ਮਾਨਸਿਕ ਤੰਦਰੁਸਤੀ - ਗੁਰਸ਼ਰਨ ਸਿੰਘ ਕੁਮਾਰ

ਹਰ ਮਰਜ਼ ਕਾ ਇਲਾਜ ਨਹੀਂ ਦਵਾਖਾਨੇ ਮੇਂ,
ਕੁਝ ਦਰਦ ਮਿਟ ਜਾਤੇ ਹੈਂ ਕੇਵਲ ਮੁਸਕਰਾਨੇ।

ਜ਼ਿੰਦਗੀ ਦਾ ਸਫ਼ਰ ਕੋਈ ਸਿੱਧੀ ਸੜਕ ਦੇ ਸਫ਼ਰ ਦੀ ਤਰ੍ਹਾਂ ਆਸਾਨ ਨਹੀਂ। ਜ਼ਿੰਦਗੀ ਦੇ ਰਸਤੇ ਟੇਢੇ-ਮੇਢੇ, ਪਥਰੀਲੇ ਅਤੇ ਕੰਡਿਆਂ ਭਰੇ ਹਨ। ਮਨੁੱਖ ਨੂੰ ਕਦਮ ਕਦਮ 'ਤੇ ਅਨੇਕਾਂ ਸਮੱਸਿਆਵਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਹਮੇਸ਼ਾਂ ਪ੍ਰੇਸ਼ਾਨੀਆਂ ਵਿਚ ਹੀ ਘਿਰਿਆ ਰਹਿੰਦਾ ਹੈ। ਉਸ ਦੀਆਂ ਇਹ ਮਾਨਸਿਕ ਗੁੰਝਲਾਂ ਵਧਦੀਆਂ ਰਹਿੰਦੀਆਂ ਹਨ। ਇਸੇ ਲਈ ਤਾਂ ਕਈ ਫ਼ਿਲਾਸਫਰ ਕਹਿੰਦੇ ਹਨ ਕਿ ਜ਼ਿੰਦਗੀ ਇਕ ਸਜ਼ਾ ਹੈ ਜਿਸ ਦੇ ਜ਼ੁਰਮ ਦਾ ਪਤਾ ਹੀ ਨਹੀਂ।
ਅਸੀਂ ਸਹਿਮ ਦੇ ਮਾਹੌਲ ਵਿਚ ਆਪਣੀ ਜ਼ਿੰਦਗੀ ਜੀਅ ਰਹੇ ਹਾਂ। ਸਾਡਾ ਦਮ ਘੁੱਟ ਰਿਹਾ ਹੈ। ਸਮਾਜ ਦੇ ਵਖਰੇਵੇਂ ਅਤੇ ਗੁੰਡਾ ਅਨਸਰ ਸਾਡਾ ਖ਼ੂਨ ਪੀ ਰਿਹਾ ਹੈ। ਕਾਨੂਨ ਦੇ ਰਖਵਾਲੇ ਵੀ ਸਾਡੀ ਹਿਫ਼ਾਜ਼ਤ ਕਰਨ ਦੀ ਥਾਂ ਸਾਨੂੰ ਡਰਾ ਰਹੇ ਹਨ।ਮਾਨਸਿਕ ਤੌਰ 'ਤੇ ਸਾਡੇ ਅੰਦਰ ਕਈ ਗੁੰਝਲਾਂ ਪੈਦਾ ਹੋ ਗਈਆਂ ਹਨ। ਅਸੀਂ ਮਾਨਸਿਕ ਰੋਗੀ ਬਣਦੇ ਜਾ ਰਹੇ ਹਾਂ। ਕੋਈ ਵਿਅਕਤੀ ਦੇਖਣ ਵਿਚ ਬੇਸ਼ੱਕ ਸੁੰਦਰ ਅਤੇ ਸੁਡੌਲ ਹੋਏ ਪਰ ਜ਼ਰੂਰੀ ਨਹੀਂ ਕਿ ਉਹ ਮਾਨਸਿਕ ਤੌਰ 'ਤੇ ਵੀ ਓਨਾ ਹੀ ਤੰਦਰੁਸਤ ਹੋਵੇਗਾ॥ ਸਾਡੇ ਦੇਸ਼ ਅਤੇ ਸਮਾਜ ਵਿਚ ਕਈ ਭਿੰਨ ਭੇਦ, ਵਖਰੇਵੇਂ, ਲੋੜਾਂ-ਥੋੜਾਂ, ਕਮੀਆਂ ਅਤੇ ਬੇਇਨਸਾਫ਼ੀਆਂ ਹਨ। ਸਮਾਜ ਜਾਤ-ਪਾਤ, ਲਿੰਗ-ਭੇਦ, ਛੂਆ-ਛਾਤ, ਪੇਂਡੂ ਅਤੇ ਸ਼ਹਿਰੀ, ਸੂਬੇ ਅਤੇ ਧਰਮ ਦੇ ਆਧਾਰ 'ਤੇ ਵੰਡਿਆ ਹੋਇਆ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਨਸ਼ੇ, ਗ਼ਰੀਬੀ ਅਤੇ ਕੁਪੋਸ਼ਨ ਆਦਿ ਸਮੱਸਿਆਵਾਂ ਵੀ ਮੂੰਹ ਅੱਡ ਕੇ ਮਨੁੱਖ ਨੂੰ ਨਿਗਲਣ ਨੂੰ ਤਿਆਰ ਖੜ੍ਹੀਆਂ ਹਨ। ਅੰਗਰੇਜ਼ ਵੀ ਸਾਡੇ ਮੁਲਕ 'ਚੋਂ ਜਾਂਦੇ-ਜਾਂਦੇ ਅੱਜ ਦੇ ਹਾਕਮਾਂ ਨੂੰ ਵਿਰਾਸਤ ਵਿਚ ਪਾੜੋ ਅਤੇ ਰਾਜ ਕਰੋ ਦਾ ਤੋਹਫ਼ਾ ਦੇ ਗਏ ਹਨ ਜੋ ਇਨ੍ਹਾਂ ਨੂੰ ਬਹੁਤ ਰਾਸ ਆ ਰਿਹਾ ਹੈ।ਇਨ੍ਹਾਂ ਨਾ-ਬਰਾਬਰੀਆਂ ਅਤੇ ਬੇਇਨਸਾਫ਼ੀਆਂ ਕਾਰਨ ਲੋਕਾਂ ਵਿਚ ਰੋਹ ਪੈਦਾ ਹੁੰਦਾ ਹੈ ਪਰ ਉਹ ਕੁਝ ਕਰ ਨਹੀਂ ਸਕਦੇ। ਇਸ ਲਈ ਮਾਨਸਿਕ ਪ੍ਰੇਸ਼ਾਨੀ ਵਿਚ ਚਲੇ ਜਾਂਦੇ ਹਨ। ਜੇ ਇਸ ਦਾ ਕੋਈ ਹੱਲ ਨਾ ਨਿਕਲੇ ਤਾਂ ਕਈ ਵਾਰੀ ਉਹ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਮਾਨਸਿਕ ਰੋਗੀ ਬਣ ਜਾਂਦੇ ਹਨ। ਜਦ ਉਨ੍ਹਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਟੁੱਟ ਜਾਂਦੀਆਂ ਹਨ ਤਾਂ ਉਹ ਖ਼ੁਦਕੁਸ਼ੀਆਂ ਦੇ ਰਾਹ 'ਤੇ ਤੁਰ ਪੈਂਦੇ ਹਨ।
ਵਿਕੀਪੀਡੀਆ ਅਤੇ ਸੰਸਾਰ ਸਿਹਤ ਸੰਸਥਾ ਦੇ ਸਰਵੇ ਦੇ ਅਨੁਸਾਰ ਹਰ ਸਾਲ ਕਰੀਬ 135000 ਲੋਕ ਭਾਰਤ ਵਿਚ ਖ਼ੁਦਕੁਸ਼ੀ ਕਰਦੇ ਹਨ। ਫਿਰ ਭਾਵੇਂ ਉਹ ਕਰਜ਼ੇ ਦੇ ਮਾਰੇ ਕਿਸਾਨ ਹੋਣ, ਬੱਚਿਆਂ ਦੀ ਅਣਗਹਿਲੀ ਜਾਂ ਕਿਸੇ ਬਿਮਾਰੀ ਦੇ ਮਾਰੇ ਬਜ਼ੁਰਗ ਹੋਣ, ਜਾਂ ਪਿਆਰ ਦੇ ਠੁਕਰਾਏ ਪ੍ਰੇਮੀ ਹੋਣ, ਬੇਰੁਜ਼ਗਾਰ ਨੌਜੁਆਨ ਹੋਣ ਜਾਂ ਫਿਰ ਭੁੱਖ-ਮਰੀ ਨਾਲ ਜੂਝਦੇ ਗ਼ਰੀਬ ਲੋਕ ਹੋਣ, ਸਭ ਦਾ ਕਾਰਨ ਮਾਨਸਿਕ ਉਲਾਰਤਾ ਹੀ ਹੁੰਦਾ ਹੈ। ਆਮ ਤੌਰ ਤੇ ਵਧ ਰਹੀਆਂ ਸੜਕ ਦੁਰਘਟਨਾਵਾਂ ਦਾ ਕਾਰਨ ਵੀ ਮਨੁੱਖ ਦਾ ਕਿਸੇ ਮਾਨਸਿਕ ਸਮੱਸਿਆ ਵਿਚ ਉਲਝੇ ਹੋਣ ਕਾਰਨ ਸਾਵਧਾਨੀ ਦਾ ਘਟਣਾ ਹੀ ਹੁੰਦਾ ਹੈ। ਇਸੇ ਲਈ ਕਹਿੰਦੇ ਹਨ-''ਸਾਵਧਾਨੀ ਹਟੀ, ਦੁਰਘਟਨਾ ਘਟੀ।'' ਮਾਨਸਿਕ ਪੀੜਾ ਦਾ ਰੁਝਾਨ ਕੇਵਲ ਅਨਪੜ੍ਹ ਲੋਕਾਂ ਵਿਚ ਹੀ ਨਹੀਂ ਸਗੋਂ ਪੜ੍ਹੇ ਲਿਖੇ ਲੋਕਾਂ ਦੀ ਪੀੜਾ ਕਿਧਰੇ ਜ਼ਿਆਦਾ ਹੈ। ਇੰਜ ਲਗਦਾ ਹੈ ਕਿ ਮਾਨਸਿਕ ਸਮੱਸਿਆਵਾਂ ਕਾਰਨ ਸਾਰੀ ਦੁਨੀਆਂ ਹੀ ਇਕ ਵੱਡਾ ਪਾਗਲਖ਼ਾਨਾ ਬਣਦੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਕੁਨਬਾਪ੍ਰਸਤੀ ਪ੍ਰਧਾਨ ਹੈ। ਹਰ ਰਾਜ ਨੇਤਾ ਇਹ ਹੀ ਚਾਹੁੰਦਾ ਹੈ ਕਿ ਮੇਰੇ ਪਿੱਛੋਂ ਮੇਰਾ ਪੁੱਤਰ ਹੀ ਮੇਰੀ ਕੁਰਸੀ ਦਾ ਵਾਰਸ ਬਣੇ ਇਸ ਲਈ ਯੋਗਤਾ ਅਤੇ ਵਫ਼ਾਦਾਰੀ ਨੂੰ  ਛਿੱਕੇ ਟੰਗ ਦਿੱਤਾ ਜਾਂਦਾ ਹੈ। ਇਸ ਨਾਲ ਜਿਨ੍ਹਾਂ ਦਾ ਹੱਕ ਮਾਰਿਆ ਜਾਂਦਾ ਹ,ੈ ਉਨ੍ਹਾਂ ਵਿਚ ਨਰਾਜ਼ਗੀ ਅਤੇ ਮਾਨਸਿਕ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ।ਜੇ ਇਸ ਸਮੱਸਿਆ ਦਾ ਜਲਦੀ ਹੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ।
ਜੁਆਨ ਬੱਚਿਆਂ ਦੀਆਂ ਕੁਝ ਆਪਣੀਆਂ ਮਾਨਸਿਕ ਸਮੱਸਿਆਵਾਂ ਹੁੰਦੀਆਂ ਹਨ। ਇਸ ਉਮਰ ਵਿਚ ਉਨ੍ਹਾਂ ਦੇ ਸਰੀਰ ਵਿਚ ਕੁਝ ਕੁਦਰਤੀ ਤਬਦੀਲੀਆਂ ਆਉਂਦੀਆਂ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ। ਉਨ੍ਹਾਂ ਦੇ ਮਨ ਵਿਚ ਕਈ ਸ਼ੰਕਾਵਾਂ ਉੱਠ ਖੜ੍ਹੀਆਂ ਹੁੰਦੀਆਂ ਹਨ। ਇਸ ਵਿਸ਼ੇ 'ਤੇ ਗੱਲ ਬਾਤ ਕਰਨਾ ਉਨ੍ਹਾਂ ਨੂੰ ਆਚਰਣ-ਹੀਨ ਲੱਗਦਾ ਹੈ। ਇਸ ਸ਼ਰਮ ਕਾਰਨ ਉਹ ਆਪਣੇ ਮਾਤਾ-ਪਿਤਾ ਜਾਂ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ। ਕਈ ਵਾਰੀ ਉਹ ਬੁਰੀ ਸੰਗਤ ਵਿਚ ਵੀ ਫਸ ਜਾਂਦੇ ਹਨ। ਉਨ੍ਹਾਂ ਦੀ ਅਗਿਆਨਤਾ ਦਾ ਹਨੇਰਾ ਵਿੱਦਿਆ ਦੇ ਚਾਨਣ ਅਤੇ ਸੁਚੱਜੀ ਅਗੁਵਾਈ ਨਾਲ ਹੀ ਦੂਰ ਹੋ ਸਕਦਾ ਹੈ।ਸਾਡੇ ਦੇਸ਼ ਵਿਚ ਨੌਜੁਆਨਾਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੋਈ ਖ਼ਾਸ ਇੰਤਜਾਮ ਜਾਂ ਸੰਸਥਾ ਨਹੀਂ।
ਮਾਂ-ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ, ਉਸ ਨੂੰ ਸੰਸਕਾਰ ਵੀ ਦਿੰਦੇ ਹਨ। ਉਸ ਨੂੰ ਪਾਲ ਪੋਸ ਕੇ ਅਤੇ ਆਪਣਾ ਪਿਆਰ ਦੇ ਕੇ ਇਕ ਕਾਮਯਾਬ ਮਨੁੱਖ ਬਣਾਉਂਦੇ ਹਨ। ਕਈ ਵਾਰੀ ਬੱਚੇ ਆਪਣੇ ਫ਼ਰਜ਼ ਨੂੰ ਨਹੀਂ ਪਛਾਣਦੇ ਅਤੇ ਮਾਂ-ਬਾਪ ਦੀ ਅਣਗਹਿਲੀ ਕਰਦੇ ਹਨ। ਕਈ ਵਾਰੀ ਤਾਂ ਮੂੰਹ ਪਾੜ ਕੇ ਕਹਿ ਦਿੰਦੇ ਹਨ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? ਇਸ ਸਮੇਂ ਬੁੱਢੇ ਮਾਂ-ਬਾਪ ਦੇ ਦਿਲ 'ਤੇ ਕੀ ਬੀਤਦੀ ਹੈ ਇਹ ਉਹ ਹੀ ਜਾਣਦੇ ਹਨ। ਉਹ ਗ਼ਹਿਰੇ ਸਦਮੇਂ ਵਿਚ ਆ ਜਾਂਦੇ ਹਨ। ਕਈ ਬਜ਼ੁਰਗਾਂ ਨੂੰ ਬੱਚਿਆਂ ਦੀ ਬੇਰੁਖ਼ੀ ਕਾਰਨ ਬਾਕੀ ਜੀਵਨ ਬ੍ਰਿਧ ਆਸ਼ਰਮ ਵਿਚ ਕੱਟਣਾ ਪੈਂਦਾ ਹੈ। ਜਿੱਥੇ ਉਹ ਹਮੇਸ਼ਾਂ ਮਾਨਸਿਕ ਪ੍ਰੇਸ਼ਾਨੀ ਵਿਚ ਰਹਿੰਦੇ ਹਨ। ਇੰਜ ਜਾਪਦਾ ਹੈ ਜਿਵੇਂ ਬੱਚੇ ਉਨ੍ਹਾਂ ਨੂੰ ਮੌਤ ਦਾ ਇੰਤਜਾਰ ਕਰਨ ਲਈ ਉੱਥੇ ਇਕੱਲੇ ਛੱਡ ਗਏ ਹੋਏ ਹੋਣ।
ਆਰਥਿਕ ਖ਼ੁਸ਼ਹਾਲੀ ਅਤੇ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਜ਼ਰੂਰੀ ਹੈ। ਬੰਦਾ ਮਾਨਸਿਕ ਤੌਰ 'ਤੇ ਬਿਲਕੁਲ ਤੰਦਰੁਸਤ ਹੋਣਾ ਚਾਹੀਦਾ ਹੈ, ਨਹੀਂ ਤੇ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ। ਜ਼ਿੰਦਗੀ ਕਦੀ ਨਹੀਂ ਰੁਕਦੀ ਪਰ ਮਾਨਸਿਕ ਰੋਗੀਆਂ ਦਾ ਵਿਕਾਸ ਰੁਕ ਜਾਂਦਾ ਹੈ। ਅਜਿਹੇ ਲੋਕ ਕੇਵਲ ਸਮਾਜ 'ਤੇ ਹੀ ਬੋਝ ਨਹੀਂ ਬਣਦੇ, ਸਗੋਂ ਉਹ ਆਪਣੇ-ਆਪ ਲਈ ਵੀ ਇਕ ਬੋਝ ਬਣ ਜਾਂਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਹਰ ਕੋਈ ਉੇਨ੍ਹਾਂ ਦਾ ਦੁਸ਼ਮਣ ਹੋਏ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੋਵੇ। ਅਜਿਹੇ ਲੋਕ ਆਪਣੀ ਜ਼ਿੰਦਗੀ ਜੀਅ ਨਹੀਂ ਰਹੇ ਹੁੰਦੇ, ਸਗੋਂ ਆਪਣੀ ਜ਼ਿੰਦਗੀ ਦੀ ਲਾਸ਼ ਨੂੰ ਆਪਣੇ ਮੋਢੇ ਉੱਤੇ ਚੁੱਕ ਕੇ ਮੌਤ ਵੱਲ ਜਾ ਰਹੇ ਹੁੰਦੇ ਹਨ।ਕਈ ਲੋਕਾਂ ਵਿਚ ਹਉਮੈਂ ਬਹੁਤ ਹੁੰਦੀ ਹੈ। ਉਹ ਇਹ ਹੀ ਸਮਝਦੇ ਹਨ ਕਿ ਅਸੀ ਸਭ ਤੋਂ ਸਿਆਣੇ ਹਾਂ। ਅਜਿਹੇ ਮਨੁੱਖਾਂ ਵਿਚ ਕੁਝ ਹੋਰ ਸਿੱਖਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ ਕਿਉਂਕਿ ਹਮੇਸ਼ਾਂ ਖਾਲੀ ਘੜਾ ਹੀ ਭਰਦਾ ਹੈ। ਭਰੇ ਹੋਏ ਘੜੇ ਵਿਚ ਹੋਰ ਕੁਝ ਨਹੀਂ ਸਮਾ ਸਕਦਾ।
ਮਨੁੱਖਾ ਜੀਵਨ ਅਨਮੋਲ ਹੈ। ਇਸ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ। ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਉ, ਨਹੀਂ ਤੇ ਇਨ੍ਹਾਂ ਦਾ ਬੋਝ ਇਕ ਦਿਨ ਨਾਕਾਬਿਲੇ ਬਰਦਾਸ਼ਤ ਹੋ ਜਾਏਗਾ। ਕਦੀ ਬਾਤ ਦਾ ਬਤੰਗੜ ਨਾ ਬਣਾਓ। ਸਮੱਸਿਆ ਨੂੰ ਨਿਰਲੇਪ ਹੋ ਕੇ ਨਿਰਪੱਖ ਦ੍ਰਿਸ਼ਟੀਕੋਣ ਤੋਂ ਆਪਣੀ ਅੰਦਰਲੀ ਤੀਸਰੀ ਅੱਖ ਨਾਲ ਦੇਖੋ। ਤਣਾਅ ਨੂੰ ਆਪਣੇ ਅੰਦਰ ਜ਼ਿਆਦਾ ਦੇਰ ਨਾ ਟਿਕਣ ਦਿਓ। ਮਨ ਦੀਆਂ ਗੰਢਾਂ ਖੋਲ੍ਹੋ। ਜੇ ਲੋੜ ਪਏ ਤਾਂ ਕਿਸੇ ਹਮਦਰਦ ਦੀ ਮਦਦ ਲਓ। ਆਪਣੇ ਅੰਦਰ ਕੁਝ ਭੁੱਲਣ ਦੀ, ਕੁਝ ਅਣਦੇਖਿਆਂ ਕਰਨ ਦੀ, ਕੁਝ ਬਰਦਾਸ਼ਤ ਕਰਨ ਦੀ ਅਤੇ ਕੁਝ ਮੁਆਫ਼ ਕਰਨ ਦੀ ਆਦਤ ਪਾਉ, ਸੌਖੇ ਰਹੋਗੇ। ਹਮੇਸ਼ਾਂ ਸਹਿਜ ਵਿਚ ਰਹੋ। ਆਪ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖੋ। ਆਪ ਹੱਸੋ ਅਤੇ ਦੂਸਰਿਆਂ ਨੂੰ ਵੀ ਹਸਾਓ। ਇਸੇ ਲਈ ਸਿਆਣੇ ਕਹਿੰਦੇ ਹਨ-
''ਹਰ ਮਰਜ਼ ਕਾ ਇਲਾਜ਼ ਨਹੀਂ ਦਵਾਖ਼ਾਨੇ ਮੇਂ,
ਕੁਝ ਦਰਦ ਮਿਟ ਜਾਤੇ ਹੈਂ ਕੇਵਲ ਮੁਸਕਰਾਨੇ ਸੇ।''

ਬੇਸ਼ੱਕ ਨੱਚੋ, ਟੱਪੋ, ਭੰਗੜੇ ਪਾਉ ਅਤੇ ਖ਼ੁਸ਼ੀ ਦੇ ਗੀਤ ਗਾਉ। ਕੱਲ੍ਹ ਬਾਰੇ ਜ਼ਿਆਦਾ ਨਾ ਸੋਚੋ। ਬੀਤੇ ਕੱਲ੍ਹ ਨੂੰ ਤੁਸੀਂ ਬਦਲ ਨਹੀਂ ਸਕਦੇ ਅਤੇ ਆਉਣ ਵਾਲੇ ਕੱਲ੍ਹ ਦਾ ਕੋਈ ਭਰੋਸਾ ਨਹੀਂ ਕਿ ਆਉਣਾ ਵੀ ਹੈ ਕਿ ਨਹੀਂ, ਕਿਉਂਕਿ ਸਾਨੂੰ ਸਾਹਾਂ ਦਾ ਕੋਈ ਭਰੋਸਾ ਨਹੀਂ ਕਿ ਅਗਲਾ ਸਾਹ ਆਉਣਾ ਹੈ ਕਿ ਨਹੀਂ। ਨਾ ਹੀ ਅਸੀਂ ਕਿਸੇ ਆਉਣ ਵਾਲੀ ਅਣਹੋਣੀ ਨੂੰ ਟਾਲ ਸਕਦੇ ਹਾਂ। ਤੁਹਾਡੇ ਕੋਲ ਕੇਵਲ ਆਪਣਾ ਅੱਜ ਹੈ। ਜੇ ਤੁਸੀਂ ਇਸ ਅੱਜ ਨੂੰ ਖ਼ੁਸ਼ੀ ਨਾਲ ਜੀਅ ਲਿਆ ਤਾਂ ਸਮਝੋ ਕਿ ਤੁਸੀਂ ਇਕ ਕਾਮਯਾਬ ਮਨੁੱਖ ਹੋ। ਇਸ ਲਈ ਸਦਾ ਖੇੜੇ ਵਿਚ ਰਹੋ।
ਦੂਜਿਆਂ ਨਾਲ ਜ਼ਿਆਦਾ ਦੇਰ ਨਾ ਰੁਸੋ, ਨਾ ਹੀ ਕਿਸੇ ਪ੍ਰਤੀ ਕੋਈ ਈਰਖਾ ਜਾਂ ਕੋਈ ਵੈਰ ਵਿਰੋਧ ਰੱਖੋ। ਜੇ ਕਿਸੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਤੁਹਾਡਾ ਵਿਰੋਧੀ ਹੈ। ਤੁਸੀਂ ਉਸ ਨਾਲ ਬਹਿਸ ਵਿਚ ਪੈ ਕੇ ਉਸ ਨੂੰ ਹਰਾਉਣਾ ਨਹੀਂ। ਇਸ ਤਰ੍ਹਾਂ ਉਸ ਨਾਲ ਤੁਹਾਡਾ ਰਿਸ਼ਤਾ ਟੁੱਟਦਾ ਹੈ। ਤੁਸੀਂ ਉਸ ਦਾ ਮਨ ਜਿੱਤ ਕੇ ਸਦਾ ਲਈ ਉਸ ਨੂੰ ਆਪਣਾ ਬਣਾਉਣਾ ਹੈ। ਤੁਸੀਂ ਇਹ ਸੋਚੋ ਕਿ ਕਿਸੇ ਚੀਜ਼ ਨੂੰ ਦੇਖਣ-ਪਰਖਣ ਦਾ ਅਤੇ ਸੋਚਣ ਦਾ ਉਸ ਦਾ ਨੁਕਤਾ ਤੁਹਾਡੇ ਤੋਂ ਕੁਝ ਅਲੱਗ ਹੈ। ਫਿਰ ਸ਼ਾਇਦ ਤੁਸੀ ਦੋਵੇਂ ਕਿਸੇ ਇਕ ਨੁਕਤੇ 'ਤੇ ਸਹਿਮਤ ਹੋ ਜਾਉ।
ਵਿਹਲੇ ਨਾ ਰਹੋ। ਕਿਸੇ ਨਾ ਕਿਸੇ ਕੰਮ ਵਿਚ ਜ਼ਰੂਰ ਰੁੱਝੇ ਰਹੋ। ਵਿਹਲਾ ਦਿਮਾਗ਼ ਸ਼ੈਤਾਨ ਦਾ ਕਾਰਖ਼ਾਨਾ ਹੈ ਇਸੇ ਲਈ ਕਹਿੰਦੇ ਹਨ ਕਿ 'ਬੇਕਾਰ ਸੇ ਬੇਗਾਰ ਭਲੀ'।  ਕੋਈ ਨਾ ਕੋਈ ਸ਼ੌਂਕ ਜ਼ਰੂਰ ਰੱਖੋ। ਕਈ ਲੋਕ ਪੰਜਾਹ-ਸੱਠ ਸਾਲ ਦੀ ਉਮਰ ਦੇ ਹੋ ਜਾਂਦੇ ਹਨ ਤਾਂ ਉਹ ਕੰਮ ਕਰਨਾ ਛੱਡ ਜਾਂਦੇ ਹਨ  ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ, ਬਥੇਰਾ ਕੰਮ ਕਰ ਲਿਆ ਹੈ। ਹੁਣ ਸਾਡੇ ਆਰਾਮ ਦੇ ਦਿਨ ਹਨ। ਇਹ ਇਕ ਗ਼ਲਤ ਵਿਚਾਰ ਹੈ। ਇਹ ਰਸਤਾ ਸਿੱਧਾ ਬਿਮਾਰੀ ਵਿਚੋਂ ਹੋ ਕੇ ਮੌਤ ਵਲ ਜਾਂਦਾ ਹੈ। ਸਦਾ ਫੁਰਤੀ ਵਿਚ ਰਹੋ। ਜੇ ਤੁਸੀਂ ਬਜ਼ੁਰਗ ਹੋ ਗਏ ਹੋ ਤਾਂ ਵੀ ਸਮਾਜ ਦਾ ਅੰਗ ਬਣ ਕੇ ਰਹੋ ਅਤੇ ਸਮਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉ। ਤੁਸੀਂ ਸਾਬਤ ਕਰੋ ਕਿ ਤੁਸੀਂ ਹਾਲੀ ਜ਼ਿੰਦਾ ਹੋ। ਆਪਣੇ ਸਾਥੀਆਂ ਅਤੇ ਬੱਚਿਆਂ ਦੀ ਮਦਦ ਕਰੋ। ਉਨ੍ਹਾਂ ਵਿਚ ਆਪਣੇ ਕੀਮਤੀ ਤਜ਼ਰਬੇ ਵੰਡੋ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕਰੋ। ਇਕੱਲੇ ਰਹਿਣਾ, ਵਿਹਲੇ ਰਹਿਣ ਦਾ ਹੀ ਇਕ ਦੂਸਰਾ ਪਹਿਲੂ ਹੈ। ਆਪਣੇ ਸਾਥੀਆਂ ਨਾਲ ਹਮੇਸ਼ਾਂ ਮਿਲ ਜੁਲ ਕੇ ਰਹੋ। ਹਿੰਦੀ ਦੇ ਪ੍ਰਸਿੱਧ ਕਵੀ ਗੁਲਜ਼ਾਰ ਬਹੁਤ ਸੋਹਣਾ ਲਿਖਦੇ ਹਨ:
ਥੋੜ੍ਹੀ ਥੋੜ੍ਹੀ ਗੁਫ਼ਤਗੂ ਦੋਸਤੋਂ ਸੇ ਕਰਤੇ ਰਹੀਏ।
ਜਾਲੇ ਲਗ ਜਾਤੇ ਹੈਂ ਅਕਸਰ, ਬੰਦ ਮਕਾਨੋਂ ਮੇਂ॥

ਇਕੱਲੇ ਰਹਿਣ ਵਾਲੇ ਬੰਦੇ ਅਕਸਰ ਐਲਰਜ਼ਾਈਮਰ ਨਾਮ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸਮਾਜ ਨਾਲੋਂ ਟੁੱਟ ਜਾਂਦੇ ਹਨ। ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਵਿਗੜ ਜਾਂਦਾ ਹੈ ਅਤੇ ਹੌਲੀ-ਹੌਲੀ  ਸਰੀਰ ਦੇ ਅੰਗ ਵੀ ਠੀਕ ਤਰ੍ਹਾਂ ਕੰਮ ਕਰਨੋ ਹਟ ਜਾਂਦੇ ਹਨ। ਇਸ ਲਈ ਇਕੱਲੇਪਣ ਤੋਂ ਸਦਾ ਦੂਰ ਰਹੋ। ਵਿਹਲੇ ਅਤੇ ਇਕੱਲੇ ਬੰਦੇ ਡਰ ਨਾਲ ਆਪਣੀ ਮੌਤ ਤੋਂ ਪਹਿਲਾਂ ਹੀ ਕਈ ਵਾਰੀ ਮਰਦੇ ਹਨ ਪਰ ਊਸਾਰੂ ਸੋਚ ਵਾਲੇ ਮਨੁੱਖ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਕੋਲ ਬਿਮਾਰ ਹੋਣ ਦਾ ਸਮਾਂ ਹੀ ਨਹੀਂ ਹੁੰਦਾ। ਉਹ ਜ਼ਿੰਦਗੀ ਦਾ ਭਰਪੂਰ ਲੁੱਤਫ਼ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਅਖ਼ੀਰ ਤੱਕ ਖੇੜੇ ਵਿਚ ਰਹਿੰਦੇ ਹਨ।
ਮਾਨਸਿਕ ਸਿਹਤ ਦਾ ਮਤਲਬ ਇਹ ਨਹੀਂ ਕਿ ਸਾਡੇ ਆਲੇ-ਦੁਆਲੇ ਕੀ ਵਰਤਾਰਾ ਵਰਤ ਰਿਹਾ ਹੈ  ਸਗੋਂ ਇਹ ਹੈ ਕਿ ਜੋ ਵਰਤ ਰਿਹਾ ਹੈ ਉਸ ਬਾਰੇ ਅਸੀਂ ਕੀ ਮਹਿਸੂਸ ਕਰਦੇ ਹਾਂ। ਜੇ ਅਸੀਂ ਛੋਟੀ-ਛੋਟੀ ਗੱਲ ਨੂੰ ਦਿਲ'ਤੇ ਲਾ ਬੈਠਾਂਗੇ ਤਾਂ ਇਹ ਸਾਡੀ ਮਾਨਸਿਕ ਤੰਦਰੁਸਤੀ ਲਈ ਹਾਨੀਕਾਰਕ ਹੋਵੇਗਾ। ਦੂਜੇ ਪਾਸੇ ਜੇ ਅਸੀਂ ਕਿਸੇ ਵੱਡੀ ਦੁਰਘਟਨਾ ਜਾਂ ਮਾੜੇ ਹਾਲਾਤ ਨੂੰ ਕੁਦਰਤ ਦਾ ਨਿਯਮ ਸਮਝ ਕੇ ਲਵਾਂਗੇ ਤਾਂ ਉਸ ਦਾ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ। ਸਾਨੂੰ ਇਹ ਵੀ ਸਮਝਣਾ ਪਏਗਾ ਕਿ ਮਨੁੱਖ ਦੀ ਮਾਨਸਿਕ ਸਥਿੱਤੀ ਹਮੇਸ਼ਾਂ ਦੋ ਅਤੇ ਦੋ ਚਾਰ ਦੀ ਤਰ੍ਹਾਂ ਨਹੀਂ ਹੁੰਦੀ। ਮਨੁੱਖੀ ਮਨ ਕੋਈ ਮਸ਼ੀਨਰੀ ਨਹੀਂ ਹੈ ਜੋ ਸਦਾ ਇਕੋ ਜਿਹਾ ਨਤੀਜਾ ਹੀ ਦੇਵੇਗੀ। ਦੋ ਅਲੱਗ-ਅਲੱਗ ਮਨੁੱਖਾਂ ਲਈ ਜ਼ਰੂਰੀ ਨਹੀਂ ਕਿ ਇਕੋ ਫਾਰਮੂਲਾ ਹੀ ਲਾਗੂ ਹੋਵੇ। ਕਈ ਮਾਨਸਿਕ ਰੋਗੀ ਡਾਕਟਰ ਨਾਲ ਸਹਿਯੋਗ ਹੀ ਨਹੀਂ ਕਰਦੇ, ਇਸ ਲਈ ਉਹ ਸਿਹਤਯਾਬ ਨਹੀਂ ਹੁੰਦੇ। ਉਨ੍ਹਾਂ ਪ੍ਰਤੀ ਸਮਾਜ ਦੇ ਪਿਆਰ ਅਤੇ ਹਮਦਰਦੀ ਦੀ ਬਹੁਤ ਲੋੜ ਹੈ। ਉਨ੍ਹਾਂ ਨੂੰ ਪਿਆਰ ਨਾਲ ਪ੍ਰੇਰ ਕੇ ਉਨ੍ਹਾਂ ਦੇ ਦਿਮਾਗ਼ ਦੀਆਂ ਜਲਿਟ ਗੁੰਝਲਾਂ ਖੋਲ੍ਹੀਆਂ ਜਾ ਸਕਦੀਆਂ ਹਨ ਤਾਂ ਹੀ ਉਹ ਸਮਾਜ ਦਾ ਨਰੋਇਆ ਅੰਗ ਬਣ ਸਕਦੇ ਹਨ। ਜਿਥੋਂ ਤੱਕ ਹੋ ਸਕੇ ਉਨ੍ਹਾਂ ਦੀਆਂ ਸ਼ਿਕਾਇਤਾਂ, ਰੋਸੇ ਅਤੇ ਗੁੱਸੇ ਗਿਲੇ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਹੀਦੀ ਹੈ। ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਿਆ ਜਾਏ ਅਤੇ ਉਨ੍ਹਾਂ ਨੂੰ ਸਮਝਾਇਆ ਜਾਏ ਕਿ ਇਹ ਅਣਹੋਣੀਆਂ ਅਤੇ ਮੁਸੀਬਤਾਂ ਕੇਵਲ ਉਨ੍ਹਾਂ ਇਕੱਲਿਆਂ 'ਤੇ ਹੀ ਨਹੀਂ ਆਈਆਂ ਸਗੋਂ ਇਹ ਕੁਦਰਤ ਦਾ ਇਕ ਆਮ ਵਰਤਾਰਾ ਹੈ  ਅਤੇ ਸਭ ਨੂੰ ਕੇਵਲ ਹਿੰਮਤ ਨਾਲ ਹੀ ਇਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਲ ਛੱਡਿਆਂ ਕੋਈ ਗੱਲ ਨਹੀਂ ਬਣਦੀ। ਉਨ੍ਹਾਂ ਦੇ ਮਨ ਵਿਚੋਂ ਅਜਿਹੇ ਵਹਿਮ  ਕੱਢੇ ਜਾਣ ਕਿ ਉਹ ਘਟੀਆ  ਹਨ ਜਾਂ ਉਨ੍ਹਾਂ ਵਿਚ ਕੋਈ ਕਮੀ ਹੈ।
ਸਾਨੂੰ ਜ਼ਰੂਰਤ ਹੈ ਕਿ ਅਸੀਂ ਮਾਨਸਿਕ ਬਿਮਾਰੀ ਦੇ ਕਾਰਨਾ ਨੂੰ ਸਮਝ ਕੇ ਉਸ ਦਾ ਪੱਕੇ ਪੈਰੀਂ ਇਲਾਜ ਕਰੀਏ। ਮਾਨਸਿਕ ਤੌਰ 'ਤੇ ਉਲਾਰ ਵਿਅਕਤੀਆਂ ਨੂੰ ਕੇਵਲ ਡਾਕਟਰਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਅਜਿਹੇ ਮਰੀਜ਼ਾਂ ਨਾਲ ਕੋਈ ਵਿਤਕਰਾ ਜਾਂ ਨਫ਼ਰਤ ਵੀ ਨਹੀਂ ਕਰਨੀ ਚਾਹੀਦੀ। ਉਹ ਜਿੰਨੇ ਜੋਗੇ ਹਨ, ਉਨ੍ਹਾਂ ਗੁਣਾਂ ਕਰ ਕੇ ਉਨ੍ਹਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਅਜਿਹੇ ਮਾਨਸਿਕ ਰੋਗੀ ਨੂੰ ਦੱਸਣਾ ਚਾਹੀਦਾ ਹੈ ਕਿ ਤੂੰ ਬਹੁਤ ਚੰਗਾ ਹੈਂ। ਤੂੰ ਇਹ ਕੰਮ ਕਰ ਸਕਦਾ ਹੈਂ। ਇਕ ਦਿਨ ਤੂੰ ਜ਼ਰੂਰ ਕਾਮਯਾਬ ਹੋਵੇਂਗਾ। ਅਸੀਂ ਤੇਰੇ ਨਾਲ ਹਾਂ ਆਦਿ। ਇਸ ਕੰਮ ਲਈ ਸਰਕਾਰ ਅਤੇ ਬਾਕੀ ਸਮਾਜ ਦੇ ਭਰਪੂਰ ਸਹਿਯੋਗ ਦੀ ਲੋੜ ਹੈ ਕਿਉਂਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਹਰ ਮਨੁੱਖ ਦਾ ਮੁਢਲਾ ਅਧਿਕਾਰ ਹੈ।
*****

ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in