ਲੋਕ ਸਭਾ ਚੋਣਾਂ ਅਤੇ ਪੰਜਾਬ ਦੀ ਸਿਆਸਤ ਦਾ ਰੁਖ਼ - ਜਗਤਾਰ ਸਿੰਘ'

ਕੌਮੀ ਪੱਧਰ ਉੱਤੇ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਵਿਚ ਕਾਂਗਰਸ ਦੇ ਚੋਣ ਪ੍ਰਚਾਰ ਵਿਚ ਜਿਹੜੀ ਗੱਲ ਸਾਂਝੀ ਹੈ, ਉਹ ਇਹ ਹੈ ਕਿ ਦੋਵੇਂ ਹੀ ਪਾਰਟੀਆਂ ਉਨ੍ਹਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਵੋਟਾਂ ਮੰਗ ਰਹੀਆਂ ਹਨ ਜਿਨ੍ਹਾਂ ਦਾ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਦੋਹਾਂ ਪਾਰਟੀਆਂ ਦੇ ਚੋਣ ਪ੍ਰਚਾਰ ਵਿਚ ਸਮਾਜ ਭਲਾਈ, ਸਮਾਜਿਕ ਨਿਆਂ ਅਤੇ ਕੁਸ਼ਲ ਤੇ ਕਲਿਆਣਕਾਰੀ ਰਾਜ ਪ੍ਰਬੰਧ ਦੇਣ ਵਰਗੇ ਲੋਕ ਮੁੱਦਿਆਂ ਦਾ ਕੋਈ ਬਹੁਤਾ ਜ਼ਿਕਰ ਨਹੀਂ ਹੋ ਰਿਹਾ। ਦੋਵੇਂ ਧਿਰਾਂ ਲੋਕਾਂ ਨਾਲ ਧਾਰਮਿਕ ਰੰਗਤ ਵਾਲੇ ਰਾਜਸੀ ਮੁੱਦਿਆਂ ਰਾਹੀਂ ਗੱਲ ਕਰ ਰਹੀਆਂ ਹਨ।
      ਸਾਧਵੀ ਪ੍ਰੱਗਿਆ ਭਾਜਪਾ ਦੇ ਹਿੰਦੂਤਵ ਏਜੰਡੇ ਅਤੇ ਲੋਕਾਂ ਨੂੰ ਫ਼ਿਰਕੂ ਆਧਾਰ ਉੱਤੇ ਵੰਡ ਕੇ ਸਿਆਸੀ ਲਾਹਾ ਲੈਣਾ ਦਾ ਨਵਾਂ ਚਿਹਰਾ ਹੈ। ਹਿੰਦੂਤਵ ਦੇ ਖਾੜਕੂ ਚਿਹਰੇ ਦੀ ਪ੍ਰਤੀਕ ਸਾਧਵੀ ਪ੍ਰੱਗਿਆ ਠਾਕੁਰ ਕਈ ਸਾਲਾਂ ਤੋਂ ਸਾਹਮਣੇ ਆ ਰਿਹਾ ਉਹ ਵਰਤਾਰਾ ਹੈ ਜਿਸ ਤੋਂ ਭਾਰਤੀ ਜਨਤਾ ਪਾਰਟੀ ਵਿਚਾਰਧਾਰਕ ਪ੍ਰੇਰਨਾ ਲੈਂਦੀ ਹੈ। ਕੋਈ ਤਿੰਨ ਦਹਾਕੇ ਪਹਿਲਾਂ ਰਾਜਸੀ ਸੀਨ ਉੱਤੇ ਉਭਰੀਆਂ ਸਾਧਵੀ ਰਿਤੰਬਰਾ ਅਤੇ ਉਮਾ ਭਾਰਤੀ ਵੀ ਇਸੇ ਵਰਤਾਰੇ ਨੂੰ ਉਭਾਰਨ ਦੀ ਵਿਉਂਤਬੰਦੀ ਦਾ ਹਿੱਸਾ ਸਨ। ਪ੍ਰੱਗਿਆ ਠਾਕੁਰ ਦਾ ਇਕ ਇਕ ਸ਼ਬਦ ਮੁਲਕ ਨੂੰ ਫਿਰਕੂ ਆਧਾਰ ਉੱਤੇ ਦੋਫਾੜ ਕਰਨ ਦੇ ਮਕਸਦ ਨਾਲ ਪੂਰੀ ਸੋਚ ਵਿਚਾਰ ਨਾਲ ਘੜਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਉੱਧਰ, ਕਾਂਗਰਸ ਪਾਰਟੀ ਪੰਜਾਬ ਅੰਦਰ, 2015 ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਹੁੰਦਿਆਂ ਸੂਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਚੋਰੀ ਕਰ ਕੇ ਬੇਅਦਬੀ ਕਰਨ ਦੀਆਂ ਘਟਨਾਵਾਂ ਦਾ ਮੁੱਦਾ ਉਠਾ ਰਹੀ ਹੈ।
        ਮੁਲਕ ਨੂੰ ਫਿਰਕੂ ਆਧਾਰ ਉੱਤੇ ਵੰਡਣ ਦਾ ਉਭਰ ਰਿਹਾ ਇਹ ਵਰਤਾਰਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਆਪਣੇ ਦਹਾਕਿਆਂ ਦੇ ਰਾਜ ਵਿਚ ਧਰਮ ਨਿਰਪੱਖਤਾ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿਚ ਅਸਫਲ ਰਹੀ ਹੈ। ਉਂਜ, ਤੱਥ ਇਹ ਵੀ ਹੈ ਕਿ ਹਿੰਦੂਤਵ ਵਰਤਾਰਾ ਬਾਬਰੀ ਮਸਜਿਦ ਦੀ ਥਾਂ ਮੰਦਰ ਬਣਾਉਣ ਦੇ ਰੌਲੇ-ਰੱਪੇ ਦੌਰਾਨ ਵੱਡੀ ਵੰਗਾਰ ਬਣ ਕੇ ਉਭਰਿਆ। ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਕਾਂਗਰਸ ਵੀ ਧਰਮ ਨਿਰਪੱਖ ਹੋਣ ਦਾ ਸਿਰਫ਼ ਦਿਖਾਵਾ ਹੀ ਕਰਦੀ ਹੈ। ਇਸ ਪ੍ਰਸੰਗ ਵਿਚ ਇਹ ਵੀ ਜਾਣਨਾ ਯੋਗ ਹੋਵੇਗਾ ਕਿ ਸਿੱਖ ਧਾਰਮਿਕ-ਸਿਆਸੀ ਹਲਕਿਆਂ ਵਿਚ ਇਹ ਭਾਵਨਾ ਪ੍ਰਚੰਡ ਰਹੀ ਹੈ ਕਿ ਕਾਂਗਰਸ ਵੀ ਹਿੰਦੂ ਪਾਰਟੀ ਹੀ ਹੈ। ਫ਼ਰਕ ਇਹ ਹੈ ਕਿ ਹਿੰਦੂ ਕੱਟੜਵਾਦ ਨੂੰ ਪ੍ਰਣਾਈ ਭਾਰਤੀ ਜਨਤਾ ਪਾਰਟੀ ਦਾ ਆਧਾਰ ਹੀ ਹਿੰਦੂਤਵੀ ਵਿਚਾਰਧਾਰਾ ਹੈ। ਦਿਲਚਸਪ ਗੱਲ ਇਹ ਹੈ ਕਿ ਸਿੱਖ ਮਾਮਲਿਆਂ ਦਾ ਬੁਲਾਰਾ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਕੱਟੜਵਾਦੀ ਹਿੰਦੂ ਪਾਰਟੀ ਨਾਲ ਸਿਆਸੀ ਸਾਂਝ ਭਿਆਲੀ ਹੈ। ਪੰਜਾਬ ਦੀ ਵੋਟ ਸਿਆਸਤ ਨੂੰ ਇਸ ਪ੍ਰਸੰਗ ਵਿਚ ਸਮਝਣ ਦੀ ਲੋੜ ਹੈ।
       ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਕਾਂਗਰਸ ਪਾਰਟੀ ਆਪਣਾ ਸਿੱਖ ਏਜੰਡਾ ਅੱਗੇ ਵਧਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਦੋ ਦਿਨਾਂ ਦੌਰਾਨ ਇਸੇ ਮੁੱਦੇ ਨੂੰ ਹੀ ਆਪਣੇ ਚੋਣ ਪ੍ਰਚਾਰ ਦਾ ਕੇਂਦਰ ਬਿੰਦੂ ਬਣਾ ਰਹੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਮਗਰੋਂ ਇਹ ਨਾਜ਼ੁਕ ਮਾਮਲਾ ਪੰਜਾਬ ਦੀ ਧਾਰਮਿਕ-ਸਿਆਸੀ ਫਿਜ਼ਾ ਵਿਚ ਬੜੇ ਜ਼ੋਰ ਨਾਲ ਉਭਰਿਆ ਹੈ। ਇਨ੍ਹਾਂ ਮਸਲਿਆਂ ਦੀ ਜਾਂਚ ਲਈ ਪਹਿਲਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਾਦਲ ਸਰਕਾਰ ਨੇ ਬਣਾਇਆ ਸੀ ਜਿਸ ਦੀ ਰਿਪੋਰਟ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੀ ਗਈ ਸੀ। ਜਸਟਿਸ ਜ਼ੋਰਾ ਸਿੰਘ ਨੂੰ ਆਪਣੀ ਰਿਪੋਰਟ ਦੇਣ ਲਈ ਸਕੱਤਰੇਤ ਦੇ ਵਰਾਂਡੇ ਵਿਚ ਉਡੀਕਣਾ ਪਿਆ ਸੀ ਅਤੇ ਆਖ਼ਿਰ ਉਹ ਆਪਣੀ ਰਿਪੋਰਟ ਕਿਸੇ ਜੂਨੀਅਰ ਕਰਮਚਾਰੀ ਨੂੰ ਸੌਂਪ ਕੇ ਵਾਪਸ ਆ ਗਏ ਸਨ। ਇਹ ਇਸ ਕਮਸ਼ਿਨ ਦੀ ਰਿਪੋਰਟ ਹੀ ਸੀ ਜਿਸ ਨੇ ਬਾਦਲਾਂ ਨੂੰ ਕਸੂਤੀ ਹਾਲਤ ਵਿਚ ਫਸਾ ਦਿੱਤਾ। ਕਾਂਗਰਸ ਪਾਰਟੀ ਇਨ੍ਹਾਂ ਦੋਹਾਂ ਕਮਿਸ਼ਨਾਂ ਨੂੰ ਆਧਾਰ ਬਣਾ ਕੇ ਬਾਦਲਾਂ ਉੱਤੇ ਤਾਬੜ-ਤੋੜ ਹਮਲੇ ਕਰ ਰਹੀ ਹੈ।
      ਇਸ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ ਜਾਂਚ ਟੀਮ ਦੇ ਨਾਮਵਰ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕਰਵਾ ਕੇ ਬਾਦਲਾਂ ਨੇ ਖੁਦ ਹੀ ਇਹ ਮੁੱਦਾ ਇਕ ਵਾਰੀ ਫਿਰ ਉਭਾਰ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਅਕਾਲੀ ਨੇਤਾਵਾਂ ਅਤੇ ਉਮੀਦਵਾਰਾਂ ਨੂੰ ਇਸ ਮਾਮਲੇ ਦਾ ਸੇਕ ਲੱਗਣ ਲੱਗ ਪਿਆ ਹੈ। ਇਸ ਪਿਛੋਕੜ ਵਿਚ ਪੰਜਾਬ ਵਿਚ ਪਹਿਲੀਆਂ ਚੋਣਾਂ ਵਾਂਗ ਇਸ ਚੋਣ ਦੇ ਨਤੀਜੇ ਸਿਰਫ ਅੰਕੜੇ ਹੀ ਨਹੀਂ ਹੋਣਗੇ ਬਲਕਿ ਇਸ ਸਰਹੱਦੀ ਸੂਬੇ ਦੀ ਭਵਿੱਖ ਦੀ ਸਿਆਸਤ ਦਾ ਰੁਖ਼ ਵੀ ਤੈਅ ਕਰਨਗੇ।
       ਬਾਦਲ ਪਰਿਵਾਰ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਚੋਣ ਅਖਾੜੇ ਵਿਚ ਉਤਾਰ ਕੇ ਸ਼ਤਰੰਜੀ ਚਾਲ ਚੱਲੀ ਹੈ। ਹਰਸਿਮਰਤ ਇਸ ਵਾਰੀ ਫਿਰ ਬਠਿੰਡਾ ਹਲਕੇ ਤੋਂ ਉਮੀਦਵਾਰ ਹੈ ਜਿੱਥੇ ਬੇਅਦਬੀ ਦੀਆਂ ਘਟਨਾਵਾਂ ਦਾ ਗਹਿਰਾ ਅਸਰ ਹੈ ਪਰ ਨਾਲ ਹੀ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੀਆਂ ਵੋਟਾਂ ਵੀ ਸਭ ਤੋਂ ਵੱਧ ਇਸੇ ਹਲਕੇ ਵਿਚ ਹਨ। ਇਨ੍ਹਾਂ ਦੇ ਕੁਝ ਮੈਂਬਰਾਂ ਨੂੰ ਪੁਲੀਸ ਨੇ ਬੇਅਦਬੀ ਘਟਨਾਵਾਂ ਦਾ ਦੋਸ਼ੀ ਨਾਮਜ਼ਦ ਕਰ ਕੇ ਗ੍ਰਿਫਤਾਰ ਵੀ ਕੀਤਾ। ਹਰਿਆਣਾ ਦੀ ਭਾਜਪਾ ਸਰਕਾਰ ਨੇ ਰੋਹਤਕ ਜੇਲ੍ਹ ਵਿਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੁੱਛਗਿੱਛ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਡੇਰੇ
ਨੇ ਇਨ੍ਹਾਂ ਚੋਣਾਂ ਵਿਚ ਪੰਜਾਬ ਅੰਦਰ ਆਪਣਾ ਸਰਗਰਮ ਰੋਲ ਨਿਭਾਉਣ ਲਈ ਆਪਣੇ ਪੈਰੋਕਾਰਾਂ ਦੀ ਸਰਗਰਮੀ ਵਧਾ ਦਿੱਤੀ ਹੈ।
       ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀਆਂ ਜੜ੍ਹਾਂ ਵੋਟ ਸਿਆਸਤ ਵਿਚ ਹਨ। ਭਵਿੱਖ ਇਸ ਨੇ ਉਸ ਵੇਲੇ ਨਿੰਮਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਚੋਣ ਹਲਕਿਆਂ ਦੀ ਮੁੜ ਹੱਦਬੰਦੀ ਵਿਚ ਫਰੀਦਕੋਟ ਰਿਜ਼ਰਵ ਹੋਣ ਕਾਰਨ ਬਾਦਲਾਂ ਨੇ ਬਠਿੰਡਾ ਹਲਕੇ ਨੂੰ ਆਪਣੀ ਕਰਮ ਭੂਮੀ ਬਣਾ ਲਿਆ ਸੀ। ਇਸ ਤੋਂ ਪਹਿਲਾਂ 2007 ਵਿਚ ਡੇਰਾ ਮੁਖੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਕਾਰਨ ਅਕਾਲ ਤਖਤ ਤੋਂ ਉਸ ਅਤੇ ਉਸ ਦੇ ਪੈਰੋਕਾਰਾਂ ਨਾਲ ਕਿਸੇ ਵੀ ਕਿਸਮ ਦਾ ਰਿਸ਼ਤਾ ਨਾ ਰੱਖਣ ਦਾ ਹੁਕਮਨਾਮਾ ਜਾਰੀ ਹੋ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ 2015 ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਾਥੀ ਜਥੇਦਾਰ ਸਾਹਿਬਾਨ ਨੂੰ ਆਪਣੀ ਸਰਕਾਰੀ ਰਿਹਾਇਸ਼ ਉੱਤੇ ਤਲਬ ਕਰ ਕੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਫਰਮਾਨ ਸੁਣਾ ਕੇ ਸਿੱਖ ਮਰਿਯਾਦਾ ਦੀ ਉਲੰਘਣਾ ਕਰਵਾਈ। ਇਸ ਵਰਤਾਰੇ ਵਿਚ ਦੋਵੇਂ ਪੰਥਕ ਸੰਸਥਾਵਾਂ- ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਹ ਲੱਗੀ। ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੱਕ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਉਸ ਨੇ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ਉੱਤੇ ਕਿਉਂ ਤਲਬ ਕੀਤਾ ਸੀ।
      ਸੁਖਬੀਰ ਸਿੰਘ ਬਾਦਲ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਸਰਗਰਮ ਕਰਨ ਵਿਚ ਲੱਗੇ ਹੋਏ ਹਨ ਕਿਉਂਕਿ ਪਾਰਟੀ ਵਰਕਰ 2017 ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹੋਈ ਨਮੋਸ਼ੀਜਨਕ ਹਾਰ ਕਾਰਨ ਬਹੁਤ ਮਾਯੂਸ ਸਨ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਸੀਂ 15 ਸੀਟਾਂ ਮਿਲੀਆਂ ਅਤੇ ਇਹ ਵਿਰੋਧੀ ਪਾਰਟੀ ਦਾ ਦਰਜਾ ਵੀ ਹਾਸਲ ਨਹੀਂ ਕਰ ਸਕੀ। ਵਿਰੋਧੀ ਪਾਰਟੀ ਦਾ ਰੁਤਬਾ ਆਮ ਆਦਮੀ ਪਾਰਟੀ ਨੇ ਹਾਸਲ ਕਰ ਲਿਆ ਸੀ। ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਵੀ ਪਾਰਟੀ ਬੁਰੀ ਤਰਾਂ ਹਾਰ ਗਈ। ਸੁਖਬੀਰ ਸਿੰਘ ਬਾਦਲ ਨੇ ਪੂਰੀ ਗਿਣਤੀ ਮਿਣਤੀ ਨਾਲ ਇਨ੍ਹਾਂ ਚੋਣਾਂ ਵਿਚ ਆਪਣੇ ਆਪ ਨੂੰ ਦਾਅ ਉੱਤੇ ਲਾਉਣ ਦਾ ਜੋਖ਼ਿਮ ਉਠਾਇਆ ਹੈ। ਉਹ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਜਿਸ ਵਿਚ ਉਨ੍ਹਾਂ ਦਾ ਆਪਣਾ ਵਿਧਾਨ ਸਭਾ ਹਲਕਾ ਜਲਾਲਾਬਾਦ ਵੀ ਆਉਂਦਾ ਹੈ।
      ਪੰਜਾਬ ਦੀ ਸਿਆਸਤ ਦਾ ਮਿਜ਼ਾਜ ਦੂਜੇ ਸੂਬਿਆਂ ਤੋਂ ਵੱਖਰਾ ਹੈ ਕਿਉਂਕਿ ਇਹ ਮੁਲਕ ਦਾ ਇਕੋ ਇਕ ਸੂਬਾ ਹੈ ਜਿੱਥੇ ਮੁਲਕ ਦੀ ਪ੍ਰਭਾਵਸ਼ਾਲੀ ਘੱਟਗਿਣਤੀ ਤਬਕਾ ਬਹੁਗਿਣਤੀ ਵਿਚ ਹੈ ਅਤੇ ਇਹ 1947 ਤੋਂ ਵੱਖ ਵੱਖ ਸੰਘਰਸ਼ਾਂ ਵਿਚੋਂ ਗੁਜ਼ਰਦਾ ਰਿਹਾ ਹੈ। ਸਿੱਖ ਧਾਰਮਿਕ-ਸਿਆਸੀ ਪ੍ਰਵਚਨ ਇਸ ਸੂਬੇ ਦੀ ਸਿਆਸਤ ਦੀ ਦਿਸ਼ਾ ਤੈਅ ਕਰਦੇ ਹਨ ਪਰ ਇਹ ਸਿਆਸੀ ਵਰਤਾਰਾ ਵੋਟਾਂ ਦੀ ਸਿਆਸਤ ਨਾਲੋਂ ਵੱਖਰਾ ਹੈ ਜਿਸ ਵਿਚ ਇਥੋਂ ਦੀ ਘੱਟਗਿਣਤੀ, ਜਿਹੜੀ ਕੌਮੀ ਪੱਧਰ ਉੱਤੇ ਬਹੁਗਿਣਤੀ ਹੈ, ਮੁੱਖ ਭੂਮਿਕਾ ਅਦਾ ਕਰਦੀ ਹੈ। ਇਹੀ ਕਾਰਨ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਜ਼ੀਰ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਨੂੰ ਜੱਫੀ ਪਾਉਣ, ਕਰਤਾਰਪੁਰ ਲਾਂਘਾ ਅਤੇ ਪੁਲਵਾਮਾ ਘਟਨਾ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਬਾਲਾਕੋਟ ਹਮਲੇ ਦੇ ਮਾਮਲਿਆਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਅਗਾਂਹ ਜਾ ਕੇ ਪਾਕਿਸਤਾਨ ਦੀ ਨੁਕਤਾਚੀਨੀ ਕੀਤੀ ਸੀ।
        ਬਰਗਾੜੀ ਵਿਖੇ ਜੂਨ 2018 ਵਿਚ ਬੇਅਦਬੀ ਦੇ ਮੁੱਦੇ ਉੱਤੇ ਹੋਏ ਦੋ ਵਿਸ਼ਾਲ ਇਕੱਠਾਂ ਨੇ ਇਹ ਪ੍ਰਭਾਵ ਦਿੱਤਾ ਸੀ ਕਿ ਉੱਥੋਂ ਅਕਾਲੀ ਦਲ ਲਈ ਵੰਗਾਰ ਬਣ ਕੇ ਉਭਰਨ ਵਾਲੀ ਨਵੀਂ ਸਿਆਸੀ ਧਿਰ ਉਭਰੇਗੀ। ਇਹ ਨਤੀਜਾ ਤਾਂ ਭਾਵੇਂ ਸਾਹਮਣੇ ਨਹੀਂ ਆਇਆ ਪਰ ਲੰਮਾ ਸਮਾਂ ਚੱਲਿਆ ਬਰਗਾੜੀ ਮੋਰਚਾ ਅਤੇ ਵਿਸ਼ਾਲ ਇਕੱਠਾਂ ਨੇ ਘੱਟੋ ਘੱਟ ਮਾਲਵੇ ਵਿਚ ਇਸ ਮੁੱਦੇ ਨੂੰ ਜਿਉਂਦਾ ਰੱਖਿਆ ਹੈ।
      ਸਮੁੱਚੇ ਹਾਲਾਤ ਦਾ ਦੂਜਾ ਪਾਸਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੀ ਕਾਰਗੁਜ਼ਾਰੀ ਨਾਲ ਲੋਕਾਂ ਉੱਤੇ ਕੋਈ ਚੰਗਾ ਪ੍ਰਭਾਵ ਪਾਉਣ ਵਿਚ ਅਸਫਲ ਰਹੀ ਹੈ ਜਿਸ ਦੀ ਆਸ ਲੋਕਾਂ ਵਲੋਂ ਮਿਲੇ ਐਡੇ ਵੱਡੇ ਲੋਕ ਫ਼ਤਵੇ ਵਾਲੀ ਸਰਕਾਰ ਤੋਂ ਕੀਤੀ ਜਾ ਰਹੀ ਸੀ। ਹੋਰ ਤਾਂ ਹੋਰ, ਉਹ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਦਾ ਕੁਝ ਹਿੱਸਾ ਮੁਆਫ਼ ਕਰਨ ਦਾ ਲਾਹਾ ਲੈਣ ਵਿਚ ਵੀ ਅਸਫਲ ਰਹੇ ਹਨ। ਅਫ਼ਸਰਸ਼ਾਹੀ ਵਾਲੀ ਪਹੁੰਚ ਨੇ ਰਾਜਸੀ ਪ੍ਰਾਪਤੀਆਂ ਜ਼ੀਰੋ ਕਰ ਦਿੱਤੀਆਂ ਹਨ। ਸ਼ਾਇਦ ਇਹੀ ਕਾਰਨ ਹੈ ਕਿ ਕਾਂਗਰਸੀ ਉਮੀਦਵਾਰ ਬੇਅਦਬੀ ਦੇ ਮੁੱਦੇ ਨੂੰ ਹੀ ਆਪਣਾ ਮੁੱਖ ਰਾਜਸੀ ਹਥਿਆਰ ਬਣਾ ਰਹੇ ਹਨ।
       ਇਨ੍ਹਾਂ ਚੋਣਾਂ ਵਿਚ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਦਾਅ ਉੱਤੇ ਲੱਗਿਆ ਹੋਇਆ ਹੈ। ਬਠਿੰਡਾ ਅਤੇ ਫ਼ਿਰੋਜ਼ਪੁਰ ਹਲਕਿਆਂ ਦੇ ਚੋਣ ਨਤੀਜੇ ਨਾ ਸਿਰਫ਼ ਬਾਦਲ ਪਰਿਵਾਰ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੇ ਬਲਕਿ ਸੂਬੇ ਦੀ ਸਿਆਸੀ ਦਿਸ਼ਾ ਵੀ ਤੈਅ ਕਰਨਗੇ ਜਿੱਥੇ ਤੀਜੀ ਸਿਆਸੀ ਧਿਰ ਉਭਾਰਨ ਲਈ ਕੀਤੇ ਤਕਰੀਬਨ ਸਾਰੇ ਤਜਰਬੇ ਫੇਲ੍ਹ ਹੋਏ ਹਨ।
'ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ : 97797-11209