ਲੋਕ ਸਭਾ ਚੋਣਾਂ :-- ਇੱਕ ਮਹੱਤਵਪੂਰਨ ਪੜ੍ਹਾਅ - ਤਰਸੇਮ ਬਸ਼ਰ

ਲੋਕ ਸਭਾ ਚੌਣ਼ਾਂ ਦਾ ਮਾਹੌਲ ਗਰਮ ਹੈ। ਇਹ ਚੋਣਾਂ ਕਈ ਪੱਖਾਂ ਤੋਂ ਬੇਹੱਦ ਦਿਲਚਸਪ ਹਨ ਤੇ ਮਹੱਤਵਪੂਰਨ ਵੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੁਰ ਵਿਰੋਧੀ ਚਾਹ ਕੇ ਵੀ ਇਕੱਠੇ ਨਹੀਂ ਹੋ ਸਕੇ ਇੱਥੋਂ ਤੱਕ ਕਿ ਕਈ ਸੀਟਾਂ ਤੇ ਆਪਣੀਆਂ ਹੀ ਹਮਖਿਆਲ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਵਾਸਤੇ ਖੜੇ ਵੀ ਹਨ । ਚੋਣਾਂ ਦਾ ਨਤੀਜਾ ਚਾਹੇ ਕੁੱਝ ਵੀ ਹੋਵੇ ਵਿਰੋਧੀ ਧਿਰ ਦਾ ਇਕੱਠੇ ਨਾ ਹੋ ਸਕਣਾ ਬੀਜੇ.ਪੀ ਵਾਸਤੇ ਰਾਮ ਬਾਣ ਦਾ ਕੰਮ ਕਰੇਗਾ । ਰਵਾਇਤੀ ਤੌਰ ਤੇ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਦੌਰਾਨ ਵੀ ਕਈ. ਨਵੇਂ ਨਾਅਰੇ ਦਿੱਤੇ , ਕਈ ਮੁੱਦੇ ਬਦਲੇ । ਰਾਸ਼ਟਰਵਾਦ ਦੇ ਮੁੱਦੇ ਤੇ ਵਿਰੋਧੀਆਂ ਨੂੰ ਘੇਰਦੀ ਰਹੀ ਉੱਥੇ ਹੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਟਿਕਟ ਦੇ ਕੇ ਆਪਣੇ ਰਵਾਇਤੀ ਵੋਟ ਬੈਂਕ ਨੂੰ ਵੀ ਸੁਨੇਹਾ ਦਿੱਤਾ ਕਿ ਹਿੰਦੂਤਵ ਭਾਜਪਾ ਲਈ ਹਾਲੇ ਵੀ ਮਹੱਤਵਪੂਰਨ ਹੈ ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੈਲੀਵਿਜਨ ਚੈਨਲਾਂ ਤੇ ਛਾਏ ਹੋਏ ਹਨ । ਇਸ ਵਾਰ ਦੀਆਂ ਚੋਣਾਂ ਵਿੱਚ ਮੀਡੀਆ ਦੀ ਭੂਮਿਕਾ ਵੀ ਚਰਚਾ ਵਿੱਚ ਰਹੀ ਹੈ ।ਕਾਰਪੋਰੇਟ ਜਗਤ ਦੀ ਦਖਲਅੰਦਾਜ਼ੀ ਪ੍ਰਤੱਖ ਰੂਪ ਵਿੱਚ ਨਜ਼ਰ ਆ ਰਹੀ ਹੈ । ਹੱਦ ਤਾਂ ਇਹ ਹੈ ਕਿ ਕਈ ਮੀਡੀਆ ਘਰਾਣਿਆ ਨੇ ਨਿਰਪੱਖਤਾ ਦਾ ਨਾਟਕ ਕਰਨਾ ਤੱਕ ਛੱਡ ਦਿੱਤਾ ਹੈ । ਜਿੱਥੇ ਇਹ ਚੋਣਾਂ ਮੀਡੀਆ ਵੱਲੋਂ ਨਿਭਾਈ. ਗਈ ਆਪਣੀ ਭੂਮਿਕਾ ਲਈ ਜਾਣੀਆ ਜਾਣਗੀਆਂ  ਉੱਥੇ ਹੀ ਇਹ ਚੋਣਾਂ  ਰਾਜਨੀਤਿਕ ਦਲਾ ਦੇ ਵਿਵਹਾਰ ਲਈ ਵੀ ਜਾਣੀਆ ਜਾਣਗੀਆ । ਸਿਧਾਤਿਕ ਮਤਭੇਦ , ਵਿਅਕਤੀਗਤ ਵਿਰੋਧਾਂ ਵਿੱਚ ਬਦਲ ਗਏ ਹਨ। ਵਿਅਕਤੀਗਤ ਇਲਜਾਮ ਲਗਾਏ ਜਾ ਰਹੇ ਹਨ ।ਅਹੁਦਿਆਂ ਦੀ ਮਰਿਯਾਦਾ ਨੂੰ ਤਾਕ ਵਿੱਚ ਰੱਖ ਕੇ ਨਾਅਰੇ ਘੜ੍ਹੇ ਜਾ ਰਹੇ ਹਨ । ਦੇਸ਼ ਦੇ ਨਾਇਕਾਂ ਨੂੰ ਵੰਡਣ ਦੀ ਕੋਸ਼ਿਸ਼  ਕੀਤੀ ਗਈ ।ਪਹਿਲਾਂ ਦੀ ਰਾਜਨੀਤੀ ਵਿੱਚ ਪਤਨ ਇੱਥੋਂ ਤੱਕ ਨਹੀਂ ਸੀ ਵੇਖਿਆ ਜਾਂਦਾ ।

        ਪੁਲਵਾਮਾਂ ਕਾਂਡ ਨਾ ਵਾਪਰਦਾ ਤਾਂ ਇਸ ਵਾਰ ਚੋਣ ਮੁਹਿੰਮ ਦੇ ਮੁੱਦੇ ਕੁੱਝ ਹੋਰ ਹੋਣੇ ਸਨ ਤੇ ਭਾਜਪਾ ਲਈ ਸਥਿਤੀ ਕੁੱਝ ਵੱਧ ਮੁਸ਼ਕਿਲ ਵਾਲੀ ਹੋਣੀ ਸੀ। ਪਰ ਏਅਰਸਟਰਾਈਕ ਤੋਂ ਬਾਅਦ ਦੇਸ਼ ਵਿੱਚ ਰਾਜਨੀਤਿਕ ਮਾਹੌਲ ਅਚਾਨਕ ਬਦਲ ਗਿਆ । ਦੇਸ਼ ਭਗਤੀ ਅਤੇ ਅੱਤਵਾਦ ਵਿਰੋਧ ਦੇ ਨਾਂ ਤੇ ਭਾਜਪਾ ਨੂੰ ਅਜਿਹਾ ਮੁੱਦਾ ਮਿਲ ਗਿਆ ਜਿਸ ਦਾ ਤੋੜ ਵਿਰੋਧੀ ਪਾਰਟੀਆਂ ਕੋਲ ਨਹੀਂ ਸੀ ਹੋ ਸਕਦਾ । ਭਾਜਪਾ ਅਤੇ ਰਾਸ਼ਟਰੀ ਸਵੈਮ ਸੰਘ ਦੀ ਧਰੁਵੀਕਰਨ ਦੀ ਰਾਜਨੀਤੀ ਤੇ ਉਠ ਰਹੀਆਂ ਵਿਰੋਧੀ ਧਿਰ ਦੀਆਂ ਅਵਾਜਾਂ ਮੱਠੀਆਂ ਪੈ ਗਈਆਂ । ਇਹ ਗੱਲ ਅਲਹਿਦਾ ਹੈ ਕਿ ਭਾਜਪਾ ਤੀਜੇ ਪੜ੍ਹਾਅ ਦੀਆਂ ਚੋਣਾਂ ਤੋ ਂ ਬਾਅਦ ਹੋਰਨਾਂ ਮੁੱਦਿਆਂ ਤੇ ਧਿਆਨ ਕੇਦਰਿਤ ਕਰਨ ਲੱਗੀ ਸੀ ।ਭਾਜਪਾ ਨੇ ਆਪਣੀ ਧਾਰ ਮੁੱਖ ਤੌਰ ਤੇ ਗਾਂਧੀ ਪਰਿਵਾਰ ਵਿਰੁੱਧ ਰੱਖੀ ,ਵਿਅਕਤੀਗਤ ਹਮਲੇ ਕੀਤੇ ਉੱਥੇ ਹੀ ਕਾਂਗਰਸ ਮੋਦੀ ਵਿਰੋਧੀਆਂ ਨਾਲ ਇੱਕ ਸੁਰ ਹੋਣ ਵਿੱਚ ਅਸਫਲ ਰਹੀ ਭਾਵੇਂ ਕਿ ਮਮਤਾ ਬੈਨਰਜੀ ,ਮਾਇਆਵਤੀ ,ਅਖਿਲੇਸ਼ ਯਾਦਵ ਦੇ ਰੂਪ ਵਿੱਚ ਵਿਰੋਧੀ ਆਵਾਜ਼ਾਂ ਮੌਜੂਦ ਸਨ । ਮੁਖਰ ਅਵਾਜਾਂ ਦੀ ਗੱਲ ਹੋ ਰਹੀ ਹੈ ਤਾਂ ਇੱਕ ਦਿਲਚਸਪ ਪੱਖ ਇਹ ਵੀ ਵੇਖਣ ਵਾਲਾ ਹੈ ਕਿ ਵਿਰੋਧੀ ਧਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਉੱਠਣ ਵਾਲੀਆਂ ਸਖਤ ਅਵਾਜਾਂ ਵਿੱਚ ਚਰਚਿਤ ਰਹੇ  ਵਿਦਿਆਰਥੀ ਆਗੂ ਕਨੱਈਆ ਕੁਮਾਰ ,ਮੁਸਲਮਾਨ ਨੇਤਾ ਅਸ-ਉ-ਦੀਨ ਉਵੈਸੀ ਅਤੇ ਰਾਜ ਠਾਕਰੇ ਭਾਵੇਂ ਕਿ ਇੰਨਾ੍ਹਂ ਦਾ ਰਾਜਨੀਤਿਕ ਆਧਾਰ ਬਹੁਤ ਸੀਮਿਤ ਸੀ । ਭਾਵੇਂ ਮਾਇਆਵਤੀ ,ਮਮਤਾ ਬੈਨਰਜੀ , ਅਖਿਲੇਸ਼ ਯਾਦਵ , ਰਾਹੁਲ ਗਾਂਧੀ , ਤੇਜੱਸਵੀ ਯਾਦਵ ਅਰਵਿੰਦ ਕੇਜਰੀਵਾਲ ਭਾਜਪਾ ਸਰਕਾਰ ਦੇ ਵਿਰੁੱਧ ਬੋਲਦੇ ਰਹੇ ਪਰ ਆਮ ਲੋਕਾਂ ਵਿੱਚ ਚਰਚਾ ਕਨੱਈਆ ਕੁਮਾਰ ਅਤੇ ਉਵੈਸੀ ਦੀ ਰਹੀ ।ਬੇਗੂਸਰਾਏ ਬਿਹਾਰ ਤੋਂ ਖੱਬੇ ਪੱਖੀ ਪਾਰਟੀ ਦੇ ਉਮੀਦਵਾਰ ਕਨੱਈਆ ਕੁਮਾਰ ਨੂੰ ਚੋਣਾਂ ਦੌਰਾਨ ਵੱਡੀ ਚਰਚਾ ਮਿਲੀ ਤੇ ਇਸੇ ਆਧਾਰ ਤੇ ਮਿਲੀ ਕਿ ਉਹ ਬਹੁਤ ਮੁਖਰ ਹੋ ਕੇ ਸਖਤ ਸ਼ਬਦਾਂ ਵਿੱਚ ਭਾਜਪਾ ਅਤੇ ਆਰ ਐਸ ਐਸ ਦੀ ਆਲੋਚਨਾ  ਕਰਦਾ ਰਿਹਾ ਹੈ ਅਤੇ ਮੋਦੀ ਦੇ ਵਿਰੋਧੀਆਂ ਵਿੱਚੋਂ ਇੱਕ ਪ੍ਰਮੁੱਖ ਚੇਹਰੇ ਵਜੋਂ ਸਥਾਪਿਤ ਹੋਣ ਵਿੱਚ ਉਹ ਕਾਮਯਾਬ ਰਿਹਾ ਹੈ । ਕਿਹਾ ਜਾਂਦਾ ਰਿਹਾ ਹੈ ਕਿ ਉਹ ਬੇਗੂਸਰਾਏ ਤੋਂ ਜਿੱਤਣ ਦੀ ਸਥਿਤੀ ਵਿੱਚ ਵੀ ਹੈ । ਭਾਵੇ ਦੇਸ਼ ਵਿੱਚ ਖੱਬੇ ਪੱਖੀ ਪਾਰਟੀਆਂ ਦੇ ਬਹੁਤੇ ਕਿਲੇ ਢਹਿ ਚੁੱਕੇ ਹਨ ਪਰ ਕਨੱਈਆਂ ਕੁਮਾਰ ਦੇ ਰੂਪ ਵਿੱਚ ਅਜਿਹਾ ਚਿਹਰਾ ਮਿਲ ਗਿਆ ਹੈ ਂਜੋ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਉਹਨਾਂ ਦੀ ਹੋਂਦ ਅਤੇ ਚਰਚਾ ਨੂੰ ਬਣਾਏ ਰੱਖਣ ਵਿੱਚ ਸਹਾਇਕ ਸਾਬਤ ਹੋ ਰਿਹਾ ਹੈ ।ਅਜੋਕੀ ਕੌਮੀ ਰਾਜਨੀਤੀ ਵਿੱਚ  ਕੁੱਝ ਚੋਣ ਪ੍ਰਸਥਿਤੀਆਂ ਹੋਰ ਵੀ ਦਿਲਚਸਪ ਹਨ। ਕਿਹਾ ਜਾਂਦਾ ਹੈ ਕਿ ਨਿਤੀਸ਼ ਕੁਮਾਰ ਭਾਜਪਾ ਨਾਲ ਗਠਬੰਧਨ ਹੋਣ ਦੇ ਬਾਵਜੂਦ ਅਸਹਿਜ ਹਨ।ਵਿਚਾਰਧਾਰਕ ਭਿੰਨਤਾ ਕਾਰਨ ਚੋਣ ਮੈਨੀਫੈਸਟੋ ਤੱਕ ਰੀਲੀਜ ਨਹੀਂ ਕਰ ਰਹੇ ।ਉੱਤਰਪ੍ਰਦੇਸ ਼ ਦੇ ਚਰਚਿਤ ਮਹਾਗਠਬੰਧਨ ਵਿੱਚ ਅਖਿਲੇਸ਼ ਯਾਦਵ ਵੀ ਅਸਥਿਰਤਾ ਦੀ ਭਾਵਨਾ ਚੋਂ ਲੰਘ ਰਹੇ ਹਨ । ਉਹਨਾਂ ਨੂੰ ਨਹੀਂ ਭਰੋਸਾ ਕਿ ਚੋਣਾਂ ਬਾਅਦ ਮਾਇਆਵਤੀ ਦਾ ਕੀ ਰਵੱਈਆ ਹੋਵੇਗਾ । ਰਾਜਨੀਤਿਕ ਹਲਕਿਆਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਜਪਾ ਦੀਆਂ ਸੀਟਾ ਘੱਟ ਆਈਆਂ ਤਾ ਸ਼ਿਵ ਸੈਨਾ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਸਕਦੀ ਹੈ ।
          ਇੰਨਾਂ ਚੋਣਾਂ ਦੌਰਾਨ ਭਾਜਪਾ ਨੂੰ ਫਿਲਮੀ ਸਿਤਾਰਿਆਂ ਉੱਪਰ ਕਾਫੀ ਭਰੋਸਾ ਜਤਾਇਆ ਹੈ ।ਫਿਲਮੀ ਦੁਨੀਆਂ ਵਿੱਚ ਧਰਮਿੰਦਰ ਅਤੇ ਉਹਨਾਂ ਦੇ ਪੁੱਤਰ ਸੰਨੀ ਦਿਉਲ ਨੱਚਣ ਵਾਲੇ ਪੱਖ ਤੋਂ ਕਮਜੋਰ ਹੀ ਮੰਨੇ ਜਾਂਦੇ ਰਹੇ ਹਨ । ਹੁਣ ਦੇਖਣਾ ਹੋਵੇਗਾ ਕੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਉਲ ਰਾਜਨੀਤਿਕ ਮੈਦਾਨ ਵਿੱਚ ਖਰੇ ਉੱਤਰੇ ਹਨ ਜਾਂ ਨਹੀਂ । ਉਹਨਾਂ ਦਾ ਮੁਕਾਬਲੇ ਪੰਜਾਬ ਦੇ ਧੁਰਿੰਦਰ ਸੁਨੀਲ ਜਾਖੜ ਨਾਲ ਹੈ ।ਦੇਸ਼ ਦੇ ਭਵਿੱਖ ਲਈ. ਆਮ ਚੋਣਾਂ ਮਹੱਤਵਪੂਰਨ ਹੁੰਦੀਆਂ ਹਨ ਤੇ ਇਹ ਵੀ ਹਨ ਪਰ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਾਂ ਲਈ ਜਿਸ ਤਰ੍ਹਾਂ ਧਾਰਮਿਕ ਆਧਾਰ ਤੇ ਧਰੁਵੀਕਰਨ ਦੀ ਕੌਸ਼ਿਸ਼ ਕੀਤੀ ਗਈ ਹੈ ,ਇਤਿਹਾਸ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਊਹ ਕਿਸੇ ਵੀ ਲੋਕਤੰਤਰ ਲਈ ਵਧੀਆ ਮਿਸਾਲ ਨਹੀਂ ਹੈ। ਮੀਡੀਆ ਖਾਸ ਕਰ ਇਲੈਕਟਰੋਨਿਕ ਮੀਡੀਆ ਦੇ ਕੁੱਝ ਚੈਨਲਾਂ ਵੱਲੋਂ ਜਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਅਕਸ਼ ਨੂੰ ਉਭਾਰਨ ਅਤੇ ਖਰਾਬ ਕਰਨ ਦੀ ਕਵਾਇਦ ਕੀਤੀ ਜਾਂਦੀ ਹੈ ਉਹ ਵੀ  ਕੌਮਾਂਤਰੀ ਪੱਧਰ ਤੇ ਭਾਰਤ ਦੇ ਮੀਡੀਆ ਦਾ ਅਕਸ਼ ਧੁੰਦਲਾ ਕਰਦੀ ਹੈ । ਲੁਕੇ ਹੋਏ ਰੂਪ ਵਿੱਚ ਇਸ ਵਾਰ ਦੀਆਂ ਚੋਣਾਂ ਵਿੱਚ ਕਾਰਪੋਰੇਟ ਜਗਤ ਦੀ ਦਖਲਅੰਦਾਜੀ ਵੀ ਨਜ਼ਰ ਆਉਂਦੀ ਹੈ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ ਇਹ ਵੀ ਕਿ ਮੈਂ ਲੋਕਤੰਤਰ ਵਿੱਚ ਸਿਹਤਮੰਦ ਰੁਝਾਣ ਨਹੀਂ ਹੈ। ਭਵਿੱਖ ਵਿੱਚ ਇਹ ਦਖਲ ਹੋਰ ਵੱਧ ਸਕਦਾ ਹੈ ਜਿਸ ਦੇ ਸਿੱਟੇ ਚੰਗੇ ਨਹੀਂ ਨਿੱਕਲ ਸਕਦੇ।ਸ਼ੋਸ਼ਲ ਮੀਡੀਆ ਦਾ ਪ੍ਰਭਾਵ ਵੀ ਇੰਨ੍ਹਾਂ ਚੋਣਾ ਦੌਰਾਨ ਮਿਲਿਆ ਹੈ ਤੇ ਇਸ ਦੇ ਪ੍ਰਭਾਵ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ।ਸ਼ੋਸ਼ਲ ਮੀਡੀਆ ਅੱਜ ਦਾ ਸਥਾਪਿਤ ਸੱਚ ਹੈ ਅਤੇ ਆਮ ਲੋਕਾਂ ਦੀ ਆਵਾਜ਼ ਵਜੋਂ ਜਾਣਿਆ ਜਾਣ ਲੱਗਾ ਹੈ । ਕਨੱਈਆ ਕੁਮਾਰ ਵਰਗੇ ਨੌਜਵਾਨ ਆਗੂ ਸ਼ੋਸ਼ਲ ਮੀਡੀਆ ਰਾਹੀਂ ਹੀ ਸਥਾਪਿਤ ਹੋਣ ਵਿੱਚ ਕਾਮਯਾਬ ਹੋਏ ਹਨ । 
           ਮੀਡੀਆ ਰਾਹੀਂ ਜਿਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਮੇਰੀ ਨਜ਼ਰ ਵਿੱਚ ਨਤੀਜੇ ਉਸ ਤਰ੍ਹਾਂ ਦੇ ਨਹੀਂ ਆਉਂਣਗੇ । ਭਾਵੇਂ ਵਿਕਾਸ ,ਰੋਜਗਾਰ ,ਗਰੀਬੀ ਆਦਿ ਮੁੱਦੇ ਮੁੱਖ ਜਗ੍ਹਾ ਨਹੀਂ ਬਣਾ ਸਕੇ ਪਰ  ਇਹ ਨਤੀਜੇ ਆਮ ਭਾਰਤੀਆਂ ਦੇ ਵਿਵੇਕ ਦਾ ਪ੍ਰਦਰਸ਼ਨ ਹੋਣਗੇ।  ਉਹ ਭਾਰਤੀ ਂਜੋ ਆਪਣਾ ਵਿਚਾਰ ਰੱਖਦੇ ਹਨ ,ਆਪਣੀ ਸਮਝ ਰੱਖਦਾ ਹੈ ।ਇੰਨ੍ਹਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ ,ਭਰਮਾਇਆ ਨਹੀਂ ਜਾ ਸਕਦਾ । ਅੱਜ ਨਹੀਂ ਤਾਂ ਕੁੱਝ ਰਾਜਨੀਤਿਕ ਪਾਰਟੀਆਂ ਨੂੰ ਹੱਥਕੰਢੇ ਅਪਣਾਉਣਾ ਛੱਡਣਾ ਹੀ ਪਵੇਗਾ । ਲੋਕਮੱਤ ਤੇ ਮੁੱਦਾ ਅਧਾਰਿਤ ਰਾਜਨੀਤੀ ਵੱਲ ਆਉਣਾ ਹੀ ਹੋਵੇਗਾ ।      

ਤਰਸੇਮ ਬਸ਼ਰ
ਪ੍ਰਤਾਪ ਨਗਰ
ਬਠਿੰਡਾ
99156-20944
ਈਮੇਲ : bashartarsem@gmail.com