ਕੀ ਪੰਜਾਬ ਦੀ ਜਵਾਨੀ ਮੁੜ ਕੇ ਰਾਜਨੀਤੀ ਦੇ ਤਖਤ ਤੱਕ ਲਾਸ਼ਾਂ ਦੀ ਪੌੜੀ ਵਾਂਗ ਵਰਤੀ ਜਾਵੇਗੀ - ਜਤਿੰਦਰ ਪਨੂੰ

ਮਸਲੇ ਮਨੁੱਖਤਾ ਲਈ ਦੁਨੀਆ ਦੇ ਪੱਧਰ ਉੱਤੇ ਵੀ ਬਹੁਤ ਹਨ ਤੇ ਭਾਰਤ ਦੇ ਵੱਖ-ਵੱਖ ਰਾਜਾਂ ਵੱਲ ਝਾਤੀ ਮਾਰੀ ਜਾਵੇ ਤਾਂ ਓਥੇ ਵੀ ਹਰ ਥਾਂ ਸਮੱਸਿਆਵਾਂ ਦੇ ਅੰਬਾਰ ਲੱਗੇ ਦਿਖਾਈ ਦੇਂਦੇ ਹਨ। ਪੰਜਾਬ ਦੇ ਇਸ ਵਰਤਾਰੇ ਤੋਂ ਵੱਖਰਾ ਹੋਣ ਦੀ ਆਸ ਨਹੀਂ ਹੋ ਸਕਦੀ, ਬਲਕਿ ਇਸ ਦੀ ਝੋਲੀ ਹੋਰਨਾਂ ਨਾਲੋਂ ਵੱਧ ਸਮੱਸਿਆਵਾਂ ਪਈਆਂ ਹਨ। ਇਸ ਦੇ ਲੋਕਾਂ ਦੀ ਅਗਲੀ ਪੀੜ੍ਹੀ ਨੂੰ ਭਵਿੱਖ ਦੀ ਕੋਈ ਆਸ ਨਹੀਂ ਦਿੱਸ ਰਹੀ। ਨੌਕਰੀਆਂ ਪੂਰੇ ਦੇਸ਼ ਵਿੱਚ ਨਹੀਂ ਰਹੀਆਂ, ਪੰਜਾਬੀ ਨੌਜਵਾਨਾਂ ਲਈ ਵੀ ਨਹੀਂ ਰਹੀਆਂ। ਕਿਸੇ ਸਮੇਂ ਫੌਜ ਵਿੱਚ ਵੱਡੀ ਗਿਣਤੀ ਪੰਜਾਬੀ ਮੁੰਡੇ ਭਰਤੀ ਹੁੰਦੇ ਸਨ। ਅਕਾਲੀ ਲੀਡਰਸ਼ਿਪ ਇਹ ਮੰਗ ਕਰਦੀ ਹੁੰਦੀ ਸੀ ਕਿ ਫੌਜ ਦੀ ਭਰਤੀ ਲਈ ਕੋਟਾ ਸਿਸਟਮ ਖਤਮ ਕਰ ਕੇ ਜੁੱਸੇ ਦੇ ਮੁਤਾਬਕ ਭਰਤੀ ਕਰਿਆ ਕਰੋ, ਤਾਂ ਜੁ ਨਰੋਏ ਜੁੱਸੇ ਵਾਲੇ ਪੰਜਾਬੀ ਗੱਭਰੂ ਵੱਧ ਗਿਣਤੀ ਵਿੱਚ ਭਰਤੀ ਹੋ ਜਾਣ। ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਨੇ ਇਹ ਮੰਗ ਛੱਡ ਦਿੱਤੀ ਹੈ। ਕਾਰਨ ਇਹ ਨਹੀਂ ਕਿ ਨੌਕਰੀਆਂ ਦੀ ਲੋੜ ਨਹੀਂ, ਸਗੋਂ ਇਹ ਹੈ ਕਿ ਪੰਜਾਬੀ ਗੱਭਰੂਆਂ ਦੀ ਜਵਾਨੀ ਨੂੰ ਸਿਆਸੀ ਸਿਉਂਕ ਲੱਗਣ ਕਾਰਨ ਉਹ ਬਾਕੀਆਂ ਨਾਲ ਜੁੱਸੇ ਦੇ ਨਰੋਏ ਹੋਣ ਦਾ ਮੁਕਾਬਲਾ ਕਰਨੋਂ ਪਛੜਨ ਲੱਗੇ ਹਨ। ਲੰਮਾ ਸਮਾਂ ਸਰਕਾਰੀ ਸਕੂਲਾਂ ਦੇ ਪੜ੍ਹੇ ਬੱਚੇ ਅਫਸਰੀ ਪੋਸਟਾਂ ਲਈ ਸਿਲੈਕਟ ਹੋਣ ਦਾ ਸਾਡਾ ਰਿਕਾਰਡ ਸੀ। ਅੱਜ-ਕੱਲ੍ਹ ਸਰਕਾਰੀ ਸਕੂਲਾਂ ਦਾ ਭੋਗ ਪਾਇਆ ਜਾ ਰਿਹਾ ਹੈ ਤੇ ਇਸ ਦੀ ਥਾਂ ਮੋਟੀਆਂ ਫੀਸਾਂ ਲੈ ਕੇ ਅੱਧ-ਪਚੱਧੀ ਤਨਖਾਹ ਉੱਤੇ ਰੱਖੇ ਟੀਚਰਾਂ ਤੋਂ ਪੜ੍ਹਾਈ ਕਰਵਾਉਣ ਵਾਲੇ ਸਕੂਲਾਂ ਦੀ ਗਿਣਤੀ ਵਧੀ ਜਾਂਦੀ ਹੈ। ਖੇਤੀ ਦਾ ਕਈ ਪੀੜ੍ਹੀਆਂ ਤੋਂ ਪੰਜਾਬੀਆਂ ਦਾ ਮਨ-ਭਾਉਂਦਾ ਕਿੱਤਾ ਖਿੱਚ-ਪਾਊ ਨਹੀਂ ਰਿਹਾ ਤੇ ਆਵਾਰਾ ਗਾਂਵਾਂ ਦੇ ਚੌਣੇ ਨੇ ਹਾਲੇ ਤੱਕ ਵੀ ਬਾਪ-ਦਾਦੇ ਦੇ ਕਿੱਤੇ ਨਾਲ ਜੁੜੇ ਹੋਏ ਕਿਸਾਨਾਂ ਦਾ ਮਨ ਖੱਟਾ ਕਰ ਦਿੱਤਾ ਹੈ। ਏਦਾਂ ਦੇ ਕਈ ਹੋਰ ਵੀ ਭਖਦੇ ਮੁੱਦੇ ਹਨ ਪੰਜਾਬ ਦੇ।
ਬਿਨਾਂ ਸ਼ੱਕ ਇਹ ਬੜੇ ਅਹਿਮ ਮੁੱਦੇ ਹਨ ਪੰਜਾਬ ਦੇ, ਪਰ ਪੰਜਾਬ ਇਸ ਵਕਤ ਇਨ੍ਹਾਂ ਸਾਰੇ ਮੁੱਦਿਆਂ ਤੋਂ ਅਲੋਕਾਰ ਮੁੱਦੇ ਉੱਤੇ ਉਲਝਿਆ ਪਿਆ ਹੈ। ਤਿੰਨ ਸਾਲ ਪਹਿਲਾਂ ਮਾਲਵੇ ਦੇ ਇੱਕ ਪਿੰਡ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਤੇ ਕੁਝ ਦਿਨ ਪਿੱਛੋਂ ਉਸ ਦੇ ਪੱਤਰੇ ਕਈ ਪਿੰਡਾਂ ਵਿੱਚ ਸੁੱਟੇ ਹੋਏ ਮਿਲੇ ਸਨ। ਗੁਰਬਾਣੀ ਨੂੰ ਗੁਰੂ ਮੰਨਣ ਵਾਲੇ ਲੋਕਾਂ ਦੀ ਨਜ਼ਰ ਵਿੱਚ ਇਹ ਪੱਤਰੇ ਨਹੀਂ, ਗੁਰੂ ਸਾਹਿਬ ਦੇ ਅੰਗ ਸਨ ਤੇ ਉਸ ਵੇਲੇ ਦੀ ਸਰਕਾਰ ਨੇ ਇਸ ਮੁੱਦੇ ਨੂੰ ਸੰਭਾਲਣ ਦੀ ਥਾਂ ਵਧਦਾ ਜਾਣ ਦਿੱਤਾ ਸੀ, ਤਾਂ ਕਿ ਇਸ ਦਾ ਸਿਆਸੀ ਲਾਭ ਲੈ ਸਕੇ। ਲੋਕਾਂ ਨੇ ਰੋਸ ਕੀਤਾ ਤਾਂ ਫੋਰਸਂ ਲਿਆ ਕੇ ਅਗਲਾ ਕਾਂਡ ਕਰਵਾ ਦਿੱਤਾ ਸੀ, ਤੇ ਜਦੋਂ ਸਾਰੇ ਪੰਜਾਬ ਵਿੱਚ ਇਸ ਦੇ ਵਿਰੋਧ ਦੀ ਲਹਿਰ ਉੱਠ ਖੜੋਤੀ ਤਾਂ ਇਸ ਰਾਜ ਦੀ ਭਵਿੱਖ ਦੀ ਸਿਆਸੀ ਚੌਧਰ ਦੇ ਸੁਫਨੇ ਲੈਂਦੇ ਛੋਟੀ ਉਮਰ ਤੇ ਵੱਡੇ ਅਹੁਦੇ ਵਾਲੇ ਆਗੂ ਦੀ ਭੁੱਲ ਨਾਲ ਅਜਿਹੀ ਸਥਿਤੀ ਪੈਦਾ ਹੋ ਗਈ, ਜਿਸ ਦਾ ਹੱਲ ਅੱਜ ਤੱਕ ਨਹੀਂ ਨਿਕਲ ਸਕਿਆ। ਲੋਕਾਂ ਦਾ ਇਕ ਵੱਡਾ ਵਰਗ ਇਸ ਸੋਚ ਨਾਲ ਖੜਾ ਹੈ ਕਿ ਸੱਚਾ ਸੌਦਾ ਡੇਰੇ ਵਾਲੇ ਬਲਾਤਕਾਰੀ ਬਾਬੇ ਨਾਲ ਸੌਦਾ ਮਾਰ ਕੇ ਅਣ-ਮੰਗੀ ਮੁਆਫੀ ਦਿੱਤੀ ਗਈ ਤੇ ਇਸ ਦਾ ਵਿਰੋਧ ਹੁੰਦਾ ਵੇਖ ਕੇ ਇਸ ਮੁਆਫੀਨਾਮੇ ਉੱਤੇ ਕਾਟਾ ਮਾਰਨ ਦੇ ਹਾਲਾਤ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਪੰਜਾਬ ਦੇ ਲੋਕਾਂ ਮੂਹਰੇ ਬੇਅਦਬੀ ਕਾਂਡ ਦਾ ਦ੍ਰਿਸ਼ ਮਿੱਥ ਕੇ ਸਿਰਜਿਆ ਗਿਆ ਸੀ। ਫਿਰ ਇਸ ਦੀ ਜਾਂਚ ਦਾ ਮਕਰ ਕਰਨ ਲਈ ਵਿਖਾਵੇ ਦਾ ਇੱਕ ਜਾਂਚ ਕਮਿਸ਼ਨ ਬਿਠਾਇਆ ਗਿਆ, ਜਿਸ ਦੀ ਕਮਾਂਡ ਮਨ-ਪਸੰਦ ਜੱਜ ਨੂੰ ਫੜਾਈ, ਪਰ ਜਦੋਂ ਇਹ ਪਤਾ ਲੱਗਾ ਕਿ ਮਨ-ਪਸੰਦ ਜੱਜ ਦੀ ਅੱਧੀ-ਅਧੂਰੀ ਜਾਂਚ ਰਿਪੋਰਟ ਵੀ ਮਨ-ਪਸੰਦ ਦੀ ਨਹੀਂ ਆਈ ਤਾਂ ਨਾ ਉਹ ਰਿਪੋਰਟ ਪ੍ਰਵਾਨ ਕੀਤੀ, ਨਾ ਰੱਦ ਕਰਨ ਦੀ ਹਿੰਮਤ ਹੋਈ ਤੇ ਨੁੱਕਰ ਵਿੱਚ ਸੁੱਟ ਕੇ ਤੁਰਦੇ ਬਣੇ। ਨਵੀਂ ਸਰਕਾਰ ਨੇ ਨਵਾਂ ਜਾਂਚ ਕਮਿਸ਼ਨ ਬਣਾ ਦਿੱਤਾ। ਜਦੋਂ ਨਵੇਂ ਕਮਿਸ਼ਨ ਦੀ ਰਿਪੋਰਟ ਆਈ ਤਾਂ ਪਿਛਲੀ ਸਰਕਾਰ ਵਾਲਿਆਂ ਦੀ ਉਸ ਦਾ ਸਾਹਮਣਾ ਕਰਨ ਦੀ ਵੀ ਹਿੰਮਤ ਨਾ ਪਈ। ਉਸ ਨਾਲ ਉਨ੍ਹਾਂ ਲਈ ਏਦਾਂ ਦੇ ਹਾਲਾਤ ਪੈਦਾ ਹੋ ਗਏ ਕਿ ਲੋਕਾਂ ਵਿੱਚ ਜਾਣਾ ਔਖਾ ਹੋ ਗਿਆ।
ਪੰਜਾਬੀ ਦਾ ਅਖਾਣ ਹੈ ਕਿ 'ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ'। ਇਹ ਇਸ ਵਕਤ ਅਕਾਲੀ ਦਲ ਦੇ ਮੁਹਰੈਲ ਪਰਵਾਰ ਉੱਤੇ ਫਿੱਟ ਬੈਠਦਾ ਹੈ। ਪਾਰਟੀ ਅੰਦਰ ਟਕਸਾਲੀ ਆਗੂ ਨੁੱਕਰੀਂ ਲਾਉਣ ਵਾਲੀ ਲੀਡਰਸ਼ਿਪ ਨੂੰ ਮੁੜ ਕੇ ਘਰਾਂ ਤੋਂ ਬੁੱਢੇ ਲੀਡਰ ਲਿਆਉਣੇ ਤੇ ਉਨ੍ਹਾਂ ਨੂੰ ਆਪਣੀ ਢਾਲ ਬਣਾਉਣਾ ਪੈ ਗਿਆ ਹੈ। ਪੰਜਾਬੀ ਦਾ ਇਹ ਵੀ ਅਖਾਣ ਹੈ ਕਿ ਬਰਾਤੇ ਜਾਣ ਲੱਗੇ ਛੋਕਰੇ ਆਪਣੇ ਨਾਲ ਇੱਕ ਸੰਦੂਕ ਵਿੱਚ ਇੱਕ ਬੁੱਢਾ ਲੁਕਾ ਕੇ ਲੈ ਗਏ ਸਨ, ਤਾਂ ਕਿ ਕਸੂਤੇ ਵਕਤ ਕੋਈ ਅਕਲ ਦੀ ਗੱਲ ਕਹਿ ਕੇ ਔਝੜ ਵਿੱਚੋਂ ਕੱਢਣ ਦਾ ਜੁਗਾੜ ਕਰ ਸਕੇ। ਅਕਾਲੀ ਦਲ ਦੀ ਅਜੋਕੀ ਗਭਰੇਟ ਲੀਡਰਸ਼ਿਪ ਨੇ ਆਪਣੇ ਘਰ ਵਿਚਲੇ ਬਾਬੇ ਵੀ ਖੂੰਜੇ ਲਾਏ ਪਏ ਸਨ ਤੇ ਉਨ੍ਹਾਂ ਦੀ ਤਜਰਬੇ ਦੀ ਗੱਲ ਨੂੰ ਸੱਤਰੇ-ਬਹੱਤਰੇ ਬੁੜ੍ਹਿਆਂ ਦੀ ਬੁੜ-ਬੁੜ ਮੰਨਦੀ ਰਹੀ ਸੀ। ਸੰਕਟ ਦੀ ਘੜੀ ਆਈ ਤੋਂ ਉਨ੍ਹਾਂ ਨੂੰ ਅੱਗੇ ਕੀਤਾ, ਪਰ ਉਨ੍ਹਾਂ ਦੀ ਗੱਲ ਕੋਈ ਨਹੀਂ ਮੰਨੀ। ਅਜੋਕੇ ਸਮੇਂ ਦੀ ਲੀਡਰਸ਼ਿਪ ਅੱਜ ਵੀ ਇਸ ਵਹਿਮ ਹੇਠ ਹੈ ਕਿ ਅਕਲ ਦਾ ਸਾਰਾ ਪਰਮਿਟ ਸਾਡੇ ਨਾਂਅ ਅਲਾਟ ਹੋਇਆ ਸੀ।
ਬਹੁਤ ਸਾਲਾਂ ਤੱਕ ਅਸੀਂ ਇਹ ਗੱਲ ਸੁਣਦੇ ਆਏ ਕਿ ਧਰਮ ਤੇ ਰਾਜਨੀਤੀ ਦੇ ਮੇਲ ਨਾਲ ਰਾਜਨੀਤੀ ਕੁਰਾਹੇ ਪੈਣ ਤੋਂ ਬਚੀ ਰਹੇਗੀ ਤੇ ਧਰਮ ਨੂੰ ਜਦੋਂ ਰਾਜਨੀਤੀ ਦੀ ਧਿਰ ਮਿਲੀ ਤਾਂ ਇਹ ਅੱਗੇ ਵਧੇਗਾ। ਇਸ ਸੋਚ ਦੇ ਧਾਰਨੀ ਲੋਕ ਇਹ ਗੱਲ ਨਹੀਂ ਸੋਚਦੇ ਕਿ ਇਸ ਧਾਰਨਾ ਵਿੱਚ ਏਨਾ ਦਮ ਹੁੰਦਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿੱਖਾਂ ਨੂੰ ਜਦੋਂ ਪਹਿਲੀ ਵਾਰੀ ਹਕੂਮਤ ਮਿਲੀ ਤਾਂ ਓਦੋਂ ਧਰਮ ਦੇ ਕੁੰਡੇ ਹੇਠ ਲਾਹੌਰ, ਕਪੂਰਥਲਾ, ਫਰੀਦਕੋਟ, ਪਟਿਆਲਾ, ਨਾਭਾ ਜਾਂ ਜੀਂਦ ਦੀਆਂ ਰਿਆਸਤਾਂ ਵੱਖ-ਵੱਖ ਨਹੀਂ ਸਨ ਚੱਲਦੀਆਂ ਰਹਿਣੀਆਂ, ਇੱਕੋ ਖਾਲਸਾ ਰਾਜ ਹੋਣਾ ਸੀ। ਲਾਹੌਰ ਦੇ ਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਦੀ ਸਿੱਖ ਰਿਆਸਤ ਉੱਤੇ ਹਮਲਾ ਨਹੀਂ ਸੀ ਕਰਨਾ ਤੇ ਉਸ ਨੂੰ ਅੰਗਰੇਜ਼ਾਂ ਦੀ ਸ਼ਰਣ ਜਾਣ ਲਈ ਮਜਬੂਰ ਨਹੀਂ ਸੀ ਹੋਣਾ ਪੈਣਾ। ਰਾਜ ਕਦੇ ਵੀ ਧਰਮ ਦੇ ਅਧੀਨ ਹੋ ਕੇ ਨਹੀਂ ਚੱਲ ਸਕਿਆ। ਜਦੋਂ ਵੀ ਧਰਮ ਦੇ ਨਾਲ ਰਾਜਨੀਤੀ ਦਾ ਜੋੜ ਜੋੜਨ ਦਾ ਯਤਨ ਕੀਤਾ ਗਿਆ, ਇਹ ਜੋੜ ਅੰਤ ਵਿੱਚ ਰਾਜ ਦੇ ਪੱਖ ਵਿੱਚ ਭੁਗਤਿਆ ਤੇ ਅੱਜ ਵੀ ਏਨਾ ਭੁਗਤ ਰਿਹਾ ਹੈ ਕਿ ਮੁਕਤਸਰ ਤੋਂ ਰਾਜ ਪਰਵਾਰ ਤੁਰਦੇ ਸਾਰ ਅੰਮ੍ਰਿਤਸਰ ਦਰਬਾਰ ਸਾਹਿਬ ਅੰਦਰ ਉਨ੍ਹਾਂ ਨੂੰ ਬਿਠਾਉਣ ਲਈ ਉਚੇਚੀ ਥਾਂ ਦਾ ਪ੍ਰਬੰਧ ਕੀਤਾ ਜਾਣ ਲੱਗਦਾ ਹੈ। ਰਾਜਨੀਤਕ ਧੌਂਸ ਵਾਲੀ ਖਾਸ ਧਿਰ ਦਾ ਸਿੱਖਾਂ ਦੇ ਧਾਰਮਿਕ ਤਖਤਾਂ ਦੇ ਮੁਖੀਆਂ ਉੱਤੇ ਏਡਾ ਵੱਡਾ ਛੱਪਾ ਪਿਆ ਹੋਇਆ ਹੈ ਕਿ ਅਕਾਲੀ ਫੂਲਾ ਸਿੰਘ ਵੱਲੋਂ ਉਸ ਵਕਤ ਦੇ ਰਾਜੇ ਨੂੰ ਸੱਦਣ ਵਾਂਗ ਅੱਜ ਵਾਲੇ ਜਥੇਦਾਰ ਅੱਜ ਦੇ ਰਾਜਸੀ ਆਗੂਆਂ ਨੂੰ ਸੱਦਣ ਦੀ ਜੁਰਅੱਤ ਕਰਨ ਜੋਗੇ ਨਹੀਂ ਰਹਿ ਗਏ, ਉਲਟਾ ਉਨ੍ਹਾਂ ਤੋਂ ਹਦਾਇਤਾਂ ਲੈਣ ਲਈ ਰਾਜਸੀ ਆਗੂਆਂ ਦੇ ਕਿਲ੍ਹਿਆਂ ਵਰਗੇ ਘਰਾਂ ਵਿੱਚ ਹਾਜ਼ਰੀ ਭਰਨ ਜਾਣ ਲੱਗ ਪਏ ਹਨ। ਧਰਮ ਧੱਕੇ ਨਾਲ ਫਿਰ ਉਸ ਰਾਜਨੀਤੀ ਦਾ ਪਿਛਲੱਗ ਬਣਾਇਆ ਪਿਆ ਹੈ, ਜਿਸ ਨੂੰ ਸੁਧਾਰਨ ਦਾ ਦਾਅਵਾ ਕੀਤਾ ਜਾਂਦਾ ਸੀ।
ਆਮ ਹਾਲਾਤ ਵਿੱਚ ਗੁਰੂ ਦੇ ਸਿੱਖਾਂ ਨੂੰ ਗੁਰੂ ਦੀ ਸਿੱਖਿਆ ਆਪ ਪੜ੍ਹਨ ਤੇ ਵਿਚਾਰਨ ਦੇ ਬਾਅਦ ਇਸ ਔਝੜ ਵਾਲੇ ਹਾਲਾਤ ਵਿੱਚ ਧਰਮ ਨਾਲ ਧੱਕਾ ਕਰਨ ਵਾਲੇ ਰਾਜਸੀ ਲੀਡਰਾਂ ਨੂੰ ਅਹਿਸਾਸ ਕਰਵਾ ਦੇਣਾ ਚਾਹੀਦਾ ਸੀ ਕਿ ਉਹ ਖੁਦ ਨੂੰ ਖੁਦਾ ਨਾਲ ਇੱਕ-ਮਿੱਕ ਹੋਏ ਹੋਣ ਦਾ ਭਰਮ ਨਾ ਪਾਲਣ। ਸਿੱਖ ਏਦਾਂ ਨਹੀਂ ਕਰ ਸਕੇ। ਇਸ ਦਾ ਕਾਰਨ ਲੱਭਣ ਦਾ ਯਤਨ ਕਰੀਏ ਤਾਂ ਇਹ ਲੱਭਦਾ ਹੈ ਕਿ 'ਸਰਮੁ ਧਰਮੁ ਦੁਇ ਛਪਿ ਖੜੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ' ਦਾ ਮਹਾਂ ਵਾਕ ਸਾਡੇ ਸਮੇਂ ਵਿੱਚ 'ਓੜਕ ਸੱਚ' ਦਾ ਰੂਪ ਧਾਰ ਕੇ ਸਾਡੇ ਮੂਹਰੇ ਖੜਾ ਹੈ। ਇਸ ਸਥਿਤੀ ਵਿੱਚ ਰੋਟੀ ਦਾ ਮਸਲਾ ਕਿਸੇ ਗੁਜਰਾਤ ਦੇ ਹਾਰਦਿਕ ਪਟੇਲ ਨੂੰ ਚੁੱਕਣ ਤੇ ਮਰਨ ਦਿਓ, ਪੰਜਾਬ ਦੀ ਰਾਜਨੀਤੀ ਇਹ ਕਹਿੰਦੀ ਹੈ ਕਿ ਸਾਡੀ ਲੋੜ ਲਈ ਸਭ ਕੁਝ ਵਾਰ ਦਿਓ। ਜਦੋਂ 'ਸਭ ਕੁਝ' ਵਾਰ ਦਿਓ' ਵਾਲੀ ਹੱਦ ਤੱਕ ਆ ਗਈ ਤਾਂ ਇਸ 'ਸਭ ਕੁਝ' ਵਿੱਚ ਉਹ ਧਰਮ ਵੀ ਸ਼ਾਮਲ ਕਰ ਲਿਆ ਹੈ, ਜਿਸ ਦੀ ਚੜ੍ਹਦੀ ਕਲਾ ਦੇ ਨਾਂਅ ਉੱਤੇ ਆਗਾਜ਼ ਕੀਤਾ ਗਿਆ ਸੀ। ਸਿਆਸਤ ਦੇ ਮੂਹਰੇ ਧਰਮ ਇਤਿਹਾਸ ਦੇ ਕਿਸੇ ਵੀ ਦੌਰ ਵਿੱਚ ਟਿਕ ਨਹੀਂ ਸਕਿਆ, ਰਾਜ ਦੀ ਆਪਹੁਦਰਾ ਸ਼ਾਹੀ ਉਸ ਨੂੰ ਵਰਤਣ ਵਿੱਚ ਕਾਮਯਾਬ ਹੁੰਦੀ ਰਹੀ ਸੀ। ਅੱਜ ਦੀ ਰਾਜਨੀਤੀ ਵੀ ਇਹੋ ਕਰਦੀ ਪਈ ਹੈ। ਗੱਲ ਫਿਰ ਓਥੇ ਖੜੀ ਹੈ। ਅਗਲੀ ਪੀੜ੍ਹੀ ਦੇ ਪੰਜਾਬੀਆਂ ਨੂੰ ਭਵਿੱਖ ਲਈ ਆਸ ਦੀ ਕੋਈ ਕਿਰਨ ਦਿਖਾਈ ਨਹੀਂ ਦੇਂਦੀ, ਪਰ ਇਸ ਗੱਲ ਬਾਰੇ ਸੋਚਣ ਦੀ ਲੋੜ ਕਿਸੇ ਨੂੰ ਨਹੀਂ, ਭਵਿੱਖ ਪਿਆ ਢੱਠੇ ਖੂਹ ਵਿੱਚ, ਇਸ ਪੀੜ੍ਹੀ ਨੂੰ ਧਰਮ ਦਾ ਨਾਅਰਾ ਲਾ ਕੇ ਰਾਜਨੀਤੀ ਦੇ ਅਗਲੇ ਅਸ਼ਮੇਧ ਯੱਗ ਦੇ ਵਕਤ ਕੁਰਬਾਨ ਹੋਣ ਲਈ ਤਿਆਰੀਆਂ ਕਰਨ ਦਿਓ। ਰਾਜ-ਤਖਤ ਉੱਚਾ ਬਹੁਤ ਹੁੰਦਾ ਹੈ। ਓਥੋਂ ਤੱਕ ਪਹੁੰਚਣ ਵਾਸਤੇ ਕਈ ਵਾਰੀ ਪਹਿਲਾਂ ਵੀ ਲਾਸ਼ਾਂ ਦੀ ਪੌੜੀ ਲਾਈ ਜਾਂਦੀ ਰਹੀ ਹੈ, ਇੱਕ ਵਾਰੀ ਹੋਰ ਸਹੀ। ਕੀ ਪੰਜਾਬ ਦਾ ਨਸੀਬਾ ਇਹੀ ਬਣਿਆ ਰਹੇਗਾ?

2 Sep 2018