ਖ਼ੁਸ਼ੀ ਦਾ ਮੀਟਰ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਵਰਲਡ ਇਕੋਨੌਮਿਕ ਫੋਰਮ ਵੱਲੋਂ '2019 ਵਰਲਡ ਹੈੱਪੀਨੈੱਸ' ਰਿਪੋਰਟ ਵਿਚ 156 ਮੁਲਕਾਂ ਉੱਤੇ ਕੀਤੇ ਸਰਵੇਖਣ ਅਨੁਸਾਰ :-
ਫਿਨਲੈਂਡ-ਪਹਿਲਾ ਨੰਬਰ
ਡੈਨਮਾਰਕ
ਨਾਰਵੇ
ਆਈਸਲੈਂਡ
ਨੀਦਰਲੈਂਡ/ਹੋਲੈਂਡ
ਸਵਿਟਜ਼ਰਲੈਂਡ
ਸਵੀਡਨ
ਨਿਊਜ਼ੀਲੈਂਡ
ਕਨੇਡਾ
ਆਸਟ੍ਰੀਆ
ਯੂ.ਐਸ.ਏ. 19ਵੇਂ ਨੰਬਰ
ਯੂ.ਕੇ. 15ਵੇਂ ਨੰਬਰ
ਆਇਰਲੈਂਡ 16ਵੇਂ
ਪਾਕਿਸਤਾਨ 67ਵੇਂ
ਭਾਰਤ 140ਵੇਂ


ਕਿਸ ਆਧਾਰ ਉੱਤੇ :-

1. ਜੀ.ਡੀ.ਪੀ
2. ਸਰਕਾਰੀ ਮਦਦ ਤੇ ਇਕ ਦੂਜੇ ਦਾ ਸਹਾਰਾ ਬਣਨਾ
3. ਲੰਮੀ ਉਮਰ ਭੋਗਣਾ
4. ਆਪਣੀ ਜ਼ਿੰਦਗੀ ਨੂੰ ਜੀਊਣ ਦਾ ਢੰਗ ਆਪਣੇ ਹਿਸਾਬ ਨਾਲ
5. ਭ੍ਰਿਸ਼ਟਾਚਾਰ
6. ਖੁੱਲਦਿਲੀ
ਅਮਰੀਕਾ ਦੀ ਜੀ.ਡੀ.ਪੀ. ਸਭ ਤੋਂ ਵੱਧ ਹੈ ਪਰ ਜੂਆ, ਇੰਟਰਨੈੱਟ ਦੀ ਹੱਦੋਂ ਵੱਧ ਵਰਤੋਂ, ਸ਼ਰਾਬ, ਵੀਡੀਓ ਗੇਮਾਂ, ਖ਼ਰੀਦੋ ਫਰੋਖ਼ਤ, ਫਾਸਟ ਫੂਡਜ਼, ਆਦਿ ਦੀ ਵੀ ਹੱਦੋਂ ਵੱਧ ਵਰਤੋਂ ਉਨ੍ਹਾਂ ਨੂੰ ਖ਼ੁਸ਼ੀ ਦਾ ਇਹਸਾਸ ਕਰਨ ਦਾ ਵਕਤ ਨਹੀਂ ਦਿੰਦੇ। ਇਹ ਲੱਭਿਆ ਗਿਆ ਕਿ ਜਿਹੜੇ ਖ਼ੁਸ਼ ਹੋਣ ਉਹ ਲੋਕਤੰਤਰ ਪਸੰਦ ਕਰਦੇ ਹਨ ਤੇ ਵੋਟ ਪਾਉਂਦੇ ਹਨ।
ਭਲਾ ਭਾਰਤ ਵਿਚ ਲੋਕ ਖ਼ੁਸ਼ ਕਿਉਂ ਨਹੀਂ ਹਨ? ਕਿਉਂ ਭਾਰਤੀ ਲੋਕਾਂ ਦੀ ਖ਼ੁਸ਼ੀ ਦਾ ਗ੍ਰਾਫ਼ ਹੇਠਾਂ ਜਾ ਰਿਹਾ ਹੈ?
ਭਾਰਤੀ ਸੱਭਿਆਚਾਰ ਵਿਚ ਟੱਬਰ ਨੂੰ ਗੁੰਦ ਕੇ ਰੱਖਣ ਅਤੇ ਜ਼ਿੰਮੇਵਾਰੀਆਂ ਲੱਦਣ ਦਾ ਬਹੁਤ ਵੱਡਾ ਨੁਕਤਾ ਸ਼ਾਮਲ ਹੈ। ਇਸ ਤੋਂ ਇਲਾਵਾ ਸਹੀ ਮੌਕੇ ਦੀ ਉਡੀਕ ਵਿਚ ਲਗਭਗ ਪੂਰੀ ਉਮਰ ਹੀ ਲੰਘਾ ਦਿੱਤੀ ਜਾਂਦੀ ਹੈ। ਇਹ ਸਹੀ ਸਮਾਂ-ਜਦੋਂ ਪਤਲੇ ਹੋਵਾਂਗੇ, ਜਦੋਂ ਬੱਚੇ ਹੋਣਗੇ, ਜਦੋਂ ਦੀਵਾਲੀ ਆਏਗੀ, ਜਦੋਂ ਤਨਖ਼ਾਹ ਮਿਲੇਗੀ, ਜਦੋਂ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ, ਆਦਿ ਨਾਲ ਸਾਡਾ ਦਿਮਾਗ਼ ਇਹ ਸੋਚ ਪਾਲ ਲੈਂਦਾ ਹੈ ਕਿ ਹਾਲੇ ਮੌਜ ਮਸਤੀ, ਵਿਹਲੇ ਹੋਣ ਜਾਂ ਖੁਸ਼ ਹੋਣ ਦਾ ਸਹੀ ਸਮਾਂ ਨਹੀਂ ਹੈ।
ਕਈ ਜਣੇ 'ਸਹੀ ਸਮਾਂ' ਰਿਟਾਇਰਮੈਂਟ ਤੋਂ ਬਾਅਦ ਦਾ ਮੰਨ ਲੈਂਦੇ ਹਨ, ਕੁੱਝ ਘਰ ਬਣ ਜਾਣ ਬਾਅਦ ਨੂੰ ਤੇ ਕੁੱਝ ਵਧੀਆ ਸਰਕਾਰੀ ਨੌਕਰੀ ਹਾਸਲ ਕਰਨ ਤੱਕ ਉਡੀਕਦੇ ਰਹਿੰਦੇ ਹਨ।
ਅਜਿਹੀ ਮੰਜ਼ਿਲ ਹਾਸਲ ਕਰਨ ਵੇਲੇ ਤੱਕ ਦਾ ਸਮਾਂ, ਆਪਣੇ ਆਪ ਹੀ ਕੰਮ ਕਰਦੇ ਰਹਿਣ, ਮਿਹਨਤ ਕਰਨ ਤੇ ਤਣਾਓ ਅਧੀਨ ਰਹਿਣ ਉੱਤੇ ਮਜਬੂਰ ਕਰ ਦਿੰਦਾ ਹੈ ਕਿਉਂਕਿ ਦਿਮਾਗ਼ ਸਿਰਫ਼ ਉਸੇ ਨੁਕਤੇ ਉੱਤੇ ਹੀ ਟਿਕ ਜਾਂਦਾ ਹੈ ਕਿ ਖ਼ੁਸ਼ੀ ਮਿਲਣ ਦਾ ਕਾਰਨ ਹਾਲੇ ਹਾਸਲ ਨਹੀਂ ਹੋਇਆ ਸੋ ਹੋਰ ਨਿੱਠ ਕੇ ਕੰਮ ਕਰਦੇ ਰਹੋ, ਭਾਵੇਂ ਲੁੱਟਾਂ-ਖੋਹਾਂ ਹੀ ਕਿਉਂ ਨਾ ਕਰਨੀਆਂ ਪੈਣ!
ਕਈ ਵਾਰ 'ਉਹ ਸਮਾਂ' ਆਉਂਦਾ ਹੀ ਨਹੀਂ। ਅਜਿਹੀ ਜ਼ਿੰਦਗੀ ਸਿਰਫ਼ ਜੂਝਣ, ਢਹਿੰਦੀ ਕਲਾ ਸਮੇਟਣ ਤੇ ਕੰਮ ਕਾਰ ਕਰਦਿਆਂ ਹੀ ਮੁੱਕ ਜਾਂਦੀ ਹੈ।
'ਜਦੋਂ' ਦੇ ਚੱਕਰਵਿਊ ਵਿਚ ਮਨ ਆਪਣੇ ਆਲੇ-ਦੁਆਲੇ ਦੇ ਖ਼ੁਸ਼ੀ ਦੇ ਮੌਕਿਆਂ ਦਾ ਇਹਸਾਸ ਹੀ ਨਹੀਂ ਕਰ ਸਕਦਾ।
ਅਜਿਹੀ ਹੀ ਇਕ 'ਜਦੋਂ' ਹੁੰਦੀ ਹੈ, ਕਰੋੜਪਤੀ ਬਣਨ ਦੀ ਚਾਹ। ਇਹ ਲੋੜ ਬੰਦੇ ਨੂੰ ਵਿਆਹ ਦੇ ਸਮਾਗਮ ਉੱਤੇ ਵੀ ਆਪਣੇ ਮੋਬਾਈਲ ਉੱਤੇ ਆਪਣੇ ਅਧੀਨ ਕੰਮ ਕਰਦੇ ਲੋਕਾਂ ਨੂੰ ਨਸੀਹਤਾਂ ਦੇਣ, ਹੁਕਮ ਦੇਣ ਜਾਂ ਆਰਡਰ ਮੰਗਵਾਉਣ ਤੱਕ ਹੀ ਸੀਮਤ ਕਰ ਦਿੰਦੀ ਹੈ। ਆਲੇ-ਦੁਆਲੇ ਖਿੱਲਰਲੇ ਹਾਸੇ ਵੀ ਅਜਿਹੇ ਇਨਸਾਨ ਨੂੰ ਸ਼ੋਰ ਸ਼ਰਾਬਾ ਲੱਗਦੇ ਹਨ। ਫ਼ੋਨ ਸੁਣਨ ਲਈ ਦੂਜੇ ਕੰਨ ਉੱਤੇ ਉਂਗਲ ਰੱਖ ਕੇ ਹਾਸੇ ਦੀ ਆਵਾਜ਼ ਬੰਦ ਕਰਨ ਜਾਂ ਉਸ ਥਾਂ ਤੋਂ ਬਾਹਰ ਨਿਕਲਣਾ ਆਮ ਹੀ ਰੁਝਾਨ ਬਣ ਚੁੱਕਿਆ ਹੈ। ਵਿਰਲਾ ਹੀ ਕੋਈ ਵਿਆਹ ਦੇ ਸਮਾਗਮਾਂ ਜਾਂ ਦੋਸਤਾਂ ਵਿਚ ਬਹਿ ਕੇ ਆਪਣਾ ਮੋਬਾਈਲ ਬੰਦ ਕਰਦਾ ਹੈ।
ਬਿਲਕੁਲ ਇੰਜ ਹੀ ਘਰ ਮੁੜਦਿਆਂ ਬੱਚੇ ਨੂੰ ਜੱਫੀ ਪਾਉਂਦਿਆਂ ਫ਼ੋਨ ਵੱਜ ਪਵੇ ਤਾਂ ਬੱਚਾ ਪਰ੍ਹਾਂ ਧੱਕ ਕੇ, ਬੱਚੇ ਨੂੰ ਖਿੱਝ ਕੇ ਚੁੱਪ ਕਰਵਾ ਕੇ, ਆਪਣੇ ਫ਼ੋਨ ਉੱਤੇ ਹਦਾਇਤਾਂ ਦੇਣੀਆਂ ਜਾਂ ਸੁਣਨ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਜਦੋਂ ਹੀ ਕਰੋੜਪਤੀ ਵਾਲੀ ਸੋਚ ਪੂਰੀ ਹੋ ਜਾਵੇ ਤਾਂ ਹੋਰ ਕਮਾਉਣ ਦੀ ਚਾਹ ਜਕੜ ਲੈਂਦੀ ਹੈ। ਇਸੇ ਤਰ੍ਹਾਂ ਕਰਦਿਆਂ ਸਾਈਕਲ ਦੇ ਪਹੀਏ ਵਾਂਗ ਘੁੰਮਦਿਆਂ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਕਰੋੜਪਤੀ ਤੋਂ ਖ਼ਰਬਾਂਪਤੀ ਬਣਨ ਦਾ ਚੱਕਰ ਨਹੀਂ ਮੁੱਕਦਾ।
ਇਹੋ ਜਿਹੇ ਲੱਖਾਂ ਲੋਕ ਇਸ ਵੇਲੇ ਤਣਾਓ ਅਧੀਨ ਘੁੰਮ ਰਹੇ ਹਨ ਕਿਉਂਕਿ ਇਹ ਸਾਰੇ ਆਪਣੇ 'ਜਦੋਂ' ਦੀ ਲੋੜ ਪੂਰੀ ਕਰਨ ਨੂੰ ਕਾਹਲੇ ਜ਼ਿੰਦਗੀ ਜੀਊਣ ਭਾਰੇ ਭੁੱਲ ਚੁੱਕੇ ਹਨ।
ਇਹੀ ਤਣਾਓ ਤੇ ਹੋਰ ਪਾਉਣ ਦੀ ਚਾਹ ਜਨਮ ਦਿੰਦੀ ਹਨ ਮਾਨਸਿਕ ਤੇ ਸਰੀਰਕ ਰੋਗਾਂ ਨੂੰ। ਕੋਈ ਹਾਰਟ ਅਟੈਕ, ਕੋਈ ਬਲੱਡ ਪ੍ਰੈੱਸ਼ਰ, ਕੋਈ ਕੈਂਸਰ, ਐਲਰਜੀ, ਚਮੜੀ ਦੇ ਰੋਗ, ਜੋੜਾਂ ਦੇ ਦਰਦ, ਨਪੁੰਸਕਤਾ, ਦਮਾ, ਪਾਸਾ ਮਾਰਿਆ ਜਾਣਾ, ਐਨਜਾਈਨਾ, ਸ਼ੱਕਰ ਰੋਗ, ਆਦਿ ਨਾਲ ਜੂਝਦਾ ਤੇ ਆਪਣੇ ਨਸੀਬ ਨੂੰ ਕੋਸਦਾ ਹੌਲੀ-ਹੌਲੀ ਕੋਈ ਆਸਰਾ ਭਾਲਦਾ ਕਿਸੇ ਵੈਦ, ਹਕੀਮ, ਜੋਤਸ਼ੀ ਜਾਂ ਬਾਬੇ ਕੋਲ ਪਹੁੰਚ ਜਾਂਦਾ ਹੈ ਕਿ ਜ਼ਿੰਦਗੀ ਵਿਚ ਖ਼ੁਸ਼ੀ ਹੈ ਹੀ ਨਹੀਂ, ਨਿਰਾ ਕਲੇਸ਼ ਤੇ ਦੁਖ ਹੀ ਹੈ! ਫਿਰ ਉਸ ਤੋਂ ਨਿਜਾਤ ਪਾਉਣ ਲਈ ਹਰ ਕਿਸਮ ਦੇ ਢਕੌਸਲੇ ਸ਼ੁਰੂ ਹੋ ਜਾਂਦੇ ਹਨ।
ਕੋਈ ਕਾਲੀ ਦਾਲ ਵੰਡਣ ਦੇ ਚੱਕਰ ਵਿਚ, ਕੋਈ ਅਖੰਡ ਪਾਠ ਕਰਵਾਉਣ, ਕੋਈ ਹਰਿਦੁਆਰ ਜਾਣ ਤੇ ਕੋਈ ਕੀੜੀਆਂ ਨੂੰ ਚੌਲ ਪਾਉਣ ਵੱਲ ਰੁੱਝ ਜਾਂਦਾ ਹੈ। ਇਨ੍ਹਾਂ ਵਿੱਚੋਂ ਕੋਈ ਆਪਣੇ ਹੀ ਬੱਚੇ ਦਾ ਪਹਿਲਾ ਕਦਮ ਪੁੱਟਣ ਉੱਤੇ ਖ਼ੁਸ਼ੀ ਨਾਲ ਝੂਮ ਕੇ ਖਿੜਖਿੜਾ ਕੇ ਹੱਸਦਾ ਨਹੀਂ। ਨਾ ਹੀ ਇਨ੍ਹਾਂ ਵਿੱਚੋਂ ਕਿਸੇ ਨੂੰ ਇਹ ਪਤਾ ਹੁੰਦਾ ਹੈ ਕਿ ਅੱਜ ਉਨ੍ਹਾਂ ਦੇ ਬੱਚੇ ਨੇ ਪੈਨਸਿਲ ਨਾਲ ਪਹਿਲੀ ਟੇਢੀ ਮੇਢੀ ਲਕੀਰ ਕਾਗਜ਼ ਉੱਤੇ ਵਾਹੀ ਹੈ ਜਿਸ ਨੂੰ ਵਿਖਾਉਣ ਲਈ ਬੱਚਾ ਆਪਣੇ ਮਾਪਿਆਂ ਕੋਲ ਰਿੜ੍ਹਦਾ ਆਪਣੀ ਤੋਤਲੀ ਜ਼ਬਾਨ ਨਾਲ ਬੁਲਾਉਂਦਾ, ਮੋਹ ਜਤਾਉਂਦਾ ਘੁੰਮ ਰਿਹਾ ਹੈ।
ਆਪਣੇ ਹੀ ਫ਼ੋਨਾਂ ਵਿਚ ਰੁੱਝੇ, ਇਕ ਦੂਜੇ ਨੂੰ ਮਿਹਣੇ ਮਾਰਦੇ ਤੇ ਆਪਣੀ ਫੁੱਟੀ ਕਿਸਮਤ ਨੂੰ ਕੋਸਦੇ ਬਥੇਰੇ ਜਣੇ ਅਜਿਹੇ ਖ਼ੁਸ਼ੀ ਵਾਲੇ ਪਲ ਮਹਿਸੂਸ ਕਰ ਹੀ ਨਹੀਂ ਸਕਦੇ। ਇਸ ਦੇ ਨਾਲ ਜੁੜ ਜਾਂਦਾ ਹੈ ਦੂਜੇ ਨਾਲ ਆਪਣੇ ਆਪ ਨੂੰ ਮੇਚਣਾ!
ਦੂਜੇ ਦੀ ਆਮਦਨ ਮੇਰੇ ਤੋਂ ਵੱਧ, ਦੂਜਾ ਮੇਰੇ ਤੋਂ ਵੱਧ ਖ਼ੁਸ਼, ਉਸ ਦੀ ਵਹੁਟੀ ਸੋਹਣੀ, ਉਸ ਦੀ ਬੇਟੀ ਵਧੀਆ ਨੌਕਰੀ 'ਤੇ, ਉਸ ਦਾ ਘਰ ਵੱਡਾ, ਉਸ ਦੀ ਕਾਰ ਵੱਡੀ, ਉਸ ਕੋਲ ਨੌਕਰ ਵੱਧ, ਰੁਤਬਾ ਵੱਡਾ, ਆਦਿ ਦੀ ਸੋਚ ਮਨ ਦੇ ਕਿਸੇ ਕੋਨੇ ਵਿਚ ਫਸੀ ਰਤਾ ਮਾਸਾ ਖ਼ੁਸ਼ੀ ਵੀ ਬਾਹਰ ਕੱਢ ਕੇ ਸਿਰਫ਼ ਨਿਰਾਸਾ ਭਰ ਦਿੰਦੇ ਹਨ। ਇੰਜ ਦੂਜੇ ਨੂੰ ਢਾਅ ਲਾਉਣ ਦਾ ਸਿਲਸਿਲਾ ਵੀ ਚਾਲੂ ਹੋ ਜਾਂਦਾ ਹੈ ਕਿ ਦੂਜੇ ਨੂੰ ਹੇਠਾਂ ਖਿੱਚਾਂਗੇ ਤਾਂ ਹੀ ਖ਼ੁਸ਼ੀ ਮਹਿਸੂਸ ਹੋਵੇਗੀ।
ਵੱਡੀ ਪੱਧਰ ਉੱਤੇ ਅਜਿਹੀ ਸੋਚ ਪਸਰੀ ਵੇਖ ਕੇ ਤਣਾਓ ਮੀਟਰ ਨੇ ਆਪੇ ਉੱਤੇ ਚੜ੍ਹ ਜਾਣਾ ਹੋਇਆ ਤੇ ਖ਼ੁਸ਼ੀ ਦੇ ਮੀਟਰ ਨੇ ਜ਼ੀਰੋ ਉੱਤੇ ਪਹੁੰਚ ਜਾਣਾ ਹੋਇਆ।
ਜਦੋਂ ਕਾਲੀ ਦਾਲ ਵੰਡਣ ਬਾਅਦ ਵੀ ਖ਼ੁਸ਼ੀ ਵਾਪਸ ਨਾ ਮਿਲੇ ਤਾਂ ਖਿੱਝ ਤੇ ਗੁੱਸੇ ਨਾਲ ਭਰੇ ਕੁੱਝ ਲੋਕ ਆਪਣੇ ਘਰ ਦੇ ਬੱਚਿਆਂ ਤੇ ਵਹੁਟੀ ਨੂੰ ਮਾਰਨ ਕੁੱਟਣ ਲੱਗ ਪੈਂਦੇ ਹਨ ਤੇ ਆਲੇ-ਦੁਆਲੇ ਵੀ ਸੜਕ ਉੱਤੇ ਲੰਘਦੇ ਨੂੰ ਰੋਕ ਕੇ ਗਾਲ੍ਹਾਂ ਕੱਢਣ ਜਾਂ ਮਾਰ ਕੁਟਾਈ ਤੱਕ ਪਹੁੰਚ ਜਾਂਦੇ ਹਨ।
ਜਦੋਂ ਗੁੱਸੇ ਤੇ ਖਿੱਝ ਦੀ ਚਰਮ ਸੀਮਾ ਹੋਵੇ ਤਾਂ ਕਤਲ ਜਾਂ ਬਲਾਤਕਾਰ ਤੱਕ ਕਰ ਦਿੱਤਾ ਜਾਂਦਾ ਹੈ। ਇਹ ਸਭ ਕਰਨ ਬਾਅਦ ਵੀ ਖ਼ੁਸ਼ੀ ਨਦਾਰਦ!
ਖ਼ੁਸ਼ੀ ਹੈ ਤਾਂ ਚੁਫ਼ੇਰੇ ਪਰ ਅਸੀਂ ਮਹਿਸੂਸ ਕਰਨਾ ਭੁੱਲ ਚੁੱਕੇ ਹਾਂ। 'ਹੋਰ' ਤੇ 'ਜਦੋਂ' ਦੇ ਚੱਕਰਵਿਊ ਵਿਚ ਸ਼ੁਕਰਾਨਾ ਕਿਧਰੇ ਗੁੰਮ ਹੋ ਗਿਆ ਹੈ। ਖ਼ੁਸ਼ੀ ਲੱਭਣ ਲਈ ਰਸਤਾ ਭਾਲਦਿਆਂ ਰਸਤੇ ਵਿਚ ਪਈ ਖ਼ੁਸ਼ੀ ਨੂੰ ਮਿੱਧ ਕੇ ਲੰਘ ਜਾਂਦੇ ਹਾਂ।
ਹਰ ਰੋਜ਼ ਸੂਰਜ ਦੀ ਪਹਿਲੀ ਕਿਰਨ ਨਾਲ ਸਾਰੇ ਘਰਾਂ ਵਿਚ ਖ਼ੁਸ਼ੀ ਵੜਦੀ ਹੈ, ਪਰ ਕਿੰਨੇ ਜਣੇ ਮਹਿਸੂਸ ਕਰ ਰਹੇ ਹਨ? ਲੱਖਾਂ ਅੱਜ ਦੇ ਦਿਨ ਦੁਨੀਆ ਭਰ ਵਿਚ ਕੂਚ ਕਰ ਚੁੱਕੇ ਹਨ ਜਾਂ ਜਾਣੇ ਹਨ, ਪਰ ਅਸੀਂ ਅੱਖਾਂ ਖੋਲ੍ਹ ਕੇ ਨਵਾਂ ਦਿਨ ਚੜ੍ਹਦੇ ਵੇਖਿਆ ਹੈ। ਹੋ ਗਏ ਨਾ ਅਸੀਂ ਵਿਲੱਖਣ! ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਜ਼ਿੰਦਾ ਹਾਂ! ਜੇ ਜ਼ਿੰਦਾ ਹਾਂ, ਤਾਂ ਹੀ ਕੁੱਝ ਕਰ ਸਕਾਂਗੇ, ਵਰਨਾ ਤਾਂ ਘਰ ਵਿਚ ਮਾਤਮ ਹੁੰਦਾ! ਇੱਕ ਹੋਰ ਦਿਨ ਜ਼ਿੰਦਗੀ ਦਾ ਮਿਲ ਗਿਆ! ਜਸ਼ਨ ਦੀ ਗੱਲ ਹੋ ਗਈ। ਇਸ ਦਾ ਮਤਲਬ ਹੈ ਕਿ ਖ਼ੁਸ਼ੀ ਤਾਂ ਅੱਖਾਂ ਖੋਲ੍ਹਦੇ ਹੀ ਮਿਲ ਗਈ।
ਦੂਜੀ ਵੱਡੀ ਗੱਲ! ਅਸੀਂ ਵੇਖ ਸਕਦੇ ਹਾਂ! ਕਿੰਨੇ ਅੱਜ ਦੇ ਦਿਨ ਉੱਠ ਕੇ ਵੇਖ ਨਹੀਂ ਸਕੇ! ਕੁੱਝ ਸੁਣ ਨਹੀਂ ਸਕੇ, ਕੁੱਝ ਤੁਰ ਨਹੀਂ ਸਕੇ! ਅਸੀਂ ਵੇਖਿਆ ਵੀ, ਚਿੜੀਆਂ ਦਾ ਚਹਿਕਣਾ ਸੁਣਿਆ ਵੀ ਤੇ ਆਪਣੇ ਪੈਰਾਂ ਉੱਤੇ ਖੜ੍ਹੇ ਵੀ ਹੋ ਸਕੇ ਹਾਂ! ਫਿਰ ਭਲਾ ਹੱਥ ਜੋੜ ਕੇ ਕੁਦਰਤ ਦਾ ਧੰਨਵਾਦ ਕਿਉਂ ਨਹੀਂ ਕੀਤਾ?
ਇਹ ਧੰਨਵਾਦ ਤੇ ਸ਼ੁਕਰਾਨਾ ਹੀ ਖ਼ੁਸ਼ੀ ਦੇ ਮੀਟਰ ਵਿਚ ਵਾਧਾ ਕਰਦਾ ਹੈ। ਅੱਜ ਪੂਰਾ ਦਿਨ ਅਸੀਂ ਤੁਰ ਫਿਰ ਕੇ, ਕੰਮ ਕਰ ਕੇ, ਪੈਸਾ ਕਮਾ ਕੇ ਰਾਤ ਮੰਜੇ ਉੱਤੇ ਪੈ ਸਕੇ ਹਾਂ। ਇਸ ਦਾ ਮਤਲਬ ਹੈ ਅਨੇਕ ਖ਼ੁਸ਼ੀ ਦੇ ਪਲ ਅਸੀਂ ਵੇਖੇ ਹੋਣਗੇ ਪਰ ਮਹਿਸੂਸ ਨਹੀਂ ਕੀਤੇ। ਇਸ ਦਾ ਮਤਲਬ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਆਪਣੇ ਜ਼ਿੰਦਾ ਰਹਿਣ ਤੇ ਤੰਦਰੁਸਤ ਰਹਿਣ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।
ਖ਼ੁਸ਼ੀ ਹਾਸਲ ਕਰਨ ਲਈ ਤਾਂ ਏਨਾ ਹੀ ਬਥੇਰਾ ਹੁੰਦਾ ਹੈ ਕਿ ਲੰਘਦੇ ਜਾਂਦੇ ਬੰਦਿਆਂ ਵੱਲ ਵੇਖ ਕੇ ਮੁਸਕੁਰਾ ਲਿਆ ਜਾਏ। ਜਿਹੜਾ ਫ਼ੋਨ ਤੋਂ ਪਰ੍ਹਾਂ ਹੋਏਗਾ ਤੇ ਖਿੱਝਦਾ ਕ੍ਰਿੱਝਦਾ ਨਾ ਲੰਘਿਆ ਹੋਵੇਗਾ, ਉਨ੍ਹਾਂ ਵਿੱਚੋਂ ਕੋਈ ਇਕ ਹੋ ਸਕਦਾ ਹੈ, ਮੁਸਕਾਨ ਦੇ ਬਦਲੇ ਚਿਹਰੇ ਉੱਤੇ ਮੁਸਕਾਨ ਲੈ ਆਵੇ! 2ਲਓ ਜੀ ਹੋ ਗਿਆ ਸਿਲਸਿਲਾ ਸ਼ੁਰੂ ਖ਼ੁਸ਼ੀ ਹਾਸਲ ਕਰਨ ਦਾ!
ਨਾ ਦਾਲ ਵੰਡਣੀ ਪਈ, ਨਾ ਡੇਰੇ ਦੇ ਗੇੜੇ ਤੇ ਖ਼ੁਸ਼ੀ ਆਪਣੇ ਆਪ ਹਾਸਲ ਹੋ ਗਈ। ਕੰਮ ਕੀ ਕੀਤਾ? ਸਿਰਫ਼ ਮੱਥੇ ਉੱਤੇ ਪਈਆਂ ਤਿਊੜੀਆਂ ਹਟਾ ਕੇ ਬੁੱਲਾਂ ਨੂੰ ਫਰਕਣ ਦੀ ਖੁੱਲ੍ਹ ਦਿੱਤੀ!
ਘਰ ਵਾਪਸ ਪਹੁੰਚ ਕੇ ਬੱਚਿਆਂ ਨੂੰ ਘੁੱਟ ਕੇ ਪਾਈ ਜੱਫੀ ਤੇ ਵਹੁਟੀ ਨਾਲ ਕੀਤੀਆਂ ਦੋ ਪਿਆਰ ਦੀਆਂ ਗੱਲਾਂ ਜਾਂ ਦੋਸਤ ਨਾਲ ਕੀਤਾ ਖ਼ੁਸ਼ੀ ਦਾ ਇਜ਼ਹਾਰ ਹੀ ਮਨ ਨੂੰ ਮਹਿਕਾਉਣ ਲਈ ਬਥੇਰਾ ਹੁੰਦਾ ਹੈ।
ਕੁਦਰਤ ਨੇ ਤਾਂ ਚੁਫ਼ੇਰੇ ਜ਼ਿੰਦਗੀ ਜੀਊਣ ਦਾ ਢੰਗ ਸਮਝਾਉਣ ਦਾ ਜਤਨ ਕੀਤਾ ਪਿਆ ਹੈ। ਡੂੰਘਾ ਪਾਣੀ ਸ਼ਾਂਤ ਵਹਿੰਦਾ ਹੈ ਪਰ ਥੋੜਾ ਪਾਣੀ ਸ਼ੋਰ ਮਚਾਉਂਦਾ ਲੰਘਦਾ ਹੈ। ਇਹੀ ਵਧੀਆ ਸ਼ਖਸੀਅਤ ਵਾਲੇ ਇਨਸਾਨ ਦਾ ਗੁਣ ਹੋਣਾ ਚਾਹੀਦਾ ਹੈ। ਪਾਣੀ ਭਾਵੇਂ ਨਿਵਾਣ ਵੱਲ ਵਹੇ, ਪਰ ਉਸ ਵਿਚ ਤਾਕਤ ਹੈ ਕਿ ਸਾਹਮਣੇ ਪਏ ਪੱਥਰ ਨੂੰ ਚੀਰ ਕੇ ਆਪਣਾ ਰਾਹ ਬਣਾ ਸਕਦਾ ਹੈ।
ਮਿੱਟੀ ਵੀ ਤਾਂ ਹਰ ਤਰ੍ਹਾਂ ਦੇ ਰੂਪ ਵਿਚ ਢਲ ਜਾਂਦੀ ਹੈ, ਵੱਖੋ-ਵੱਖਰਾ ਰੰਗ ਧਾਰਨ ਕਰ ਲੈਂਦੀ ਹੈ ਤੇ ਹਰ ਕਿਸੇ ਨੂੰ, ਭਾਵੇਂ ਫਸਲ ਹੋਵੇ ਤੇ ਭਾਵੇਂ ਨਦੀਨ, ਆਪਣੇ ਵਿੱਚ ਉੱਗ ਲੈਣ ਦਿੰਦੀ ਹੈ।
ਇਹੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਸਾਰੇ ਜਣੇ ਰਲ ਮਿਲ ਕੇ ਖੇੜਾ ਵੰਡਦੇ ਰਹਿਣ ਤੇ ਇੱਕ ਦੂਜੇ ਨਾਲ ਮਿਲਵਰਤਣ ਰੱਖਣ। ਇਕ ਜਣਾ ਗੁੱਸੇ ਵਿਚ ਹੈ ਤਾਂ ਦੂਜਾ ਕੁੱਝ ਪਲ ਸ਼ਾਂਤ ਰਹਿ ਜਾਵੇ! ਜਿਉਂ ਹੀ ਪਹਿਲੇ ਦਾ ਗੁੱਸਾ ਘਟਿਆ, ਉਸ ਆਪੇ ਨੇੜੇ ਆ ਜਾਣਾ ਹੈ ਤੇ ਉਸ ਦਾ ਆਪਣਾ ਮਨ ਵੀ ਉਸ ਨੂੰ ਅਜਿਹੇ ਵਿਹਾਰ ਲਈ ਲਾਅਨਤਾਂ ਪਾਉਣ ਲੱਗ ਪੈਂਦਾ ਹੈ।
ਪਰ, ਇੱਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੋ ਬੀਜਿਆ ਜਾਵੇ, ਉੱਗਦਾ ਉਹੀ ਹੈ। ਧਤੂਰਾ ਬੀਜ ਕੇ ਅੰਬ ਨਹੀਂ ਲਾਹੇ ਜਾ ਸਕਦੇ।
ਇੰਜ ਹੀ ਗੁੱਸਾ ਵੰਡਣ ਨਾਲ ਪਿਆਰ ਹਾਸਲ ਨਹੀਂ ਹੋ ਸਕਦਾ ਤੇ ਨਾ ਹੀ ਖ਼ੁਸ਼ੀ! ਸੋ ਖ਼ੁਸ਼ੀ ਹਾਸਲ ਕਰਨ ਲਈ ਵੰਡਣੀ ਵੀ ਖ਼ੁਸ਼ੀ ਹੀ ਪੈਂਦੀ ਹੈ, ਕਾਲੀ ਦਾਲ ਨਹੀਂ!
ਔਖੇ ਸਮੇਂ ਵਿਚ ਵੀ ਜ਼ਿੰਦਾ ਰਹਿਣ ਦਾ ਸ਼ੁਕਰਾਨਾ ਕਰਦੇ ਸਾਰ ਉਹ ਸਮਾਂ ਜਰ ਜਾਣ ਦੀ ਹਿੰਮਤ ਮਿਲ ਜਾਂਦੀ ਹੈ।
ਫਿਰ ਉਡੀਕ ਕਾਹਦੀ ਹੈ? ਚਲੋ ਸਾਰੇ ਰਲ ਮਿਲ ਕੇ ਭਾਰਤੀ ਲੋਕਾਂ ਦੇ ਖ਼ੁਸ਼ੀ ਦੇ ਮੀਟਰ ਨੂੰ ਉਤਾਂਹ ਚੁੱਕੀਏ ਤੇ ਦੁਨੀਆ ਦੇ ਚੋਟੀ ਦੇ 10 ਮੁਲਕਾਂ ਵਿੱਚ ਸ਼ਾਮਲ ਹੋ ਜਾਈਏ!
ਇਹ ਵੀ ਚੇਤੇ ਰੱਖਣ ਦੀ ਗੱਲ ਹੈ ਕਿ ਸੰਨ 1990 ਵਿਚ ਫਿਨਲੈਂਡ ਵਿਚ ਆਤਮ ਹੱਤਿਆ ਕਰਨ ਦਾ ਰੁਝਾਨ ਚਰਮ ਸੀਮਾ ਉੱਤੇ ਸੀ। ਪਰ, ਅੱਜ ਉਹੀ ਮੁਲਕ ਖ਼ੁਸ਼ੀ ਦੇ ਮੀਟਰ ਵਿਚ ਪਹਿਲਾ ਨੰਬਰ ਹਾਸਲ ਕਰ ਚੁੱਕਿਆ ਹੈ। ਕਾਰਨ ਇਹ ਕਿ ਪਹਿਲਾਂ ਉਹ ਲੋਕ ਮਨ ਅੰਦਰ ਮਾੜੀਆਂ ਗੱਲਾਂ ਡੂੰਘੀਆਂ ਵਸਾਈ ਰੱਖਦੇ ਸਨ, ਪਰ ਹੁਣ ਢਹਿੰਦੀ ਕਲਾ ਦਾ ਇਲਾਜ ਛੇਤੀ ਕਰਵਾ ਕੇ ਪੈਸੇ ਵੱਧ ਕਮਾਉਣ ਨਾਲੋਂ ਖ਼ੁਸ਼ੀ ਵੱਧ ਮਹਿਸੂਸ ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ।
ਸਾਨੂੰ ਵੀ ਇਹੀ ਸਿੱਖਣ ਦੀ ਲੋੜ ਹੈ ਕਿ ਪੈਸੇ ਕਮਾਉਂਦਿਆਂ ਜ਼ਿੰਦਗੀ ਖ਼ਤਮ ਕਰਨ ਨਾਲੋਂ ਜਿੰਨੀ ਵੀ ਬਚੀ ਹੈ, ਉਸ ਜ਼ਿੰਦਗੀ ਨੂੰ ਜੀਅ ਕੇ ਵੇਖ ਲਈਏ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783