ਵਫਾਦਾਰੀਆਂ ਬਦਲਣ ਵਿੱਚ ਮਾਹਰ,ਮਾਰਕੀਟ ਕਮੇਟੀ ਬਰਨਾਲਾ ਦਾ ਸਾਬਕਾ ਅਕਾਲੀ ਚੇਅਰਮੈਨ ਭੋਲਾ ਸਿੰਘ ਵਿਰਕ ਟਪੂਸੀ ਮਾਰ ਕੇ ਜਾ ਬੈਠਾ ਢਿੱਲੋਂ ਦੇ ਹੱਥ ਤੇ

ਅਪਣੇ ਸਿਆਸੀ ਜੀਵਨ ਵਿੱਚ ਕਿਸੇ ਇੱਕ ਦਾ ਵਫਾਦਾਰ ਬਣਕੇ ਨਹੀ ਚੱਲ ਸਕਿਆ ਵਿਰਕ

ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਵਿੱਚ ਕਿੰਨੀ ਦੇਰ ਟਿਕਦਾ ਹੈ

ਬਰਨਾਲਾ ਤੋਂ  ਬਘੇਲ ਸਿੰਘ ਧਾਲੀਵਾਲ ਦੀ ਵਿਸ਼ੇਸ਼ ਰਿਪੋਰਟ
ਅਪਣੀ ਚੌਧਰ ਭੁੱਖ ਨੂੰ ਪੂਰਾ ਕਰਨ ਅਤੇ ਨਿੱਜੀ ਲਾਭ ਲੈਣ ਖਾਤਰ ਕੱਪੜਿਆਂ ਵਾਂਗੂ ਪਾਰਟੀਆਂ ਬਦਲਣ ਵਾਲਿਆਂ ਦੀ ਇਸ ਦੇਸ਼ ਵਿੱਚ ਕੋਈ ਕਮੀ ਨਹੀ ਹੈ।ਸਤਾਰਵੀਂ ਲੋਕ ਸਭਾ ਲਈ ਪੰਜਾਬ ਵਿੱਚ ਆਖਰੀ ਗੇੜ ਦੀਆਂ ਵੋਟਾਂ ਦਾ ਮੌਸਮ ਪੂਰੀ ਤਰਾਂ ਗਰਮਾ ਗਿਆ ਹੈ।ਇੱਥੇ ਵੀ ਆਏ ਦਿਨ ਸੱਤਾ ਦੇ ਨਸ਼ੇੜੀ ਲੋਕਾਂ ਵੱਲੋਂ ਅਪਣੀਆਂ ਵਫਾਦਾਰੀਆਂ ਬਦਲ ਕੇ ਨਵੇਂ ਮਾਲਕਾਂ ਦੀ ਹਜੂਰੀ ਵਿੱਚ ਸੇਵਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ।ਸਾਰੇ ਜੋੜ ਤੋੜ ਲਾਉਣ ਤੋਂ ਬਾਅਦ ਅਕਾਲੀ,ਆਮ ਆਦਮੀ ਪਾਰਟੀ ਅਤੇ ਖਹਿਰੇ ਦੀ ਪੰਜਾਬੀ ਏਕਤਾ ਪਾਰਟੀ ਦੇ ਆਗੂਆਂ ਨੂੰ ਸੱਤਾਧਾਰੀ ਪਾਰਟੀ ਹੀ ਰਾਸ ਆਉਦੀ ਜਾਪ ਰਹੀ ਹੈ।ਇਹ ਪਹਿਲਾਂ ਵੀ ਦੇਖਿਆ ਜਾਂਦਾ ਰਿਹਾ ਹੈ ਕਿ ਜਦੋ ਕਿਸੇ ਪਾਰਟੀ ਵਿੱਚ ਦੂਸਰੀਆਂ ਪਾਰਟੀਆਂ ਦੇ ਵਰਕਰ ਸ਼ਮੂਲੀਅਤ ਕਰਨ ਲੱਗਦੇ ਹਨ,ਫਿਰ ਦਲ ਬਦਲੂਆਂ ਦੀ ਹੋੜ ਜਿਹੀ ਲੱਗ ਜਾਂਦੀ ਹੈ।ਇੰਜ ਜਾਪਦਾ ਹੈ,ਜਿਵੇਂ ਇਹ ਲੋਕ ਕਿਸੇ ਦੇ ਪਹਿਲ ਕਰਨ ਦੀ ਹੀ ਉਡੀਕ ਕਰਦੇ ਹੋਣ।ਏਸੇ ਤਰਾਂ ਹੀ ਅੱਜ ਕੱਲ ਸੰਗਰੂਰ ਲੋਕ ਸਭਾ ਸੀਟ ਤੇ ਵੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਵਿੱਚ ਭਰੋਸਾ ਜਿਤਾਉਣ ਵਾਲੇ ਹੋਰ ਪਾਰਟੀਆਂ ਦੇ ਆਗੂ ਮੌਕੇ ਦਾ ਖੂਬ ਫਾਇਦਾ ਉਠਾਉਂਦੇ ਦੇਖੇ ਜਾ ਸਕਦੇ ਹਨ।ਇਹਨਾਂ ਵਿੱਚ ਇੱਕ ਨਾਮ ਅਜਿਹਾ ਵੀ ਸੁਮਾਰ ਹੈ,ਜਿਸਨੇ ਹੁਣ ਤੱਕ ਸਿਆਸਤ ਵਿੱਚ ਬਹੁਤ ਹੱਥ ਪੈਰ ਮਾਰੇ,ਪਰ ਮਮੂਲੀ ਆਹੁਦਿਆਂ ਤੋ ਬਿਨਾ ਕੋਈ ਖਾਸ ਕਾਮਯਾਬੀ ਨਹੀ ਮਿਲ ਸਕੀ।ਪਾਰਟੀਆਂ ਬਦਲ ਕੇ ਚੋਣਾਂ ਲੜ ਕੇ ਵੀ ਦੇਖੀਆਂ,ਪਰੰਤੂ ਅਸਫਲਤਾ ਨੇ ਖਹਿੜਾ ਨਹੀ ਛੱਡਿਆ।ਕਈ ਵਾਰੀ ਉਹ ਭੱਦਰਪੁਰਸ ਨਿਰਾਸ ਹੋ ਕੇ ਘਰ ਵੀ ਬੈਠਾ ਪਰ ਸਿਆਸਤ ਦਾ ਕੀੜਾ ਹੀ ਅਜਿਹਾ ਹੈ,ਕਿ ਚੈਨ ਹੀ ਨਹੀ ਲੈਣ ਦਿੰਦਾ।ਕੁੱਝ ਦਿਨਾਂ ਤੋ ਬਾਅਦ ਫਿਰ ਸਤਾਉਣ ਲੱਗਦਾ ਹੈ।”ਮੈਨੂ ਇਹ ਸਿਆਸਤ ਰਾਸ ਨਹੀ ਆਉਂਦੀ”ਕਹਿਣ ਤੋ ਕੁੱਝ ਦਿਨ ਬਾਅਦ ਹੀ ਫਿਰ ਕਿਸੇ ਹੋਰ ਪਾਰਟੀ ਦੇ ਬੂਹੇ ਤੇ ਦਸਤਕ ਦੇਣ ਦੀ ਸੋਚਦਾ ਹੈ।ਇਹ ਹਵਾ ਦੇ ਰੁੱਖ ਚੱਲਣ ਵਾਲੀ ਸ਼ਖਸ਼ੀਅਤ ਹੈ ਸ੍ਰ ਭੋਲਾ ਸਿੰਘ ਵਿਰਕ,ਜਿਸਨੇ ਸਿਆਸਤ ਤੋ ਨਿਰਾਸ ਹੋਕੇ ਹੁਣ ਟਰਾਸਪੋਰਟ ਦੇ ਧੰਦੇ ਤੋ ਟਰੈਵਲ ਏਜੰਟੀ ਦੇ ਮੁਨਾਫੇ ਵਾਲੇ ਕਾਰੋਬਾਰ ਵੱਲ ਰੁੱਖ ਕੀਤਾ ਹੈ।ਜਿਕਰਯੋਗ ਹੈ ਕਿ ਕਾਂਗਰਸੀ ਪਰਿਵਾਰ ਵਿੱਚ ਪੈਦਾ ਹੋਏ ਸ੍ਰ ਭੋਲਾ ਸਿੰਘ ਵਿਰਕ ਨੇ ਅਪਣਾ ਸਿਆਸੀ ਜੀਵਨ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਤੋ ਸਿਆਸੀ ਗੁਰ ਸਿੱਖ ਕੇ ਸ਼ੁਰੂ ਕੀਤਾ।ਉਸ ਸਮੇ ਦੌਰਾਨ ਹੀ ਜਦੋ ਸ੍ਰ ਰਾਮੂਵਾਲੀਅ ਨੇ ਨਵੀ ਲੋਕ ਭਲਾਈ ਪਾਰਟੀ ਨਾਮ ਦੀ ਸਿਆਸੀ ਪਾਰਟੀ ਬਣਾਈ ਤਾਂ ਭੋਲਾ ਸਿੰਘ ਵਿਰਕ  ਸ੍ਰ ਰਾਮੂਵਾਲੀਆ ਦੇ ਸਭ ਤੋ ਵੱਧ ਭਰੋਸੇਯੋਗ ਬੰਦਿਆਂ ਵਿੱਚ ਗਿਣਿਆ ਜਾਂਦਾ ਸੀ,ਜਿਸਨੂੰ ਰਾਮੂਵਾਲੀਏ ਨੇ ਪਾਰਟੀ ਦਾ ਸੀਨੀਅ ਮੀਤ ਪ੍ਰਧਾਨ ਬਣਾਕੇ ਅਪਣਾ ਉੱਤਰਅਧਿਕਾਰੀ ਹੋਣ ਦਾ ਸੰਕੇਤ ਦਿੱਤਾ ਸੀ।1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੋਲਾ ਸਿੰਘ ਵਿਰਕ ਨੇ ਲੋਕ ਭਲਾਈ ਪਾਰਟੀ ਦੀ ਟਿਕਟ ਤੋ ਹੀ ਚੋਣ ਵੀ ਲੜੀ ਸੀ।ਉਸ ਤੋ ਉਪਰੰਤ ਪਾਰਟੀ ਦਾ ਜੋਸ਼ ਮੱਠਾ ਪੈਂਦਿਆਂ ਹੀ ਵਿਰਕ ਨੇ ਰਾਮੂਵਾਲੀਏ ਦਾ ਸਾਥ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।ਅਕਾਲੀ ਦਲ ਅੰਦਰ ਵੀ ਭੋਲਾ ਸਿੰਘ ਵਿਰਕ ਇੱਕ ਦੇ ਬਣਕੇ ਨਹੀ ਰਹਿ ਸਕੇ,ਉਹ ਕਦੇ ਬਾਦਲ ਅਤੇ ਕਦੇ ਢੀਡਸਾ ਪ੍ਰਤੀ ਵਫਾਦਾਰੀ ਜਿਤਾਉਂਦੇ ਰਹੇ,ਜਿਸ ਕਰਕੇ ਉਹਨਾਂ ਦੀ ਅਕਾਲੀ ਦਲ ਅੰਦਰ ਵੀ ਪੁੱਛ ਦੱਸ ਸੀਮਤ ਹੀ ਰਹੀ।ਆਹੁਦਾ ਪਰਾਪਤੀ ਦੀ ਭੁੱਖ ਉਦੋਂ ਖੁੱਲ ਕੇ ਸਾਹਮਣੇ ਆ ਗਈ,ਜਦੋ ਸੂਬਾ ਪੱਧਰ ਦੇ ਕੱਦਾਵਰ ਨੇਤਾ ਵਜੋਂ ਸਮਝੇ ਜਾਂਦੇ ਭੋਲਾ ਸਿੰਘ ਵਿਰਕ ਨੇ ਮਹਿਜ ਮਾਰਕੀਟ ਕਮੇਟੀ ਭਦੌੜ ਅਤੇ ਬਰਨਾਲਾ ਦੀ ਚੇਅਰਮੈਨੀ ਲੈਕੇ ਅਪਣਾ ਨੇਤਾ ਵਜੋ ਪੱਧਰ ਬਹੁਤ ਨੀਵਾਂ ਕਰ ਲਿਆ।ਅਜੇ ਕੁੱਝ ਦਿਨ ਪਹਿਲਾਂ ਹੀ ਸ੍ਰ ਭੋਲਾ ਸਿੰਘ ਵਿਰਕ ਨੇ ਸੁਖਪਾਲ ਸਿੰਘ ਖਹਿਰੇ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਸੀ,ਪ੍ਰੰਤੂ ਨਫੇ ਨੁਕਸਾਨ ਦੇ ਜੋੜ ਘਟਾਓ ਤੋ ਬਾਅਦ ਬਹੁਤ ਹਲਦੀ ਹੀ ਉਸ ਬਿਆਨ ਤੋ ਪਲਟ ਗਏ ਸਨ।ਬੀਤੇ ਦਿਨੀ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਭੋਲਾ ਸਿੰਘ ਵਿਰਕ ਵੱਲੋਂ ਸਿਆਸਤ ਤੋ ਤੋਬਾ ਕਰਦਿਆਂ ਅਪਣੇ ਨਵੇਂ ਮੁਨਾਫੇ ਵਾਲੇ ਕਾਰੋਬਾਰ ਵੱਲ ਧਿਆਨ ਦੇਣ ਦੀ ਗੱਲ ਕਹੀ ਗਈ ਸੀ,ਪ੍ਰੰਤੂ ਬੀਤੇ ਕੱਲ੍ਹ ਵਿਰਕ ਨੇ ਅਪਣੀ ਆਦਤ ਅਨੁਸਾਰ ਵਫਾਦਾਰੀ ਬਦਲਕੇ ਸ੍ਰ ਕੇਵਲ ਸਿੰਘ ਢਿੱਲੋਂ ਨੂੰ ਅਪਣੀਆਂ ਸੇਵਾਵਾਂ ਸਮੱਰਪਿਤ ਕਰ ਦਿੱਤੀਆਂ ਹਨ।ਹੁਣ ਕੇਵਲ ਢਿੱਲੋਂ ਪ੍ਰਤੀ ਵਫਾਦਾਰੀਆਂ ਕਿੰਨੀ ਦੇਰ ਨਿਭਦੀਆਂ ਹਨ,ਇਹ ਜਾਨਣ ਲਈ ਅਜੇ ਕੁੱਝ ਸਮਾ ਇੰਤਜਾਰ ਕਰਨੀ ਹੋਵੇਗੀ।