਪੰਜ ਪਿਆਰਿਆਂ ਦਾ ਦਰਜਾ ਹੀ ਨਹੀ ਦਿੱਤਾ,ਬਲਕਿ ਉਹਨਾਂ ਪੰਜ ਪਿਆਰਿਆਂ ਤੋ ਆਪ ਅਮ੍ਰਿਤ ਦੀ ਦਾਤ ਪਰਾਪਤ ਕਰਕੇ ਗੁਰੂ ਅਤੇ ਸਿੱਖ ਦਾ ਭੇਦ ਹੀ ਖਤਮ ਕਰ ਦਿੱਤਾ ਸੀ।ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਤੇ ਸਿਰਫ ਤੇ ਸਿਰਫ ਖਾਲਸਾ ਸਾਜਨਾ ਹੀ ਨਹੀ ਕੀਤੀ,ਬਲਕਿ ਦੁਨੀਆਂ ਦਾ ਪਹਿਲਾ ਸਫਲ ਰਾਜਸੀ ਇਨਕਲਾਬ ਲਿਉਣ ਦਾ ਮਾਣ ਹਾਸਲ ਕੀਤਾ ਅਤੇ ਲੋਕਤੰਤਰ ਪਰਨਾਲੀ ਦੀ ਮਜਬੂਤ ਨੀਂਹ ਰੱਖ ਕੇ ਦੁਨੀਆਂ ਨੂੰ ਜੀਵਨ ਜਾਚ ਦੀ ਨਵੀਂ ਸੇਧ ਹੀ ਨਹੀ ਦਿੱਤੀ,ਸਗੋਂ ਅਪਣੇ ਹੱਕ ਹਕੂਕਾਂ ਦੀ ਰਾਖੀ ਕਰਨ ਲਈ ਹਥਿਆਰ ਦੀ ਵਰਤੋਂ ਨੂੰ ਜਾਇਜ ਦੱਸਿਆ।ਇਹ ਉਹ ਦਿਹਾੜਾ ਹੈ ਜਦੋ ਗੁਰੂ ਸਾਹਿਬ ਨੇ ਸਦੀਆਂ ਤੋ ਲਿਤਾੜੀ ਜਾ ਰਹੀ ਗਰੀਬ ਜਮਾਤ ਨੂੰ ਅਮੀਰ ਜਮਾਤ ਦੀ ਗੁਲਾਮੀ ਤੋ ਮੁਕਤ ਕਰਨ ਦਾ ਪ੍ਰਣ ਦਿੱਤਾ ਸੀ।ਜਿਸ ਦਿਨ ਮੰਨੂਵਾਦੀ ਜਾਤੀ ਪ੍ਰਥਾ ਨੂੰ ਮੁੱਢੋਂ ਹੀ ਨਕਾਰਦਿਆਂ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਜੁੜੇ 80,000 ਦੇ ਵੱਡੇ ਇਕੱਠ ਵਿੱਚ ਉੱਚ ਜਾਤੀਏ ਸਮਾਜ ਦੁਆਰਾ ਲਤਾੜੇ ਸੂਦਰ ਸਮਾਜ ਨੂੰ ਗਲ ਨਾਲ ਲਾਕੇ ਊਚ ਨੀਚ ਦਾ ਭੇਦ ਮਿਟਾਇਆ ਸੀ,ਇੱਕੋ ਪਿਆਲੇ ਵਿੱਚ ਅਮ੍ਰਿਤ ਛਕਾ ਕੇ ਉੱਚ ਜਾਤੀਏ ਸਮਾਜ ਨੂੰ ਵੰਗਾਰਿਆ ਸੀ।ਇਹ ਉਹ ਪਵਿੱਤਰ ਦਿਹਾੜਾ ਹੈ ਜਿਸ ਦਿਨ ਇਹ ਐਲਾਨ ਵੀ ਹੋਇਆ ਸੀ ਕਿ ਅੱਜ ਤੋ ਬਾਅਦ ਸਿੱਖ ਦੀ ਕੋਈ ਜਾਤ ਨਹੀ,ਊਚ ਨੀਚ ਨਹੀ,ਸਗੋ ਹਰ ਅਮ੍ਰਿਤਧਾਰੀ ਗੁਰਸਿੱਖ ਹੀ ਸਿਰਦਾਰ ਹੋਵੇਗਾ,ਜਿਹੜਾ ਅਪਣੇ ਬਾਹੂਬਲੀ ਜੋਰ ਨਾਲ ਉੱਚੇ ਤੋ ਉੱਚਾ ਰੁਤਬਾ ਪਾਉਣ ਦੇ ਸਮਰੱਥ ਹੋਵੇਗਾ।ਗੁਰੂ ਸਾਹਿਬ ਦੇ ਇਸ ਸਿਧਾਂਤ ਤੇ ਪਹਿਰਾ ਦੇਕੇ ਹੀ ਖਾਲਸਾ ਪੰਥ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਅਤੇ ਪਹਿਲਾ ਖਾਲਸਾ ਰਾਜ ਸਥਾਪਤ ਕੀਤਾ,ਦਿੱਲ਼ੀ ਦੇ ਲਾਲ ਕਿਲੇ ਤੇ ਜਿੱਤ ਦੇ ਪਰਚਮ ਲਹਿਰਾਏ,ਏਥੇ ਹੀ ਬੱਸ ਨਹੀ ਦੁਨੀਆਂ ਦਾ ਮਿਸ਼ਾਲੀ ਖਾਲਸਾ ਰਾਜ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 1699 ਦੀ ਵਿਸਾਖੀ ਦੇ ਮਾਨਵਤਾਵਾਦੀ ਅਲੌਕਿਕ ਸਿਧਾਂਤ ਦੀ ਹੀ ਦੇਣ ਹੈ,ਜਿਸਨੇ ਵਿਸ਼ਵ ਨੂੰ ਦਰਸਾ ਦਿੱਤਾ ਸੀ ਕਿ ਬਰਾਬਰਤਾ ਅਤੇ ਸਾਂਝੀਵਾਲਤਾ ਵਾਲਾ ਸ਼ਾਸ਼ਨ ਕੌਣ ਲੋਕ ਦੇ ਸਕਦੇ ਹਨ।ਚਮਕੌਰ ਦੀ ਕੱਚੀ ਗੜੀ ਚੋ ਪੰਜ ਸਿੱਖਾਂ ਦਾ ਹੁਕਮ ਮੰਨ ਕੇ 10,00,000 ਹਿੰਦੂ ਅਤੇ ਮੁਗਲ ਫੌਜਾਂ ਦਾ ਘੇਰਾ ਤੋੜ ਕੇ ਨਿਕਲ ਜਾਣ ਦਾ ਮਕਸਦ ਜਿੱਥੇ ਅਨੰਦਪੁਰੀ ਪੰਚ ਪਰਧਾਨੀ ਪ੍ਰਥਾ ਨੂੰ ਪੱਕੇ ਪੈਰੀ ਕਰਨਾ ਸੀ,ਓਥੇ ਉਸ ਸੱਚੇ ਗੁਰੂ ਨੇ ਪੁੱਤਰਾਂ ਅਤੇ ਸਿੱਖਾਂ ਵਿੱਚ ਕੋਈ ਭੇਦ ਨਾ ਸਮਝਦੇ ਹੋਏ ਅਪਣੇ ਵੱਡੇ ਦੋ ਪੁੱਤਰਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਹੱਥੀ ਸ਼ਹੀਦ ਹੋਣ ਲਈ ਤੋਰਿਆ ਅਤੇ ਪੰਜ ਪਿਆਰਿਆਂ ਚੋ ਦੋ ਪਿਆਰਿਆਂ ਭਾਈ ਸਾਹਿਬ ਭਾਈ ਦਿਆ ਸਿੰਘ ਅਤੇ ਭਾਈ ਸਾਹਿਬ ਭਾਈ ਧਰਮ ਸਿੰਘ ਨੂੰ ਨਾਲ ਲੈ ਕੇ ਚਮਕੌਰ ਚੋ ਜਿੱਤ ਦਾ ਸੁਨੇਹਾ ਦਿੰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜਾ ਕੇ ਕੂਚ ਕਰਦਿਆਂ ਕਹਿਣੀ ਕਰਨੀ ਤੇ ਪੂਰੇ ਉਤਰਨ ਦਾ ਸਫਲ ਸੁਨੇਹਾ ਵੀ ਦਿੱਤਾ ਸੀ।ਦੋ ਪਿਆਰਿਆਂ ਨੂੰ ਨਾਲ ਲੈ ਕੇ ਜਾਣ ਦਾ ਅਨੰਦਪੁਰੀ ਦੇ ਵਾਸੀ ਦਾ ਇਹ ਉਹ ਸੁਨੇਹਾ ਸੀ ਜਿਹੜਾ ਉਹਨਾਂ ਨੇ ਖਾਲਸਾ ਸਾਜਨਾ ਮੌਕੇ ਪੰਜ ਸੀਸ ਭੇਂਟ ਕਰਨ ਵਾਲੇ ਸਿੱਖਾਂ ਨਾਲ ਪਿਆਰੇ ਸਮਝਣ ਦੇ ਇਕਰਾਰ ਵਜੋ ਕੀਤਾ ਸੀ।ਇਹ ਉਹ ਦਿਹਾੜੇ ਵਜੋਂ ਹਮੇਸਾਂ ਜਾਣਿਅਆ ਜਾਂਦਾ ਰਹੇਗਾ ਜਿਸ ਦਿਨ ਗੁਰੂ ਸਾਹੀਬ ਨੇ ਪੰਜ ਪਿਆਰਿਆਂ ਤੋ ਅਮ੍ਰਿਤ ਦੀ ਦਾਤ ਪਰਾਪਤ ਕਰਨ ਸਮੇ ਕੌਂਮ ਤੋ ਸਰਬੰਸ ਵਾਰਨ ਦਾ ਬਚਨ ਦਿੱਤਾ ਸੀ ਅਤੇ ਅਪਣੇ ਬਚਨਾਂ ਨੂੰ ਪੁਗਾਇਆ ਸੀ।ਇਸ ਦਿਹਾੜੇ ਦੀ ਮਹਾਨਤਾ ਨੂੰ ਰਲਗੱਡ ਕਰਨ ਲਈ ਬੜੀਆਂ ਸਾਜਿਸ਼ਾਂ ਰਚੀਆਂ ਜਾਂਦੀਅਆ ਰਹੀਆਂ ਹਨ।ਵਿਸਾਖੀ ਨੂੰ  ਬਦਲਦੀ ਰੁੱਤ ਦੇ ਤਿਉਹਾਰ ਵਜੋਂ ਪੇਸ ਕਰਕੇ ਸਿਰਫ ਸਿੱਖਾਂ ਅਤੇ ਦੁਨੀਆਂ ਨੂੰ ਅਨੰਦਪੁਰੀ ਦੇ ਸਿਧਾਂਤ ਤੋ ਪਾਸੇ ਕਰਨਾ ਹੀ ਨਹੀ,ਸਗੋ ਦਸਵੇਂ ਗੁਰੂ ਸਾਹਿਬ ਵੱਲੋਂ ਮੂਲੋਂ ਹੀ ਰੱਦ ਕੀਤੀ ਜਾਤੀ ਪ੍ਰਥਾ ਨੂੰ ਮੁੜ ਤੋ ਪੱਕੇ ਪੈਰੀਂ ਕਰਨ ਦੇ ਭੈੜੇ ਮਨਸੂਬੇ ਦੀ ਕੜੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ “ਜੱਟ ਦਾ ਵਿਸਾਖੀ ਮੇਲਾ” ਬਣਾ ਕੇ  ਪੇਸ ਕਰਨ ਦੀ ਚਾਲ ਦੀ ਗਹਿਰਾਈ ਤੱਕ ਜਾਣ ਦੀ ਬੇਹੱਦ ਜਰੂਰੀ ਲੋੜ ਹੈ।ਸਿੱਖ ਕੌਂਮ ਨੂੰ ਅਪਣੇ ਵਿਰਸੇ ਨਾਲੋ ਤੋੜ ਕੇ ਮੁੜ ਬਿਪਰਵਾਦ ਵੱਲ ਸੁੱਟਣ ਪਿੱਛੇ ਦੀ ਮਨਸਾ ਨੂੰ ਸਮਝਣ ਦੀ ਲੋੜ ਹੈ।ਦੁਨੀਆਂ ਦੇ ਨਕਸੇ ਤੇ ਇੱਕੋ ਇੱਕ ਅਜਿਹੀ ਸਿੱਖ ਕੌਂਮ ਹੀ ਹੈ ਜਿਹੜੀ ਅਪਣੇ ਵਿਰਸੇ ਤੋ ਸੇਧ ਲੈ ਕੇ ਪੂਰੀ ਦੁਨੀਆਂ ਨੂੰ ਅਗਵਾਈ ਦੇਣ ਦੇ ਸਮਰੱਥ ਹੈ।ਸਿੱਖ ਇਤਿਹਾਸ ਵਿੱਚ ਕਿਧਰੇ ਵੀ ਮਿਥਹਾਸ ਨੂੰ ਜਗਾਹ ਨਹੀ ਦਿੱਤੀ ਗਈ, ਸਗੋਂ ਸਾਢੇ ਪੰਜ ਸੌ ਸਾਲ ਦੇ ਨਵੇਂ ਖੂੰਨ ਨਾਲ ਲਿਖਿਆ ਹੋਇਆ ਸੁਨਹਿਰੀ ਇਤਿਹਾਸ ਹੈ।ਇਹ ਸਿੱਖ ਕੌਂਮ ਦੀ ਤਰਾਸਦੀ ਹੀ ਹੈ ਕਿ ਇੱਕ ਪਾਸੇ ਸਦੀਆਂ ਪੁਰਾਣਾ ਮਿਥਿਹਾਸ ਅੱਜ ਇਤਿਹਾਸ ਬਣਦਾ ਜਾ ਰਿਹਾ ਹੈ ਤੇ ਸਿੱਖ ਕੌਂਮ ਦੀ ਗਫਲਤ ਕਾਰਨ ਸਾਢੇ ਪੰਜ ਸੌ ਸਾਲ ਦੇ ਸਿੱਖ ਇਤਿਹਾਸ ਨੂੰ ਮਿਥਿਹਾਸ ਬਨਾਉਣ ਦੀਆਂ ਸਾਜਿਸ਼ਾਂ ਨੂੰ ਸਫਲ ਅੰਜਾਮ ਦਿੱਤਾ ਜਾ ਰਿਹਾ ਹੈ।ਮੈ ਅਪਣੀ ਕਵਿਤਾ “ਵਿਸਾਖੀ ਦਾ ਦਿਨ” ਦੀਆਂ ਇਹਨਾਂ ਸਤਰਾਂ ਨਾਲ ਇਸ ਪਵਿੱਤਰ ਦਿਹਾੜੇ ਤੇ ਦੱਬੇ ਕੁਚਲੇ ਲੋਕਾਂ ਦੀ ਕਿਸਮਤ ਬਦਲਣ ਵਾਲੇ ਲੋਕਤੰਤਰ ਦੇ ਵਾਨੀ ਦਸਵੇਂ ਗੁਰੂ ਅੱਗੇ ਸਿਰ ਝੁਕਾਉਂਦਾ ਹਾਂ:-
ਵਿਸਾਖੀ ਦਾ ਦਿਨ
ਮਹਿਜ਼ ਇੱਕ ਤਿਉਹਾਰ ਹੀ ਨਹੀ,
ਤੇ ਨਾ ਹੀ ਸਿਰਫ ਨਵੇਂ ਸੰਮਤ ਦੇ ਦੂਜੇ ਮਹੀਨੇ ਦਾ ਪਹਿਲਾ ਦਿਨ।
ਇਹ ਤਾਂ ਪਰਤੀਕ ਹੈ,ਉਸ ਨਵੀਂ ਦੁਨੀਆਂ ਦੇ ਯੁੱਗ ਪੁਰਸ਼,
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਅਲੋਕਿਕ ਕ੍ਰਾਂਤੀ ਦਾ,
ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ,
ਸੰਪੂਰਨ ਕਰਨ ਹਿਤ ਸੰਕਲਪ ਲਿਆ ਸੀ,ਸਮਾਜਿਕ ਬਰਾਬਰਤਾ ਦਾ,
ਤੇ ਸਿੱਖੀ ਦੀ ਸੰਪੂਰਨਤਾ ਦਾ।
ਇਹ ਦਿਨ ਜਾਣਿਆ ਜਾਂਦੈ,ਪਹਿਲੇ ਰਾਜਸੀ ਇਨਕਲਾਬ ਦੇ ਨਾਮ ਨਾਲ
ਤੇ ਲੋਕਤੰਤਰ ਦੇ ਪਹਿਲੇ ਦਿਨ ਵਜੋਂ, ਦੁਨੀਆਂ ਦੇ ਇਤਿਹਾਸ ਵਿੱਚ।
ਵਿਸਾਖੀ ਮਹਿਜ਼ ਇੱਕ ਤਿਉਹਾਰ ਨਹੀ,ਬਦਲਦੀ ਰੁੱਤ ਦਾ ਤੇ ਪੱਕਦੀਆਂ ਫਸਲਾਂ ਦਾ,
ਇਹ ਤਾਂ ਪਰਤੀਕ ਹੈ,ਗੁਰੂ ਨਾਨਕ ਦੇ ਨਿਆਰੇ ਧਰਮ ਦੀ ਪਰਪੱਕਤਾ ਦਾ,
ਜਿਸਦਿਨ ਰੁੱਤ ਨਹੀ ਤਕਦੀਰ ਬਦਲੀ ਸੀ,
ਮਹਾਂਨ ਯੋਧੇ ਗੁਰੂ ਗੋਬਿੰਦ ਸਿੰਘ ਨੇ,ਨਪੀੜੇ ਲਿਤਾੜੇ ਲੋਕਾਂ ਦੀ।
ਨੀਵਿਆਂ ਨੂੰ ਸਿਰਦਾਰ ਬਣਾਇਆ ਸੀ,ਜਿੰਨਾਂ ਨੇ ਫਿਰ ਤਕਥਾਂ ਨੂੰ ਵਖਤ ਪਾਇਆ ਤੇ ਸਕਤੇ ਨੂੰ ਝੁਕਾਇਆ ਸੀ।
ਵਿਸਾਖੀ ਮਹਿਜ਼ ਇੱਕ ਤਿਉਹਾਰ ਨਹੀ ਬਦਲਦੀ ਰੁੱਤ ਦਾ।

ਬਘੇਲ ਸਿੰਘ ਧਾਲੀਵਾਲ
99142-58142