ਬੋਹੜ ਹੇਠ ਉੱਗਿਆ ਭਰਵਾਂ ਤੇ ਛਾਂਦਾਰ ਸਾਹਿਤਕ ਬੋਹੜ- ਡਾ: ਅਮਨਦੀਪ ਸਿੰਘ ਟੱਲੇਵਾਲੀਆ - ਮਨਦੀਪ ਖੁਰਮੀ ਹਿੰਮਤਪੁਰਾ

ਅਕਸਰ ਹੀ ਕਿਹਾ ਜਾਂਦੈ ਕਿ "ਬੋਹੜ ਹੇਠਾਂ ਬੋਹੜ ਨਹੀਂ ਉੱਗਦਾ।" ਮੇਰਾ ਮੰਨਣਾ ਹੈ ਕਿ ਜੇ ਪੱਥਰਾਂ ਦੀ ਹਿੱਕ ਪਾੜ ਕੇ ਬੀਜ ਪੁੰਗਰ ਸਕਦੇ ਹਨ ਤਾਂ ਬੋਹੜ ਹੇਠ ਇੱਕ ਗੋਲ੍ਹ 'ਚੋਂ ਨਿੱਕਲਿਆ ਬੀਜ ਬੋਹੜ ਦਾ ਰੁਤਬਾ ਕਿਉਂ ਨਹੀਂ ਹਾਸਲ ਕਰ ਸਕਦਾ? ਅਜਿਹਾ ਹੀ ਬੋਹੜ ਮੈਂ ਖੁਦ ਤੱਕਿਆ ਹੈ ਤੇ ਉਸਦੀ ਛਾਂ ਮਾਨਣ ਦਾ ਮੁੱਦਈ ਵੀ ਹਾਂ, ਜੋ ਆਪਣੇ ਬੋਹੜ ਪਿਓ ਦੀ ਬੁੱਕਲ ਦਾ ਨਿੱਘ ਮਾਣ ਕੇ, ਉਂਗਲ ਫੜ੍ਹ ਕੇ, ਕਦਮ ਨਾਲ ਕਦਮ ਮਿਲਾ ਕੇ ਖੁਦ ਵੀ ਬੋਹੜ ਵਰਗੀ ਹਸਤੀ ਦਾ ਮਾਲਕ ਬਣਿਆ ਹੈ। ਉਸ ਮੋਹ-ਮੱਤੇ, ਸ਼ਹਿਦ ਵਰਗੇ ਬੋਲਾਂ ਦੇ ਮਾਲਕ ਦਾ ਨਾਂ ਹੈ ਡਾ: ਅਮਨਦੀਪ ਸਿੰਘ ਟੱਲੇਵਾਲੀਆ। ਲੇਖਕਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਸ਼ਹਿਰ ਬਰਨਾਲਾ ਦੇ ਕਚਿਹਰੀ ਚੌਂਕ ਲਾਗੇ ਆਪਣਾ ਡੇਰਾ ਜਮਾਈ ਬੈਠਾ ਅਮਨਦੀਪ ਸਿੰਘ ਟੱਲੇਵਾਲੀਆ ਆਪਣੇ ਘਰ ਵਿੱਚ ਹੀ ਹੋਮਿਓਪੈਥੀ ਕਲੀਨਿਕ ਚਲਾ ਰਿਹਾ ਹੈ। ਉਹਨਾਂ ਦੇ ਕਲੀਨਿਕ ਅੰਦਰ ਬਣਿਆ ਮਰੀਜ਼ਾਂ ਲਈ ਬਣਿਆ ਉਡੀਕ ਕਮਰਾ ਪਹਿਲੀ ਨਜ਼ਰੇ ਕਿਸੇ ਲਾਇਬਰੇਰੀ ਦਾ ਝਾਉਲਾ ਪਾਉਂਦਾ ਹੈ। ਚਾਰੇ ਕੰਧਾਂ ਉੱਪਰ ਨਿਵੇਕਲੇ ਢੰਗ ਨਾਲ ਸਜਾਈਆਂ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਾਹਿਤਕਾਰ ਪਿਓ ਡਾ: ਸੰਪੂਰਨ ਸਿੰਘ ਟੱਲੇਵਾਲੀਆ ਦੀ ਛਤਰ ਛਾਇਆ ਮਾਣ ਕੇ ਉਹਨਾਂ ਦਾ ਬੀਬਾ ਪੁੱਤ ਅਮਨਦੀਪ ਸਿਰਫ ਡਾ: ਅਮਨਦੀਪ ਸਿੰਘ ਟੱਲੇਵਾਲੀਆ ਹੀ ਨਹੀਂ ਬਣਿਆ ਸਗੋਂ ਸਾਹਿਤ ਤੇ ਕਲਾ ਨਾਲ ਵੀ ਆਪਣਾ ਪਿਆਰ ਪ੍ਰਵਾਨ ਚੜ੍ਹਾ ਰਿਹਾ ਹੈ। ਜਿਕਰਯੋਗ ਹੈ ਕਿ ਦੋਵੇਂ ਪਿਓ ਪੁੱਤ ਗਾਉਣ ਦੇ ਵੀ ਡਾਹਢੇ ਸ਼ੁਕੀਨ ਹਨ। ਜਿੱਥੇ ਕੁਝ ਸਮਾਂ ਪਹਿਲਾਂ ਦੋਵੇਂ ਬੋਹੜਾਂ ਨੇ ਆਪਣੀ ਆਵਾਜ਼ 'ਚ "ਨਿਮਾਣਿਆਂ ਦੇ ਮਾਣ" ਕਵੀਸ਼ਰੀ ਰਾਂਹੀਂ ਆਪਣੇ ਅੰਦਰਲੇ ਕਲਾਕਾਰ ਦੇ ਦੀਦਾਰੇ ਬਾਖੂਬੀ ਕਰਵਾਏ ਸਨ ਉੱਥੇ ਡਾ: ਅਮਨਦੀਪ ਸਿੰਘ ਨੇ "ਸ਼ਹੀਦ ਊਧਮ ਸਿੰਘ" ਅਤੇ ''ਪੈਸੇ ਦੇ ਪੁੱਤ" ਗੀਤ ਵੀ ਸੰਗੀਤ ਜਗਤ ਦੀ ਝੋਲੀ ਪਾਏ ਹਨ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ 'ਚ ਪਿਤਾ ਸੰਪੂਰਨ ਸਿੰਘ ਤੇ ਮਾਤਾ ਜੁਗਰਾਜ ਕੌਰ ਦੇ ਘਰ ਜਨਮੇ ਅਮਨਦੀਪ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ 'ਚੋਂ ਹਾਸਲ ਕਰਕੇ ਆਪਣੇ ਪਿਤਾ ਜੀ ਵਾਂਗ ਡਾਕਟਰ ਬਣਨ ਲਈ ਹੋਮਿਓਪੈਥਿਕ ਬੀ ਐੱਚ ਐੱਮ ਐੱਸ ਦੀ ਡਿਗਰੀ ਅਬੋਹਰ ਕਾਲਜ਼ ਤੋਂ ਲਈ। ਗੁਰੂ ਨਾਨਕ ਦੇਵ ਹੋਮਿਓਪੈਥਿਕ ਕਾਲਜ ਲੁਧਿਆਣਾ ਤੋਂ ਐੱਮ ਡੀ ਦੀ ਡਿਗਰੀ ਹਾਸਲ ਕਰਕੇ ਆਪਣੇ ਨਾਮ ਨਾਲ ਡਾਕਟਰ ਵਿਸ਼ੇਸ਼ਣ ਲਗਾਉਣ ਦਾ ਮਾਣ ਹਾਸਲ ਕੀਤਾ। ਡਾ: ਅਮਨਦੀਪ ਸਿੰਘ ਟੱਲੇਵਾਲੀਆ ਵਰ੍ਹਿਆਂ ਬੱਧੀ ਕਿਤਾਬਾਂ ਨਾਲ ਜੂਝ ਕੇ ਸਿਰਫ ਡਾਕਟਰ ਬਣ ਕੇ, ਸਿਰਫ ਤੇ ਸਿਰਫ ਕਮਾਈ ਕਰਨ ਦੀ ਹੀ ਸੋਚ ਤੋਂ ਲੱਖਾਂ ਕੋਹਾਂ ਦੂਰ ਰਹਿਣ ਵਾਲੀ ਰੂਹ ਹੈ। ਆਪਣੀਆਂ ਸਰੀਰਕ ਸਮੱਸਿਆਵਾਂ ਦੀ ਦਵਾਈ ਲੈਣ ਆਏ ਮਰੀਜ਼ ਨੂੰ ਮਿੱਠੇ ਤੇ ਹਮਦਰਦੀ ਭਰੇ ਬੋਲਾਂ ਨਾਲ ਮਾਨਸਿਕ ਤੌਰ 'ਤੇ ਭਲਵਾਨ ਬਣਾ ਕੇ ਤੋਰਨਾ ਉਸਦੀ ਯੋਗਤਾ ਹੈ। ਜ਼ਿੰਦਗੀ ਦੀਆਂ ਬਾਤਾਂ ਪਾਉਂਦਾ ਇਹ ਰੰਗ ਰੰਗੀਲਾ ਸੱਜਣ ਜਿੱਥੇ ਮਲਵਈ ਗਿੱਧੇ, ਭੰਗੜੇ ਦਾ ਦਿਲੋਂ ਮੁਰੀਦ ਹੈ ਉੱਥੇ ਪੰਜਾਬੀ ਪਾਠਕਾਂ ਨੂੰ ਹੌਸਲਿਆਂ ਦੇ ਟੀਕੇ ਲਾਉਣ ਵਰਗੀ ਲੇਖਾਂ ਦੀ ਕਿਤਾਬ "ਆਓ ਜਿਉਣਾ ਸਿੱਖੀਏ" ਵੀ ਪਾ ਚੁੱਕਾ ਹੈ। ਵੱਖ ਵੱਖ ਅਖ਼ਬਾਰਾਂ ਰਾਂਹੀਂ ਆਪਣੀ ਕਲਮ ਦਾ ਚਾਨਣ ਬਿਖੇਰਦਾ ਰਹਿਣ ਵਾਲਾ ਡਾ: ਅਮਨਦੀਪ ਸਿੰਘ ਤੇ ਪਿਤਾ ਡਾ: ਸੰਪੂਰਨ ਸਿੰਘ ਮਾਲਵਾ ਸਾਹਿਤ ਸਭਾ ਬਰਨਾਲਾ ਦੀ ਰੀੜ੍ਹ ਦੀ ਹੱਡੀ ਬਣ ਕੇ ਸਾਹਿਤਕ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ। ਜਿਸ ਤਰ੍ਹਾਂ ਅਮਨਦੀਪ ਸਿੰਘ ਨੇ ਸਪੂਤ ਬਣ ਕੇ ਆਪਣੇ ਪਿਤਾ ਦੇ ਸਦਗੁਣਾਂ ਨੂੰ ਚਾਰ ਚੰਨ ਲਾਏ ਹਨ ਤਾਂ ਕਿਹੜਾ ਬੋਹੜ ਪਿਓ ਨਹੀਂ ਚਾਹੇਗਾ ਕਿ ਉਸਦਾ ਪੁੱਤ ਵੀ ਉਸ ਵਾਂਗ ਬੋਹੜ ਨਾ ਬਣੇ?