ਦੇਸ਼ ਦੇ ਉਤਲੇ ਝੂਠ ਦੇ ਪੁਤਲੇ - ਸ਼ਾਮ ਸਿੰਘ ਅੰਗ ਸੰਗ

ਇਹ ਗੱਲ ਕਹਿਣੀ ਚੰਗੀ ਤਾਂ ਨਹੀਂ ਲੱਗਦੀ, ਪਰ ਅਸਲੀਅਤ ਅਤੇ ਸੱਚ ਤੋਂ ਮੂੰਹ ਵੀ ਨਹੀਂ ਮੋੜਿਆ ਜਾ ਸਕਦਾ ਕਿ ਦੇਸ਼ ਦੇ ਉੱਚ ਅਹੁਦਿਆਂ 'ਤੇ ਪਹੁੰਚ ਕੇ ਨੇਤਾ-ਲੋਕ ਝੂਠ ਦੇ ਪੁਤਲੇ ਬਣ ਜਾਂਦੇ ਹਨ, ਸੱਚੇ-ਸੁੱਚੇ ਨਹੀਂ ਰਹਿੰਦੇ। ਇਸੇ ਕਰਕੇ ਸਹਿਜੇ ਹੀ ਕਹਿਣਾ ਪੈ
ਜਾਂਦਾ ਹੈ ਕਿ -

ਸ਼ਾਇਦ ਏਦਾਂ ਕਹਿਣਾ ਤਾਂ ਫਬਦਾ ਨਹੀਂ
ਪਰ ਆਦਮੀ 'ਚੋਂ ਆਦਮੀ ਲੱਭਦਾ ਨਹੀਂ।

ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਦਮੀ ਵਿੱਚ ਆਦਮਤਾ ਹੀ ਨਾ ਰਹੇ। ਉਹ ਉੱਚ ਪਾਏ ਦੇ ਗੁਣ ਹੀ ਨਾ ਰਹਿਣ, ਜਿਨ੍ਹਾਂ ਬਿਨਾਂ ਆਦਮੀ ਦੀ ਉੱਤਮਤਾ ਕਾਇਮ ਨਹੀਂ ਰਹਿੰਦੀ। ਜਨਤਾ ਨੇਤਾਵਾਂ ਦੇ ਗੁਣਾਂ 'ਤੇ ਭਰੋਸਾ ਕਰਕੇ ਹੀ ਉਨ੍ਹਾਂ ਨੂੰ ਵੋਟਾਂ ਪਾ ਕੇ ਚੁਣਦੀ ਹੈ ਤਾਂ ਕਿ ਉਨ੍ਹਾਂ ਦੀ ਢੁਕਵੀਂ ਪ੍ਰਤੀਨਿਧਤਾ ਹੋ ਸਕੇ। ਇਹ ਵੀ ਕਿ ਉਹ ਲੋਕਾਂ ਦੀ ਪਹੁੰਚ ਵਿੱਚ ਰਹਿਣ ਅਤੇ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਨ। ਪਹਿਲੀ ਕਤਾਰ ਦੇ ਉਤਲੇ ਲੋਕ ਅਜਿਹਾ ਭਰੋਸਾ ਦੁਆਉਂਦੇ ਵੀ ਹਨ ਤਾਂ ਕਿ ਨੇਤਾਗਿਰੀ ਚਲਾਈ ਜਾ ਸਕੇ।
        ਜਨਤਾ ਦੀ ਸੇਵਾ ਕਰਨ ਦੇ ਮਨੋਰਥ ਨਾਲ ਸਿਆਸਤ ਦੇ ਮੈਦਾਨ ਵਿੱਚ ਉਤਰਨ ਵਾਲੇ ਨੇਤਾ ਆਪਣੇ ਵਚਨਾਂ 'ਤੇ ਪਹਿਰਾ ਦਿੰਦੇ ਰਹਿਣ ਤਾਂ ਕਦੇ ਮਾਰ ਨਹੀਂ ਖਾਂਦੇ, ਪਰ ਜਦੋਂ ਉਹ ਸੇਵਾ ਕਰਨ ਦੀ ਥਾਂ ਸੇਵਾ ਕਰਵਾਉਣ ਲੱਗ ਪੈਣ ਤਾਂ ਜਨਤਾ ਦਾ ਵਿਸ਼ਵਾਸ ਤਿੜਕਦਾ ਹੀ ਨਹੀਂ, ਸਗੋਂ ਕਾਇਮ ਹੀ ਨਹੀਂ ਰਹਿੰਦਾ। ਇਹ ਅੱਜ ਦੇ ਨੇਤਾਵਾਂ ਦੀ ਤ੍ਰਾਸਦੀ ਹੈ ਕਿ ਉਹ ਵਾਅਦੇ ਕਰਦੇ ਹਨ, ਲਾਰੇ ਲਾਉਂਦੇ ਹਨ, ਪਰ ਉਨ੍ਹਾਂ 'ਤੇ ਪੂਰੇ ਨਹੀਂ ਉੱਤਰਦੇ, ਜਿਸ ਕਾਰਨ ਉਨ੍ਹਾਂ 'ਤੇ ਭਰੋਸਾ ਕਰਨ ਵਾਲੇ ਹੀ ਇਹ ਕਹਿਣ ਲਈ ਮਜਬੂਰ ਹੋ ਜਾਂਦੇ ਹਨ ਕਿ 'ਦੇਸ਼ ਦੇ ਉਤਲੇ-ਝੂਠ ਦੇ ਪੁਤਲੇ'।
       ਨੇਤਾ-ਲੋਕ ਉਹ ਭੱਦਰ-ਪੁਰਸ਼ ਹੁੰਦੇ ਹਨ, ਜੋ ਦੇਸ਼ ਦੇ ਉਤਲੇ (ਉੱਪਰਲੇ) ਭਾਗ ਵਿੱਚ ਅੱਵਲ ਗਿਣੇ ਜਾਂਦੇ ਹਨ, ਜਿਨ੍ਹਾਂ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਲੋਕਾਂ ਦੇ ਭਲੇ ਲਈ ਕੰਮ ਕਰਵਾ ਕੇ ਲੋਕ ਦਿਲਾਂ ਵਿੱਚ ਉੱਤਮ ਥਾਂ ਵੀ ਬਣਾ ਲੈਣ ਅਤੇ ਵਿਸ਼ਵਾਸ ਵੀ। ਅਜਿਹੇ ਨੇਤਾਜਨਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਹਲਕੇ, ਰਾਜ ਅਤੇ ਦੇਸ਼ ਦੇ ਸਭ ਲੋਕਾਂ ਨੂੰ ਆਪਣੇ ਪਰਵਾਰ ਦੇ ਮੈਂਬਰ ਹੀ ਮੰਨਦਿਆਂ ਸਭ ਦੀ ਖੁਸ਼ੀ ਲਈ ਕੰਮ ਕਰਨਗੇ ਅਤੇ ਖੁਸ਼ਹਾਲੀ ਲਈ ਵੀ।
        ਜਿਹੜੇ ਨੇਤਾ ਕੁਰਸੀ ਜਾਂ ਅਹੁਦਾ ਮਿਲਣ 'ਤੇ ਲੋਕਾਂ ਦੇ ਨਹੀਂ ਰਹਿੰਦੇ, ਕੀਤੇ ਵਾਅਦੇ ਪੂਰੇ ਨਹੀਂ ਕਰਦੇ, ਉਹ ਉਤਲੇ ਥਾਵਾਂ 'ਤੇ ਰਹਿੰਦਿਆਂ ਵੀ ਝੂਠ ਦੇ ਪੁਲੰਦੇ ਹੋ ਕੇ ਰਹਿ ਜਾਂਦੇ ਹਨ, ਜਿਨ੍ਹਾਂ ਦੀ ਹੈਸੀਅਤ ਝੂਠ ਦੇ ਪੁਤਲਿਆਂ ਤੋਂ ਜ਼ਰਾ ਵੀ ਵੱਧ ਨਹੀਂ ਹੁੰਦੀ। ਆਪਣੇ ਹੀ ਲੋਕਾਂ ਦੀ ਵੋਟ ਹਥਿਆਉਣ ਲਈ ਝੂਠ ਬੋਲ ਕੇ ਵਾਅਦੇ ਕਰਦੇ ਹਨ ਅਤੇ ਇੱਕ ਵੀ ਪੂਰਾ ਨਹੀਂ ਕਰਦੇ। ਫੇਰ ਉਹ ਇੱਕ ਵਾਰ ਹੀ ਆਉਂਦੇ ਹਨ, ਮੁੜ ਕਿਤੇ ਨਹੀਂ ਲੱਭਦੇ। ਲੋਕ ਜੇ ਉੱਪਰ ਚੜ੍ਹਾਉਣਾ ਜਾਣਦੇ ਹਨ ਤਾਂ ਹੇਠਾਂ ਸੁੱਟਦਿਆਂ ਵੀ ਦੇਰ ਨਹੀਂ ਲਾਉਂਦੇ।
ਕਰਜ਼ੇ ਮਾਫ਼ ਕਰਨ ਦਾ ਵਾਅਦਾ, ਐਲਾਨ ਕਰਕੇ ਮਾਫ਼ ਨਾ ਕਰਨਾ ਲੋਕਾਂ ਨਾਲ ਧੋਖੇਬਾਜ਼ੀ ਹੈ, ਜਿਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਵੋਟਾਂ ਮੰਗਣੀਆਂ ਵੀ ਠੀਕ ਨਹੀਂ, ਕਿਉਂਕਿ ਲੋਕਤੰਤਰ ਨਾਲ ਅਜਿਹਾ ਮਜ਼ਾਕ ਕਰਨ ਦੀ ਖੁੱਲ੍ਹ ਨਹੀਂ। ਲੋਕ ਅਜੇ ਤੱਕ ਆਪਣੇ ਖਾਤਿਆਂ 'ਚ 15 ਲੱਖ ਦੀ ਉਮੀਦ ਲਾਈ ਬੈਠੇ ਹਨ, ਜੋ ਹੁਣ ਕਦੇ ਨਹੀਂ ਆਉਣੇ, ਨਾ ਹੀ ਦੋ ਕਰੋੜ ਨੌਕਰੀਆਂ ਆਉਣੀਆਂ ਹਨ ਅਤੇ ਨਾ ਹੀ ਘਰ-ਘਰ ਨੌਕਰੀਆਂ/ਕਾਲਾ ਧਨ ਵੀ ਵਿਦੇਸ਼ ਤੋਂ ਨਹੀਂ ਆ ਸਕਿਆ। ਸਮਾਰਟ ਫੋਨ ਵੀ ਮਿਲਣੇ ਕਿ ਨਹੀਂ ਮਿਲਣੇ।
        ਉਂਜ ਇਹੋ ਜਿਹੇ ਵਾਅਦੇ ਅਤੇ ਲਾਰੇ ਲੋਕਤੰਤਰ ਦੀ ਮੂਲ ਅਤੇ ਜ਼ਰੂਰੀ ਭਾਵਨਾ ਦੇ ਉਲਟ ਹਨ, ਕਿਉਂਕਿ ਇਹ ਨਾਗਰਿਕਾਂ ਦੀ ਵੋਟ ਦੇਣ ਦੀ ਸੁਤੰਤਰਤਾ 'ਤੇ ਗਲਤ ਪ੍ਰਭਾਵ ਪਾਉਂਦੇ ਹਨ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਦੇਸ਼ ਦੇ ਨਾਗਰਿਕਾਂ ਨੂੰ ਧੋਖੇ ਵਿੱਚ ਰੱਖਣਾ ਅਤੇ ਬਾਅਦ ਵਿੱਚ ਵਾਅਦਿਆਂ ਨੂੰ ਜੁਮਲੇ ਕਹਿ ਕੇ ਲੋਕਾਂ ਨਾਲ ਕੋਝਾ ਮਜ਼ਾਕ ਕਰਨਾ ਮੁਆਫ਼ੀਯੋਗ ਨਹੀਂ। ਅਜਿਹੇ ਵਾਅਦੇ ਪੂਰੇ ਨਾ ਕਰਨ ਵਾਲਿਆਂ ਵਿਰੁੱਧ ਧੋਖੇਬਾਜ਼ੀ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਯੋਗ ਸਜ਼ਾ ਮਿਲੇ ਅਤੇ ਸਿਆਸਤ ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਕੰਨ ਹੋ ਸਕਣ। ਉਹ ਅਜਿਹੀ ਧੋਖੇਬਾਜ਼ੀ ਕਰਨ ਤੋਂ ਬਾਜ਼ ਆਉਣ ਤਾਂ ਜੋ ਲੋਕ ਠਗ ਹੋਣ ਤੋਂ ਬਚੇ ਰਹਿਣ। ਨਾਲ ਹੀ ਨਾਲ ਦੇਸ਼ ਦੇ ਨੇਤਾ ਵੀ 'ਦੇਸ਼ ਦੇ ਉਤਲੇ ਝੂਠ ਦੇ ਪੁਤਲੇ' ਬਣਨ ਤੋਂ ਵੀ ਬਚੇ ਰਹਿਣ ਤਾਂ ਕਿ ਉਨ੍ਹਾਂ  ਦਾ ਸੱਚਾ-ਸੁੱਚਾ ਰੁਤਬਾ ਵੀ ਕਾਇਮ ਰਹੇ। ਇਕ ਨੇਤਾ ਵੀ ਝੂਠ ਦੇ ਰਸਤੇ ਉੱਤੇ ਚੱਲੇ ਤਾਂ ਸਭ ਬਦਨਾਮ ਹੋ ਕੇ ਰਹਿ ਜਾਣਗੇ। ਉਤਲੇ (ਲੋਕੋ) ਨੇਤਾਜਨੋ ਜਾਗੋ ਅਤੇ ਵਾਅਦੇ ਪੂਰੇ ਕਰੋ।
       ਚੰਗਾ ਹੋਵੇ ਜੇ ਦੇਸ਼ ਦੇ ਉਤਲੇ ਆਪਣੇ-ਆਪ ਨੂੰ ਸੰਭਾਲ ਕੇ ਆਪਣੇ ਵਿਹਾਰ ਅਤੇ ਬੋਲ-ਚਾਲ ਦੇ ਮਿਆਰ ਕਾਇਮ ਰੱਖਣ ਅਤੇ ਸੱਚ ਦੇ ਰਾਹ 'ਤੇ ਤੁਰਨ ਦਾ ਯਤਨ ਕਰਨ ਤਾਂ ਜਨਤਾ ਦਾ ਟੁੱਟਿਆ ਵਿਸ਼ਵਾਸ ਮੁੜ ਜੁੜ ਸਕਦਾ ਹੈ, ਜਿਹੜਾ ਹੋਰ ਕਿਸੇ ਤਰ੍ਹਾਂ ਨਹੀਂ ਜੁੜ ਸਕਦਾ। ਉਤਲਿਆਂ ਦਾ ਝੂਠ ਦੇ ਪੁਤਲੇ ਬਣਨ ਨਾਲ ਉਨ੍ਹਾਂ ਦੀ ਹੈਸੀਅਤ ਵੀ ਭੁਰਦੀ ਅਤੇ ਖੁਰਦੀ ਹੈ, ਜੋ ਫੇਰ ਨਿਆਣਿਆਂ ਸਿਆਣਿਆਂ ਦੇ ਮਜ਼ਾਕ ਦਾ ਪਾਤਰ ਬਣਨ ਤੋਂ ਨਹੀਂ ਬਚਦੇ। ਜ਼ਰੂਰੀ ਹੈ ਕਿ ਉਤਲੇ ਵਰਤਮਾਨ ਨੂੰ ਬਚਾਉਣ ਅਤੇ ਭਵਿੱਖ ਨੂੰ ਵੀ ਦਾਅ 'ਤੇ ਨਾ ਲਾਉਣ।
        ਝੂਠ ਦੇ ਪੁਤਲੇ ਦੇਸ ਦਾ ਵੀ ਕੁਝ ਨਹੀਂ ਸੰਵਾਰ ਸਕਦੇ। ਇਹ ਤਾਂ ਹੈ ਕਿ ਉਹ ਝੂਠ ਬੋਲ ਕੇ, ਝੂਠੇ ਵਾਅਦੇ ਕਰਕੇ ਕੁਝ ਦੇਰ ਲਈ ਆਪਣਾ ਉੱਲੂ ਤਾਂ ਸਿੱਧਾ ਕਰ ਲੈਣ, ਪਰ ਉਨ੍ਹਾਂ ਵੱਲੋਂ ਬੀਜੇ ਧੋਖੇਬਾਜ਼ੀ ਦੇ ਬੀਜ ਮੁੜ-ਮੁੜ ਉੱਗਦੇ ਰਹਿਣਗੇ, ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦਾ ਕੁਝ ਵੀ ਨਹੀਂ ਸੰਵਾਰਨਾ। ਸਬਕ ਏਹੀ ਕਿ 'ਦੇਸ਼ ਦੇ ਉਤਲੇ ਝੂਠ ਦੇ ਪੁਤਲੇ' ਨਾ ਬਣਨ।


ਪੰਜਾਬ ਦਾ ਸਿਆਸੀ ਦ੍ਰਿਸ਼

ਪੰਜਾਬ ਵਿੱਚ 19 ਮਈ ਨੂੰ ਵੋਟਾਂ ਪੈਣੀਆਂ ਹਨ, ਜਿਸ ਕਾਰਨ 17 ਮਈ ਤੱਕ ਦੰਗਲ ਮਚਿਆ ਰਹੇਗਾ। ਅਕਾਲੀ ਦਲ ਨੇ 13 ਸੀਟਾਂ 'ਤੇ ਹੀ ਜਿੱਤ ਦਾ ਦਾਅਵਾ ਕਰ ਦਿੱਤਾ, ਜਦਕਿ ਪਹਿਲਾਂ ਕੇਵਲ ਕਾਂਗਰਸ ਹੀ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ, ਪਰ ਪੰਜਾਬ 'ਚ 26 ਤਾਂ ਹਲਕੇ ਹੀ ਨਹੀਂ। ਅਕਾਲੀ ਦਲ ਨੂੰ 2 ਸੀਟਾਂ ਮਿਲ ਜਾਣ ਤਾਂ ਗਨੀਮਤ ਸਮਝਿਆ ਜਾਵੇ। ਆਮ ਆਦਮੀ ਪਾਰਟੀ ਜਨਤਾ ਦੇ ਮਨਾਂ ਵਿੱਚੋਂ ਹੀ ਆਊਟ ਹੈ ਫੇਰ ਜਿੱਤ ਕਿੱਥੋਂ। ਪਾਰਟੀ ਕਿਰਦੀ-ਕਿਰਦੀ ਕਿਰ ਗਈ। ਜਿੱਥੇ ਨਹੀਂ ਕਿਰੀ, ਉਥੇ ਆਪਸ ਵਿੱਚ ਭਿੜ-ਭਿੜ ਕੇ ਖੁਰ ਅਤੇ ਭੁਰ ਜਾਵੇਗੀ। ਪੰਜਾਬ ਏਕਤਾ ਪਾਰਟੀ ਨੂੰ ਪੰਜਾਬੀ ਮਨਾਂ ਵਿੱਚ ਥਾਂ ਬਣਾਉਣ ਲਈ ਸਮਾਂ ਹੀ ਨਹੀਂ ਮਿਲ ਸਕਿਆ। ਦੋ ਹਲਕਿਆਂ 'ਚ ਪੈਰਾਸ਼ੂਟ ਰਾਹੀਂ ਆਏ ਉਮੀਦਵਾਰਾਂ ਨੂੰ ਹਲਕੇ ਦੇ ਲੋਕ ਜਾਣਦੇ ਹੀ ਨਹੀਂ। ਉਹ ਜਿੰਨੀਆਂ ਕੁ ਵੋਟਾਂ ਮਿਲੀਆਂ, ਲੈ ਕੇ ਦੌੜ ਜਾਣਗੇ ਅਤੇ ਮੁੜ ਲੋਕ ਦੇਖਦੇ ਹੀ ਰਹਿ ਜਾਣਗੇ। ਟੁੱਟ-ਭੱਜ ਏਨੀ ਜ਼ੋਰਾਂ 'ਤੇ ਹੈ ਕਿ ਅਕਾਲੀ ਵੀ ਖੱਟ ਰਹੇ ਹਨ ਅਤੇ ਕਾਂਗਰਸੀ ਵੀ। ਉਂਜ ਸਾਰੀਆਂ ਪਾਰਟੀਆਂ ਹੀ ਉਨ੍ਹਾਂ ਲੋਕਾਂ ਦਾ ਸ਼ਿਕਾਰ ਹੋ ਰਹੀਆਂ ਹਨ, ਜੋ ਚੋਣਾਂ ਦੇ ਮੌਕੇ ਖੁਦਗਰਜ਼ ਵੀ ਹਨ ਅਤੇ ਜਗ੍ਹਾ ਦੇ ਭੁੱਖੇ ਵੀ। ਕਈ ਇੱਕ ਤਾਂ ਸੋਚਾਂ ਵਿੱਚ ਹੀ ਘਿਰੇ ਹੋਏ ਹਨ, ਜਿਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿੱਧਰ ਜਾਣ। ਆਪ ਦੇ ਦੋ ਪਾਰਲੀਮੈਂਟ ਮੈਂਬਰ ਤਾਂ ਪਹਿਲਾਂ ਤੋਂ ਹੀ ਆਪ ਤੋਂ ਵੱਖ ਹਨ ਅਤੇ ਉਨ੍ਹਾਂ ਬਾਰੇ ਅੱਜ ਤੱਕ ਕੋਈ ਫ਼ੈਸਲਾ ਨਹੀਂ ਹੋਇਆ। ਵਿਧਾਇਕ ਵੀ 7 ਪਾਰਟੀ ਤੋਂ ਬਾਗੀ ਹੋ ਗਏ ਸਨ, ਜਿਨ੍ਹਾਂ 'ਚੋਂ ਦੋ ਤਾਂ ਸਿੱਧੇ ਤੌਰ 'ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕੰਵਰ ਸੰਧੂ ਸਣੇ ਚਾਰ ਵਿਧਾਇਕ ਚੁੱਪ ਦੀ ਗੁਫ਼ਾ ਵਿੱਚ ਤਪੱਸਿਆ ਕਰ ਰਹੇ ਹਨ, ਜਿਹੜੇ ਕੋਈ ਵੀ ਪ੍ਰਤੀਕਰਮ ਨਹੀਂ ਦੇ ਰਹੇ। ਲੱਗਦਾ ਇਹੀ ਹੈ ਕਿ ਪੰਜਾਬ ਵਿੱਚ ਕਾਂਗਰਸ ਹੀ ਸਭ ਤੋਂ ਅੱਗੇ ਰਹੇਗੀ। ਇਕੱਲੀ-ਇਕੱਲੀ ਸੀਟ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਏਹੀ ਜਾਪੇਗਾ ਕਿ ਇੱਕ-ਅੱਧੀ ਸੀਟ ਛੱਡ ਕੇ ਬਾਕੀਆਂ 'ਚ ਵਿਰੋਧੀ ਧਿਰ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਅਤੇ ਕਾਂਗਰਸ ਫਾਇਦੇ ਵਿੱਚ ਰਹੇਗੀ। ਉਂਜ ਇਹ ਅਨੁਮਾਨ ਹੀ ਹਨ, ਪਰ ਅੱਧਾ ਪਤਾ 19 ਨੂੰ ਲੱਗੇਗਾ ਅਤੇ ਪੂਰਾ ਪਤਾ 23 ਮਈ ਨੂੰ ਨਤੀਜਾ ਆਉਣ ਵਾਲੇ ਦਿਨ।
 

ਲਤੀਫ਼ੇ ਦਾ ਚਿਹਰਾ ਮੋਹਰਾ

ਹੈਲੋ! ਸ਼ਰਮਾ ਜੀ ਕੀ ਹਾਲ ਹੈ ?
“ਮੈਂ ਉਨ੍ਹਾਂ ਦਾ ਪੁੱਤਰ ਬੋਲ ਰਿਹਾਂ''
ਬਈ ਮੈਂ ਤਾਂ ਉਨ੍ਹਾਂ ਨੂੰ ਵੋਟਾਂ ਲਈ ਕਹਿਣਾ ਸੀ
“ਅੰਕਲ ਜੀ ਉਹ ਤਾਂ ਚਾਰ ਸਾਲ ਪਹਿਲਾਂ ਪੂਰੇ ਹੋ ਗਏ ਸਨ''
“ਓ ਹੋ ਬੜਾ ਮਾੜਾ ਹੋਇਆ,  ਪਰ ਵੋਟ ਦਾ ਖ਼ਿਆਲ ਕਰਿਓ!''
... ਤੇ ਫ਼ੋਨ ਕੱਟਿਆ ਗਿਆ।
  """
ਸਾਡੇ ਘਰ ਬਹੁਤ ਮਹਿਮਾਨ ਆਉਂਦੇ ਸਨ ਅਤੇ ਪਤਨੀ ਦੁਖੀ ਹੋ ਗਈ। ਪਤੀ ਨੇ ਆਪਣੇ ਮਿੱਤਰ ਨੂੰ ਇਹ ਦੁੱਖ ਦੱਸਿਆ। ਉਸ ਨੇ ਕਿਹਾ ਐੱਮ ਬੇ ਦਾ ਕਾਰੋਬਾਰ ਸ਼ੁਰੂ ਕਰ ਲਓ। ਪਤੀ ਨੇ ਮਿੱਤਰ ਦੀ ਸਲਾਹ 'ਤੇ ਅਜਿਹਾ ਹੀ ਕਰ ਲਿਆ ਅਤੇ ਹੁਣ ਸੱਦਿਆਂ ਵੀ ਕੋਈ ਨਹੀਂ ਆਉਂਦਾ।
"""
ਪਤਨੀ ਨੇ ਆਪਣੀ ਪਸੰਦ ਦੇ ਤਿੰਨ ਹੀਰੋ ਅਤੇ ਦੋ ਕ੍ਰਿਕਟਰਾਂ ਦੇ ਨਾਂਅ ਕਾਗਜ਼ 'ਤੇ ਲਿਖ ਦਿੱਤੇ ਅਤੇ ਪਤੀ ਹੱਥ ਫੜਾ ਦਿੱਤੇ। ਪਤੀ ਨੇ ਆਪਣੀਆਂ ਦੋ ਜਮਾਤਣਾਂ, ਪਤਨੀ ਦੀ ਭੈਣ, ਗਵਾਂਢਣ ਭਾਬੀ ਅਤੇ ਆਪਣੇ ਪੁੱਤਰ ਦੀ ਮੈਡਮ ਦੇ ਨਾਂਅ ਲਿਖ ਦਿੱਤੇ। ਪਤੀ ਉਦੋਂ ਦਾ ਸੋਫ਼ੇ 'ਤੇ ਹੀ ਸੌਂ ਰਿਹਾ ਅਤੇ ਰੋਟੀ ਵੀ ਬਾਹਰੋਂ ਹੀ ਖਾ ਕੇ ਆ ਰਿਹਾ।

ਸੰਪਰਕ : 98141-13338

15 ਮਈ 2019