ਸੰਗਤ ਦੀ ਰੰਗਤ - ਅਵਤਾਰ ਸਿੰਘ ਸੌਜਾ

ਤਾਰਾ ਸਿਉਂ ਰੋਜਾਨਾ ਆਪਣੇ ਖੱਚਰ ਰੇਹੜੇ ਤੇ ਸ਼ਹਿਰ ਜਾਂਦਾ ਸੀ ਅਤੇ ਪਿੰਡ ਦੇ ਲੋਕਾਂ ਦਾ ਛੋਟਾ ਮੋਟਾ ਰਸਦ ਸਾਮਾਨ ਲੱਦ ਲਿਆਉਂਦਾ ਸੀ। ਬਦਲੇ ਵਿੱਚ ਮਿਲੀ ਮਿਹਨਤ ਮਜੂਰੀ ਨਾਲ ਉਹ ਆਪਣੇ ਘਰ ਦਾ ਗੁਜਾਰਾ ਚਲਾਉਂਦਾ ਸੀ। ਉਸਦੀਆਂ ਦੋਵੇਂ ਧੀਆਂ ਵਿਆਹੀਆਂ ਗਈਆਂ ਸਨ ਅਤੇ ਪੁੱਤਰ ਸ਼ਹਿਰ ਕਿਸੇ ਕਾਰਖਾਨੇ ਵਿੱਚ ਮਜਦੂਰੀ ਦਾ ਕੰਮ ਕਰਦਾ ਸੀ।ਘਰ ਦਾ ਗੁਜਾਰਾ ਵਧੀਆ ਚੱਲੀ ਜਾ ਰਿਹਾ ਸੀ। ਉਂਝ ਸੁਭਾੳੇ ਦਾ ਬਹੁਤ ਵਧੀਆ ਇਨਸਾਨ ਸੀ ਤਾਰਾ ਪਰ ਇੱਕ ਐਬ ਸੀ ਉਸ ਵਿੱਚ।ਉਹ ਸ਼ਾਮ ਨੂੰ ਕੰਮ ਕਾਰ ਨਿਬੇੜ ਕੇ ਸੌਣ ਤੋਂ ਪਹਿਲਾਂ ਪਿੰਡ ਤੋਂ ਬਾਹਰ ਠੇਕੇ ਤੇ ਜਾਂਦਾ ,ਆਪਣਾ ਰੇਹੜਾ ਸੜਕ ਤੇ ਖੜਾ ਉੱਥੇ ਇੱਕ ਦੋ ਮਿੰਟ ਆਪਣੇ ਯਾਰ ਬੇਲੀਆਂ ਨਾਲ ਗੱਲਾਂ ਮਾਰਦਾ,ਉਹਨਾਂ ਦੀ ਸੰਗਤ ਕਾਰਣ ਹੀ ਉਸਨੂੰ ਵੀ ਪੀਣ ਦੀ ਆਦਤ ਪੈ ਗਈ ਅਤੇ ਉਹ ਉੱਥੋਂ ਦਾਰੂ ਦਾ ਪਊਆ ਖਰੀਦਦਾ ਅਤੇ ਘਰ ਆ ਕੇ ਪੀ ਕੇ ,ਰੋਟੀ ਖਾ ਸੋਂ ਜਾਂਦਾ ।ਕਿਸੇ ਨਾਲ ਨਾ ਲੜਾਈ ਨਾ ਝਗੜਾ, ਨਾ ਬੋਲ ਕਬੋਲ। ਇਸੇ ਕਰਕੇ ਘਰਦਿਆਂ ਨੂੰ ਵੀ ਉਸ ਦਾ ਪੀਣਾ ਚੁਭਦਾ ਨਹੀਂ ਸੀ ਕਿ ਉਹ ਪੀ ਕੇ ਕਿਸੇ ਨੂੰ ਤੰਗ ਨਹੀਂ ਸੀ ਕਰਦਾ ਪਰ ਸਾਰੇ ਉਸਨੂੰ ਟੋਕਦੇ ਜਰੂਰ ਰਹਿੰਦੇ ਸੀ ਕਿ ਉਹ ਪੀਣੀ ਛੱਡ ਦੇਵੇ।ਉਹ ਵੀ ਅੱਗਿਓ ਹੱਸ ਕੇ ਕਹਿ ਦਿੰਦਾ ਚੰਗਾ ਬਾਈ ਅੱਜ ਅੱਜ ਏ, ਕੱਲ੍ਹ ਤੋਂ ਨੀ ਪੀਣੀ ਪਰ ਕੱਲ੍ਹ ਆਉਣ ਤੇ ਆਪਣੀ ਕਹੀ ਗੱਲ ਫਿਰ ਭੁੱਲ ਜਾਂਦਾ।
     ਹੌਲੀ ਹੌਲੀ ਰੋਜ ਘਰਦਿਆਂ ਦੀ ਰੋਕ ਟੋਕ ਕਾਰਣ ਉਸਦਾ ਵੀ ਮਨ ਮੰਨ ਗਿਆ ਕਿ ਹੁਣ ਉਸਨੂੰ ਦਾਰੂ ਛੱਡਣ ਵਿੱਚ ਹੀ ਭਲਾਈ ਹੈ ਕਿਉਂਕਿ ਦਿਨੋਂ ਦਿਨ ਉਸਦਾ ਸਰੀਰ ਕਮਜੋਰਾ ਪੈ ਰਿਹਾ ਸੀ। ਲੱਤਾਂ ਵੀ ਕੰਬਣ ਲੱਗ ਪਈਆਂ ਸੀ। ਸੋ ਮਨ ਨੂੰ ਮਾਰਦਾ ਹੋਇਆ ਉਸਨੇ ਹੌਲੀ ਹੌਲੀ ਪੀਣੀ ਘਟਾ ਦਿੱਤੀ ਤੇ ਫਿਰ ਬਿਲਕੁੱਲ ਛੱਡ ਦਿੱਤੀ।ਤਾਰਾ ਤਾਂ ਸੋਫੀ ਬਣ ਗਿਆ ਪਰ ਹੁਣ ਨਵੀਂ ਮੁਸਕਿਲ ਆ ਖੜ੍ਹੀ ਹੋਈ।ਹੋਇਆ ਇਹ ਕਿ ਹੁਣ ਦਾਰੂ ਛੱਡਣ ਤੋਂ ਬਾਅਦ ਜਦੋਂ ਕੁੱਝ ਦਿਨਾਂ ਬਾਅਦ ਉਹ ਆਪਣਾ ਖੱਚਰ ਰੇਹੜਾ ਲੈ ਕੇ ਠੇਕੇ ਅੱਗਿਓਂ ਲੰਘਿਆ ਤਾਂ ਖੱਚਰ ਨੇ ਰੇਹੜਾ ਠੇਕੇ ਅੱਗੇ ਰੋਕ ਲਿਆ। ਤਾਰਾ ਬਥੇਰੀਆਂ ਆਵਾਜਾਂ ਲਗਾਵੇ,ਪੁਚਕਾਰੇ ਅੱਗੇ ਜਾਣ ਲਈ ਪਰ ਖੱਚਰ ਟਸ ਤੋਂ ਮਸ ਨਾ ਹੋਵੇ।ਜਿਵੇਂ ਉਸਨੂੰ ਕੁਝ ਯਾਦ ਕਰਾ ਰਿਹਾ ਹੋਵੇ ਕਿ ਤਾਰਿਆ ਤੂੰ ਕੁੱਝ ਭੁਲ ਰਿਹਾ। ਆਖਿਰ ਨੂੰ ਤਾਰੇ ਨੇ ਅੱਗੇ ਹੋ ਉਸਦੀ ਲਗਾਮ ਫੜ ਕੇ ਤੋਰਿਆ ਅਤੇ ਘਰ ਤੱਕ ਲੈ ਕੇ ਆਇਆ।ਉਸਨੇ ਘਰ ਆ ਕੇ ਇਹ ਗੱਲ ਜਦੋਂ ਘਰਦਿਆਂ ਨੂੰ ਦੱਸੀ ਤਾਂ ਪਹਿਲਾਂ ਤਾਂ ਸਾਰੇ ਹੱਸਣ ਲੱਗੇ ਫਿਰ ਉਸਦੀ ਘਰ ਵਾਲੀ ਬੋਲੀ,'' ਦੇਖੋ ਜੀ ! ਸਿਆਣੇ ਕਹਿੰਦੇ ਨੇ ਜਿਹੋ ਜੀ ਸੰਗਤ, ਉਹੋ ਜੀ ਰੰਗਤ।ਏਸ ਜਾਨਵਰ ਤੇ ਵੀ ਸੰਗਤ ਦੀ ਰੰਗਤ ਚੜ੍ਹ ਗਈ ਏ!ਤੁਸੀਂ ਰੋਜਾਨਾ ਠੇਕੇ ਅੱਗੇ ਰੁਕਦੇ ਸੀ ,ਥੋੜਾ ਸਮਾਂ ਉੱਥੇ ਗੱਲਾਂ ਬਾਤਾਂ ਮਾਰਦੇ ਸੀ ਇਹ ਵੀ ਉਸ ਸੁਭਾੳੇ ਦਾ ਆਦੀ ਹੋ ਗਿਆ ।ਤੁਸੀਂ ਤਾਂ ਦਾਰੂ ਛੱਡ ਦਿੱਤੀ ਇਸ ਬੇਜੁਬਾਨ ਜਾਨਵਰ ਨੂੰ ਥੋੜਾ ਪਤਾ!  ਹੁਣ ਤੁਹਾਨੂੰ ਕੁੱਝ ਦਿਨ ਉਹੀ ਕਰਣਾ ਪੈਣਾ ਜੋ ਪਹਿਲਾਂ ਕਰਦੇ ਸੀ ,ਇੱਕ ਵਾਰ ੳੱਥੇ ਦੀ ਲੰਘਦੇ ਹੋਏ ਹੇਠਾਂ ਉੱਤਰ ਕੇ ਝੂਠੀ ਗੇੜਾ ਲਾ ਆਇਆ ਕਰੋ ਠੇਕੇ ਦਾ ! '' ਇਹ ਸੁਣ ਸਾਰੇ ਹੱਸਣ ਲੱਗੇ।
ਅਗਲੇ ਦਿਨ ਜਦੋਂ ਫਿਰ ਤਾਰਾ ਸਿਉਂ ਠੇਕੇ ਅੱਗਿਓਂ ਲੰਘਿਆ ,ਫਿਰ ਉਹੀਓ ਹੋਇਆ। ਤਾਰੇ ਨੇ ਸੋਚਿਆ ਕਿਉਂ ਨਾ ਘਰਵਾਲੀ ਦੀ ਹਾਸੇ ਵਿੱਚ ਕਹੀ ਗੱਲ ਨੂੰ ਅਜਮਾ ਲਿਆ ਜਾਵੇ।ਉਹ ਰੇਹੜੇ ਤੋਂ ਉੱਤਰ ਕੇ ਠੇਕੇ ਵੱਲ ਗਿਆ ਅਤੇ ਉੱਥੇ ਦੋ-ਚਾਰ ਮਿੰਟ ਰੁਕ ਕੇ ਵਾਪਸ ਆ ਗਿਆ ਤੇ ਬੋਲਿਆ,'' ਚਲ ਭਾਈ ਚੱਲੀਏ ਘਰ! ਆਪਣਾ ਕੰਮ ਹੋ ਗਿਆ।'' ਏਨਾ ਕਹਿਣ ਦੀ ਦੇਰ ਸੀ ਕਿ ਖੱਚਰ ਨੇ ਰੇਹੜਾ ਤੋਰ ਲਿਆ। ਤਾਰਾ ਸਿਉਂ ਹੱਸਦਾ ਜਾਵੇ ਨਾਲੇ ਸੋਚਦਾ ਜਾਵੇ ਕਿ ਬਾਈ ਐਵੇਂ ਤਾਂ ਨੀ ਸਿਆਣਿਆ ਕਿਹਾ ਸੰਗਤ ਰੰਗਤ ਦਿਖਾਉਂਦੀ ਹੈ,ਉਸਦੇ ਮੁਹੋਂ ਆਪ ਮੁਹਾਰੇ ਨਿਕਲ ਗਿਆ, ਸੱਚ ਹੈ ਬਾਈ ਸੱਚ ਹੈ।
   
  ਅਵਤਾਰ ਸਿੰਘ ਸੌਜਾ    ਮੋਬਾਇਲ ਨੰ 98784 29005
    ਪਿੰਡ ૶ਸੌਜਾ ,ਡਾਕ-ਕਲੇਹਮਾਜਰਾ, ਤਹਿਸੀਲ-ਨਾਭਾ, ਜਿਲ੍ਹਾ- ਪਟਿਆਲਾ