ਪੰਜਾਬ ਦੀ ਥੱਪੜ ਰਾਜਨੀਤੀ - ਮਨਦੀਪ ਕੌਰ ਪੰਨੂ

ਸਾਡੇ ਲੀਡਰ ਪੰਜਾਬ ਨੂੰ ਕੈਲੇਫੋਰਨੀਆ ਤੇ ਪੈਰਿਸ ਬਣਾਉਣ ਦੀਆਂ ਵੱਡੀਆਂ ਟਾਹਰਾਂ ਮਾਰਦੇ ਹਨ ਪਰ ਜਦੋ ਸਾਡੇ ਵੋਟਰ ਉਹਨਾਂ ਨੂੰ ਕੁਝ ਪੁੱਛਣ ਦੀ ਹਿੰਮਤ ਕਰਦੇ ਹਨ ਤਾਂ ਉਹਨਾਂ ਨੂੰ ਥੱਪੜ ਖਾਣੇ ਪੈਂਦੇ ਹਨ। ਕਨੇਡਾ-ਅਮਰੀਕਾ ਦੇ ਨੇਤਾ ਜਮੀਨੀ ਪੱਧਰ ਤੇ ਅਵਾਮ ਨਾਲ ਜੁੜੇ ਹੋਏ ਹੁੰਦੇ ਹਨ ਤੇ ਉਹਨਾਂ ਨੇਤਾਵਾਂ ਨਾਲ ਲਗਭਗ ਹਰ ਪੰਜਾਬੀ ਦੀ ਤਸਵੀਰ ਦੇਖੀ ਜਾ ਸਕਦੀ,ਉਹਨਾਂ ਦੇਸ਼ਾਂ ਵਿੱਚ ਨੇਤਾ ਹਰ ਇਕ ਨਾਲ ਦੋਸਤਾਂ ਵਾਂਗ ਵਿਚਰਦੇ ਹਨ।


ਕੁੱਝ ਦਿਨ ਪਹਿਲਾਂ ਰਾਜਾ ਵੜਿੰਗ ਵਲੋ ਇਕ ਵਿਅਕਤੀ ਨੂੰ ਸਵਾਲ ਕਰਨ ਪਿੱਛੇ ਥੱਪੜ ਮਾਰਨ ਤੇ ਗਾਲਾਂ ਕੱਢਣ  ਦਾ ਬਾਜ਼ਾਰ  ਅਜੇ ਠੰਢਾ ਨਹੀ ਹੋਇਆ ਸੀ ਕਿ ਬੀਬੀ ਰਜਿੰਦਰ ਕੌਰ ਭੱਠਲ ਵੱਲੋ "ਤਾਏ ਦੀ ਧੀ ਚੱਲੀ ਤੇ ਮੈ ਕਿਉ ਰਹਾ ਕੱਲੀ" ਵਾਂਗ ਇਕ ਹੋਰ ਵਿਅਕਤੀ ਦੇ ਥੱਪੜ ਮਾਰਿਆ ਗਿਆ। ਜਦੋ ਪੱਤਰਕਾਰਾਂ ਨੇ ਇਸਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਆਪਣੀ ਨਲਾਇਕੀ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਆਪ ਪਾਰਟੀ ਵਾਲਿਆਂ ਨੇ ਭੇਜਿਆ ਸੀ। ਦੂਜੇ ਪਾਸੇ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਜੱਦੀ-ਪੁਸ਼ਤੀ ਕਾਂਗਰਸ ਪਾਰਟੀ ਦਾ ਸਮਰਥਨ ਕਰਦੇ ਰਹੇ ਹਨ ਤੇ ਹੁਣ ਉਹ ਕਦੀ ਵੀ ਕਾਂਗਰਸ ਨੂੰ ਵੋਟ ਨਹੀ ਪਾਉਣਗੇ।


ਇਹ ਗੱਲ ਦੀ ਚਰਚਾ ਅਜੇ ਖਤਮ ਨਹੀ ਹੋਈ ਸੀ ਕਿ ਕੱਲ ਡਾਕਟਰ ਅਮਰ ਸਿੰਘ,ਜੋ ਕਿ ਕਾਂਗਰਸ ਦੇ ਫਤਿਹਗੜ੍ਹ ਸਾਹਿਬ ਤੋ ਉਮੀਦਵਾਰ ਹਨ।ਉਹਨਾਂ ਦੀ ਰੈਲੀ ਵਿੱਚ ਸਾਬਕਾ ਫੌਜੀ ਵੱਲੋ ਪ੍ਰਸ਼ਨ ਪੁੱਛੇ ਜਾਣ ਤੇ ਉਸਨੂੰ ਬੇਇੱਜ਼ਤ ਕਰਨਾ ਕਿਥੋਂ ਦੀ ਬਹਾਦਰੀ ਹੈ?? ਇਹੀ ਲੀਡਰ ਫੌਜੀਆਂ ਦੇ ਨਾਮ ਤੇ ਰਾਜਨੀਤੀ ਕਰਦੇ ਦੇਖੇ ਜਾਂਦੇ ਹਨ।


ਪਹਿਲੇ ਸਮੇਂ ਵਿੱਚ ਪਿੰਡ ਦੇ ਕਿਸੇ ਨੇ ਮੋਹਤਬਰ ਨੇ ਜਿੱਥੇ ਕਹਿਣਾ,ਸਾਰੇ ਪਿੰਡ ਨੇ ਉੱਥੇ ਵੋਟ ਪਾਉਣੀ ਹੁੰਦੀ ਸੀ। ਪੂਰੇ ਪਿੰਡ ਵਿੱਚ ਕੋਈ ਇੱਕ-ਅੱਧਾ ਵਿਅਕਤੀ ਪੜਿਆ-ਲਿਖਿਆ ਹੁੰਦਾ ਸੀ ਤੇ ਉਹਨੂੰ ਦਾਤੀ-ਪੱਲੀ ਲੈ ਕੇ ਖੇਤਾਂ ਵਿੱਚ ਜਾਂਦੇ ਬੰਦਿਆਂ ਨੇ ਕਹਿਣਾ,"ਸੁਣਾ ਪਾੜਿਆ! ਕੀ ਖਬਰ ਹੈ ਸ਼ਹਿਰ ਦੀ?"


ਅਜੋਕੇ ਸਮਾਂ ਕੰਪਿਊਟਰ ਯੁੱਗ ਦਾ ਹੈ ਤੇ ਨੌਜਵਾਨਾਂ ਵਿੱਚ ਸ਼ੋਸ਼ਲ ਮੀਡੀਆ ਦੀ ਹੋਂਦ ਕਰਕੇ ਜਾਗਰੂਕਤਾ ਆ ਚੁੱਕੀ ਹੈ।
ਹਰ ਉਹ ਬੰਦਾ ਜੋ ਪੜ੍ਹਾਈ ਕਰ ਕੇ ਬੇਰੁਜ਼ਗਾਰ ਹੈ ਜਿਸ ਨੂੰ ਇਹ ਲੱਗਦਾ ਸਰਕਾਰਾਂ ਸਿਰਫ ਲਾਰੇ ਲਾਉਦੀਆ ਉਹ ਆਪੋ-ਆਪੇ ਲੀਡਰ ਨੂੰ ਸਵਾਲ ਕਰ ਰਿਹਾ ਹੈ ਤੇ ਨੇਤਾਵਾਂ ਨੂੰ ਇਹ ਸਭ ਗਲੇ ਤੋ  ਨਹੀ ਉਤਰ ਰਿਹਾ। ਇਹੀ ਲੀਡਰ ਸਾਡੀਆਂ ਵੋਟਾਂ ਨਾਲ ਮੰਤਰੀ ਬਣ ਕੇ ਲੱਖਾਂ ਰੁਪਏ ਤਨਖਾਹਾਂ ਤੇ ਭੱਤੇ ਲੈਦੇ ਹਨ। ਇਸ ਲਈ  ਸਵਾਲ ਕਰਨਾ ਸਾਡਾ ਹੱਕ ਹੈ। ਜਿਹੜਾ ਲੀਡਰ ਜਵਾਬ ਨਹੀ ਦੇ ਸਕਦਾ,ਉਹਦਾ ਅੱਜ ਹੀ ਬਾਈਕਾਟ ਕਰੋ ਵਰਨਾ ਭਵਿੱਖ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।