ਸ਼ਬਦ ਚਿਤਰ : ਦੇਵ ਥਰੀਕਿਆਂ ਵਾਲਾ - ਨਿੰਦਰ ਘੁਗਿਆਣਵੀ

ਸੱਚੀ ਗੱਲ ਤਾਂ ਇਹੋ ਹੈ ਕਿ ਜਿੱਦਣ ਦਾ ਬਾਪੂ ਜੱਸੋਵਾਲ ਤੁਰਿਆ, ਮੇਰੇ ਤੇ ਮੇਰੇ ਜਿਹੇ ਕਈਆਂ ਹੋਰਾਂ ਵਾਸਤੇ ਓਦਣ ਦਾ ਲੁਧਿਆਣਾ ਬਿਲਕੁਲ ਬਿਗਾਨਾ ਹੋ ਗਿਐ। ਬਾਪੂ ਦੇ ਘਰ, ਜਿਸਦਾ ਨਾਂ ਉਹਨੇ 'ਜੱਸੋਵਾਲ ਦਾ ਆਲ੍ਹਣਾ' ਰੱਖਿਆ ਹੋਇਆ ਸੀ, ਗੁਰਦੇਵ ਨਗਰ ਜਾਂਦਿਆਂ ਇਵੇਂ ਲਗਦਾ ਸੀ ਕਿ ਜਿਵੇਂ ਆਪਣੇ ਲੁਧਿਆਣੇ ਵਾਲੇ ਘਰੇ ਜਾ ਰਹੇ ਹੋਈਏ! ਬਾਪੂ ਘਰ ਨਾ ਹੁੰਦਾ ਤਾਂ ਬੇਬੇ ਦੇ ਗੋਡੇ ਮੁੱਢ ਬਹਿ ਗੱਲਾਂ ਮਾਰੀ ਜਾਣੀਆਂ। ਬਹੁਤੀ ਵਾਰ ਬਾਪੂ ਨੇ ਕਹਿਣਾ ਕਿ ਚੱਲੋ ਥਰੀਕੇ ਚੱਲੀਏ ਦੇਵ ਕੋਲ ਦੀਵੇ ਜਗਾਈਏ। ਬਾਪੂ ਨੂੰ ਦੇਵ ਦਾ ਲਿਖਿਆ ਤੇ ਸੁਰਿੰਦਰ ਕੌਰ ਦਾ ਗਾਇਆ ਗੀਤ-'ਦੀਵਿਆਂ ਵੇਲੇ ਦਰ ਤੇਰੇ ਦਾ ਕਿਸ ਕੁੰਡਾ ਖੜਕਾਇਆ, ਜਾਹ ਵੇਖ ਨਣਾਨੇ ਨੀ ਅੱਜ ਕੌਣ ਪਰਾਹੁਣਾ ਆਇਆ' ਹਾਕਾਂ ਮਾਰਦਾ ਰਹਿੰਦਾ ਸੀ। ਉਸਦੇ ਹੋਰਨਾਂ ਗੀਤਾਂ ਨੂੰ ਘੱਟ ਚੇਤੇ ਕਰਦਾ ਬਾਪੂ ਤੇ ਕਹਿੰਦਾ ਹੁੰਦਾ-''ਦੀਵੇ ਵਾਲਾ ਦੇਵ।"
ਦੇਵ ਦੇ ਦੀਦਾਰ ਲੁਧਿਆਣੇ ਦੇ ਹਰੇਕ ਗੇੜੇ ਹੁੰਦੇ ਰਹਿੰਦੇ। ਉਹਦੇ ਲਿਖੇ ਹੋਏ ਪੋਸਟ ਕਾਰਡ ਵੀ ਸਾਂਭੀ ਬੈਠਾ ਹਾਂ, ਜੋ ਉਸਨੇ ਮੇਰੀਆਂ ਲਿਖਤਾਂ ਦੀ ਸਿਫ਼ਤ 'ਚ ਲਿਖੇ ਹੋਏ ਨੇ। ਇੱਕ ਵਾਰ ਸਿਖ਼ਰ ਦੁਪੈਹਿਰੇ ਦੇਵ ਦੀ ਲਾਇਬਰੇਰੀ ਦੇਖ ਦੇਖ ਰੱਜ ਨਾ ਆਵੇ, ਕਿਤਾਬਾਂ ਨਾਲ ਗੱਲਾਂ ਕਰਦਾ ਉਹ ਚਾਅ 'ਚ ਦੂਣਾ-ਚੌਣਾ ਹੋਇਆ ਪਿਆ ਸੀ ਤੇ ਚੁਕ-ਚੁਕ ਕਿਤਾਬਾਂ ਵਿਖਾਈ ਜਾਂਦਾ ਸੀ, '' ਆਹ ਵੇਖ, ਆਹ ਤਾਂ ਮੈਂ ਬਾਹਲੀ ਔਖੀ ਭਾਲ਼ੀ ਸੀ, ਵਾਰ ਵਾਰ ਪੜੀ੍ਹ, ਅਜੇ ਵੀ ਜੀਅ ਕਰਦੈ ਪੜਾਂ...ਰਸੂਲ ਦੀ।"
              """'  """"   """"'  """"

ਜੱਸੋਵਾਲ ਦੇ ਸਸਕਾਰ 'ਤੇ ਉਹ ਬਹੁਤ ਰੋਇਆ, ਗਲਵਕੜੀ 'ਚ ਲੇਖ ਕੇ ਆਖੇ... ਨਿੰਦਰਾ, ਆਪਣਾ ਹੁਣ ਕੁਛ ਨੀ ਰਿਹਾ, ਆਪਾਂ ਨੂੰ ਪਿਆਰਨ-ਦੁਲਾਰਨ ਵਾਲਾ ਤੁਰ ਗਿਆ, ਕਿਥੇ ਜਾਵਾਂਗੇ।" ਕਈ ਦਿਨਾਂ 'ਕੱਠਾ ਹੋਇਆ ਪਿਆ ਮੇਰਾ ਰੋਣ ਵਹਿ ਪਿਆ ਸੀ। ਹੁਣ ਦੇਵ ਦੀ ਦੀਦ ਨੂੰ ਦੇਰ ਹੋ ਚੱਲੀ ਹੈ। ਉਹਦਾ ਮੁੰਡਾ ਮੁੱਕਿਆ, ਜਾਇਆ ਨਹੀਂ ਗਿਆ। ਬਾਹਰ ਸਾਂ। ਫਿਰ ਘਰ ਵਾਲੀ ਚੱਲ ਵਸੀ। ਉਦੋਂ ਵੀ ਬਾਹਰ ਸਾਂ ਸਬੱਬੀਂ। ਫੋਨ ਕਰਨ ਨੂੰ ਮਨ ਨਹੀਂ ਮੰਨਦਾ। ਸਤੀਸ਼ ਗੁਲਾਟੀ ਦਾ ਘਰ ਤੇ ਉਹਦਾ ਨੇੜੈ ਨੇੜੈ ਹੀ ਨੇ। ਤਸੀਸ਼ ਨੂੰ ਥਰੀਕੇ ਘਰ ਉਹਨੇ ਹੀ ਦਿਲਵਾਾਇਆ ਸੀ ਤੇ ਇਹ ਰੋਜ਼ ਵਾਂਗ ਇਕੱਠੇ ਹੁੰਦੇ ਤੇ ਸੈਰਾਂ ਕਰਦੇ। ਸਤੀਸ਼ ਤੇ ਉਹਦਾ ਮੁੰਡਾ ਸੁਮਿਤ (ਸਨੀ) ਕੋਈ ਵੀ ਨਵੀਂ ਛਪੀ ਕਿਤਾਬ ਦੇਣ ਰੋਜ਼ ਵਾਂਗ ਜਾਂਦੇ ਤੇ ਦੇਵ ਦਅਿਾਂ ਕਿਤਾਬਾਂ ਵੀ ਛਾਪਦੇ। ਸਤੀਸ਼ ਗੁਲਾਟੀ ਦਸਦਾ ਹੈ ਕਿ ਬਾਪੂ ਦੇਵ  ਦੀ ਰੀੜ ਦੀ ਹੱਤਡੀ ਦਾ ਮਣਕਾ ਹਿੱਲਿਆ ਹੋਇਆ, ਜਾ-ਆ ਨਹੀਂ ਸਕਦਾ ਕਿਤੇ। ਘਰ ਹੀ ਹੁੰਦੈ। ਪੜ੍ਹਦਾ-ਲਿਖਦੈ। ਦਾਰੂ ਦੇਰ ਪਹਿਲਾਂ ਛੱਡ ਗਿਆ ਸੀ। ਸਤੀਸ਼ ਉਲਾਂਭਾ ਵੀ ਦੇ ਰਿਹਾ ਹੈ, ਦੇਵ ਬਾਪੂ ਕਹਿੰਦਾ ਕਿ ਨਿੰਦਰ ਮਿਲਦਾ ਨਹੀਂ, ਵੱਡਾ ਬੰਦਾ ਬਣ ਗਿਆ, ਉਹਨੂੰ ਆਖੀਂ ਮਿਲਜੇ, ਬੁੜ੍ਹੇ ਦਾ ਕੋਈ ਪਤਾ ਨੀ, ਕਿੱਦਣ ਗੱਡੀ ਚੜ੍ਹਜੇ...ਬੜਾ ਦਿਲ ਕਰਦੈ ਮਿਲਣ ਨੂੰ। ਸਤੀਸ਼ ਤੋਂ ਸੁਣ ਅੱਖਾਂ ਨਮ ਹੋ ਗਈਆਂ ਨੇ। ਦੇਵ ਦੀਆਂ ਹੋਰ ਗੱਲਾਂ ਕਰਨ ਨੂੰ ਦਿਲ ਕਰ ਆਇਐ।
ਬਹੁਤ ਘੱਟ ਲੋਕੀ ਜਾਣਦੇ ਨੇ ਕਿ ਦੇਣ ਦਾ ਅਸਲੀ ਪਿੰਡ ਰਹੀੜ ਸੀ। ਦੇਵ ਦਾ ਪਿਓ ਉਦੋਂ ਚਾਰ ਕੁ ਸਾਲਾਂ ਦਾ ਸੀ, ਉਹਦੇ ਮਾਂ-ਪਿਓ (ਦੇਵ ਦੇ ਦਾਦਾ ਦਾਦੀ)  ਮਰ ਗਏ। ਇਹਦੀ ਭੂਆ ਥਰੀਕੇ ਵਿਆਹੀ ਹੋਈ ਸੀ, ਉਹ ਆਪਣੇ ਭਰਾ ਰਾਮ ਸਿੰਘ ਨੂੰ  ਆਪਣੇ ਕੋਲ ਥਰੀਕੇ ਲੈ ਆਈ। ਦੇਵ ਦੇ ਪਿਤਾ ਰਾਮ  ਸਿੰਘ ਦਾ ਪਿੰਡ ਹੁਣ ਥਰੀਕੇ  ਹੋ ਗਿਆ ਸੀ। ਦੇਵ ਦਾ ਜਨਮ ਸੰਨ 1939 ਦੀ 13 ਸਤੰਬਰ ਦਾ ਹੈ। ਦੇਵ ਦੀ ਮਾਤਾ ਦਾ ਨਾਂ ਅਮਰ ਕੌਰ ਸੀ। ਸੰਨ 1955 ਵਿੱਚ ਦੇਵ ਲਲਤੋਂ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ, ਉਥੇ ਸ੍ਰ.ਹਰੀ ਸਿੰਘ ਦਿਲਬਰ ਮਾਸਟਰ ਸਨ (ਜੋ ਮੰਨੇ-ਪ੍ਰਮੰਨੇ ਕਹਾਣੀਕਾਰ ਤੇ ਨਾਵਲਕਾਰ ਸਨ), ਉਹਨਾਂ ਹੀ ਦੇਵ ਨੂੰ ਕਵਿਤਾਵਾਂ ਲਿਖਣ ਦੀ ਚੇਟਕ ਲਗਾਈ। ਦੇਵ ਨੇ ਆਪਣੀ ਲੇਖਣੀ ਦਾ ਸਫ਼ਰ ਬਾਲ-ਕਵਿਤਾਵਾਂ ਤੋਂ ਅਰੰਭ ਕੀਤਾ ਤੇ ਫਿਰ ਉਹ ਕਹਾਣੀਆਂ ਲਿਖਣ ਲੱਗ ਪਿਆ। ਉਸਦੇ ਤਿੰਨ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ, ਪਹਿਲੇ ਕਹਾਣੀ ਸੰਗ੍ਰਹਿ ਦੇ ਨਾਂ 'ਰੋਹੀ ਦਾ ਫੁੱਲ' ਸੀ, ਦੂਸਰਾ ਕਹਾਣੀ ਸੰਗ੍ਰਹਿ 'ਇੱਕ ਸੀ ਕੁੜੀ' ਤੇ ਤੀਸਰਾ 'ਜੀਹਦੀ ਬਾਂਹ ਫੜੀਏ'। ਸੰਨ 1960 ਵਿੱਚ ਦੇਵ ਲੁਧਿਆਣਾ ਦੇ ਮਲਟੀਪਰਪਜ਼ ਸਕੂਲ ਵਿੱਚ ਟੀਚਰ ਲੱਗ ਗਿਆ। ਜੇ.ਬੀ.ਟੀ. ਉਹ ਕਰ ਹੀ ਚੁੱਕਾ ਸੀ। ਦੇਵ ਦਾ ਵਿਆਹ ਸੰਨ 1958 ਵਿੱਚ ਸਹੌਲੀ ਪਿੰਡ ਦੀ ਪ੍ਰੀਤਮ ਕੌਰ ਨਾਲ ਹੋਇਆ। ਇੰਦਰਜੀਤ ਹਨਪੁਰੀ ਦਾ ਲਿਖਿਆ ਤੇ ਬਖ਼ਸੀ-ਸ਼ਾਦੀ ਦਾ ਗਾਇਆ ਗੀਤ, ''ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖ਼ੈਰ ਨਾ ਪਾਈਏ" ਰਿਕਾਰਡ ਹੋ ਕੇ ਵੱਜ ਰਿਹਾ ਸੀ ਤਾਂ ਦੇਵ ਦੇ ਇੱਕ ਮਿੱਤਰ ਪ੍ਰੇਮ ਕੁਮਾਰ ਸ਼ਰਮਾ, ਜਿਸਨੂੰ ਗਾਉਣ ਦਾ ਸ਼ੌਕ ਸੀ, ਨੇ ਦੇਵ ਨੂੰ ਕਿਹਾ ਕਿ ਮੈਨੂੰ ਗੀਤ ਲਿਖ ਕੇ ਦੇਹ... ਇਸਨੇ ਲਿਖ ਦਿੱਤੇ। ਸੰਨ 1961 ਵਿੱਚ ਪ੍ਰੇਮ ਸ਼ਰਮਾ ਨੇ ਇਹਦੇ ਦੋ ਗੀਤ ਐਚੱ.ਐਮੱ.ਵੀ ਕੰਪਨੀ ਵਿੱਚ ਰਿਕਾਰਡ ਕਰਵਾਏ, ਪਹਿਲਾ ਸੀ-''ਹੌਲੀ-ਹੌਲੀ ਨੱਚ ਪਤਲੋ, ਤੇਰੀ ਗੁੱਤ ਗਿੱਟਿਆਂ 'ਤੇ ਵੱਜਦੀ", ਦੂਸਰਾ ਸੀ-''ਭਾਬੀ ਤੇਰੀ ਧੌਣ ਦੇ ਉਤੇ ਗੁੱਤ ਮੇਲਦੀ ਨਾਗ ਬਣ ਕਾਲਾ"। ਇੰਜ ਹੋਇਆ ਸੀ ਦੇਵ ਦੀ ਗੀਤ ਕਲਾ ਦੇ ਸਫ਼ਰ ਦਾ ਆਰੰਭ। ਦੇਵ ਨੇ ਦੱਸਿਆ ਸੀ ਗੱਲੀਂ-ਗੱਲੀਂ ਕਿ ਪਹਿਲੋ-ਪਹਿਲ ਉਸਤਾਦ ਯਮਲਾ ਜੀ ਨੇ ਗੱਲ ਸੁਣੀ ਉਹਦੀ, ਹਸਨਪੁਰੀ ਨੂੰ ਮਿਲਣ ਗਿਆ ਤਾਂ ਉਹ ਕਹਿੰਦਾ ਕਿ ਯਮਲੇ ਕੋਲ ਜਾਹ। ''ਜਦ ਯਮਲਾ ਜੀ ਦੇ ਡੇਰੇ ਗਿਆ ਤਾਂ ਉਹ ਆਪਣੇ ਚੇਲਿਆਂ ਵਿਚ ਘਿਰੇ ਹੋਏ ਢਿਚਕੂੰ-ਢਿਚਕੂੰ ਕਰਦੇ ਬੈਂਚ 'ਤੇ ਬਿਰਾਜਮਾਨ ਸਨ। ਮੈਂ ਆਖਿਆ ਕਿ ਉਸਤਾਦ ਜੀ ਮੈਂ ਕੁਛ ਗੀਤ ਲਿਖੇ ਨੇ, ਰਿਕਾਰਡ ਕਰਵਾ ਦਿਓ, ਉਹ ਬੋਲੇ ਕਿ ਮੈਂ ਜੋ ਵੀ ਗਾਇਆ, ਆਪਣਾ ਲਿਖ ਕੇ ਗਾਇਆ ਐ, ਤੂੰ ਇਉਂ ਕਰ...ਨਰਿੰਦਰ ਬੀਬਾ ਤੇ ਸਵਰਨ ਲਤਾ ਕੋਲ ਚਲੇ ਜਾਹ...ਕਹੀਂ ਕਿ ਯਮਲੇ ਨੇ ਭੇਜਿਆ ਏ, ਤੇਰੇ ਗੀਤ ਉਨ੍ਹਾਂ ਦੇ ਪੂਰੇ ਪੂਰੇ ੀਪੱਟ ਬਹਿਣਗੇ, ਸੋ ਉਸਤਾਦ ਜੀ ਦਾ ਕਿਹਾ ਮੰਨ ਕੇ ਮੈਂ ਓਧਰ ਨੂੰ ਤੁਰ ਪਿਆ ਸੀ।"
 ਜਦ ਦੇਵ ਦੇ ਗੀਤ ਸਵਰਨ ਲਤਾ ਤੇ  ਬੀਬਾ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋ ਗਏ ਤਾਂ ਕਰਮਜੀਤ ਧੂਰੀ ਵੀ ਇਸ ਤੋਂ ਗੀਤ ਲੈਣ ਆਇਆ। ਗੀਤ ਲੈ ਗਿਆ। ਬੀਬਾ  ਦੇ ਗਾਏ ਗੀਤ ਦੇ ਬੋਲ ਇਹ ਸਨ-''ਭੱਖੜੇ ਨੇ ਪੈਰ ਗਾਲ ਤੇ,ਜੁੱਤੀ ਲੈ ਦੇ ਵੇ ਮੁਲਾਜ਼ੇਦਾਰਾ", ਦੂਜੇ ਗੀਤ ਦੇ ਬੋਲ ਸਨ-''ਖਾਲੀ ਗੱਡੀ ਲੈ ਜਾ ਮੋੜਕੇ, ਅਸੀਂ ਜਾਣਾ ਨਹੀਓਂ ਭਾਰਿਆ ਸ਼ੌਕੀਨਾ"। ਇਸ ਬਾਅਦ ਸਦੀਕ ਤੇ ਬੀਬਾ ਦੇ ਗਾਏ ਦੋ ਗੀਤਾਂ ਦੇ ਬੋਲ ਇਹ ਸਨ-''ਲੌਂਗ ਨੀ ਬਿਸ਼ਨੀਏ ਮੇਰਾ, ਨਰਮੇ 'ਚੋਂ ਲਿਆਈਂ ਲੱਭਕੇ।" ਦੂਜਾ ਸੀ-''ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪਘੂੰੜਾ"।
 ਮੈਂ ਦੇਵ ਨੂੰ ਪੁੱਛਦਾ ਹਾਂ, ''ਮਾਣਕ ਨਾਲ ਮੇਲ ਕਦੋਂ ਹੋਇਆ ਸੀ ਪਹਿਲੀ ਵਾਰ?"
''ਮੈਂ ਉਦੋਂ ਨਰਿੰਦਰ ਬੀਬਾ ਨਾਲ ਜਾਂਦਾ ਹੁੰਂਦਾ ਸੀ ਤੇ ਇਹ ਉਦੋਂ ਹਰਚਰਨ ਗਰੇਵਾਲ ਨਾਲ ਹੁੰਦਾ ਸੀ ਚੁਬਾਰੇ 'ਚ...ਮੈਨੂੰ ਨਹੀਂ ਪਤਾ ਕੀ ਕਰਦਾ ਫਿਰਦਾ ਹੁੰਦਾ ਸੀ...ਨਾ ਈ ਇਹ ਪਤਾ ਸੀ ਕਿ ਇਹ ਕੁਲਦੀਪ ਮਾਣਕ ਐ...ਫਿਰ ਮੇਰੀ ਅਸਲੀ ਜਾਣ-ਪਛਾਣ ਕਰਾਈ ਇਹਦੇ ਨਾਲ ਮਾਸਟਰ ਗੁਰਦਿਆਲ ਸਿੰਘ ਪੀ.ਟੀ. ਨੇ...ਇਹ ਪਿੰਡ ਈਸੇਵਾਲ ਦਾ ਸੀ...ਇਹ ਮਾਣਕ ਨੂੰ ਪਹਿਲਾਂ ਤੋਂ ਜਾਣਦਾ ਸੀ ਕਿਉਂਕਿ ਮਾਸਟਰ ਨੂੰ ਵੀ ਗੀਤ-ਸੰਗੀਤ ਦਾ ਭੁੱਸ ਸੀ...ਮੈਂ ਤੇ ਮਾਸਟਰ ਢਾਬੇ 'ਤੇ ਬੈਠੇ ਪੈੱਗ-ਸ਼ੈੱਗ ਲਾਉਂਦੇ ਹੁੰਦੇ ਸੀ...ਇੱਕ ਦਿਨ ਮੈਂ ਤੇ ਮਾਣਕ ਵੀ ਪੀ ਰਹੇ ਸਾਂ...ਤੇ ਢਾਬੇ 'ਤੇ ਇੱਕ ਵੱਡੇ ਗਵੱਈਏ ਦਾ ਗੀਤ ਵੱਜ ਰਿਹਾ ਸੀ-''ਮਿੱਤਰਾਂ ਦੇ ਤਿੱਤਰਾਂ ਨੂੰ"....ਮੈਂ ਕਿਹਾ ਮਾਣਕਾ ਤੇਰੀ ਵਾਜ ਕਮਾਲ ਦੀ ਆ...ਆਪਾਂ ਐਹਦਾ ਮੁਕਾਬਲਾ ਕਰਨੈਂ...ਮਾਣਕ ਕਹਿੰਦਾ ਕਿ ਬਾਈ ਫੱਟੇ ਚੱਕ ਦਿਆਂਗੇ...ਤੂੰ ਜਮਾਂ ਨਾ ਘਬਰਾ...ਤੂੰ ਦੇਖੀਂ ਜਾਈਂ ਮੈਂ ਕਿਮੇਂ ਦਬੱਲਦਾ...ਤੂੰ ਮੈਨੂੰ ਲਿਖ ਕੇ ਤਾਂ ਦੇਹ? ਮੈਂ ਲਿਖੇ ਤੇ ਇਹਨੇ ਗਾਏ...-''ਹੀਰ ਦੀ ਕਲੀ" ૶''ਕਹਿ ਰਸਾਲੂ ਰਾਣੀਏਂ ਘੁੰਡ ਮੂੰਹ ਤੋਂ ਲਾਹ ਦੇ" ૶''ਤੇਰੀ ਖਾਤਰ ਹੀਰੇ ਛੱਡਕੇ ਤਖ਼ਤ ਹਜ਼ਾਰੇ ਨੂੰ" ਚਾਰ ਗੀਤ ਸਨ...ਧੰਨ ਧੰਨ ਹੋਗੀ...।"
''ਮੈਂ ਇੱਕ ਥਾਂ ਛਪਿਆ ਪੜ੍ਹਿਆ ਸੀ, ਜਿਸ ਵਿੱਚ ਮਾਣਕ ਨੇ ਕਿਹਾ ਸੀ ਕਿ  ਜਦ ਦੇਵ ਪਹਿਲੀ ਵਾਰੀ ਮਿਲਿਆ ਸੀ ਇਹ ਦਾਰੂ ਨਾਲ ਟੱਲੀ ਸੀ...ਪੱਗ ਲੱਥੀ ਹੋਈ ਸੀ...ਇਹ ਗੱਲ ਠੀਕ ਹੋਣੀ ਮਾਣਕ ਦੀ ਕਿ...?"
''ਛਡ ਯਾਰ...ਤੂੰ ਵੀ ਮੁਰਦੇ ਸਿਵੇਂ ਉਖੇੜਦਾਂ...ਪਤਾ ਨਹੀਂ ਮਾਣਕ ਨੇ ਕੀ-ਕੀ ਕਿਹਾ...ਕੋਈ ਨਾ ਉਹ ਜਾਣੇ...! ਇਹ ਲੋਕਾਂ ਨੂੰ ਪਤੈ ਈ ਐ ਕਿ ਮੈਂ ਕਿੰਨਾ ਕੁ ਡਿਗਦਾ ਸੀ ਪੀਕੇ...ਜਾਂ ਕਿੰਨੀ ਮੇਰੀ ਪੱਗ ਲੱਥਦੀ ਸੀ...ਪਤਾ ਨਹੀਂ ਮਾਣਕ ਨੇ ਇਹ ਗੱਲਾਂ ਕਿਹੜੀ ਮੱਤ 'ਚ ਆਖੀਆਂ ਸਨ ਉਦੋਂ...ਮੈਨੂੰ ਵੀ ਦੁੱਖ ਲੱਗਿਆ ਸੀ...ਜੇ ਮੈਂ ਸ਼ਰਾਬੀ ਹੋਕੇ ਡਿੱਗਿਆ ਹੁੰਦਾ ਤਾਂ ਫਿਰ ਸਾਈਕਲ 'ਤੇ ਪਿੰਡ ਕਿਵੇਂ ਜਾਵੜਦਾ...ਖ਼ੈਰ...ਸਾਡੇ ਰੋਸੇ ਤੇ ਗ਼ਿਲੇ-ਸ਼ਿਕਵੇ ਬੜੀ ਵੇਰ ਹੋਏ...ਮੈ ਸਟ੍ਰਗਲ ਵੇਲੇ ਦੀ ਗੱਲ ਕਰਦਾਂ...ਸਾਡੇ ਕੋਲ ਤਾਂ ਕਿਰਾਇਆ-ਭਾੜਾ ਵੀ ਹੈਨੀ ਸੀ ਜਦ ਅਸੀਂ ਦਿੱਲੀ ਗਏ ਮੈਂ ਤੇ ਮਾਣਕ...ਏਹ ਗੱਲ ਕੋਈ 1970 ਦੀ ਹੋਣੀ ਆਂ...ਮਾਣਕ ਦੀ ਰਿਕਾਰਡਿੰਗ ਲਈ ਡੇਟ ਲੈਣ ਗਏ ਸੀ...ਲੇਟ ਹੋ ਗਏ ਤਾਂ ਨਿਰਮਲ ਸਿੰਘ ਨਿਰਮਲ ਨੂੰ ਮਿਲਣ ਲਈ ਪਹਾੜ ਗੰਜ ਚਲੇ ਗਏ...ਨਿਰਮਲ ਦਾ ਗੀਤ 'ਪੰਚਣੀ ਪਿੰਡ ਦੀ ਬਣੀ' ਉਦੋਂ ਕਾਫ਼ੀ ਮਕਬੂਲ ਸੀ...ਖ਼ੈਰ...ਥਰੀਵੀਲਰ 'ਚੋਂ ਉਤਰ੍ਹੇ...ਗੱਡੀ ਤੁਰਨ ਵਾਲੀ ਸੀ ਤੇ ਅਸੀਂ ਟਿਕਟਾਂ ਲਏ ਬਗੈਰ ਈ ਭਜਕੇ ਗੱਡੀ ਵਿੱਚ ਜਾ ਵੜੇ...ਡਰਦੇ ਰਹੇ ਕਿ ਹੁਣ ਵੀ ਟੀਟੀ ਆਇਆ ਕਿ ਆਇਆ...ਪਹਿਲੀ ਵਾਰੀ ਬਿਨਾਂ ਟਿਕਟੋਂ ਸਫ਼ਰ ਕਰ ਰਹੇ ਸਾਂ...ਸਵੇਰੇ ਮੂੰਹ ਹਨੇਰੇ ਜਦ ਗੱਡੀ ਲੁਧਿਆਣੇ ਆਈ ਤਾਂ ਸੁਖ ਦਾ ਸਾਹ ਲਿਆ...ਗੱਡੀਓਂ ਉਤਰ੍ਹੇ...ਰੱਖ ਬਾਗ ਵੱਲ ਦੀ ਲਾਈਨਾਂ ਵਿੱਚੋਂ ਦੀ ਚੋਰੀਓਂ ਟੱਪੇ ਸਾਂ...ਮਾਣਕ ਆਖੇ ਜੇ ਫੜ੍ਹੇ ਗਏ ਜੁਰਮਾਨਾ ਵੀ ਹੋਜੂ...ਜ਼ੇਲ੍ਹ ਵੀ ਜਾਵਾਂਗੇ...ਸੋ ਮਾਣਕ ਨੇ ਤੇ ਮੈਂ ਬਹੁਤ ਔਖੇ ਦਿਨ ਕੱਠਿਆਂ ਕੱਟੇ...ਜੇ ਉਹ ਕੁਝ ਮਾੜਾ-ਮੋਟਾ ਬੁਰਾ-ਭਲਾ ਕਹਿ ਵੀ ਲੈਂਦਾ ਐ ਤਾਂ ਮੈਂ ਬੁਰਾ ਨਹੀਂ ਮੰਨਾਉਂਦਾ...ਹਾਂ ਹੋਰ ਦੱਸ ਦਿਆਂ ਤੈਨੂੰ ਕੁਝ ਗੱਲਾਂ ਮਾਣਕ ਦੀਆਂ...ਲੁਧਿਆਣੇ ਕੋਛੜ ਮਾਰਕੀਟ  'ਚ ਰਹਿੰਦੇ ਵੇਲੇ ਦੀ ਗੱਲ ਦਸਦਾਂ...ਰੋਜ਼ ਆਥਣੇ ਗੁਰਚਰਨ ਪੋਹਲੀ, ਸੀਤਲ ਸਿੰਘ ਸੀਤਲ ਤੇ ਸੰਤ ਰਾਮ ਖੀਵਾ ਤੇ ਹੋਰ ਵੀ ਕਈ ਜਣੇ ਆ ਜਾਣੇ...ਸੰਤਰਾ ਮਾਰਕਾ ਦਾਰੂ ਮੰਗਵਾ ਲੈਣੀ...ਖੀਵੇ ਨੇ ਜਾਂ ਪੋਹਲੀ ਨੇ ਕਹਿ ਦੇਣਾ ਕਿ ਮਾਣਕਾ ਯਾਰ ਬਹੁਤੀ ਨਾ ਪੀਆ ਕਰ...ਤਾਂ ਮਾਣਕ ਨੇ ਝਟ ਅਗਲੇ ਦੇ ਮੂੰਹ 'ਤੇ ਮਾਰਨੀ...ਅਖੇ ਜੇ ਮੈਂ ਨਾ ਪੀਊਂ ਤਾਂ ਥੋਨੂੰ ਮੁਫ਼ਤ ਖੋਰਿਆਂ ਨੂੰ ਕਿੱਥੋਂ ਮਿਲੂ ਪੀਣ ਨੂੰ...? ਰੰਡੀ ਤਾਂ ਰੰਡ ਕੱਟਲੇ...ਪਰ ਥੋਡੇ ਅਰਗੇ ਮੁਸ਼ਟੰਡੇ ਨੀ ਕੱਟਣ ਦਿੰਦੇ...ਮੈਂ ਤਾਂ ਛਡਦੂੰ ਦਾਰੂ...ਥੋਡੇ ਅਰਗੇ ਨੀ ਛੱਡਣ ਦਿੰਦੇ...ਆਹੋ ਏਹ ਗੱਲ 1979 ਦੀ ਆ...ਮਾਣਕ ਮੈਂ ਤੇ ਜਸਬੀਰ ਸੁਪਰਟੈਕ ਵਾਲਾ...ਅਸੀਂ ਬੰਬਈ ਗਏ...ਜਾਂਦੇ ਹੋਏ ਤਾਂ ਅਸੀਂ ਰੇਲੇ ਗਏ ਤੇ ਆਉਣ ਲੱਗਿਆਂ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਲਈਆਂ...ਮਾਣਕ ਤਾਂ ਜਹਾਜ਼ 'ਤੇ ਪਹਿਲਾਂ ਵੀ ਸਫ਼ਰ ਕਰ ਚੁੱਕਾ ਸੀ ਪਰ ਮੈਂ ਨਹੀਂ ਸੀ ਕੀਤਾ...ਜਦੋਂ ਸ਼ਾਂਤਾ ਕਰੂਜ਼ ਹਵਾਈ ਅੱਡੇ ਤੋਂ ਜਹਾਜ਼ੇ ਬੈਠੈ ਤਾਂ ਜਹਾਜ਼ ਉਡਾਨ ਭਰਨ ਸਾਰ ਸਮੁੰਦਰ ਉਤੋਂ ਦੀ ਲੰਘਣ ਲੱਗਿਆ ਤੇ ਮੈਂ ਸੀਸੇ ਵਿਚਦੀ ਹੇਠਾਂ ਵੱਲ ਨੂੰ ਦੇਖ ਕੇ ਡਰ ਗਿਆ...ਚਾਰੇ ਪਾਸੇ ਪਾਣੀ ਹੀ ਪਾਣੀ...ਮੈਂ ਕੁਰਸੀ ਘੁੱਟ ਕੇ ਫੜ੍ਹ ਲਈ...ਮਾਣਕ ਨੂੰ ਕਿਹਾ ਵਈ ਓ ਏਹ ਪੰਗਾ ਕਾਸਨੂੰ ਲੈਣਾ ਸੀ...ਜੇ ਪਾਣੀ ਵਿੱਚ ਡਿਗ ਪਿਆ ਤਾਂ ਮੱਛੀਆਂ ਤੇ ਮਗਰਮੱਛ ਖਾ ਜਾਣਗੇ ਉਏ...ਓਏ ਕੰਜਰਾ ਘਰ ਦਿਆਂ ਨੂੰ ਕੁਛ ਪਤਾ ਨੀ ਲੱਗਣਾ...ਮਾਣਕ ਤਾੜੀ ਮਾਰਕੇ ਹੱਸਿਆ ਤੇ ਕਹਿੰਦਾ ਬੁੜ੍ਹਿਆ ਕਿਧਰੇ ਨੀ ਡਿਗਦਾ...ਮੈਂ ਵੀ ਤੇਰੇ ਨਾਲ ਈ ਆਂ...ਬਾਖਰੂ ਬਾਖਰੂ ਕਰੀ ਚੱਲ ਬੁੜ੍ਹਿਆ...ਨਰਾਜ਼ ਅਸੀਂ ਬੜੀ ਵਾਰੀ ਹੋਏ ਆਂ ਪਰ ਮਾਣਕ ਨੇ ਮੋਹ ਨੀ ਤੋੜਿਆ ਤੇ ਨਾ ਈ ਕਦੇ ਮੇਰੇ ਮੂਹਰੇ ਔਖਾ ਹੋਕੇ ਬੋਲਿਆ...ਇੱਕ ਵਾਰੀ ਦੀ ਗੱਲ ਸੁਣ...ਇੱਕ ਗੀਤਕਾਰ ਮਾਣਕ ਦੇ ਘਰ ਜਾ ਕੇ ਕਹਿੰਦਾ ਕਿ ਦੇਵ ਤੇਰੇ ਬਾਰੇ ਬੜਾ ਮਾੜਾ-ਚੰਗਾ ਬੋਲਦੈ...ਮਾਣਕ ਸੁਣੀ ਗਿਆ ਤੇ ਹੁੰਘਾਰਾ ਕੋਈ ਨਾ ਭਰਿਆ...ਜਦ ਉਹ ਗੀਤਕਾਰ ਬੋਲ ਹਟਿਆ ਤਾਂ ਮਾਣਕ ਕਹਿੰਦਾ...ਗੱਲ ਸੁਣ ਉਏ ਤੂੰ ਬੁੜ੍ਹੇ ਬਾਰੇ ਝੂਠੀਆਂ-ਮੂਠੀਆਂ ਗੱਲਾਂ ਕਰਕੇ ਮੇਰੇ ਤੋਂ ਆਬਦੇ ਗੀਤ ਰਿਕਾਰਡ ਕਰਵਾਉਣੇ ਚਾਹੁੰਨੈ? ਵੱਡਾ ਚੁਗਲਖੋਰ ਨਾ ਹੋਵੇ ਤਾਂ...ਤੂੰ ਤਿੰਨਾਂ 'ਚੋਂ ਨੀ ਤੇਰਾ੍ਹਂ 'ਚ ਨੀ...ਬੂਥਾ ਚੱਕ ਕੇ ਆ ਗਿਆ ਐਂ...ਅਸੀਂ ਲੜੀਏ-ਭਿੜੀਏ...ਤੂੰ ਕੀ ਵਿੱਚੋਂ ਟਿੰਡੀਆਂ ਲੈਣੀਆਂ? ਔਹ ਦਰਵਾਜ਼ਾ ਦੀਂਹਦਾ ਐ? ਉਡਜਾ ਏਥੋਂ...ਕਿਤੇ ਧੱਕੇ ਮਾਰਕੇ ਨਾ ਕੱਢਣਾ ਪਵੇ ਮੈਨੂੰ...ਏਹੋ ਜਿਹਾ ਆ ਮਾਣਕ...।"
ਦੇਵ ਮਾਣਕ ਬਾਰੇ ਇੱਕੋ-ਸਾਹੇ ਕਿੰਨੀਆਂ ਹੀ ਗੱਲਾਂ ਸੁਣਾ ਗਿਆ ਸੀ।         """""""""""""""""
ਇੱਕ ਦਿਨ ਮੈਂ ਪੁੱਛਿਆ ਸੀ-ਬਾਪੂ ਆਬਦੇ ਰਿਕਾਰਡ ਹੋਏ ਕਿੰਨੇ ਕੁ ਗੀਤ ਯਾਦ ਐ...ਜਿਹੜੇ ਵੱਖ-ਵੱਖ ਗਾਇਕਾਂ ਨੇ ਗਾਏ? ਜਦ ਮੈਂ ਇਹ ਸਵਾਲ ਪੁੱਛਿਆ ਤਾਂ ਆਖਣ ਲੱਗਿਆ, ''ਓ ਹੁਣ ਬੁੜ੍ਹੇ ਦਾ ਚੇਤਾ ਮਾੜਾ ਹੋ ਗਿਆ ਯਾਰ...ਪਹਿਲਾਂ ਮੇਰਾ ਚੇਤਾ ਬਹੁਤ  ਕਾਇਮ ਸੀ...ਕਿੰਨਾ-ਕਿੰਨਾ ਚਿਰ ਭੁੱਲਦਾ ਨਹੀਂ ਸਾਂ ਮੈਂ...।"
ਦੇਵ ਦੱਸ ਰਿਹਾ ਸੀ ਤਾਂ ਕੋਲ ਬੈਠੀ ਆਲੂ ਚੀਰਦੀ ਬੇਬੇ ਬੋਲੀ, ''ਚੇਤਾ ਕੀ ਕਰੇ? ਥੋੜ੍ਹੀ ਪੀ ਲਵੇ? ਦਾਰੂ ਤਾਂ ਵੱਡਿਆਂ-ਵੱਡਿਆਂ ਦੀ ਮੱਤ ਮਾਰ ਦਿੰਦੀ ਆ...ਏਹ ਤਾਂ ਸਕੰਜਮੀ ਵਾਂਗੂ ਪੀਂਦੈ ਡੀਕ ਲਾਕੇ...ਭਾਈ ਹੁਣ ਰੋਂਦੈ ਚੇਤੇ ਨੂੰ...।" ਬੇਬੇ ਬਾਪ ਵੱਲ ਕੌੜ ਕੇ ਝਾਕੀ ਤੇ ਆਲੂ ਥਾਲੀ ਵਿੱਚ ਰੱਖ ਕੇ ਗੰਢਾ ਛਿੱਲਣ ਲੱਗੀ।
''ਲੈ... ਹੁਣ ਜਿਹੜਾ ਚੇਤਾ ਕਰਨ ਲੱਗਿਆ ਸਾਂ...ਤੂੰ  ਵਿੱਚ ਆਪਣੀ ਹਾਅ  ਗੱਲ  ਕਰਕੇ ਭੁਲਾਤਾ...ਤੂੰ ਆਬਦੇ ਆਲੂ-ਗੰਢੇ ਛਿੱਲ ਖਾ...ਸਾਡੀਆਂ ਗੱਲਾਂ ਤੋਂ ਕੀ ਲੈਣਾ ਤੈਂ...ਫੇ ਕਹੇਂਗੀ ਜਦ ਹੱਥ 'ਤੇ ਚਾਕੂ ਫਿਰ ਗਿਆ ਤਾਂ...?"
''ਚਲ ਕੋਈ ਨਾ ਬਾਪੂ, ਬੇਬੇ ਦੀਆਂ ਗੱਲਾਂ ਤੋਂ ਬਿਨਾਂ ਤਾਂ ਆਪਣੀ 'ਬਾਤ ਅਧੂਰੀ' ਐ...ਕੋਈ ਨਾ ਸਹਿਜੇ-ਸਹਿਜੇ ਚੇਤਾ ਕਰਕੇ ਦੱਸ ਲੈ ਗੀਤਾਂ ਬਾਰੇ।"
''ਲੈ ਫਿਰ ਸੁਣੀ ਚੱਲ...ਸੁਰਿੰਦਰ ਕੌਰ ਨੇ ਗਾਇਆ ਸੀ-ਦੀਵਿਆਂ ਵੇਲੇ ਦਰ ਅਪਣੇ ਦਾ ਕਿਸ ਕੁੰਡਾ ਖੜਕਾਇਆ, ਨੀਂ ਆਹ ਵੇਖ ਨਣਾਨੇ ਕੌਣ ਪ੍ਰਹੁਣਾ ਆਇਆ...ਨਰਿੰਦਰ ਬੀਬਾ ਨੇ ਜਿਹੜੇ ਗਾਏ...ਉਹ ਦੱਸਦਾਂ-ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ...ਨਾਭੀ ਪੱਗ ਤੇ ਜ਼ਹਿਰ-ਮੂਹਰੀ ਵਰਦੀ ਚੰਨਾ ਵੇ ਤੈਨੂੰ ਬੜੀ ਫੱਬਦੀ...ਭਖੜੇ ਨੇ ਪੈਰ ਗਾਲਤੇ ਜੁੱਤੀ ਲੈ ਦੇ ਵੇ ਮੁਲਾਹਜ਼ੇਦਾਰਾ...ਮਾਣਕ ਤੇ ਸਤਿੰਦਰ ਬੀਬਾ ਨੇ ਗਾਇਆ-ਆਈਆਂ ਵਿਆਹ ਵਿੱਚ ਜੱਟ ਦੇ ਸਤਾਰਾਂ ਸਾਲੀਆਂ ਪਿੱਪਲੀ ਦੇ ਪੱਤੇ ਵੀ ਵਜੌਣ ਤਾਲੀਆਂ...ਚਾਂਦੀ ਰਾਮ ਤੇ ਸ਼ਾਂਤੀ ਦੇਵੀ ਨੇ ਗਾਏ-ਚਿੱਤ ਕਰੂ ਮੁਕਲਾਵੇ ਜਾਵਾਂਗੇ...ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਉਏ ਤੇਰੀ ਗੋਦ ਵਿੱਚ ਬੈਠੀ ਸੱਚੀ ਸਰਕਾਰ ਉਏ...ਕਰਮਜੀਤ ਧੂਰੀ ਨੇ ਗਾਇਆ...ਇਹ ਗੀਤ ਆਮ ਹੀ ਗੁਰਦਵਾਰਿਆਂ ਵਿੱਚ ਸਵੇਰੇ-ਸਵੇਰੇ ਵੱਜਦਾ ਸੁਣਦਾ-ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ 'ਚ ਗੁਜ਼ਾਰੇਂ ਬੰਦਿਆ...ਸੁਰਿੰਦਰ ਕੌਰ ਤੇ ਰੰਗੀਲਾ ਜੱਟ ਨੇ-ਮੱਛਰਦਾਨੀ ਲੈ ਦੇ ਵੇ ਮੱਛਰ ਨੇ ਖਾ ਲਈ ਤੋੜਕੇ...ਸਦੀਕ ਤੇ ਬੀਬਾ ਨੇ ਗਾਇਆ-ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪਘੂੰੜਾ..ਮਲਕੀਤ ਸਿੰਘ ਨੇ ૶ਝਾਂਜਰ ਬੋਲ ਪਈ...ਪਾਲੀ ਦੇਤਵਾਲੀਆ ਨੇ-ਧੀਆਂ ਦੇਣ ਦੁਹਾਈ...ਕਰਨੈਲ ਗਿੱਲ ਨੇ-ਗੱਡੀ ਚੜ੍ਹਦੀ ਭੰਨਾ ਲਏ ਗੋਡੇ...ਮਾਣਕ ਦੇ ਗਾਏ ਗੀਤ ਕੁਝ ਯਾਦ ਨੇ...ਜਿਵੇਂ-ਯਾਰਾਂ ਦਾ ਟਰੱਕ ਬੱਲੀਏ...ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ...ਵਹਿੰਗੀ ਚੱਕ ਲੈ ਸਰਵਣਾ ਵੇ...ਤੇਰੇ ਟਿੱਲੇ ਉਤੋਂ ਸੂਰਤ ਦੀਂਹਦੀ ਹੀਰ ਦੀ...ਸਾਹਿਬਾਂ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਵਾਤਾ...ਹੱਥ ਫੜ੍ਹਕੇ ਤੇਸੇ ਨੂੰ ਆਸ਼ਕ ਜਾਵੇ ਪਰਬਤ ਚੀਰੀ...ਤੇਰੀ ਖਾਤਰ ਹੀਰੇ ਛਡਕੇ ਤਖ਼ਤ ਹਜ਼ਾਰੇ ਨੂੰ...ਤੇਰਾ ਕਿਹੜਾ ਮੁੱਲ ਲਗਦਾ...ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ...ਛੇਤੀ ਕਰ ਸਰਵਣ ਬੱਚਾ ਪਾਣੀ ਤੇ ਪਿਲਾਦੇ ਉਏ...ਕਹੇ ਰਸਾਲੂ ਰਾਣੀਏਂ ਘੁੰਡ ਮੂੰਹ ਤੋਂ ਲਾਹਦੇ...ਦੁੱਲਿਆ ਵੇ ਟੋਕਰਾ ਚਕਾਈਂ ਆਣਕੇ...ਆਖੇ ਅਕਬਰ ਬਾਦਸ਼ਾਹ ਸੱਦ ਯੈਮਲ ਨੂੰ ਸਰਦਾਰ... ਪਿੰਡ ਸਿਆਲਾਂ ਦੇ ਧੀ ਜੰਮੀ ਚੂਚਕ ਚੌਧਰੀ ਨੂੰ...ਧੋਖਾ ਕੀਤਾ ਨੀ ਤੂੰ ਸਿਆਲਾਂ ਦੀਏ ਛੋਕਰੀਏ...ਛੰਨਾ ਚੂਰੀ ਦਾ ਵਿੱਚ ਬੇਲੇ ਚਾਕ ਰਲੇਟੇ ਨੂੰ...ਇੱਕ ਦਿਨ ਕੈਦੋਂ ਸੱਥ ਵਿੱਚ ਬੈਠਾ ਮੂਹਰੇ ਚੂਚਕ ਦੇ...ਇੱਕ ਦਿਨ ਮਿਲਕੇ ਚਾਕ ਨੂੰ ਹੀਰ ਆਈ ਜਦ ਬੇਲੇ 'ਚੋਂ...ਚੜ੍ਹੀ ਜਵਾਨੀ ਤੇ ਚੰਨ ਸੂਰਜ ਗੁੱਝੇ ਰਹਿੰਦੇ ਨਾ...ਚੱਕ ਕੇ ਝੰਮਣ ਹੀਰ ਡੋਲੀ ਬਹਿਗੀ ਖੇੜਿਆਂ ਦੀ...ਸਹਿਤੀ ਹੀਰ ਨੇ ਤਿਆਰੀ ਕਰਲੀ ਬਾਗ ਦੀ...ਵਾਰ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਮਸ਼ਹੂਰ ਹੋਈ ਸੀ...ਚੰਨਾ ਮੈਂ ਤੇਰੀ ਖ਼ੈਰ ਮੰਗਦੀ...ਰੰਨਾਂ ਚੰਚਲ ਹਾਰੀਆਂ ਕੀ ਇਹਨਾਂ ਦਾ ਇਤਬਾਰ...ਹੇਠ ਜੱਟ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਿਰਹਾਣਾ ਲਾਕੇ...ਮਾਣ ਕਰੀਂ ਨਾ ਜੱਟੀਏ...ਯਾਰ ਮੇਰਾ ਛਡ ਗਿਆ...ਘਰੇ ਮੇਰੇ ਜੇਠ ਦੀ ਪੁੱਗੇ...ਏਹ ਮਾਣਕ ਦੇ ਗਾਏ ਸੀ ਤੇ ਸੁਰਿੰਦਰ ਛਿੰਦਾ ਨੇ-ਜਿਊਣਾ ਮੌੜ...ਇਹਦੀ ਰਾਇਲਟੀ ਉਦੋਂ ਦੇ ਹਿਸਾਬ ਨਾਲ ਸਭ ਤੋਂ ਵੱਧ ਵੀਹ ਹਜ਼ਾਰ ਰੁਪੱਈਆ ਮਿਲੀ ਸੀ। ਸੁਰਜੀਤ ਬਿੰਦਰਖੀਆ ਨੇ ਗਾਇਆ-ਦੁੱਧ-ਪੁੱਤ ਤੇ ਰਿਜ਼ਕ ਘਰ ਤੇਰੇ...ਗੁਰਚਰਨ ਪੋਹਲੀ ਤੇ ਪ੍ਰਮਿਲਾ ਪੰਮੀ ਨੇ-ਭਜਨ ਕਰੇ ਕਰਤਾਰਾ...ਸਵਰਨ ਲਤਾ ਨੇ ਗਾਇਆ-ਮਿਰਚਾਂ ਵਾਰ ਸੱਸੇ...ਏਨੇ ਕੁ ਬਹੁਤ ਨੇ...ਹੋਰ ਤੂੰ ਆਪੇ ਲੱਭ ਲੈ ਯਾਰ...।"
''ਤੁਹਾਡਾ ਇੱਕ ਗੀਤ ਸਦੀਕ ਤੇ ਬੀਬਾ ਨੇ ਗਾਇਆ ਸੀ-'ਲੌਂਗ ਨੀ ਬਿਸ਼ਨੀਏ ਮੇਰਾ ਨਰਮੇਂ 'ਚੋਂ ਲਿਆਈਂ ਲੱਭ ਕੇ'....ਇੱਕ ਗੀਤ ਸੀ 'ਘਰੇ ਚੱਲ ਕੱਢੂੰ ਰੜਕਾਂ...ਇਹ ਕੀ ਹੋਏ ਭਲਾ ਗੀਤ? ਕਿਉਂ ਬੇਬੇ, ਬਾਪੂ ਨੂੰ ਇਹ ਲਿਖਣ ਦੀ ਕੀ ਲੋੜ ਪੈ ਗਈ ਸੀ?" ਕੋਲ ਬੈਠੀ  ਬੇਬੇ ਨੂੰ ਮੈਂ ਕਿਹਾ।
ਬਾਪੂ ਮੁਸਕ੍ਰਾਉਣ ਲੱਗਿਆ। ਬੇਬੇ ਉਹਦੇ ਵੱਲ ਕੁਨੱਖਾ ਜਿਹਾ ਝਾਕੀ ਤੇ ਬੋਲੀ, ''ਬੇ ਭਾਈ ਥੋਡੀਆਂ ਤੁਸੀਓਂ ਜਾਣੋ...ਮੈਨੂੰ ਕੀ ਪਤੈ...ਕੀ ਲਿਖੀ ਜਾਨੇ ਓਂ...ਇਹਦਾ ਕੰਮ ਏਸੇ ਨੂੰ ਈ ਪਤੈ।"
''ਓ ਯਾਰ ਲਿਖ ਹੋ ਗਿਆ...ਬਥੇਰਿਆਂ ਨੇ ਲਿਖੇ ਨੇ...ਮੈਂ ਤਾਂ ਏਨੇ ਨ੍ਹੀ ਲਿਖੇ...ਲੋਕਾਂ ਨੇ ਪੂਰਾ ਗੰਦ ਪਾਇਆ...ਛਡ ਯਾਰ...ਮਾਨ ਨੇ ਵੀ ਲਿਖਿਆ ਸੀ ਤੇ ਮਾਣਕ ਨੇ ਗਾਇਆ ਸੀ-ਜੀਜਾ ਅੱਖੀਆ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ...ਇੱਕ ਮੇਰੀ ਬਚਪਨ ਦੀਆਂ ਗੱਲਾਂ ਲਿਖ ਲੈ...ਬਈ ਲੋਕਾਂ ਨੇ ਮੇਰੇ ਬਾਪੂ ਨੂੰ ਆਖ-ਵੇਖ ਕੇ ਮੈਨੂੰ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਉਦੋਂ ਨਹਿਰ ਪੱਟੀ ਹੀ ਸੀ ਤੇ ਮੈਂ ਨਹਿਰ ਵਿਚਦੀ ਤੁਰਕੇ ਜਾਂਦਾ ਹੁੰਦਾ ਸੀ...ਮੈਂ ਨੌਵੀਂ 'ਚ ਸੀ, ਕਰਨੈਲ ਸਿੰਘ ਰਾਮੂਵਾਲੀਏ ਪਾਰਸ ਦੇ ਤਵੇ ਗੂੰਜਦੇ ਹੁੰਦੇ, ਸਾਡੇ ਪਿੰਡ ਮੋਗੇ ਵੱਲੋਂ ਬਰਾਤ ਆਈ, ਮੈਂ ਸਕੂਲੇ ਸੀ, ਭਿਣਕ ਪਈ ਕਿ ਪਾਰਸ ਦਾ ਜੱਥਾ ਆਉਣੈ, ਸਕੂਲੋਂ ਸਿੱਧਾ ਸਮੇਤ ਬਸਤੇ ਮੈਂ ਗਾਉਣ ਵਾਲੀ ਥਾਵੇਂ ਪਹੁੰਚ ਗਿਆ ਪਿੰਡੋਂ ਬਾਹਰ...ਜੁਆਕਾਂ 'ਚ ਸਭ ਤੋਂ ਮੂਹਰੇ ਜਾ ਬੈਠਿਆ, ਪਾਰਸ ਨੇ ਰਣਜੀਤ ਸਿਮਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਨਾਲ 'ਦਾਊਦ ਬਾਦਸ਼ਾਹ' ਦਾ ਕਿੱਸਾ ਸੁਣਾਇਆ, ਕਮਾਲਾਂ ਹੋਗੀਆਂ, ਅੱਜ ਵੀ ਚੇਤੇ ਨੇ ਬੋਲ, ਬੇਗਮ ਮਾਂ ਨੂੰ ਕਹਿੰਦੀ ਐ-'ਜਾਣਾ ਮੈਂ ਸੈਰ ਕਰਨ ਨੂੰ ਨਾਲ ਸਹੇਲੀਆਂ, ਮਾਤਾ ਨੀਂ ਜਾਂਦੀ ਵਾਰੀ' ਤੇ ਮਾਂ ਅੱਗੋਂ ਕਹਿੰਦੀ ਹੈ.'ਦੇਹੁਲੀ ਤੋਂ ਬਾਹਰ ਜਾਣ ਬਾ ਵਿਹੁਲੀਆਂ ਕੁੜੀਆਂ ਨੀਂ, ਸ਼ਾਦੀ ਨਾ ਰੋਜ਼ ਰਕਾਨੇ।' ਖੈਰ...ਪਾਰਸ ਦਾ ਅਸਰ ਬੜਾ ਪਿਆ ਮੇਰੇ 'ਤੇ। ਹਾਂ ਸੱਚ...ਏਸੇ ਸਕੂਲ ਵਿੱਚ ਸਾਹਿਰ ਲੁਧਿਆਣਵੀ ਤੇ ਕਰਤਾਰ ਸਿੰਘ ਸਰਾਭਾ ਵੀ ਪੜ੍ਹੇ ਸਨ ਤੇ ਹੋਰ ਬਹੁਤ ਵੱਡੀਆਂ ਹਸਤੀਆਂ ਵੀ ਏਥੇ ਹੀ ਪੜ੍ਹੀਆਂ ਸਨ...ਖ਼ੈਰ...ਕਹਿਰਾਂ ਦੀ ਗਰਮੀਂ 'ਚ ਤੁਰਕੇ ਜਾਂਦਾ ਸਾਂ...ਪੈਰ ਸੜ ਜਾਂਦੇ ਸਨ...ਇੱਕ ਦਿਨ ਬਾਪੂ ਨੂੰ ਮੇਰੀ ਹਾਲਤ 'ਤੇ ਤਰਸ ਆ ਗਿਆ...ਬਾਪੂ ਨੇ ਮੈਨੂੰ ਦਸਾਂ ਰੁਪੱਈਆਂ ਦਾ ਇੱਕ ਪੁਰਾਣਾ ਜਿਹਾ ਸਾਇਕਲ ਲੈ ਦਿੱਤਾ...ਉਹ ਵੀ ਬਿਗੜਿਆ ਰਹਿੰਦਾ...ਕਦੇ ਸਾਇਕਲ ਮੈਨੂੰ ਧੂੰਹਦਾ ਤੇ ਕਦੇ ਮੈਂ ਸਾਈਕਲ ਨੂੰ ਧੂੰਹਦਾ...ਇਹ ਤਾਂ ਬਚਪਨ ਦੇ ਹਾਲਾਤਾਂ ਦੀ ਗੱਲ ਅਜੇ ਨਹੀਂ ਭੁੱਲਦੀ...ਸਾਈਕਲ 'ਤੇ ਵੀ ਮੈਂ ਸਫ਼ਰ ਕਰ ਲਿਆ...ਸਕੂਟਰ 'ਤੇ ਵੀ...ਕਾਰ ਉਤੇ ਵੀ...ਬੱਸ ਉਤੇ ਵੀ...ਰੇਲ ਉਤੇ ਵੀ...ਜਹਾਜ਼ ਉਤੇ ਵੀ...ਹੁਣ ਇੱਛਾ ਸਮੁੰਦਰੀ ਜਹਾਜ਼ ਉੱਤੇ ਸਫ਼ਰ ਕਰਨ ਦੀ ਆ...।"
ਦੇਵ ਥਰੀਕੇ ਬਾਰੇ ਮੇਰੇ ਕੋਲ ਇਕ ਭਾਰੀ ਭਰਕਮ ਕਿਤਾਬ ਲਿਖਣ ਜਿੰਨੀ ਸਮੱਗਰੀ ਹੈ, ਜਿੰਨੀਆਂ ਗੱਲਾਂ ਕਰਾਂ, ਅਮੁੱਕ ਹਨ, ਕਦੇ ਫਿਰ ਸਹੀ!

94174-21700