ਡਾਇਰੀ ਦੇ ਪੰਨੇ : ਪੱਤਝੜ ਹੁਣ ਜਾਹ ਤੂੰ... - ਨਿੰਦਰ ਘੁਗਿਆਣਵੀ

28 ਅਪ੍ਰੈਲ, 2019 ਦੀ ਦੁਪਿਹਰ ਹੈ। ਝੜ-ਝੜ ਪੈਂਦੇ ਪੱਤਿਆਂ ਦੀ ਸ਼ਾਮਤ ਆਈ ਪਈ ਹੈ। ਜਿੱਧਰ ਲੰਘੋ,ਪੱਤੇ ਈ ਪੱਤੇ! ਜਿੱਧਰ ਤੱਕੋ, ਪੱਤੇ ਈ ਪੱਤੇ, ਜਿਵੇਂ ਪੱਤਿਆਂ ਤੋਂ ਰੁੱਖ ਰੁੱਸ ਗਏ ਨੇ ਤੇ ਬੁਰੀ ਝਾੜ-ਝਾੜ ਸੁੱਟ੍ਹੀ ਜਾਂਦੇ ਹੋਣ ਆਪਣੇ ਨਾਲੋਂ ਪੱਤਿਆਂ ਨੂੰ, ਮੋਹ ਭੰਗ ਹੋ ਗਿਆ ਲਗਦੈ ਰੁੱਖਾਂ ਤੋਂ ਪੱਤਿਆਂ ਦਾ ਜਿਵੇਂ। ਪੈਰਾਂ ਹੇਠ ਮਧੀਂਦੇ ਸੁੱਕ-ਮੜੁੱਕੇ, ਕੁਝ ਅੱਧ ਸੁੱਕੇ ਪੱਤੇ ਬੜੀ ਕੁਰੱਖਤ ਜਿਹੀ ਆਵਾਜ਼ ਪੈਦਾ ਕਰਦੇ ਨੇ ਜਦ ਮਿਧ ਕੇ ਅੱਗੇ ਲੰਘਦੇ ਜਾਂਦੇ ਹਾਂ। ਇਕੱਲੇ ਪੱਤੇ ਹੀ ਨਹੀਂ ਡਿੱਗ ਰਹੇ ਸਗੋਂ ਕਮਜ਼ੋਰ ਤੇ ਸਤ-ਹੀਣ ਪਤਲੀਆਂ ਟਾਹਣੀਆਂ ਵੀ ਤੜੱਕ-ਤੜੱਕ ਡਿੱਗ ਰਹੀਆਂ ਨੇ, ਟੁੱਟ-ਟੁੱਟ ਡਿਗਦੀਆਂ ਟਾਹਣੀਆਂ ਦੇਖ-ਦੇਖ ਮਨ ਡੋਲਦਾ ਹੈ। ਪਤਾ ਨਹੀਂ ਕਿਉਂ?
ਚੰਡੀਗੜ ਦੀ ਕਿਹੜੀ ਸੜਕ ਜਾਂ ਗਲੀ ਹੈ, ਪਾਰਕ ਜਾਂ ਰੋਜ਼ ਗਾਰਡਨ ਹੈ, ਸ਼ਾਂਤੀ ਕੁੰਜ ਜਾਂ ਰੌਕ ਗਾਰਡਨ ਹੈ, ਜਿੱਥੇ ਪੱਤਿਆਂ ਦੇ ਢੇਰ ਨਹੀਂ ਦਿਸਦੇ। ਮੇਰੇ ਕਮਰੇ ਦੇ ਮੂਹਰੇ ਖੁੱਲ੍ਹਮ-ਖੁੱਲ੍ਹੇ ਵਿਹੜੇ ਵਿਚ ਝੜ-ਝੜ ਡਿੱਗੀ ਜਾਂਦੇ ਪੱਤੇ ਮੈਨੂੰ ਉਦਾਸੀ ਵਿਚ ਡੋਬਦੇ ਨੇ। ਸਫਾਈ ਸੇਵਕ ਸਿਆਣਾ ਹੈ। ਉਸਨੂੰ ਕਹਿ ਰੱਖਿਐ ਕਿ ਦੋ-ਤਿੰਨ ਵਾਰ ਗੇੜਾ ਮਾਰ ਜਾਇਆ ਕਰ...। ਉਹ ਇਕਰਾਰ ਦਾ ਪੱਕਾ ਹੈ। ਆਉਂਦਾ ਹੈ,ਝਾੜੂ ਚੁੱਕਣ ਲੱਗਿਆ ਝਾੜੂ ਨੂੰ ਘੂਰਦਾ ਹੈ ਤੇ ਫਿਰ ਲਾਗੇ-ਲਾਗੇ ਖੜ੍ਹੇ ਰੁੱਖਾਂ ਨੂੰ ਦੇਖ ਬੁੜਬੁੜ ਕਰਦਾ ਹੈ। ਜਾਣ ਲੱਗਿਆਂ ਕਹਿੰਦਾ ਹੈ, ''ਸਰ ਜੀ,ਕਰ ਦੀਆ ਪੱਤੋਂ ਕਾ ਕਾਮ.. ਪਰ ਯੇ ਸਾਲੇ ਬੇਸ਼ਰਮ ਹੈਂ...ਅਭੀ ਫਿਰ ਆ ਗਿਰੇਂਗੇ...ਮੈਂ ਤੋ ਇਨਕਾ ਸਿਆਪਾ ਹੀ ਕਰਤਾ ਰਹਤਾ ਹੂੰ...।" ਉਸਦੇ ਇਸ ਵਾਕ 'ਤੇ ਮੈਨੂੰ ਹਾਸਾ ਆਉਂਦਾ-ਆਉਂਦਾ ਮਸੀਂ ਰੁਕਿਆ ਹੈ। ਉਸ ਤੋਂ ਕੁਦਰਤੀ ਹੀ ਘੜਿਆ ਗਿਐ ਇਹ ਵਾਕ!
                             """"""""""""""
ਚੰਡੀਗੜੋਂ ਪਿੰਡ ਜਾਂਦਾ ਹਾਂ ਤਾਂ ਲਗਦੈ ਕਿ ਪੱਤਝੜ ਨਾਲ-ਨਾਲ ਹੀ ਤੁਰੀ ਆਈ ਹੈ...ਮੇਰੇ ਪਿੱਛੇ ਤੇ ਪਿੰਡੋਂ ਫਿਰ ਨਾਲ ਹੀ ਪਰਤ ਆਉਂਦੀ ਹੈ ਚੰਡੀਗੜ ਨੂੰ...ਮੇਰਾ ਪਿੱਛਾ ਕਰਦੀ ਕੁਲੱਛਣੀ ਪੱਤਝੜ! ਪਤਾ ਨਹੀਂ, ਮੈਨੂੰ ਪੱਤਿਆਂ ਨਾਲ ਹਮਦਰਦੀ ਕਿਉਂ ਨਹੀਂ? ਦੇਰ ਪਹਿਲਾਂ ਕੋਈ ਰੇਡੀਓ 'ਤੇ ਗਾਉਂਦਾ ਸੁਣਿਆ ਸੀ:
                                ਇੰਨ੍ਹਾਂ ਪੱਤਿਆਂ ਨੇ ਝੜ ਜਾਣਾ
                                ਰੂਹਾਂ ਤਾਂ ਰੌਸ਼ਨ ਨੇ
                                ਇਹਨਾਂ ਪਿੰਡਿਆਂ ਨੇ ਸੜ ਜਾਣਾ...
ਪੱਤੇ, ਰੂਹਾਂ ਤੇ ਪਿੰਡਿਆਂ ਬਾਬਤ ਕਈ-ਕੁਝ ਸੋਚੀ ਗਿਆ ਸਾਂ ਤੇ ਦਰਦੀਲੀ ਆਵਾਜ਼ ਦੇ ਮਾਲਕ ਗਵੱਈਏ ਦਾ ਫੋਨ ਨੰਬਰ ਲੱਭ ਕੇ ਘੰਟੀ ਖੜਕਾਈ ਸੀ, '' ਤੈਂ ਵਧੀਆ ਗਾਇਐ ਮਿੱਤਰ, ਜੁਗ ਜੁਗ ਜੀਓ।"
ਇਸ ਵਾਰ ਹਨੇਰੀਆਂ ਨੇ ਝੁੱਲਣੋਂ ਖਹਿੜਾ ਨਹੀਂ ਛੱਡਿਐ। ਕਿਸ ਨੂੰ ਆਖਾਂ ਕਿ ਹਨੇਰੀ ਹਟਾਵੋ? ਪਿੰਡ ਤੂੜੀ ਕਢਦੇ ਜੱਟ ਕੁਰਲਾਣ ਲੱਗੇ ਕਿ ਹਨੇਰੀ ਚੰਦਰੀ ਤੂੜੀ ਨਹੀਂ ਬਣਾਉਣ ਦਿੰਦੀ। ਤੂੜੀ ਦਾ ਫੱਕ ਘਰਾਂ 'ਚ ਵੜ ਗਿਐ। ਲੋਕਾਂ ਬੂਹੇ-ਬਾਰੀਆਂ ਬੰਦ ਕਰ ਰੱਖੀਆਂ ਨੇ। ਥੋੜ੍ਹੇ ਦਿਨਾਂ ਤੀਕ ਕਣਕ ਦਾ ਨਾੜ ਸਾੜਨੈ, ਉਹਦੀ ਸਵਾਹ ਉਡ-ਉਡ ਮੂੰਹਾਂ ਤੇ ਸਿਰਾਂ 'ਚ ਪੈਣੀ ਹੈ ਤੇ ਪੈਂਦੀ ਆਈ ਹੈ ਹਰ ਵਰ੍ਹੇ! ਖੇਹ-ਸਵਾਹ ਤੇ ਘੱਟਾ ਮੂੰਹਾਂ-ਸਿਰਾਂ ਵਿਚ ਪੁਵਾਉਣ ਦੇ ਆਦੀ ਹੋ ਚੁੱਕੇ ਹਾਂ ਬੜੀ ਦੇਰ ਦੇ!
                                """""""""""'
2010 ਵਿਚ ਲੰਡਨ ਸਾਂ। ਲੰਡਨ ਦੀ ਪੱਤਝੜ ਬੜੀ ਭੈੜੀ ਸੀ। ਖੁਸ਼ਕੀ ਲੱਦੀ ਠੰਢੀ ਸੀਤ ਹਵਾ ਪਿੰਡਿਆਂ ਨੂੰ ਚੀਰਦੀ ਜਾਂਦੀ। ਮੈਂ ਦੋ-ਦੋ ਸਵੈਟਰ ਚਾੜ੍ਹ ਲੈਂਦਾ। ਕਦੇ ਲੰਬਾ ਕੋਟ ਪਾਉਂਦਾ। ਪੱਤਝੜ ਦੇ ਮਾਰੇ ਰੁੱਖ ਇੱਕ ਦੂਜੇ ਨਾਲ ਵੱਜ-ਵੱਜ ਕਮਲੇ ਹੁੰਦੇ ਦੇਖਦਾ, ਤਾਂ ਮੂੰਹ ਪਰ੍ਹੇ ਕਰ ਲੈਂਦਾ। ਮਨ ਕਾਹਲਾ ਪੈਣ ਲਗਦਾ। ਇੱਕ ਦਿਨ ਅਵਤਾਰ ਉੱਪਲ ਨੂੰ ਕਹਿੰਦਾ ਹਾਂ, ''ਮੇਰੀ ਟਿਕਟ ਓਕੇ ਕਰਵਾ ਦੇ, ਮੈਂ ਇੰਡੀਆ ਮੁੜਨੈ, ਮਨ ਬਹੁਤ ਕਾਹਲਾ ਪੈਂਦਾ ਐ, ਕਿਹੋ ਜਿਹੀ ਰੁੱਤੇ ਆ ਗਿਆ ਹਾਂ ਵਲੈਤ...!" ਉੱਪਲ ਦਸਦਾ ਹੈ, ''ਇਹਨਾਂ ਦਿਨਾਂ ਵਿਚ ਏਥੇ (ਵਲੈਤ) 'ਚ 'ਸੈਡ' ਨਾਂ ਦੀ ਇੱਕ ਬਿਮਾਰੀ ਪੈਂਦੀ ਆ,ਕੋਮਲ ਮਨਾਂ ਵਾਲੇ ਲੋਕਾਂ ਨੂੰ ਆ ਘੇਰਦੀ ਆ, ਏਹਦਾ ਨਾਂ ਆਂ 'ਸੈਡ'...ਭਾਵ ਕਿ 'ਸੀਜ਼ਨਲ ਇਫੈਕਟ ਆਫ ਡਿਸਓਰਡਰ'...ਚਿਤਰਕਾਰ, ਕਵੀ, ਸੰਗੀਤਕਾਰ ਤੇ ਕਲਾਕਾਰ ਲੋਕ ਬੇਹੱਦ ਉਦਾਸ ਤੇ ਨਿਰਾਸ ਹੋ ਜਾਂਦੇ ਨੇ, ਢਹਿੰਦੀ ਕਲਾ ਦੇ ਕਿਲੇ ਉਸਾਰਦੇ ਨੇ...ਰੋਂਦੇ ਨੇ, ਉਦਾਸੀ ਦੇ ਮਾਰੇ-ਮਾਰੇ ਏਧਰ-ਓਧਰ ਭਾਉਂਦੇ ਫਿਰਦੇ ਨੇ...ਮਨੋਰੋਗਾਂ ਦੇ ਮਾਹਰ ਡਾਕਟਰਾਂ ਕੋਲ ਅਜਿਹੇ ਮਰੀਜ਼ਾਂ ਦੀ ਭੀੜ ਵਧ ਜਾਂਦੀ ਆ ਇਹਨੀ ਦਿਨੀਂ, ਮੈਂ ਵੀ ਖੁਦ ਏਸੇ ਬੀਮਾਰੀ ਦਾ ਦੁਖੀ ਕੀਤਾ ਹੋਇਆਂ ਵਾਂ...ਡਾਕਟਰ ਸਲਾਹ ਦਿੰਦੇ ਨੇ ਕਿ ਛੋਟੇ ਕਮਰੇ ਵਿਚ ਹਲਕੇ ਜਿਹੇ ਰੰਗ ਦੇ ਪਰਦੇ ਤੇ ਹਲਕੀ ਜਿਹੀ ਰੌਸ਼ਨੀ ਵਿਚ ਰਹੋ,ਸੰਗੀਤ ਸੁਣੋਂ, ਕਿਤਾਬ ਪੜ੍ਹੋ, ਦਿਲ ਕਰੇ ਰੋ ਲਓ...ਫਿਲਮ ਦੇਖ ਲਓ...ਇੱਕ ਛੋਟੀ ਜਿਹੀ ਗੋਲੀ ਖਾਣ ਦੀ ਸਿਫਾਰਿਸ਼ ਵੀ ਕਰ ਦੇਂਦੇ ਨੇ, ਮਰੀਜ਼ ਨੂੰ ਹੌਸਲਾ ਦੇਂਦੇ ਕਹਿੰਦੇ ਨੇ ਕਿ ਠੀਕ ਹੋ ਜਾਓਗੇ, ਤੇ ਜਦ ਰੁੱਤ ਬਦਲਦੀ ਆ,ਖੁਸ਼ਕੀ ਚੱਕੀ ਜਾਂਦੀ ਆ,ਪੌਦਿਆਂ ਦੀਆਂ ਟਾਹਣੀਆਂ 'ਤੇ ਕਰੂੰਬਲਾਂ ਫੁੱਟਣ ਲਗਦੀਆਂ ਨੇ ਤੇ ਸਹਿਜੇ-ਸਹਿਜੇ ਠੀਕ ਹੋਣਾ ਸ਼ੁਰੂ ਹੋ ਜਾਂਦੇ ਨੇ ਆਪਣੇ ਵਰਗੇ ਲੋਕ...ਸੋ, ਤੂੰ ਘਬਰਾ ਨਾ...ਬਹੁਤੀ ਗੱਲ ਐ ਰੈੱਡ ਵਾਈਨ ਦਾ ਗਲਾਸ ਮਾਰ ਲੈ।"

94174-21700