ਕੌੜਾ ਸੱਚ : ਕੇਂਦਰੀ ਕੁਹਾੜੇ ਦੇ ਦਸਤੇ ਬਣੇ ਸਿੱਖ ਆਗੂਆਂ ਦੀ ਬਦੌਲਤ ਅੱਜ ਪੰਥ ਅਤੇ ਪੰਜਾਬ ਦੀ ਹਾਲਤ ਚਿੰਤਾਜਨਕ - ਬਘੇਲ ਸਿੰਘ ਧਾਲੀਵਾਲ

ਇਹਦੇ ਵਿੱਚ ਕੋਈ ਸ਼ੱਕ ਦੀ ਰੱਤੀ ਮਾਤਰ ਵੀ ਗੁੰਜਾਇਸ਼ ਨਹੀ ਕਿ ਕੇਂਦਰ ਪੰਜਾਬ ਦਾ ਕਦੇ ਵੀ ਸਕਾ ਨਹੀ ਬਣ ਸਕਦਾ।ਕੇਂਦਰ ਵੱਲੋਂ ਪੰਜਾਬ ਦੀ ਅਣਦੇਖੀ ਹੀ ਨਹੀ ਕੀਤੀ ਜਾ ਰਹੀ ਸਗੋਂ ਪੰਜਾਬ ਨੂੰ ਹਰ ਪੱਖ ਤੋਂ ਕੰਗਾਲ ਬਨਾਉਣ ਵਿੱਚ ਕੋਈ ਵੀ ਕਸਰ ਨਹੀ ਛੱਡੀ ਜਾ ਰਹੀ।ਭਾਂਵੇ ਪੰਜਾਬ ਦੀ ਬਿਗੜ ਚੁੱਕੀ ਆਰਥਿਕਤਾ ਦੀ ਗੱਲ ਹੋਵੇ,ਪੰਜਾਬ ਨੂੰ ਨਸ਼ਿਆਂ ਵਿੱਚ ਡੋਬ ਕੇ ਉਹਨਾਂ ਨੁੰ ਬੌਧਿਕ ਪੱਧਰ ਤੇ ਅਪਾਹਜ ਬਨਾਉਣ ਦੀ ਗੱਲ ਹੋਵੁੇ,ਲੱਚਰ ਗਾਇਕੀ ਰਾਹੀ ਪੰਜਾਬ ਦੀ ਜੁਆਨੀ ਦੀ ਅਣਖ ਗੈਰਤ ਨੂੰ ਅਸਲੋਂ ਮਾਰ ਕੇ ਉਹਨਾਂ ਨੂੰ ਅਪਣੇ ਲਹੂ ਰੱਤੇ ਅਸਲ ਵਿਰਸੇ ਤੋ ਦੂਰ ਕਰਨ ਦੀ ਸਾਜਿਸ਼ ਹੋਵੇ,ਜਾਂ ਫਿਰ ਸਰਕਾਰੀ ਅਤਿਆਚਾਰ ਅਤੇ ਦੋਹਰੇ ਕਨੂੰਨੀ ਮਾਪਦੰਡਾਂ ਦੀ ਮਾਰ ਨਾਲ ਸਿੱਖ ਨੌਜੁਆਨਾਂ ਨੂੰ ਚੁਣ ਚੁਣ ਕੇ ਖਤਮ ਕਰਨ ਜਾਂ ਜੇਲਾਂ ਵਿੱਚ ਸੁੱਟਣ ਦਾ ਅਣਮਨੁੱਖੀ ਵਰਤਾਰਾ ਹੋਵੇ।ਹਰ ਪਾਸੇ ਤੋ ਕੇਂਦਰ ਅਤੇ ਕੁਰਸੀ ਦੀਆਂ ਭੁੱਖੀਆਂ ਸੂਬਾ ਸਰਕਾਰਾਂ ਦੀ ਮਿਲੀ ਭੁਗਤ ਨਾਲ ਪੰਜਾਬ ਦੀ ਹੁੰਦੀ ਬਰਬਾਦੀ ਸਾਫ ਦੇਖੀ ਜਾ ਸਕਦੀ ਹੈ।ਇਹ ਵੀ ਚਿੱਟੇ ਦਿਨ ਵਾਂਗ ਸਾਫ ਤੇ ਸਪੱਸਟ ਹੋ ਚੁੱਕਾ ਹੈ ਕਿ ਭਾਰਤ ਦਾ ਕਨੂੰਨ ਤੰਤਰ ਘੱਟ ਗਿਣਤੀਆਂ ਦੇ ਮੁਢਲੇ ਮਨੁਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਸਮਰੱਥ ਨਹੀ ਹੈ,ਕਿਉਂਕਿ ਭਾਤਰ ਦਾ ਰਾਜ ਪ੍ਰਬੰਧ ਚਲਾਉਣ ਵਾਲੀ ਜਮਾਤ ਕੱਟੜਤਾ ਦੀ ਮੁਦੱਈ ਹੈ,ਜਿਸ ਕਰਕੇ ਦੇਸ਼ ਅੰਦਰ ਘੱਟ ਗਿਣਤੀਆਂ ਸੁਰਖਿਅਤ ਨਹੀ ਹਨ।ਦਿੱਲੀ ਦੇ ਤਖਤ ਤੇ ਬੈਠਣ ਵਾਲਾ ਕੋਈ ਵੀ ਸ਼ਖਸ਼ ਜਾਂ ਰਾਜਨੀਤਕ ਪਾਰਟੀਆਂ ਉਸ ਜਮਾਤ ਤੋ ਬੇ-ਬਾਹਰੇ ਹੋ ਕੇ ਬਰਾਬਰਤਾ ਵਾਲਾ ਮਿਸ਼ਾਲੀ ਰਾਜ ਪ੍ਰਬੰਧ ਦੇਣ ਦੇ ਨਾਹਰੇ ਤੇ ਲਾਰੇ ਤਾਂ ਦੇ ਸਕਦੀਆਂ ਹਨ,ਪਰੰਤੂ ਬਰਾਬਰਤਾ ਵਾਲਾ ਸ਼ਾਸ਼ਨ ਦੇਣਾ ਉਹਨਾਂ ਦੇ ਵੱਸ ਵਿੱਚ ਨਹੀ ਹੈ,ਇਸ ਦਾ ਮੁੱਖ ਕਾਰਨ ਹੀ ਇਹ ਹੈ ਕਿ ਉਕਤ ਕੱਟੜ ਜਮਾਤ ਭਾਰਤੀ ਤਾਣੇ ਬਾਣੇ ਤੇ ਪੂਰੀ ਤਰਾਂ ਕਾਬਜ ਹੈ,ਹਰ ਉੱਚ ਆਹੁਦੇ ਤੇ ਉਸ ਜਮਾਤ ਦੇ ਵਫਾਦਾਰ ਬੈਠੇ ਹਨ,ਉੱਚ ਅਦਾਲਤ ਵਿੱਚ ਉਹਨਾਂ ਦਾ ਬੋਲਬਾਲਾ ਹੈ,ਚੋਣ ਕਮਿਸ਼ਨ ਉਹਨਾਂ ਦੀ ਪਕੜ ਵਿੱਚ ਹੈ,ਇੱਥੋ ਤੱਕ ਕਿ ਭਾਰਤੀ ਏਜੰਸੀਆਂ ਨੂੰ ਵੀ ਉਸ ਸ਼ਕਤੀਸ਼ਾਲੀ ਕੱਟੜ ਜਮਾਤ ਵੱਲੋਂ ਚਲਾਇਆ ਜਾ ਰਿਹਾ ਹੈ।ਕਿੱਥੇ ਕਿਹੋ ਜਿਹੀ ਗੜਬੜ ਕਰਵਾਉਣੀ ਹੈ,ਇਹ ਸਾਰਾ ਕੁੱਝ ਉਹਨਾਂ ਦੀ ਮਰਜੀ ਅਨੁਸਾਰ ਤਹਿ ਹੁੰਦਾ ਹੈ ਤੇ ਏਜੰਸੀਆਂ ਉਹਨਾਂ ਦੁਆਰਾ ਦਿੱਤੇ ਪਰੋਗਰਾਮ ਨੂੰ ਅਮਲ ਵਿੱਚ ਲੈਕੇ ਆਉਂਦੀਆਂ ਹਨ। ਭਾਵ ਇਹ ਹੈ ਕਿ ਕੇਂਦਰ ਸਰਕਾਰ ਕੱਟੜਵਾਦੀਆਂ ਦੇ ਪ੍ਰਭਾਵ ਹੇਠ ਕੰਮ ਕਰਦੀ ਹੈ ਤੇ ਕਰਦੀ ਰਹੇਗੀ।ਹੁਣ ਇਹ ਵੀ ਕਿਸੇ ਤੋ ਲੁਕਿਆ ਨਹੀ ਕਿ ਇਸਾਈ ਪਾਦਰੀਆਂ ਨੂੰ ਅੱਗ ਲਾਕੇ ਫੂਕ ਦੇਣ ਪਿੱਛੇ ਕੌਣ ਲੋਕ ਸਨ,ਸਮਝੌਤਾ ਐਕਸਪ੍ਰੈਸ ਤੇ ਬੰਬ ਧਮਾਕੇ ਵਾਲੇ ਕੋਣ ਹਨ।ਕਸ਼ਮੀਰ ਵਿੱਚ ਗੜਬਣ ਕਰਵਾਉਣ ਦੀ ਅਸਲ ਸੂਤਰਧਾਰ ਕੌਣ ਹੈ? ਜਵਾਬ ਵਿੱਚ ਕੱਟੜਵਾਦੀਆਂ ਦੀ ਹਿੰਦੂ ਜਮਾਤ ਦਾ ਨਾਮ ਹੀ ਉੱਭਰ ਕੇ ਸਾਹਮਣੇ ਆਵੇਗਾ,ਜਿਹੜੀ ਕਸ਼ਮੀਰ ਦੇ ਲੋਕਾਂ ਦੀ ਅਜਾਦੀ ਦਾ ਹੱਕ ਹੀ ਨਹੀ ਖੋਂਹਦੀ,ਸਗੋਂ ਉੱਥੇ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ ਜਾਂ ਤਾ ਖਤਮ ਕਰ ਦੇਣਾ ਚਾਹੁੰਦੀ ਹੈ,ਜਾਂ ਫਿਰ ਕਸ਼ਮੀਰ ਚੋ ਕੱਢ ਦੇਣਾ ਚਾਹੁੰਦੀ ਹੈ,ਇਹ ਹੀ ਹਾਲ ਇੱਕ ਨਾਂ ਇੱਕ ਦਿਨ ਪੰਜਾਬ ਦਾ ਵੀ ਹੋਣ ਵਾਲਾ ਹੈ,ਜਿਸ ਦੇ ਆਪਣੇ ਹੀ,ਨਿੱਜੀ ਲੋਭ ਲਾਲਸਾ ਕਾਰਨ ਕਿਸੇ ਨਾ ਕਿਸੇ ਰੂਪ ਵਿੱਚ ਇਹਦੀ ਬਰਬਾਦੀ ਦੀਆਂ ਸਾਜਿਸ਼ਾਂ ਦੇ ਭਾਗੀਦਾਰ ਬਣੇ ਹੋਏ ਹਨ।ਪੰਜਾਬ ਦੀ ਕਿਸਾਨੀ ਨੂੰ ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਨੇ ਖਾ ਲਿਆ,ਮਜਦੂਰ ਨੂੰ ਲੋੜੋਂ ਵੱਧ ਆਈ ਮਸ਼ੀਨਰੀ ਨੇ ਖਾ ਲਿਆ, ਜੁਆਨੀ ਨੂੰ ਬੇਰੋਜਗਾਰੀ ਨੇ ਖਾ ਲਿਆ,ਬੇਰੋਜਗਾਰੀ ਦੇ ਝੰਬੇ ਪੰਜਾਬ ਦੇ ਨੌਜੁਆਨ ਦੀ ਲੜਖੜਾਹਟ ਦਾ ਫਾਇਦਾ ਨਸ਼ਿਆਂ ਦੇ ਤਸਕਰਾਂ ਨੇ ਉਠਾਇਆ,ਨਤੀਜੇ ਵਜੋਂ ਪੰਜਾਬ ਦੀ ਜੁਆਨੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਲਪੇਟ ਵਿੱਚ ਆ ਗਿਆ,ਬਾਕੀ ਬਚਦੇ ਸਮਝਦਾਰਾਂ ਦੇ ਮਾਪਿਆਂ ਨੂੰ ਪੰਜਾਬ ਤੋ ਭੈਅ ਆਉਣ ਲੱਗਾ ਤੇ ਉਹਨਾਂ ਦੇ ਧੀਆਂ ਪੁੱਤਰਾਂ ਨੇ ਅਪਣਾ ਰੁੱਖ ਵਿਦੇਸ਼ਾਂ ਵੱਲ ਕਰ ਲਿਆ,ਜਿਸ ਦੇ ਫਲਸਰੂਪ ਅੱਜ ਪੰਜਾਬ ਦੇ ਬਹੁ ਗਿਣਤੀ ਘਰਾਂ ਤੇ ਵਿਦੇਸ਼ੀ ਜਿੰਦਰੇ ਲਟਕ ਰਹੇ ਹਨ।ਸਚਾਈ ਇਹ ਵੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਜਾਕੇ ਵਸਣ ਦਾ ਸੁਪਨਾ ਬਹੁ ਗਿਣਤੀ ਪੰਜਾਬੀਆਂ ਦਾ ਨਹੀ ਸੀ,ਬਲਕਿ ਇੱਥੇ ਬੜੀ ਚਲਾਕੀ ਨਾਲ ਪਹਿਲਾਂ ਭੇਭੀਤ ਕਰਨ ਵਾਲਾ ਮਹੌਲ ਸਿਰਜਿਆ ਗਿਆ,ਹਰ ਢੰਗ ਨਾਲ ਲੁੱਟਿਆ,ਪੁੱਟਿਆ ਅਤੇ ਕੁੱਟਿਆ ਗਿਆ,ਪਂਜਾਬ ਦਾ ਪਾਣੀ ਜਹਿਰੀਲਾ ਤੇ ਹਵਾ ਦੂਸ਼ਿਤ ਹੋਣ ਕਰਕੇ ਭਿਆਨਕ ਬਿਮਾਰੀਆਂ ਨਾਲ ਸਰੀਰਕ,ਮਾਨਸਿਕ ਅਤੇ ਆਰਥਿਕ ਸੰਤੁਲਿਨ ਬਿਗੜ ਰਿਹਾ ਹੈ,ਜਿਸ ਤੋ ਭੈਭੀਤ ਹੋਏ ਮਾਪਿਆਂ ਨੇ ਅਪਣੇ ਜਿਗਰ ਦੇ ਟੋਟਿਆਂ ਨੂੰ ਸੱਤ ਸਮੁੰਦਰੋਂ ਪਾਰ ਧੱਕਣ ਦਾ ਮਨ ਬਣਾ ਲਿਆ,ਤਾਂਕਿ ਅਪਣਾ ਬੁਢਾਪਾ ਵੀ ਕਿਸੇ ਚੰਗੇ ਮੁਲਕ ਵਿੱਚ ਅਪਣੇ ਪਰਿਵਾਰਾਂ ਨਾਲ ਗੁਜਰ ਸਕੇ।ਹੁਣ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹਰ ਕੋਈ ਅਪਣੇ ਬੱਚਿਆਂ ਨੂੰ ਕਿਸੇ ਵੀ ਹੀਲੇ ਪੰਜਾਬ ਚੋ ਕੱਢ ਦੇਣਾ ਚਾਹੁੰਦਾ ਹੈ,ਉਹਦੇ ਲਈ ਭਾਵੇਂ ਜਮੀਨਾਂ ਜਾਇਦਾਦਾਂ ਵੀ ਕਿਉਂ ਨਾ ਵੇਚਣੀਆਂ ਪੈਣ।ਓਧਰ ਪੰਜਾਬ ਦੇ ਜਾਏ ਬਾਹਰ ਜਾ ਰਹੇ ਹਨ,ਤੇ ਏਧਰ ਬਾਹਰਲੇ ਸੂਬਿਆਂ ਤੋ ਆਕੇ ਮਜਦੂਰੀ ਅਤੇ ਕਾਰੋਬਾਰ ਕਰਨ ਦੇ ਨਾਲ ਨਾਲ ਵਸਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਚੰਡੀਗੜ,ਲੁਧਿਆਣਾ,ਅਮ੍ਰਿਤਸਰ ਵਰਗੇ ਮਹਾਂ ਨਗਰਾਂ ਵਿੱਚ ਅਤੇ ਉਹਨਾਂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਰਵਾਸੀਆਂ ਦਾ ਬੋਲਬਾਲਾ ਹੈ।ਇਸ ਸਾਰੇ ਵਰਤਾਰੇ ਦੇ ਜੁੰਮੇਵਾਰ ਭਾਂਵੇ ਦਿੱਲੀ ਤੇ ਰਾਜ ਕਰਨ ਵਾਲੇ ਹਨ,ਪਰੰਤੂ ਸਾਡੇ ਆਪਣਿਆਂ ਦੀ ਗੱਲ ਵੀ ਉਪਰ ਕੀਤੀ ਜਾ ਚੁੱਕੀ ਹੈ,ਜਿਹੜੇ ਖੁਦ ਕੁਹਾੜੇ ਦੇ ਦਸਤੇ ਬਣਨ ਲਈ ਆਪਣੇ ਆਪ ਨੂੰ ਪੇਸ ਕਰਨ ਵਿੱਚ ਇੱਕ ਦੂਜੇ ਨੂੰ ਪਛਾੜ ਰਹੇ ਹਨ। ਅੱਜ ਪੰਜਾਬ ਦੇ ਹਾਲਾਤ ਇਸਤਰਾਂ ਦੇ ਬਣ ਗਏ ਹਨ,ਕਿ ਇੱਥੇ ਹਰ ਕੋਈ ਵਿਕਣ ਨੂੰ ਤਿਆਰ ਖੜਾ ਹੈ। ਪਿਛਲੇ ਸਾਲ ਬੇਅਦਬੀਆਂ ਦਾ ਹਿਸਾਬ ਲੈਣ ਲਈ ਲੱਗੇ ਬਰਗਾੜੀ ਮੋਰਚੇ ਦੀ ਸਮਾਪਤੀ ਮੌਕੇ ਮੋਰਚਾ ਪਰਬੰਧਕਾਂ ਵੱਲੋਂ ਲੋਕਾਂ ਨੂੰ ਇਹ ਭਰੋਸਾ ਦੇਕੇ ਮੋਰਚਾ ਖਤਮ ਕਰ ਦਿੱਤਾ ਗਿਆ ਸੀ ਕਿ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ,ਅਤੇ ਰਹਿੰਦੀਆਂ ਜਲਦੀ ਮੰਨ ਲਈਆਂ ਜਾਣਗੀਆ,ਜਿੰਨਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਅਤੇ ਪੰਜਾਬ ਤੋ ਬਾਹਰਲੀਆਂ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਪੰਜਾਬ ਵਿੱਚ ਤਬਦੀਲ ਕਰਨਾ ਸ਼ਾਮਿਲ ਸੀ।ਸਿੱਖ ਕੈਦੀਆਂ ਵਾਲੇ ਮੁੱਦੇ ਤੇ ਮੋਰਚਾ ਪਰਬੰਧਕ ਜਿਆਦਾ ਜੋਰ ਦੇਕੇ ਦਲੀਲਾਂ ਦਿੰਦੇ ਰਹੇ ਹਨ ਕਿ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਇਸ ਤੇ ਅਮਲ ਸੁਰੂ ਹੋ ਜਾਵੇਗਾ।ਭਾਵੇ ਆਮ ਸਿੱਖਾਂ ਵੱਲੋਂ ਇਸ ਪੰਥ ਵਿਰੋਧੀ ਸਮਝੌਤੇ ਕਰਕੇ ਮੋਰਚਾ ਚਲਾਉਣ ਵਾਲੇ ਜਥੇਦਾਰਾਂ ਨੂੰ ਪਾਣੀ ਪੀ ਪੀ ਕੋਸਿਆ ਗਿਆ ਸੀ,ਪਰ ਇਸ ਵਿਰੋਧਤਾ ਦੇ ਬਾਵਜੂਦ ਵੀ ਜਥੇਦਾਰਾਂ ਸਮੇਤ ਮੋਰਚਾ ਪ੍ਰਬੰਧਕ ਅਪਣੇ ਇਸ ਫੈਸਲੇ ਨੂੰ ਸਹੀ ਠਹਿਰਾਉੰਦੇ ਆ ਰਹੇ ਹਨ,ਜਦੋ ਕਿ ਹਾਲਾਤ ਇਹ ਬਣ ਰਹੇ ਕਿ ਸਰਕਾਰਾਂ ਨੇ ਪੰਜਾਬੋਂ ਬਾਹਰ ਜੇਲਾਂ ਵਿੱਚ ਬੰਦ ਸਿੱਖਾਂ ਨੂੰ ਤਾਂ ਪੰਜਾਬ ਵਿੱਚ ਕੀ ਲੈ ਕੇ ਆਉਣਾ ਸੀ,ਸਗੋ ਪੰਜਾਬ ਵਿੱਚ ਬੰਦ ਸਿੱਖਾਂ ਨੂੰ ਪੰਜਾਬ ਤੋ ਬਾਹਰ ਭੇਜਣ ਦੀਆਂ ਤਿਆਰੀਆਂ ਹੋਣ ਲੱਗ ਗਈਆਂ ਹਨ। ਜੱਗੀ ਜੌਹਲ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਤੋ ਦਿੱਲੀ ਤਿਹਾੜ ਜੇਲ ਭੇਜਣ ਦੇ ਨਾਦਰਸ਼ਾਹੀ ਫਰਮਾਨ ਨੇ ਜਿੱਥੇ ਸਿੱਖ ਮਨਾਂ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ,ਓਥੇ ਬਰਗਾੜੀ ਮੋਰਚਾ ਚਲਾਉਣ ਅਤੇ ਪਰਬੰਧਾਂ ਨਾਲ ਜੁੜੇ ਲੋਕਾਂ ਤੇ ਵੀ ਮੁੜ ਤੋ ਉੰਗਲਾਂ ਉੱਠਣ ਲੱਗੀਆਂ ਹਨ।ਹਕੂਮਤਾਂ ਵੱਲੋਂ ਅਜਿਹੇ ਫੈਸਲੇ ਵੀ ਇਸ ਲਈ ਹੀ ਲਏ ਜਾ ਰਹੇ ਹਨ,ਕਿਉਕਿ ਸਿੱਖ ਕੌਮ ਅਪਣੀ ਪਾਟੋਧਾੜ ਕਰਕੇ ਇਨਸਾਫ ਲੈਣ ਦੇ ਸਮਰੱਥ ਨਹੀ ਰਹੀ।ਪੰਥਕ ਆਗੂ ਬਾਦਲਕਿਆਂ ਨੂੰ ਮਾਤ ਦੇਣ ਦੀਆਂ ਗੱਲਾਂ ਕਰਦੇ ਕਰਦੇ ਆਪਸ ਵਿੱਚ ਹੀ ਡਾਂਗੋ ਸੋਟੀ ਹੋਕੇ ਕੌਮ ਦਾ ਜਲੂਸ ਕੱਢਣ ਲੱਗੇ ਹੋਏ ਹਨ।ਅਜਿਹੇ ਸਮੇ ਵਿੱਚ ਪਰਮਾਤਮਾ ਤੇ ਟੇਕ ਰੱਖਣ ਤੋ ਬਗੈਰ ਹੋਰ ਕੋਈ ਚਾਰਾ ਨਹੀ ਰਹਿ ਜਾਂਦਾ।ਸੋ ਆਓ ਸਾਰੇ ਰਲਕੇ ਅਰਦਾਸ ਕਰਨ ਦੇ ਨਾਲ ਨਾਲ ਕੋਈ ਅਜਿਹਾ ਉਦਮ ਵੀ ਕਰੀਏ,ਜਿਸ ਨਾਲ ਪੰਜਾਬ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ,ਨਹੀ ਤਾਂ ਉਹ ਦਿਨ ਦੂਰ ਨਹੀ,ਬਲਕਿ ਬਹੁਤ ਨੇੜੇ ਆ ਰਹੇ ਹਨ,ਜਿੰਨਾਂ ਦੀ ਕਲਪਨਾ ਕਰਕੇ ਰੂਹ ਤੱਕ ਕੰਬ ਜਾਂਦੀ ਹੈ।

ਬਘੇਲ ਸਿੰਘ ਧਾਲੀਵਾਲ
99142-58142