ਹਾੜ੍ਹੀ ਦੀ ਰਾਣੀ - ਕਣਕ - ਸੁਖਪਾਲ ਸਿੰਘ ਗਿੱਲ

ਪੰਜਾਬੀਆਂ ਦੀ ਜਿੰਦਜਾਨ ਕਣਕ ਹਰਿਆਵਲ ਤੋਂ ਸੁਨਹਿਰੀ ਹੋ ਕੇ  ਜੇਬ ਹਰੀ ਕਰਨ ਵੱਲ ਜਾ ਰਹੀ ਹੈ ।  ਸਾਡੇ ਮਾਣ ਮੱਤੇ ਵਿਰਸੇ  ਨਾਲ  ਜੁੜੀ ਕਣਕ  ਆਰਥਿਕ ਅਤੇ ਸੱਭਿਆਚਾਰਕ ਪੱਖੋਂ ਸਾਡਾ ਜੀਵਨ ਸ਼ਿੰਗਾਰਦੀ ਹੈ । ਇਸੇ ਲਈ ਹਰੀ ਕ੍ਰਾਂਤੀ ਦੀ ਖੋਜ਼ ਹੋਈ ਸੀ । 1960 ਤੋਂ ਪਹਿਲਾਂ ਕੁਦਰਤ ਦੀ ਮਿਹਰਬਾਨੀ ਤੇ ਕਣਕ ਦੀ ਆਮਦ ਟਿਕੀ ਹੋਈ ਸੀ । ਮਾਰੂ ਕਣਕ  ਮਸਾਂ ਹੀ ਛੇ ਮਹੀਨੇ ਦੇ  ਗੁਜ਼ਾਰੇ ਜੋਗੀ  ਘਰ  ਪਹੁੰਚਦੀ ਸੀ  । ਪਹਿਲੇ ਕਣਕ ਭੜੋਲਿਆਂ ਵਿੱਚ  ਫੇਰ ਵੱਡੇ ਡਰੰਮਾਂ ਵਿੱਚ ਹੁਣ ਬੱਦਲਾਂ  ਹੇਠ ਹੀ ਅੰਬਾਰ  ਲੱਗੇ ਰਹਿੰਦੇ ਹਨ ।  ਇਸ ਕ੍ਰਾਂਤੀ ਨੇ ਅਤੀਤ ਨੂੰ  ਭਵਿੱਖ ਨਾਲ ਜੋੜ ਕੇ ਹਾੜ੍ਹੀ ਦੀ    ਰਾਣੀ ਬਣਾ ਕੇ ਕਣਕ ਨੂੰ ਪੇਸ਼ ਕੀਤਾ ਹੈ ।  ਹਕੀਕਤ ਵੀ ਇਹੋ ਹੈ ।
                               ਸਮਾਜਿਕ ਅਤੇ ਸੱਭਿਆਚਾਰਕ ਵੰਨਗੀ ਦੀ ਕਹਾਵਤ " ਕੁੜੀ ਪੇਟ ਵਿੱਚ  ਕਣਕ ਖੇਤ ਵਿੱਚ ਆ ਜਵਾਈਆ ਮੰਡੇ ਖਾ " ਬਹੁਤ ਕੁਝ ਸਾਂਭੀ ਬੈਠੀ ਹੈ ।  ਸਰਕਾਰ ਨੇ ਕਣਕ ਦੀਆਂ ਉੱਨਤ ਕਿਸਮਾਂ ਦੀ ਖੋਜ ਕਰਕੇ ਕਿਸਾਨ ਨੂੰ ਦਿੱਤੀ ।  ਆਰਥਿਕਤਾ ਦਾ ਧੁਰਾ  ਕਹਾਉਂਦੀ ਕਣਕ ਨੇ  ਕੇਂਦਰੀ ਪੂਲ ਵਿੱਚ ਵੱਧ ਯੋਗਦਾਨ ਪਾਉਣ ਕਰਕੇ ਪੰਜਾਬ ਅਤੇ ਕਿਸਾਨ ਦਾ ਨਾਮ ਰੋਸ਼ਨ ਕੀਤਾ ਹੈ । ਹੁਣ ਤਾਂ ਕਣਕ ਦੇ  ਢੇਰਾਂ ਨੂੰ ਸਾਂਭਣਾ ਵੀ ਮੁਸ਼ਕਲ ਹੋ ਜਾਂਦਾ ਹੈ । ਇਸ ਪ੍ਰਤੀ ਵੱਖ - ਵੱਖ ਸਿਆਸੀ ਖੇਡਾਂ ਵੀ ਹੁੰਦੀਆਂ ਹਨ । ਕਣਕ ਨਾਲ ਤਰ੍ਹਾਂ - ਤਰ੍ਹਾਂ ਦੀਆਂ  ਸੱਭਿਆਚਾਰਕ ਸਮਾਜਿਕ ਅਤੇ ਸਾਹਿਤਿਕ ਵੰਨਗੀਆਂ  ਵੀ  ਇਸ ਗੱਲ ਦੀ ਗਵਾਹ ਹਨ , ਕਿ ਕਣਕ ਦਾ ਪੰਜਾਬੀਆਂ ਨਾਲ ਗੂੜ੍ਹਾ ਰਿਸ਼ਤਾ ਹੈ । 
                                    ਪਹਿਲੇ ਸਮੇਂ ਦੀ ਕਹਾਵਤ ਹੈ ਕਿ " ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ " ਭਾਵ ਇਹ ਕਿ ਜਦੋਂ ਕੋਠੀ ਭੜੋਲੇ ਵਿੱਚ ਕਣਕ ਆ ਜਾਂਦੀ ਸੀ , ਉਦੋਂ ਤਰ੍ਹਾਂ ਤਰ੍ਹਾਂ ਦੇ ਸਮਾਜਿਕ ਫੁਰਨੇ ਫੁਰਦੇ ਸਨ । ਨਵੇਂ ਕਪੜੇ ਸਿਲਾਉਣੇ ਵਿਆਹ ਕਰਨੇ ਅਤੇ ਹੋਰ ਸੁਪਨੇ ਵੀ  ਕਣਕ ਦੀ ਆਮਦ ਤੇ ਨਿਰਭਰ ਸੀ । 
                 40 ਕਿੱਲੋ ਬੀਜ ਤੋਂ 30 ਕੁਇੰਟਲ ਬਣਾ ਕੇ ਅੰਬਾਰ ਲਗਾਉਣਾ  ਕਿਸਾਨ ਦਾ ਮਿਹਨਤੀ  ਸੁਭਾਅ ਅਤੇ ਲਗਨ ਦਰਸਾਉਂਦਾ ਹੈ ।ਇਸੇ ਕਰਕੇ ਅੰਨਦਾਤਾ  ਵੀ ਕਹਾਉਂਦਾ ਹੈ । ਪਹਿਲਾਂ ਕਣਕਾਂ  ਬਲਦਾਂ ਨਾਲ  ਗਾਹੀਆਂ  ਜਾਂਦੀਆ ਸਨ , ਫਿਰ ਥਰੈਸ਼ਰ ਹੁਣ ਟਰੈਕਟਰ ਅਤੇ ਕੰਬਾਈਨਾਂ ਝੱਟ - ਪੱਟ ਕਣਕ ਕੱਢ ਦਿੰਦੀਆਂ ਹਨ ।  ਕਣਕ ਦਾ ਹਾੜ੍ਹੀ ਨਾਲ ਜਿਸਮ - ਰੂਹ ਦਾ ਰਿਸ਼ਤਾ ਹੈ । ਦੋਵੇਂ ਇੱਕ ਦੂਜੇ ਤੋਂ ਬਿਨ੍ਹਾਂ   ਅਧੂਰੇ ਲੱਗਦੇ ਹਨ । ਅੱਜ ਸਿਹਤ ਦੇ ਪੱਖ ਤੋਂ ਕਣਕ ਅਲਰਜੀ ਵੀ ਕਰ  ਰਹੀ ਹੈ ।  ਜੋ ਕੇ ਕੁਦਰਤ ਦੀ  ਕਰੋਪੀ ਦੀ  ਮਿਸਾਲ ਹੈ । ਕਣਕ ਦਾ ਜੂਸ ਵੱਖ - ਵੱਖ ਬਿਮਾਰੀਆਂ ਲਈ ਵੀ ਵਰਤਿਆ ਜਾਂਦਾ  ਹੈ ।
                                      ਲਾਲਾ ਧਨੀ ਰਾਮ ਚਾਤਰਿਕ ਦੀ ਅਮਰ ਲਿਖਤ " ਤੂੜੀ  ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾ ਦਾ ਹਿਸਾਬ ਕੱਟ ਕੇ "ਅੱਜ ਵੀ ਕਣਕ ਦੇ ਸੱਭਿਆਚਾਰਕ , ਆਰਥਿਕ ਅਤੇ ਸਾਹਿਤਿਕ ਰੁਤਬੇ ਨੂੰ ਹੁਲਾਰਾ ਦਿੰਦੀ ਹੈ । ਬਜ਼ੁਰਗਾਂ ਦੀ ਲਿਖਤਾਂ " ਕਣਕ ਕਮਾਦੀ ਸੰਘਣੀ ਡੱਡੂ ਟੱਪ ਜਵਾਰ , ਮੈਂਸੀ ਜਾਈਆਂ ਕੱਟੀਆਂ ਤਾਂ ਸੋਨੇ ਦੇ ਘਰਬਾਰ "  ਕਣਕ ਬਾਰੇ ਵੱਖ - ਵੱਖ ਸੁਮੇਲਾ ਦੀ ਮਿਸਾਲ ਰੱਖਦੀ ਹੈ । ਮਾਣ ਮੱਤੇ ਗਾਇਕਾਂ ਨੇ " ਏਧਰ ਕਣਕਾਂ ਓਧਰ ਕਣਕਾਂ " ਵੀ ਗਾ ਕੇ ਕਣਕ ਦਾ ਸੱਭਿਆਚਾਰਕ ਰੂਪਾਂਤਰ ਪੇਸ਼  ਕੀਤਾ ਹੈ ।
                                ਹਾੜ੍ਹੀ ਦੀ ਰਾਣੀ ਕਣਕ  ਜੀਵਨ ਦੇ ਸਾਰੇ ਪੱਖਾਂ ਨੂੰ ਖੁਸ਼ਹਾਲ ਬਣਾ ਕੇ ਹਰੇ ਤੋਂ ਸੁਨਹਿਰੀ ਬਣਾਉਂਦੀ ਹੈ । ਪੰਜਾਬੀਆਂ ਲਈ ਭਾਵੇਂ ਤਰ੍ਹਾਂ - ਤਰ੍ਹਾਂ ਦੇ ਪਕਵਾਨ ਹੋਣ ਪਰ ਕਣਕ ਦੀ ਰੋਟੀ  ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ । 20 ਕੁ ਦਿਨਾਂ ਦੀ ਮਿਹਨਤ  ਰੂਪੀ ਹਫੜਾ ਦਫੜੀ ਛੇ ਮਹੀਨੇ ਦਾ ਗੁਜ਼ਾਰਾ ਸਾਂਭ ਲੈਂਦੀ ਹੈ । ਬਦਲੇ ਜ਼ਮਾਨੇ ਨੇ ਕਣਕ ਨੂੰ ਆਪਣੀ ਰੰਗਤ ਵੀ ਦਿੱਤੀ ਹੈ । ਅਨੇਕਾਂ ਕਾਜ ਸਵਾਰਨ ਲਈ ਕਣਕ ਦਾ ਵੱਡਾ ਯੋਗਦਾਨ ਹੈ । ਹਾੜ੍ਹੀ ਅਤੇ  ਪੰਜਾਬੀਆਂ ਦੀ ਰੂਹ ਨਾਲ ਕਣਕ ਦਾ ਸੁਮੇਲ ਸਦੀਵੀ ਰਹੇਗਾ ।ਹਾੜ੍ਹੀ ਨਾਲ ਕਣਕ ਦੀ ਪਹਿਚਾਣ ਬਾਕੀ ਫਸਲਾਂ ਨਾਲੋਂ ਅਲੱਗ  ਚਮਕਦੀ ਰਹੇਗੀ । 

ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ