ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਆਜ ਫਿਰ ਜੀਨੇ ਕੀ ਤਮੰਨਾ ਹੈ-ਆਜ ਫਿਰ ਮਰਨੇ ਕਾ ਇਰਾਦਾ ਹੈ।

ਖ਼ਬਰ ਹੈ ਕਿ ਦੁਨੀਆ ਭਰ ਵਿੱਚ ਮਸ਼ਹੂਰ ਅਮਰੀਕੀ ਮੈਗਜ਼ੀਨ ''ਟਾਈਮ'' ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ''ਪਾੜੇ ਪਾਉਣ ਵਾਲਾ ਮੁਖੀ'' ਦੇ ਸਿਰਲੇਖ ਨਾਲ ਸਟੋਰੀ ਛਾਪੀ ਹੈ। ਆਤਿਸ਼ ਤਾਸੀਰ ਨਾਂਅ ਦੇ ਪੱਤਰਕਾਰ ਨੇ ਲਿਖਿਆ ਹੈ ਕਿ 2014 ਵਿੱਚ ਮੋਦੀ 'ਸਬਕਾ ਸਾਥ ਸਬਕਾ ਵਿਕਾਸ' ਦੇ ਨਾਹਰੇ ਨਾਲ ਸੱਤਾ ਵਿੱਚ ਆਏ ਪਰ ਪੰਜ ਸਾਲ ਉਹਨਾ ਇਸ ਨਾਅਰੇ ਦਾ ਮਤਲਬ ਵਿਅਰਥ ਕਰ ਦਿੱਤਾ। ਮੋਦੀ ਦੀ ਚੁਪੀ ਦਾ ਹਵਾਲਾ ਦਿੰਦਿਆ ਪੱਤਰਕਾਰ ਨੇ ਲਿਖਿਆ ਹੈ ਕਿ ਮੋਦੀ ਨੇ ਭਾਈਚਾਰਾ ਕਾਇਮ ਰੱਖਣ ਦੀ ਕੋਸ਼ਿਸ਼ ਹੀ ਕਦੇ ਨਹੀਂ ਕੀਤੀ ਅਤੇ ਦੇਸ਼ 'ਚ ਵਾਪਰੀਆਂ ਫਿਰਕੂ ਘਟਨਾਵਾਂ ਨੇ ਮੋਦੀ ਨੂੰ ਫਸਾਦੀਆਂ ਦੀ ਭੀੜ ਦਾ ਸਾਥੀ ਬਣਾ ਦਿੱਤਾ। ਇਥੋਂ ਤੱਕ ਕਿ ਮੋਦੀ ਨੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਭਾਈਚਾਰਾ ਕਾਇਮ ਰੱਖਣ ਦੀ ਮਨਸ਼ਾ ਵੀ ਕਦੇ ਜ਼ਾਹਰ ਨਹੀਂ ਕੀਤੀ। ਪੱਤਰਕਾਰ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੋਦੀ ਦੇ ਹੱਥੋਂ ਕੋਈ ਆਰਥਕ ਚਮਤਕਾਰ ਜਾਂ ਵਿਕਾਸ ਨਹੀਂ ਹੋ ਸਕਿਆ। ਪਰ ਇਸਦੇ ਬਾਵਜੂਦ ਵੀ ਹਰਿ ਹਰਿ ਮੋਦੀ, ਹਰ ਘਰ ਮੋਦੀ ਦੀ ਬਾਣੀ ਸੁਣਾਈ ਜਾ ਰਹੀ ਹੈ ਅਤੇ ਮੋਦੀ ਅਗਲਾ ਪ੍ਰਧਾਨ ਮੰਤਰੀ ਬਨਣ ਦਾ ਚਾਹਵਾਨ ਹੈ।
ਬਹੁਤ ਹੀ ਚੰਗਾ ਹੈ ਸਾਡਾ ਪ੍ਰਧਾਨ ਮੰਤਰੀ। ਬੋਲਦਾ ਹੈ ਤਾਂ ਬੋਲਦਾ ਹੀ ਤੁਰਿਆ ਜਾਂਦਾ ਹੈ। ਚੁੱਪ ਹੈ ਤਾਂ ਬੱਸ ਮੋਨੀ ਬਾਬਾ ਬਣ ਜਾਂਦਾ ਹੈ। ਤੁਰਦਾ ਹੈ ਤਾਂ ਬਸ ਜ਼ਹਾਜ਼ੇ ਚੜਿਆ ਤੁਰਿਆ ਜਾਂਦਾ ਹੈ। ਬੱਸ ਇੱਕ ਵੇਰ ਹੁਣ ਪੈਰ ਥੱਲੇ ਬਟੇਰਾ ਆ ਗਿਆ ਤਾਂ ਮਨ 'ਚ ਇਕੋ ਗੱਲ ਧਾਰੀ ਬੈਠਾ ਆ, ਇੱਕ ਵਾਰ ਹੋਰ, ਬਸ ਇੱਕ ਵਾਰ ਹੋਰ!
ਵੈਸੇ ਮੋਦੀ ਜੀ ਜਦੋਂ ਕ੍ਰਾਂਤੀ ਕਹਿੰਦੇ ਹਨ, ਲੋਕ ਦੰਗਾ ਸਮਝ ਲੈਂਦੇ ਹਨ। ਜਦੋਂ ਮੋਦੀ ਜੀ ਰਾਫੇਲ ਕਹਿੰਦੇ ਹਨ ਲੋਕ ਬੋਫਰਸ ਸਮਝ ਲੈਂਦੇ ਹਨ। ਮੋਦੀ ਹਰੀ ਬੱਤੀ ਜਲਾਉਂਦੇ ਹਨ, ਲੋਕ ਲਾਲ ਬੱਤੀ ਸਮਝ ਲੈਂਦੇ ਹਨ। ਮੋਦੀ ''ਨਾਗਪੁਰ'' ਕਹਿੰਦੇ ਹਨ, ਲੋਕ ਦਿੱਲੀ ਸਮਝ ਲੈਂਦੇ ਹਨ। ਮੋਦੀ 'ਰਾਮ' ਕਹਿੰਦੇ ਹਨ, ਲੋਕ ਆਰਾਮ ਸਮਝ ਲੈਂਦੇ ਹਨ। ਮੋਦੀ ਦੇਸ਼ ਨੂੰ ਨੋਟਬੰਦੀ ਅਤੇ ਜੀ ਐਸ ਟੀ ਦਾ ਨਵਾਂ ਵਿਚਾਰ ਦਿੰਦੇ ਹਨ, ਲੋਕ ਇਹਨੂੰ ਲੁੱਟ ਭੁੱਖ, ਬੇਰੁਜ਼ਗਾਰੀ, ਗਰੀਬੀ, ਭ੍ਰਿਸ਼ਟਾਚਾਰ ਸਮਝ ਲੈਂਦੇ ਹਨ। ਮੋਦੀ ਭਾਰਤ ਨੂੰ ਸੋਨੇ ਦੀ ਚਿੜੀ ਕਹਿੰਦੇ ਹਨ, ਲੋਕ ਇਹਨੂੰ ਫਟਿਆ, ਬੁੱਢਾ, ਬੀਮਾਰ ਲੋਕਤੰਤਰ ਸਮਝ ਲੈਂਦੇ ਹਨ।
ਪਰ ਇਸ ਸਭ ਕੁਝ ਦੇ ਬਾਵਜੂਦ ਕਿ ਮੋਦੀ ਆਪਣੇ ਆਪ ਨੂੰ ''ਚੌਕੀਦਾਰ'' ਕਹਿੰਦੇ ਹਨ, ਗਊ-ਭਗਤ ਸਮਝਦੇ ਹਨ। ਦੇਸ਼ ਭਗਤ ਕਹਿੰਦੇ ਹਨ, ਰਾਸ਼ਟਰਵਾਦੀ ਕਹਿੰਦੇ ਹਨ। ਪਰ ਦੇਸੀ-ਵਿਦੇਸ਼ੀ ਉਹਨੂੰ ਰੋਟੀਆਂ ਘੱਟ ਵੇਲਣ ਵਾਲੀ ਤੇ ਵਧ ਵੰਗਾਂ ਛਣਕਾਉਣ ਵਾਲੀ ਬਹੂ ਕਹਿੰਦੇ ਹਨ ਜਾਂ ਫਿਰਕੂ ਵੰਡ ਪਾਉਣ ਵਾਲਾ ਸੌਦਾਗਰ ਕਹਿੰਦੇ ਹਨ। ਇਸਦੇ ਬਾਵਜੂਦ ਉਹ ਗਰਮ-ਸਰਦ ਸਿੰਘਾਸਣ ਉਤੇ ਬੈਠਣ ਦੀ ਚਾਹਤ ਖ਼ਤਮ ਨਹੀਂ ਕਰ ਸਕਿਆ। ਤੇ ਗਲੀ, ਬਜ਼ਾਰ, ਪਿੰਡ ,ਸ਼ਹਿਰ, ਭਾਰਤ-ਭਗਤੀ 'ਚ ਮਗਨ ਬਸ ਇਕੋ ਰਟ ਦੇਸ਼ ਲਈ ਲਾਈ ਬੈਠਾ ਹੈ, ''ਆਜ ਫਿਰ ਜੀਨੇ ਕੀ ਤਮੰਨਾ ਹੈ, ਆਜ ਫਿਰ ਮਰਨੇ ਕਾ ਇਰਾਦਾ ਹੈ''।


ਖੰਭ ਖੋਲ੍ਹਦੀ ਨਹੀਂ ਚਿੜੀ ਜਿਹੜੀ,
ਅੰਬਰਾਂ ਵਿੱਚ ਉਹ ਕਦੇ ਨਹੀਂ ਉੜ ਸਕਦੀ।

ਖ਼ਬਰ ਹੈ ਕਿ ਦੇਸ਼ ਦੀਆਂ ਦੋ ਲੋਕ ਸਭਾ ਚੋਣ ਹਲਕਿਆਂ ਸ਼੍ਰੀਨਗਰ ਅਤੇ ਅਨੰਤ ਨਾਗ ਵਿੱਚ ਪਿਛਲੀਆਂ ਚਾਰ ਲੋਕ ਸਭਾ ਚੋਣਾਂ ਵਿੱਚ 28 ਫੀਸਦੀ ਤੋਂ ਵੱਧ ਪੋਲਿੰਗ ਕਦੇ ਨਹੀਂ ਹੋਈ। ਅਨੰਤਨਾਗ ਸੀਟ ਉਤੇ ਇਸ ਵੇਰ 8.76 ਅਤੇ ਸ਼੍ਰੀਨਗਰ ਵਿੱਚ , ਜਿਥੋਂ ਨੈਸ਼ਨਲ ਕਾਨਫਰੰਸ ਦੇ ਮੁਖੀਆ ਫਾਰੂਕ ਅਬਦੂਲਾ ਚੋਣ ਲੜ ਰਹੇ ਹਨ, 14.27 ਫੀਸਦੀ ਵੋਟਿੰਗ ਹੋਈ ਹੈ। ਜੇਕਰ ਅਨੰਤਨਾਗ ਸੀਟਾਂ ਉਤੋਂ ਕੋਈ ਸਭ ਤੋਂ ਵੱਧ ਦੋ ਫੀਸਦੀ ਵੋਟਾਂ ਲੈ ਜਾਂਦਾ ਹੈ ਤਾਂ ਉਹ ਮੈਂਬਰ ਪਾਰਲੀਮੈਂਟ ਚੁਣਿਆ ਜਾਏਗਾ। ਯਾਦ ਰਹੇ ਇਥੋਂ ਫਾਰੂਕ ਅਬਦੂਲਾ ਅਤੇ ਮਹਿਬੂਬਾ ਮੁਫਤੀ ਚੋਣ ਲੜ ਰਹੇ ਹਨ। ਅਲੱਗਵਾਦੀਆਂ ਦੇ ਵੋਟ ਪ੍ਰਾਪਤ ਕਰਨ ਲਈ ਮਹਿਬੂਬਾ ਮੁਫਤੀ ਨੇ ਭਾਰਤ ਤੋਂ ਅਲੱਗ ਹੋਣ ਦਾ ਨਾਹਰਾ ਬੁਲੰਦ ਕੀਤਾ। ਇਸਦੇ ਬਾਵਜੂਦ ਵੀ ਅਨੰਤਨਾਗ ਵਿੱਚ ਵੋਟਾਂ ਦੀ ਫ਼ੀਸਦੀ ਨਹੀਂ ਵੱਧ ਸਕੀ।
ਖਰੀਂਢੇ ਜ਼ਖ਼ਮਾਂ ਦੀ ਦਾਸਤਾਨ ਹੈ ਹਿੰਦੋਸਤਾਨ। ਟੁੱਟੇ-ਫੁੱਟੇ ਦਿਲਾਂ ਦੀ ਕਹਾਣੀ ਹੈ ਭਾਰਤ! ਚੱਪੇ-ਚੱਪੇ ਖਿਲਰੇ ਸੰਤਾਲੀ, ਚੌਰਾਸੀ, ਦੋ ਹਜ਼ਾਰ ਦੋ ਦੇ ਦੰਗਿਆਂ, ਤਕਲੇਆਮ ਨਾਲ ਰੰਗਿਆ ਪਿਆ ਹੈ ਇੰਡੀਆ।
ਲੋਕ ਗੋਲੀਆਂ ਨਾਲ ਪਰੁੰਨੇ ਗਏ ਆ। ਲੋਕ ਭੇਡਾਂ-ਬੱਕਰੀਆਂ ਵਾਂਗਰ ਘੜੀਸੇ ਗਏ ਆ। ਪਰ ਨੇਤਾਵਾਂ ਦੀ ਬੱਲੇ ਬੱਲੇ ਹੋਈ ਆ। ਨੇਤਾਵਾਂ ਦਾ ਕੁਨਬਾ ਅਮੀਰੋ-ਅਮੀਰ ਹੋਇਆ ਆ। ਜ਼ਾਲਮ ਬਗਲੇ ਸੰਤਾਂ ਜਿਹਾ ਵਰਤਾਅ, ਖਾਸ ਤੌਰ ਤੇ ਚੋਣਾਂ ਵਿੱਚ ਕਰਨ ਦੇ ਮਾਹਰ ਹੋ ਗਏ ਆ।  ਬਗਲਾ ਸਿਆਣਾ ਹੋ ਗਿਆ ਹੈ, ਪੰਜ ਵਰ੍ਹਿਆਂ ਬਾਅਦ ਬਚੀਆਂ ਮੱਛੀਆਂ ਦੇ ਘਰ ਦਰਸ਼ਨ ਕਰਨ ਜਾਂਦਾ ਆ। ਭੇੜੀਆ, ਸਾਧੂ ਦਾ ਭੇਸ ਧਾਰਕੇ, ਭੇਡਾਂ ਦੇ ਵਾੜੇ ਪਹੁੰਚਦਾ ਆ। ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਕੇ, ਸ਼ੇਰ ਦਾ ਰੂਪ ਧਾਰਨ ਕਰਕੇ ਗਿੱਦੜ, ਮੱਛਲੀਆਂ, ਭੇਡਾਂ, ਬੱਕਰੀਆਂ ਨੂੰ ਮਾਨਸਰੋਵਰ ਤੱਕ ਦਾਨ ਕਰ ਰਿਹਾ ਹੈ। ਪਰ ਫਿਰ ਵੀ ਭਾਈ ਲੋਕ ਝਾਂਸੇ 'ਚ ਨਹੀਂ ਆ ਰਹੇ, ਕਥਿਤ ਲੋਕਤੰਤਰ ਦੀ ਬਾਤ ਸਮਝ ਰਹੇ ਆ। ਜਾਣਦੇ ਆ ''ਖੰਭ ਖੋਲ੍ਹਦੀ ਨਹੀਂ ਚਿੜੀ ਜਿਹੜੀ, ਅੰਬਰਾਂ ਵਿੱਚ ਉਹ ਕਦੇ ਨਹੀਂ ਉਡ ਸਕਦੀ''  ਤਦੇ ਸ਼ਾਇਦ ਉਹ ਸ਼ਿਕਾਰੀ ਦੇ ਬੁਣੇ ਜਾਲ 'ਚ ਫਸਣ ਤੋਂ ਗੁਰੇਜ ਕਰਦੀ ਤੁਰੀ ਆ ਰਹੀ ਆ। ਆਜ਼ਾਦ! ਸੁਤੰਤਰ!! ਬੇ-ਖ਼ੋਫ!!!


ਸਾਮਰਾਜ ਦੀ ਨੀਤ, ਨਿੱਤ ਨਫਾ ਹੋਵੇ,
ਹੋਰ ਏਸਦਾ ਨਾ ਸਰੋਕਾਰ, ਕੋਈ।

ਖ਼ਬਰ ਹੈ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਇਹਨੀ ਦਿਨੀਂ ਵਪਾਰ ਵਾਰਤਾ ਬਿਨ੍ਹਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ ਹੈ।  ਚੀਨ ਤੋਂ ਅਮਰੀਕਾ ਵਿੱਚ ਆਉਣ ਵਾਲੀਆਂ ਚੀਜ਼ਾਂ ਉਤੇ ਟੈਕਸ 300 ਅਰਬ ਡਾਲਰ ਵਧਾ ਦਿੱਤਾ ਹੈ। ਚੀਨ ਨਾਲ ਵਾਰਤਾ ਖ਼ਤਮ ਹੋਣ ਦਾ ਕਾਰਨ ਹੈ ਕਿ ਵਾਰਤਾ ਤੋਂ ਪਹਿਲਾ ਹੀ ਅਮਰੀਕਾ ਨੇ ਚੀਨ ਤੋਂ ਆਈਆਂ ਚੀਜ਼ਾਂ ਉਤੇ 200 ਅਰਬ ਡਾਲਰ ਦਾ ਟੈਕਸ ਵਧਾ ਦਿੱਤਾ ਸੀ। ਉਧਰ ਚੀਨ ਨੇ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤਾ ਵਾਰਤਾ ਖ਼ਤਮ ਨਹੀਂ ਕੀਤੀ ਜਾਏਗੀ।
ਵੱਡਾ ਥਾਣੇਦਾਰ ਆ ਅਮਰੀਕਾ! ਉਸਤੋਂ ਵੀ ਵੱਡਾ ਪੁਲਸੀਆ ਆ ਟਰੰਪ। ਹੱਥ 'ਚ ਹੰਟਰ ਲੈ, ਹਰ ਪਲ ਨਵੀਂ ਇਬਾਰਤ ਲਿਖਣ ਦਾ ਆਦੀ ਹੈ ਅਮਰੀਕਾ-ਤੰਤਰ। ਉਹਦਾ ਮੁਹਰਾ ਭਾਵੇਂ ਟਰੰਪ ਹੋਵੇ ਜਾਂ ਨਿਕਸਨ, ਬੁਸ਼ ਹੋਵੇ ਜਾਂ ਰੀਗਨ, ਹੂਬਰ ਹੋਵੇ ਜਾਂ ਵਿਲਸਨ। ਕਦੇ ਇਰਾਕ ਨੂੰ ਦਰੜਦੇ ਹਨ, ਕਦੇ ਅਫ਼ਗਾਨਿਸਤਾਨ ਨੂੰ। ਕਦੇ ਫਲਸਤੀਨ ਪੁੱਜਦੇ ਆ, ਕਦੇ ਈਰਾਨ।  ਅਤੇ ਕਦੇ ਮਿੱਤਰ ਬਣ ਭਾਰਤ ਨਾਲ ਮਿੱਤਰ-ਮਾਰ ਕਰਦੇ ਆ ਅਤੇ ਗੁਆਂਢੀਆਂ 'ਤੇ ਧਨ ਦੀ ਵਰਖਾ ਕਰਦੇ ਆ। ਗੱਲ ਤਾਂ ਭਾਈ ਇਕੋ ਆ ਕਿ 'ਗੁਲਾਮਾਂ ਨੂੰ ਹੋਰ ਗੁਲਾਮ ਕਿਵੇਂ ਬਣਾਇਆ ਜਾਏ। ਉਹਨਾ ਦਾ ਕੁਦਰਤੀ ਧੰਨ ਕਿਵੇਂ ਉਡਾਇਆ ਜਾਏ?
ਵੇਖੋ ਨਾ ਜੀ, ਦਵਾਈਆਂ ਦਾ ਸਭ ਤੋਂ ਵੱਡਾ ਵਪਾਰੀ-ਅਮਰੀਕਾ! ਹਥਿਆਰਾਂ ਦਾ ਸਭ ਤੋਂ ਵੱਡਾ ਸੌਦਾਗਰ-ਅਮਰੀਕਾ!! ਲੋਕਾਂ ਨੂੰ ਵੱਢਣ, ਕੁੱਟਣ, ਮਾਰਨ, ਤਬਾਹ ਕਰਨ ਦਾ ਸਭ ਤੋਂ ਵੱਡਾ ਚਿਹਰਾ-ਅਮਰੀਕਾ!!! ਸਾਂਤੀ ਦਾ ਪੁਜਾਰੀ ਤੇ ਵੱਡੇ ਚਰਿੱਤਰ ਦਾ ਦਿਖਾਵਾ ਕਰਨ ਲਈ ਮਸ਼ਹੂਰ, ''ਰੱਜੇ ਢਿੱਡ ਫਾਰਸੀਆਂ ਬੋਲਣ'' ਵਾਲਾ ਹੈ ਅਮਰੀਕਾ!!!!
ਉਹ ਅਮਰੀਕਾ, ਜਿਹੜਾ ਇੱਕ ਚੂੰਢੀ ਵੱਢਦਾ ਹੈ, ਨੌਂ ਮਣ ਲਹੂ ਕੱਢ ਲੈ ਜਾਂਦਾ ਆ। ਇਵੇਂ ਹੀ ਭਾਈ ਉਸ ਚੀਨ ਦੇ ਚੂੰਢੀ ਵੱਢੀ ਆ ਤੇ ਲੈ ਗਿਆ ਉੜਾਕੇ 300 ਅਰਬ ਡਾਲਰ! ਉਹਨੂੰ ਕਾਹਦਾ ਹਿੱਤ! ਮੋਦੀ ਜਦੋਂ ਅਮਰੀਕਾ ਜਾਂਦਾ, ਅਰਬਾਂ ਰੁਪਏ ਹਥਿਆਰਾਂ ਲਈ ਅਮਰੀਕਾ ਦੇ ਆਉਂਦਾ, ਅਮਰੀਕਾ ਰੰਗਾ-ਖੁਸ਼! ਚੀਨ ਉਹਦੇ ਕੁਝ ਪੱਲੇ ਨਹੀਂ ਪਾਉਂਦਾ, ਉਹ ਉਹਦੀ ਜੇਬੋਂ ਕੱਢ ਲਿਆਉਂਦਾ-ਅਮਰੀਕੀ ਰੰਗ ਖੁਸ਼ ਕਿਉਂਕਿ ਅਮਰੀਕਾ ਲਈ ਪੈਸੇ, ਧੰਨ, ਜਾਇਦਾਦ ਤੋਂ ਬਿਨ੍ਹਾਂ ਜ਼ਿੰਦਗੀ ਦੇ ਹੋਰ ਕੋਈ ਮਾਇਨੇ  ਹੀ ਨਹੀਂ ਹੁੰਦੇ। ਤਦੇ ਕਹਿੰਦੇ ਆ, ''ਸਾਮਰਾਜ ਦੀ ਨੀਤ,ਨਿੱਤ ਨਫਾ ਹੋਵੇ, ਹੋਰ ਏਸਦਾ ਨਾ ਸਰੋਕਾਰ, ਕੋਈ।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ!

ਭਾਰਤੀ ਰਿਜ਼ਰਵ ਬੈਂਕ ਦੇ ਮੁਤਾਬਕ 31 ਮਾਰਚ 2019 ਤੱਕ ਭਾਰਤੀ ਬਜ਼ਾਰਾਂ ਵਿੱਚ 102 ਅਰਬ ਦੇ ਕਰੰਸੀ ਨੋਟਾਂ ਦਾ ਚਲਣ ਹੋ ਰਿਹਾ ਹੈ।


ਇੱਕ ਵਿਚਾਰ

ਕਿਸੇ ਮਿਸ਼ਨ ਵਿੱਚ ਸਫ਼ਲ ਹੋਣ ਲਈ ਤੁਹਾਡੇ ਕੋਲ ਇੱਕ ਸਪਸ਼ਟ ਨਿਸ਼ਾਨਾ ਅਤੇ ਕੰਮ ਦੀ ਪੂਰਤੀ ਲਈ ਸਮਰਪਨ ਦੀ ਭਾਵਨਾ ਹੋਣੀ ਚਾਹੀਦੀ ਹੈ।..............ਡਾ ਏ.ਪੀ.ਜੇ. ਅਬਦੁਲ ਕਲਾਮ


ਗਿਆਨ ਦੀਆਂ ਗੱਲਾਂ

    ਪਲੇਟੋ ਕਹਿੰਦਾ ਹੈ ਕਿ ਸਿਆਸਤ ਵਿੱਚ ਹਿੱਸਾ ਨਾ ਲੈਣ ਦਾ ਖ਼ਮਿਆਜ਼ਾ ਇਹ ਹੈ ਕਿ ਤੁਹਾਡੇ ਉਤੇ ਤੁਹਾਡੇ ਤੋਂ ਘੱਟ ਗਿਆਨ ਵਾਲੇ ਲੋਕ ਰਾਜ ਕਰਦੇ ਹਨ।
    ਮਾਰਕ ਹਨਾ ਦਾ ਕਥਨ ਹੈ ਕਿ ਦੋ ਚੀਜ਼ਾਂ ਮਹੱਤਵਪੂਰਨ ਹਨ। ਪਹਿਲੀ ਹੈ ਪੈਸਾ ਅਤੇ ਦੂਜੀ ਮੈਨੂੰ ਯਾਦ ਨਹੀਂ।
    ਆਸਕਰ ਕਮਾਰਿੰਗਰ ਆਖਦਾ ਹੈ ਕਿ ਦੋਨਾਂ ਨੂੰ ਇੱਕ ਦੂਜੇ ਤੋਂ ਬਚਾਉਣ ਦਾ ਵਾਇਦਾ ਕਰਦੇ ਹੋਏ, ਸਿਆਸਤ ਗਰੀਬਾਂ ਤੋਂ ਵੋਟ ਲੈਣ ਅਤੇ ਅਮੀਰਾਂ ਤੋਂ ਚੋਣਾਂ ਲਈ ਚੰਦਾ ਲੈਣ ਦੀ ਕਲਾ ਹੈ।

ਗੁਰਮੀਤ ਪਲਾਹੀ
9815802070