ਧਾਰਮਿਕ ਕੁੜੱਤਣ ਦੇ ਰਾਹ-ਰਸਤੇ - ਸਵਰਾਜਵੀਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 'ਨਿਊਯਾਰਕ ਟਾਈਮਜ਼' ਨੂੰ ਦਿੱਤੀ ਇਕ ਇੰਟਰਵਿਊ ਵਿਚ ਇਹ ਕਬੂਲ ਕੀਤਾ ਹੈ ਕਿ ਪਾਕਿਸਤਾਨੀ ਫ਼ੌਜ ਨੇ 1980ਵਿਆਂ ਵਿਚ ਅਮਰੀਕਾ ਦੀ ਸ਼ਹਿ 'ਤੇ ਜਿਹਾਦੀ ਦਹਿਸ਼ਤਗਰਦਾਂ ਨੂੰ ਅਫ਼ਗ਼ਾਨਿਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨਾਲ ਲੜਨ ਲਈ ਤਿਆਰ ਕੀਤਾ। ਇਮਰਾਨ ਖ਼ਾਨ ਅਨੁਸਾਰ ਹੁਣ ਉਨ੍ਹਾਂ ਦੇ ਦੇਸ਼ ਨੂੰ ਇਨ੍ਹਾਂ ਜਿਹਾਦੀ ਤੱਤਾਂ ਦੀ ਜ਼ਰੂਰਤ ਨਹੀਂ ਅਤੇ ਭਵਿੱਖ ਵਿਚ ਪਾਕਿਸਤਾਨ ਨਾ ਤਾਂ ਦਹਿਸ਼ਤਗਰਦ ਤਿਆਰ ਕਰੇਗਾ ਅਤੇ ਨਾ ਹੀ ਦਹਿਸ਼ਤਗਰਦ ਜਥੇਬੰਦੀਆਂ ਨੂੰ ਸ਼ਹਿ ਦੇਵੇਗਾ। ਬੀਬੀਸੀ ਨਾਲ ਗੱਲਬਾਤ ਕਰਦਿਆਂ ਮਸ਼ਹੂਰ ਲੇਖਕ ਤੇ ਨਾਮਾਨਿਗਾਰ ਹਨੀਫ਼ ਮੁਹੰਮਦ ਨੇ ਬੜੇ ਵਿਅੰਗਮਈ ਢੰਗ ਨਾਲ ਪੁੱਛਿਆ ਹੈ ਕਿ ਜਿਹੜੇ ਲੋਕਾਂ ਨੂੰ ਵਰ੍ਹਿਆਂ ਦੇ ਵਰ੍ਹੇ ਨਫ਼ਰਤ ਤੇ ਦੂਸਰੇ ਧਰਮਾਂ ਬਾਰੇ ਭੜਕਾਊ ਪ੍ਰਚਾਰ ਦੀ ਚੋਗ ਚੁਗਾਈ ਗਈ ਹੋਵੇ, ਹੁਣ ਉਨ੍ਹਾਂ ਨੂੰ ਸ਼ਾਂਤਮਈ ਤੇ ਅਹਿੰਸਕ ਬਣਨ ਲਈ ਕਿਵੇਂ ਪ੍ਰੇਰਿਆ ਜਾਏਗਾ।
       ਇਸ ਤਰ੍ਹਾਂ ਦਾ ਵਰਤਾਰਾ ਸਾਡੇ ਦੇਸ਼ ਵਿਚ ਵੀ ਵਾਪਰ ਰਿਹਾ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਨੂੰ ਧਾਰਮਿਕ, ਅਰਧ-ਧਾਰਮਿਕ, ਅੰਧ-ਵਿਸ਼ਵਾਸ ਅਤੇ ਹੋਰ ਜਜ਼ਬਾਤੀ ਵਿਸ਼ਿਆਂ ਨਾਲ ਸਬੰਧਤ ਟੀ.ਵੀ. ਸੀਰੀਅਲਾਂ, ਫਿਲਮਾਂ, ਖ਼ਬਰਾਂ ਆਦਿ ਦੀ ਖੁਰਾਕ ਦਿੱਤੀ ਜਾ ਰਹੀ ਹੈ। ਇਹ ਰੁਝਾਨ ਸਿਰਫ਼ ਟੀ.ਵੀ. ਸੀਰੀਅਲਾਂ ਅਤੇ ਖ਼ਬਰਾਂ ਤਕ ਹੀ ਸੀਮਤ ਨਹੀਂ ਸਗੋਂ ਇਨ੍ਹਾਂ ਨੂੰ ਅਮਲੀਜਾਮਾ ਵੀ ਪਹਿਨਾਇਆ ਗਿਆ। ਪੰਜਾਬ ਨੇ ਅਤਿਵਾਦ ਦਾ ਸੰਤਾਪ ਭੋਗਿਆ ਤੇ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ, 1992 ਵਿਚ ਬਾਬਰੀ ਮਜਸਿਦ ਢਾਹੀ ਗਈ ਅਤੇ ਕਈ ਸ਼ਹਿਰਾਂ ਵਿਚ ਦੰਗੇ ਹੋਏ। ਪਿਛਲੇ ਕੁਝ ਵਰ੍ਹਿਆਂ ਵਿਚ ਹਜੂਮੀ ਹਿੰਸਾ ਦੀਆਂ ਹੋਈਆਂ ਕਾਰਵਾਈਆਂ ਵੀ ਏਸੇ ਵਰਤਾਰੇ ਦਾ ਹਿੱਸਾ ਹਨ ਅਤੇ ਸੱਤਾ ਵਿਚ ਬੈਠੇ ਕੁਝ ਤੱਤਾਂ ਨੇ ਹਜੂਮੀ ਹਿੰਸਾ ਕਰਨ ਵਾਲਿਆਂ ਦਾ ਜਨਤਕ ਤੌਰ 'ਤੇ ਮਾਣ-ਸਤਿਕਾਰ ਵੀ ਕੀਤਾ। ਦੇਸ਼ ਦੇ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ, ਦਲਿਤਾਂ ਤੇ ਦਮਿਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਗਵਾਂਢੀ ਦੇਸ਼ਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕੀਤਾ ਗਿਆ।
       ਹਨੀਫ਼ ਮੁਹੰਮਦ ਦੀਆਂ ਪਾਕਿਸਤਾਨ ਬਾਰੇ ਕੀਤੀਆਂ ਗਈਆਂ ਵਿਅੰਗਮਈ ਟਿੱਪਣੀਆਂ ਦਾ ਸਾਰ ਇਹ ਹੈ ਕਿ ਲੋਕਾਂ ਨੂੰ ਜ਼ਹਿਰੀਲੇ ਪ੍ਰਚਾਰ ਦਾ ਸਵਾਦ ਪੈ ਜਾਂਦਾ ਹੈ; ਉਨ੍ਹਾਂ ਦੀ ਮਾਨਸਿਕਤਾ ਵਿਗੜ ਜਾਂਦੀ ਹੈ ਅਤੇ ਉਸ ਮਾਨਸਿਕਤਾ ਨੂੰ ਆਸਾਨੀ ਨਾਲ ਆਪਸੀ ਭਾਈਚਾਰਕ ਸਾਂਝ ਤੇ ਧਰਮ-ਨਿਰਪੱਖਤਾ ਵਾਲੇ ਰਾਹ 'ਤੇ ਨਹੀਂ ਲਿਆਂਦਾ ਜਾ ਸਕਦਾ। ਸਾਡੇ ਦੇਸ਼ ਵਿਚ ਅੰਧ-ਰਾਸ਼ਟਰਵਾਦ ਤੇ ਨਫ਼ਰਤ-ਫੈਲਾਊ ਪ੍ਰਚਾਰ ਦੀ ਚਾਸ਼ਨੀ ਲੋਕਾਂ ਵਿਚ ਲਗਾਤਾਰ ਵੰਡੀ ਜਾ ਰਹੀ ਹੈ। ਇਸ ਨਾਲ ਕੁਝ ਪਾਰਟੀਆਂ ਨੂੰ ਸਿਆਸੀ ਲਾਭ ਤਾਂ ਜ਼ਰੂਰ ਹੋਇਆ ਹੈ ਪਰ ਲੋਕਾਂ ਨੂੰ ਹੋਇਆ ਨੁਕਸਾਨ ਸਭ ਤੋਂ ਵੱਡਾ ਹੈ। ਉਨ੍ਹਾਂ ਦੇ ਅਸਲੀ ਮੁੱਦੇ ਨਾ ਤਾਂ ਹੱਲ ਕੀਤੇ ਗਏ ਅਤੇ ਨਾ ਹੀ ਇਸ ਸਬੰਧ ਵਿਚ ਅਰਥ-ਭਰਪੂਰ ਸੰਵਾਦ ਰਚਾਇਆ ਗਿਆ ਹੈ। ਜਜ਼ਬਾਤ ਭੜਕਾਉਣ ਦਾ ਕੋਈ ਵੀ ਮੌਕਾ ਖੁੰਝਾਇਆ ਨਹੀਂ ਗਿਆ। ਚਾਹੇ ਕੋਈ ਮਾਮਲਾ ਮਾਓਵਾਦੀਆਂ ਨਾਲ ਸਬੰਧਤ ਹੋਵੇ ਜਾਂ ਜੰਮੂ ਕਸ਼ਮੀਰ ਦੇ ਦਹਿਸ਼ਤਗਰਦਾਂ ਨਾਲ, ਉਸ ਉੱਤੇ ਸੰਜੀਦਾ ਬਹਿਸ ਕਰਨ ਦੀ ਥਾਂ ਜਜ਼ਬਾਤੀ ਪ੍ਰਤੀਕਰਮ ਨੂੰ ਪਹਿਲ ਦਿੱਤੀ ਗਈ ਹੈ। ਤਰਕਸ਼ੀਲ ਅਤੇ ਲੋਕ-ਹਿੱਤ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਤੇ ਲੇਖਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਕਸ਼ਮਕਸ਼ ਵਿਚਾਰਧਾਰਕ ਪੱਧਰ ਤਕ ਹੀ ਸੀਮਤ ਨਹੀਂ ਰਹੀ ਸਗੋਂ ਗੋਵਿੰਦ ਪਾਂਸਾਰੇ, ਐੱਮ.ਐੱਮ. ਕਲਬੁਰਗੀ, ਨਰੇਂਦਰ ਦਾਭੋਲਕਰ, ਗੌਰੀ ਲੰਕੇਸ਼ ਅਤੇ ਹੋਰਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਦੇਸ਼ ਵਿਚ ਫ਼ਿਰਕੂ ਪਾੜਾ ਵਧਿਆ ਅਤੇ ਫ਼ਿਰਕਾਪ੍ਰਸਤ ਸੋਚ ਰੱਖਣ ਵਾਲੇ ਲੋਕਾਂ ਨੂੰ ਦੇਸ਼-ਭਗਤ ਮੰਨਿਆ ਗਿਆ।
      ਪਾਕਿਸਤਾਨ ਵੱਲੋਂ ਦਹਿਸ਼ਤਗਰਦ ਜਥੇਬੰਦੀਆਂ ਨੂੰ ਸ਼ਹਿ ਦੇਣ ਦੇ ਕਾਰਨ ਇਤਿਹਾਸਕ ਹਨ। ਉਸ ਦੇਸ਼ ਦੀ ਬੁਨਿਆਦ ਹੀ ਧਰਮ ਦੇ ਆਧਾਰ 'ਤੇ ਰੱਖੀ ਗਈ ਅਤੇ ਇਸੇ ਲਈ ਸਮਾਜਿਕ ਏਕਤਾ ਕਦੇ ਵੀ ਪਾਕਿਸਤਾਨ ਦੀ ਸਿਆਸਤ ਦਾ ਮੁੱਖ ਮੁੱਦਾ ਨਹੀਂ ਬਣ ਸਕੀ। ਜਦ ਧਰਮ ਦੇ ਨਾਂ 'ਤੇ ਸਿਆਸਤ ਕੀਤੀ ਜਾਂਦੀ ਹੈ ਤਾਂ ਇਸ ਦਾ ਫ਼ਾਇਦਾ ਕੱਟੜਪੰਥੀਆਂ ਨੂੰ ਹੁੰਦਾ ਹੈ। ਕੱਟੜਪੰਥੀ ਟੋਲੇ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਦੀਨ-ਪ੍ਰਸਤ ਦਿਖਾਉਣ ਦੀ ਕੋਸ਼ਿਸ਼ ਵਿਚ ਧਾਰਮਿਕ ਮੂਲਵਾਦ ਵੱਲ ਵਧਦੇ ਜਾਂਦੇ ਹਨ। ਪਾਕਿਸਤਾਨ ਵਿਚ ਵੀ ਇਸੇ ਤਰ੍ਹਾਂ ਹੋਇਆ ਅਤੇ ਕਈ ਵਰ੍ਹਿਆਂ ਤਕ ਸੰਵਿਧਾਨ ਦਾ ਖ਼ਾਕਾ ਤਕ ਤਿਆਰ ਨਾ ਕੀਤਾ ਜਾ ਸਕਿਆ। ਘੱਟਗਿਣਤੀਆਂ 'ਤੇ ਨਿਸ਼ਾਨਾ ਸਾਧਿਆ ਗਿਆ ਅਤੇ ਅਹਿਮਦੀਆਂ ਨੂੰ ਗ਼ੈਰ-ਮੁਸਲਿਮ ਕਰਾਰ ਦੇ ਦਿੱਤਾ ਗਿਆ। ਹਿੰਦੂ ਤੇ ਸਿੱਖ ਘੱਟਗਿਣਤੀਆਂ ਵੀ ਵਧ ਰਹੀ ਕੱਟੜਪੰਥੀ ਦਾ ਨਿਸ਼ਾਨਾ ਬਣਦੀਆਂ ਰਹੀਆਂ। ਇਸ ਕੱਟੜਵਾਦ ਕਾਰਨ ਉਰਦੂ ਨੂੰ ਦੇਸ਼ ਦੀ ਕੌਮੀ ਭਾਸ਼ਾ ਬਣਾਇਆ ਗਿਆ ਅਤੇ ਇਸ ਵਿਰੁੱਧ ਉੱਠੇ ਅੰਦੋਲਨ ਅਤੇ ਦੇਸ਼ ਦੇ ਪੂਰਬੀ ਹਿੱਸੇ ਦੇ ਸਿਆਸਤਦਾਨਾਂ ਨੂੰ ਕੌਮੀ ਨੇਤਾ ਕਬੂਲਣ ਤੋਂ ਇਨਕਾਰ ਕਰਨ 'ਤੇ 1971 ਵਿਚ ਦੇਸ਼ ਦੋ ਟੋਟੇ ਹੋ ਗਿਆ। 1980ਵਿਆਂ ਵਿਚ ਅਮਰੀਕਾ ਨੇ ਪਾਕਿਸਤਾਨ ਦੀ ਧਰਤੀ ਨੂੰ ਅਫ਼ਗ਼ਾਨਿਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਵਿਰੁੱਧ ਲੜਨ ਲਈ ਵਰਤਿਆ। ਸੋਵੀਅਤ ਯੂਨੀਅਨ ਦੇ ਅਫ਼ਗ਼ਾਨਿਸਤਾਨ ਤੋਂ ਹਟ ਜਾਣ ਤੋਂ ਬਾਅਦ ਜਿਹਾਦੀ ਟੋਲਿਆਂ ਨੇ ਅਫ਼ਗ਼ਾਨਿਸਤਾਨ ਵਿਚ ਆਪਣੀ ਹਕੂਮਤ ਕਾਇਮ ਕੀਤੀ। ਦਹਿਸ਼ਤਪਸੰਦ ਜਥੇਬੰਦੀਆਂ ਨੇ ਅਮਰੀਕਾ, ਇੰਗਲੈਂਡ, ਸਪੇਨ ਤੇ ਹੋਰ ਕਈ ਦੇਸ਼ਾਂ ਵਿਚ ਦਹਿਸ਼ਤਗਰਦ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿਚੋਂ 11 ਸਤੰਬਰ 2001 ਨੂੰ 'ਜੌੜੇ ਟਾਵਰਾਂ' ਨੂੰ ਢਾਹੁਣ ਵਾਲੀ ਕਾਰਵਾਈ ਪ੍ਰਮੁੱਖ ਸੀ। ਇਨ੍ਹਾਂ ਜਥੇਬੰਦੀਆਂ ਨੇ ਪਾਕਿਸਤਾਨ ਦੇ ਲੋਕਾਂ ਵਿਰੁੱਧ ਵੀ ਦਹਿਸ਼ਤਗਰਦ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿਚ ਸ਼ੀਆ ਮੁਸਲਮਾਨਾਂ ਅਤੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਦੀ ਦੇ ਦੂਸਰੇ ਦਹਾਕੇ ਵਿਚ ਪਾਕਿਸਤਾਨ ਵਿਚ ਹੋਈਆਂ ਦਹਿਸ਼ਤਗਰਦ ਕਾਰਵਾਈਆਂ ਕਾਰਨ ਸੈਂਕੜੇ ਲੋਕ ਮਾਰੇ ਗਏ ਜਿਨ੍ਹਾਂ ਵਿਚ ਸਕੂਲਾਂ ਦੇ ਬੱਚੇ ਵੀ ਸ਼ਾਮਲ ਹਨ। ਇਸ ਤਰ੍ਹਾਂ ਦੇ ਮਾਹੌਲ ਕਾਰਨ ਪਾਕਿਸਤਾਨ ਦੀ ਆਰਥਿਕ ਹਾਲਤ ਵਿਗੜਦੀ ਗਈ ਅਤੇ ਹੁਣ ਉਹ ਇੰਟਰਨੈਸ਼ਨਲ ਮਾਨੀਟਰਿੰਗ ਫੰਡ ਦਾ ਦਰਵਾਜ਼ਾ ਖਟਖਟਾ ਰਿਹਾ ਹੈ। ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲ਼ੇ ਪਾਕਿਸਤਾਨ ਵਿਚ ਅਸਲੀ ਸੱਤਾ (Deep State) ਵਿਚ ਬੈਠੇ ਹੋਏ ਲੋਕ ਮਹਿਸੂਸ ਕਰਦੇ ਹਨ ਕਿ ਜੇਕਰ ਆਤੰਕਵਾਦ ਨੂੰ ਨਕੇਲ ਨਾ ਪਾਈ ਗਈ ਤਾਂ ਇਹ ਪਾਕਿਸਤਾਨ ਨੂੰ ਹੀ ਨਿਗਲ ਜਾਏਗਾ।
       ਇਤਿਹਾਸਕਾਰ ਇਸ਼ਤਿਆਕ ਅਹਿਮਦ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਇਸ ਤਰ੍ਹਾਂ ਹੋਣਾ ਸੁਭਾਵਿਕ ਸੀ ਕਿਉਂਕਿ ਰਿਆਸਤ (State) ਦਾ ਪ੍ਰਾਜੈਕਟ ਗ਼ੈਰ-ਸ਼ਮੂਲੀਅਤ ਵਾਲਾ ਸੀ। ਉਸ ਅਨੁਸਾਰ ਹਿੰਦੋਸਤਾਨ ਵਿਚ ਰਿਆਸਤ ਦਾ ਪ੍ਰਾਜੈਕਟ ਸ਼ਮੂਲੀਅਤ ਵਾਲਾ ਹੈ। ਹਿੰਦੋਸਤਾਨ ਦਾ ਸੰਵਿਧਾਨ ਧਰਮ ਨਿਰਪੱਖ ਜਮਹੂਰੀਅਤ ਪ੍ਰਤੀ ਵਚਨਬੱਧ ਹੈ। ਮਨੁੱਖੀ ਹੱਕਾਂ ਤੇ ਆਜ਼ਾਦੀ ਨੂੰ ਯਕੀਨੀ ਬਣਾਉਣਾ ਅਤੇ ਨਿਰਪੱਖ ਢੰਗ ਤਰੀਕੇ ਨਾਲ ਚੋਣਾਂ ਕਰਵਾਉਣੀਆਂ ਦੇਸ਼ ਦੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਵਿਚ ਸ਼ਾਮਲ ਹਨ। ਇਸ ਤਰ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦੀ ਹੋਂਦ ਅਤੇ ਉਨ੍ਹਾਂ ਨੂੰ ਆਪਣਾ ਪ੍ਰਚਾਰ ਕਰਨ ਲਈ ਮਿਲੀ ਆਜ਼ਾਦੀ ਦਾ ਸੋਮਾ ਭਾਰਤੀ ਸੰਵਿਧਾਨ ਹੈ। ਪਰ ਜੇ ਧਰਮ ਨਿਰਪੱਖਤਾ ਭਾਰਤੀ ਸੰਵਿਧਾਨ ਦੀ ਇਕ ਮੁੱਖ ਚੂਲ ਹੈ ਤਾਂ ਕੋਈ ਸਿਆਸੀ ਪਾਰਟੀ ਧਰਮ ਆਧਾਰਿਤ ਸਿਆਸਤ ਕਿਵੇਂ ਕਰ ਸਕਦੀ ਹੈ?
        ਭਾਜਪਾ ਵੱਲੋਂ ਕਾਂਗਰਸ 'ਤੇ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਉਸ ਨੇ ਘੱਟਗਿਣਤੀਆਂ ਨੂੰ ਰਿਆਇਤਾਂ ਦੇਣ ਦੀ ਰਣਨੀਤੀ ਅਪਣਾਈ ਅਤੇ ਇਸ ਕਾਰਨ ਦੇਸ਼ ਦੇ ਬਹੁਗਿਣਤੀ ਵਾਲੇ ਫ਼ਿਰਕੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਗਈ। 1951 ਵਿਚ ਹੋਂਦ ਵਿਚ ਆਈ ਜਨਸੰਘ ਮੂਲਵਾਦੀ ਏਜੰਡੇ ਵਾਲੀ ਪਾਰਟੀ ਸੀ ਜਿਹੜੀ ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਈ। ਜਨਤਾ ਪਾਰਟੀ ਦੇ ਟੁੱਟਣ ਤੋਂ ਬਾਅਦ ਇਸ ਨੇ ਭਾਰਤੀ ਜਨਤਾ ਪਾਰਟੀ ਦੇ ਨਾਂ ਹੇਠ ਹੋਂਦ ਵਿਚ ਆ ਕੇ ਹਿੰਦੂਤਵ ਵਾਲੇ ਏਜੰਡੇ ਦੇ ਨਵੇਂ ਨਕਸ਼ ਉਲੀਕੇ। ਪ੍ਰਚਾਰ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਵਰਤੇ ਗਏ : ਕੁਝ ਪ੍ਰਚਾਰ ਬੜੇ ਸਹਿਜ ਨਾਲ ਕੀਤਾ ਗਿਆ ਅਤੇ ਉਸ ਵਿਚ ਦੇਸ਼ ਦੀ ਵੱਡੀ ਬਹੁਗਿਣਤੀ ਨੂੰ ਘੱਟਗਿਣਤੀ ਫ਼ਿਰਕੇ ਦੇ ਜ਼ੁਲਮਾਂ ਕਾਰਨ ਸਦੀਆਂ ਤੋਂ ਪੀੜਤ ਦਰਸਾਇਆ ਗਿਆ। ਕੁਝ ਪ੍ਰਚਾਰ ਬਹੁਤ ਪ੍ਰਚੰਡਤਾ ਨਾਲ ਕੀਤਾ ਗਿਆ ਜਿਸ ਵਿਚ ਅਯੁੱਧਿਆ ਵਿਚ ਰਾਮ ਮੰਦਰ ਬਣਾਉਣਾ ਮੁੱਖ ਏਜੰਡਾ ਬਣਿਆ। ਉਸ ਸਮੇਂ ਹੀ ਕਈ ਪ੍ਰਚਾਰਕ, ਜਿਨ੍ਹਾਂ ਵਿਚ ਕੁਝ ਸਾਧੂ ਤੇ ਸਾਧਵੀਆਂ ਵੀ ਸ਼ਾਮਲ ਸਨ/ਹਨ, ਦੇ ਤਿੱਖੇ ਤੇ ਜ਼ਹਿਰੀਲੇ ਪ੍ਰਚਾਰ ਕਾਰਨ ਦੇਸ਼ ਵਿਚ ਫ਼ਿਰਕੂ ਪਾੜਾ ਵਧਿਆ।
        ਇਹੋ ਜਿਹੇ ਪ੍ਰਚਾਰ ਕਾਰਨ ਭਾਜਪਾ ਮਜ਼ਬੂਤ ਹੁੰਦੀ ਚਲੀ ਗਈ ਅਤੇ ਉਸ ਨੇ ਇਹ ਵੀ ਵੇਖਿਆ ਕਿ ਗੁਜਰਾਤ ਵਿਚ ਹੋਏ 2002 ਦੇ ਦੰਗਿਆਂ ਤੋਂ ਬਾਅਦ ਉਹ ਰਿਆਸਤ ਤੇ ਸਿਆਸਤ ਵਿਚ ਇਕ ਇਹੋ ਜਿਹੀ ਬਣਤਰ ਪੈਦਾ ਕਰ ਸਕਦੀ ਹੈ ਜਿਸ ਨੂੰ ਹਿਲਾਉਣਾ ਮੁਸ਼ਕਲ ਹੋਵੇਗਾ। ਇਸੇ ਕਾਰਨ ਉਸ ਨੇ 2014 ਵਿਚ ਵੋਟਾਂ ਦਾ ਧਰੁਵੀਕਰਨ ਕਰਕੇ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ। ਫ਼ਿਰਕੂ ਪਾੜੇ ਨੂੰ ਵਧਾਉਣ ਅਤੇ ਹਿੰਦੂਤਵ ਦੇ ਏਜੰਡੇ ਨੂੰ ਪ੍ਰਚਾਰ ਕਰਨ ਦਾ ਪ੍ਰਯੋਗ ਕਈ ਥਾਵਾਂ 'ਤੇ ਕੀਤਾ ਗਿਆ ਜੋ ਸਫ਼ਲ ਰਿਹਾ। ਹੁਣ ਵੀ ਚੋਣਾਂ ਵਿਚ ਆਰਥਿਕ ਜਾਂ ਸਮਾਜਿਕ ਮੁੱਦਿਆਂ ਦੀ ਥਾਂ 'ਤੇ ਇਹੋ ਜਿਹੇ ਭੜਕਾਊ ਮੁੱਦਿਆਂ ਨੂੰ ਹੀ ਤਰਜੀਹ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
        ਸਵਾਲ ਇਹ ਹੈ ਕਿ ਲੋਕਾਂ ਨੂੰ ਵਰ੍ਹਿਆਂ ਦੇ ਵਰ੍ਹੇ ਇਸ ਨਫ਼ਰਤ-ਫੈਲਾਊ ਸੋਚ-ਸਮਝ ਨਾਲ ਲੈਸ ਕਰਕੇ ਅਸੀਂ ਕਿਸ ਪਾਸੇ ਵੱਲ ਵਧ ਰਹੇ ਹਾਂ? ਇਸ ਸਬੰਧ ਵਿਚ ਫਹਿਮੀਦਾ ਰਿਆਜ਼ ਦੀ ਮਸ਼ਹੂਰ ਕਵਿਤਾ 'ਤੁਮ ਬਿਲਕੁਲ ਹਮ ਜੈਸੇ ਨਿਕਲੇ' ਦੀ ਉਦਾਹਰਨ ਦਿੱਤੀ ਜਾਂਦੀ ਹੈ ਜਿਸ ਦਾ ਸਾਰ ਇਹ ਹੈ ਕਿ ਹਿੰਦੋਸਤਾਨ ਦੀ ਸਿਆਸਤ ਵੀ ਪਾਕਿਸਤਾਨ ਦੀ ਸਿਆਸਤ ਵਾਂਗ ਫ਼ਿਰਕੂ ਲੀਹਾਂ 'ਤੇ ਪਈ ਹੋਈ ਹੈ। ਸਾਰੇ ਜਾਣਦੇ ਹਨ ਕਿ ਇਹ ਦੇਸ਼ ਦੇ ਹਿੱਤ ਵਿਚ ਨਹੀਂ ਪਰ ਇਸ ਤੋਂ ਹੁੰਦੇ ਸਿਆਸੀ ਲਾਭ ਏਨੇ ਵੱਡੇ ਹੁੰਦੇ ਹਨ ਕਿ ਸਿਆਸੀ ਪਾਰਟੀਆਂ ਇਨ੍ਹਾਂ ਜਜ਼ਬਾਤੀ ਮੁੱਦਿਆਂ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕਰਦੀਆਂ। ਪਰ ਇਸ ਨਾਲ ਅਸੀਂ ਗ਼ੈਰ-ਜਮਹੂਰੀ ਤੇ ਨੀਮ-ਫਾਸ਼ੀਵਾਦੀ ਰਾਹਾਂ ਵੱਲ ਵਧ ਰਹੇ ਹਾਂ। ਆਪਸ ਵਿਚ ਨਫ਼ਰਤ ਕਰਨ ਅਤੇ ਦੂਸਰੇ ਫ਼ਿਰਕਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਵਾਲੇ ਲੋਕ ਕਦੇ ਵੀ ਮਜ਼ਬੂਤ ਜਮਹੂਰੀਅਤ ਦੀ ਸਿਰਜਣਾ ਨਹੀਂ ਕਰ ਸਕਦੇ। ਇਸ ਲਈ ਜ਼ਰੂਰਤ ਹੈ ਕਿ ਇਹੋ ਜਿਹੇ ਰੁਝਾਨਾਂ ਦਾ ਸਮੂਹਿਕ ਵਿਰੋਧ ਕਰਦਿਆਂ ਪੈਰ-ਪੈਰ 'ਤੇ ਇਨ੍ਹਾਂ ਵਿਰੁੱਧ ਲੜਾਈ ਕੀਤੀ ਜਾਏ, ਨਹੀਂ ਤਾਂ ਇਹ ਜ਼ਹਿਰ ਸਾਡੀ ਜਮਹੂਰੀਅਤ ਦੇ ਸਰੀਰ ਦੀਆਂ ਨਸਾਂ ਵਿਚ ਫੈਲ ਕੇ ਆਪਾਮਾਰੂ ਤਾਸੀਰ ਗ੍ਰਹਿਣ ਕਰ ਜਾਏਗਾ।