ਲੋਕ ਪੱਖੀ ਨਹੀ ਹੋ ਸਕਦਾ ਭਰਿਸ਼ਟ ਸਿਸਟਮ ਦੀ ਨਿਗਰਾਨੀ ਹੇਠ ਹੋਣ ਵਾਲਾ ਚੋਣ ਸਟੰਟ - ਬਘੇਲ ਸਿੰਘ ਧਾਲੀਵਾਲ

ਇਸ ਵਾਰ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਲੋਕਾਂ ਦੀ ਜਿਉਂਦੀ ਜਾਗਦੀ ਜਾਂ ਮਰੀ ਜਮੀਰ ਦਾ ਫੈਸਲਾ ਕਰਨਗੀਆਂ

ਇਸ ਵਾਰ ਦੀਆਂ ਸਤਾਰਵੀਆਂ ਲੋਕ ਸਭਾ ਚੋਣਾਂ ਨੇ ਨੇ ਬਹੁਤ ਕੌੜੇ ਮਿੱਠੇ ਤੁਜੱਰਬੇ ਛੱਡ ਕੇ ਜਾਣੇ ਹਨ।ਲੋਕਾਂ ਵਿੱਚ ਆਈ ਜਾਗਰੂਕਤਾ ਇਹਨਾਂ ਚੋਣਾਂ ਦੀ ਦੇਣ ਸਮਝੀ ਜਾਵੇਗੀ,ਜਦੋ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਉਹਨਾਂ ਦੀ ਪਿਛਲੀ ਕਾਰਗੁਜਾਰੀ ਤੇ ਲੋਕ ਬੇਝਿਜਕ ਸੁਆਲ ਕਰਦੇ ਦੇਖੇ ਜਾ ਰਹੇ ਹਨ।ਇਹ ਰੁਝਾਨ ਭਾਵੇਂ ਬਹੁਤ ਹੀ ਸ਼ਲਾਘਾਯੋਗ ਸਮਝਿਆ ਜਾ ਰਿਹਾ ਸੀ ਅਤੇ ਇਹ ਮਹਿਸੂਸ ਵੀ ਕੀਤਾ ਜਾਣ ਲੱਗਾ ਸੀ ਕਿ ਹੁਣ ਭਵਿੱਖ ਵਿੱਚ ਕੋਈ ਵੀ ਉਮੀਦਵਾਰ ਲੋਕਾਂ ਨਾਲ ਝੂਠੇ ਵਾਅਦੇ ਕਰਨ ਤੋ ਗੁਰੇਜ ਕਰਿਆ ਕਰੇਗਾ।ਬਿਨਾ ਸ਼ੱਕ ਇਹ ਬਹੁਤ ਹੀ ਚੰਗੀ ਪਿਰਤ ਪਈ ਹੈ,ਪ੍ਰੰਤੂ ਇਸ ਸਾਰੇ ਵਰਤਾਰੇ ਦੇ ਚਲਦਿਆਂ ਸਿਆਸੀ ਲੋਕਾਂ ਨੇ ਲੋਕਾਂ ਵਿੱਚ ਆਪ ਮੁਹਾਰੇ ਚੱਲੀ ਇਸ ਜਾਗਰੂਕਤਾ ਲਹਿਰ ਨੂੰ ਵੀ ਗਲਤ ਪਾਸੇ ਨੂੰ ਤੋਰ ਦਿੱਤਾ  ਹੈ। ਸ਼ੁਰੂ ਸ਼ੁਰੂ ਵਿੱਚ ਇਸ ਲਹਿਰ ਨੇ ਸਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਪਰਭਾਵਤ ਕੀਤਾ,ਪਰੰਤੂ ਕੁੱਝ ਦਿਨਾਂ ਬਾਅਦ ਇਸ ਲੋਕ ਲਹਿਰ ਦੇ ਗੁੱਸੇ ਦਾ ਸ਼ਿਕਾਰ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਵੀ ਹੋਣ  ਲੱਗੇ।ਇਸ ਲਹਿਰ ਨੂੰ ਗ੍ਰਹਿਣ ਲੱਗਦਾ ਉਸ ਸਮੇ ਪਰਤੀਤ ਹੋਇਆ ਜਦੋ ਰਵਾਇਤੀ ਸਿਆਸੀ ਪਾਰਟੀਆਂ ਨੇ ਅਪਣੇ ਖਿਲਾਫ ਉੱਠੇ ਇਸ ਲੋਕ ਰੋਹ ਦਾ ਵਹਿਣ ਉਲਟ ਦਿਸ਼ਾ ਵੱਲ ਮੋੜ ਦਿੱਤਾ।ਪਿਛਲੇ ਦਿਨਾਂ ਤੋ ਦੇਖਿਆ ਜਾ ਰਿਹਾ ਹੈ ਕਿ ਹਰ ਰੋਜ ਕਿਸੇ ਨਾ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਕਾਲ਼ੀਆਂ ਝੰਡੀਆਂ ਦਿਖਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ।ਇਹ ਕਾਲ਼ੀਆਂ ਝੰਡੀਆਂ ਦਿਖਾਉਣ ਪਿੱਛੇ ਦੀ ਅਸਲ ਮਨਸ਼ਾ ਹੁਣ ਕਿਸੇ ਤੋ ਲੁਕੀ ਛੁਪੀ ਨਹੀ ਹੈ।ਰਵਾਇਤੀ ਪਾਰਟੀਆਂ ਨੇ ਅਪਣੇ ਖਿਲਾਫ ਉੱਠ ਲੋਕ ਰੋਹ ਨੂੰ ਬੇਅਸਰ ਕਰਨ ਦੇ ਇਰਾਦੇ ਨਾਲ ਅਪਣੇ ਅਪਣੇ ਮੁੱਖ ਵਿਰੋਧੀ ਉਮੀਦਵਾਰਾਂ ਖਿਲਾਫ ਅਪਣੇ ਪਾਰਟੀ ਵਰਕਰਾਂ ਨੂੰ ਕਾਲ਼ੀਆਂ ਝੰਡੀਆਂ ਨਾਲ ਲੈਸ ਕਰਕੇ ਵਿਰੋਧ ਕਰਨ ਲਈ ਤਿਆਰ ਕੀਤਾ ਹੈ।ਇਹ ਪਹਿਲਾਂ ਹੀ ਤਿਆਰ ਕੀਤੀ ਜੋਯਨਾ ਤਹਿਤ ਕਰਵਾਏ ਗਏ ਵਿਰੋਧ ਦੀਆਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਏ ਤੇ ਵਾਇਰਲ ਕੀਤੀਆਂ ਜਾਂਦੀਆਂ ਹਨ।ਇਸ ਸਿਆਸੀ ਰੁਝਾਨ ਨੇ ਲੋਕ ਲਹਿਰ ਦਾ ਮੁੱਖ ਮੋੜ ਕੇ ਅਪਣੇ ਮੁਤਾਬਿਕ ਢਾਲ ਲਿਆ ਹੈ,ਜਿਹੜਾ ਲੋਕਾਂ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।ਪਿਛਲੇ ਕਾਫੀ ਸਮੇ ਤੋ ਲੋਕ ਚੋਣਾਂ ਮੌਕੇ ਹੁੰਦੀਆਂ ਲੜਾਈਆਂ ਤੋ ਟਾਲ਼ਾ ਵੱਟਣ ਲੱਗੇ ਸਨ। ਸਿਆਸੀ ਲੋਕਾਂ ਪਿੱਛੇ ਲੱਗ ਕੇ ਪਿੰਡਾਂ ਵਿੱਚ ਅਪਣੀ ਭਾਈਚਾਰਕ ਸਾਂਝ ਨੂੰ ਤੋੜ ਕੇ ਪਾਈਆਂ ਦੁਸ਼ਮਣੀਆਂ ਨੇ ਜਿੱਥੇ ਪਿੰਡਾਂ ਦੇ ਵਿਕਾਸ਼ ਨੂੰ ਬੁਰੀ ਤਰਾਂ ਪਰਭਾਵਤ ਕੀਤਾ,ਓਥੇ ਇਹਨਾਂ ਚੋਣਾਂ ਦੌਰਾਨ ਬਣੀਆਂ ਮਾਰੂ ਧੜੇਬੰਦੀਆਂ ਨੇ ਸੈਕੜੇ ਘਰਾਂ ਦੇ ਦੀਵੇ ਗੁੱਲ ਕੀਤੇ ਹਨ।ਪਿਛਲੇ ਕੁੱਝ ਸਾਲਾਂ ਤੋ ਲੋਕ ਇਹਨਾਂ ਲੜਾਈ ਝਗੜਿਆਂ ਤੋ ਤੋਬਾ ਕਰਕੇ ਵੋਟਾਂ ਦੀਆਂ ਧੜੇਬੰਦੀਆਂ ਨੂੰ ਵੋਟਾਂ ਤੱਕ ਹੀ ਸੀਮਤ ਰੱਖਣ ਵੱਲ ਤੁਰੇ ਹੋਏ ਸਨ,ਪਰੰਤੂ ਇਸ ਵਾਰ ਚੰਗੀ ਦਿਸ਼ਾ ਵੱਲ ਪੁੱਟੇ ਗਏ ਕਦਮ ਨੂੰ ਸਿਆਸੀ ਪਾਰਟੀਆਂ ਵੱਲੋਂ ਗਲਤ ਪਾਸੇ ਮੋੜਾ ਦੇਕੇ  ਦੁਵਾਰਾ ਫਿਰ ਲੋਕਾਂ ਨੂੰ ਪੁਰਾਣੀਆਂ ਧੜੇਬੰਦੀਆਂ ਵਿੱਚ ਵੰਡਣ ਵਾਲਾ ਮਹੌਲ ਸਿਰਜਿਆਂ ਜਾ ਰਿਹਾ ਹੈ।ਇਸ ਸਾਰੇ ਵਰਤਾਰੇ ਦਾ ਅਸਲ ਮਕਸਦ ਲੋਕ ਪੱਖੀ ਉਮੀਦਵਾਰਾਂ ਨੂੰ ਅੱਗੇ ਆਉਣ ਤੋ ਰੋਕਣਾ ਹੈ।ਰਾਜਨੀਤਕ ਖੇਡ ਦੇ ਪੁਰਾਣੇ ਖਿਡਾਰੀਆਂ ਨੇ ਭਰਿਸਟਾਚਾਰ ਨਾਲ ਇਕੱਠ ਕੀਤੇ ਬੇਅਥਾਹ ਪੈਸੇ ਦੀ ਦੁਰਬਰਤੋਂ ਅਤੇ ਅਸੀਮ ਸਾਧਨਾਂ ਦਾ ਫਾਇਦਾ ਉਠਾਕੇ ਲੋਕਾਂ ਦੇ ਉਮੀਦਵਾਰਾਂ ਦੀ ਜਿੱਤ ਨੂੰ ਹਰ ਹੀਲੇ ਹਾਰ ਵਿੱਚ ਤਬਦੀਲ ਕਰਨਾ ਹੈ,ਉਹ ਭਾਵੇਂ ਪਟਿਆਲੇ ਤੋ ਪੰਜਾਬ ਸਰਕਾਰ ਦੇ ਖਿਲਾਫ ਚੋਣ ਲੜ ਰਹੇ ਡਾ ਧਰਮਵੀਰ ਗਾਂਧੀ ਹੋਣ ਜਾਂ ਖਡੂਰ ਸਾਹਿਬ ਤੋ ਜਿੱਤ ਦੇ ਬਿਲਕੁਲ ਕਰੀਬ ਸਮਝੀ ਜਾਣ ਵਾਲੀ,ਲੰਮੇ ਸਮੇ ਤੋ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੀ ਆ ਰਹੀ ਬੀਬੀ ਪਰਮਜੀਤ ਖਾਲੜਾ ਹੋਵੇ, ਜਦੋ ਸਮੁੱਚੇ ਤੰਤਰ ਦਾ ਸਾਰਾ ਜੋਰ ਉਹਨਾਂ ਨੂੰ ਇਸ ਲੜਾਈ ਵਿੱਚ ਮਾਤ ਦੇਣ ਲਈ ਲੱਗਾ ਹੋਵੇ ਤਾਂ ਨਤੀਜਿਆਂ ਤੋ ਕੋਈ ਹੈਰਾਨੀ ਨਹੀ ਹੋਣੀ ਚਾਹੀਦੀ।ਰਾਜਨੀਤਕ ਲੋਕ ਹਮੇਸਾਂ ਹੀ ਪੰਜਾਬ ਦੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਫਾਇਦਾ ਲੈ ਕੇ ਜਿੱਤਦੇ ਰਹੇ ਹਨ ਤੇ ਪੰਜਾਬ ਦੇ ਲੋਕ ਦੇਸ਼ ਦੀ ਅਜਾਦੀ ਤੋ ਬਾਅਦ ਲਗਾਤਾਰ ਹਾਰਦੇ ਆ ਰਹੇ ਹਨ।ਜੇਕਰ ਥੋੜਾ ਹੋਰ ਪਿੱਛੇ  ਵੱਲ ਝਾਤ ਮਾਰੀਏ ਤਾਂ ਕਹਿ ਸਕਦੇ ਹਾਂ ਕਿ ਲੋਕ 1947 ਵਿੱਚ ਤਾਂ ਦੂਜੀ ਵਾਰ ਹਾਰੇ ਸਨ,ਪਰੰਤੂ ਅਸਲ ਹਾਰ ਤੇ ਮਾਰ ਤਾਂ 1839 ਨੂੰ ਪੈ ਗਈ ਸੀ,ਜਦੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਥ ਨੂੰ ਆਖਰੀ ਫਤਿਹ ਬੁਲਾ ਦਿੱਤੀ ਅਤੇ ਅਕਿਰਤਘਣ ਡੋਗਰਿਆਂ ਨੇ ਇਸ ਨਾਜਕ ਸਮੇ ਦਾ ਫਾਇਦਾ ਉਠਾਕੇ ਇੱਕ ਇੱਕ ਕਰਕੇ ਮਹਾਰਾਜੇ ਦੇ ਖਾਨਦਾਨ ਨੂੰ ਖਤਮ ਕਰ ਦਿੱਤਾ। ਖਾਲਸਾ ਪੰਥ ਉਸੇ ਦਿਨ ਤੋ ਲਗਾਤਾਰ ਹਾਰਦਾ ਆ ਰਿਹਾ ਹੈ,ਜਦੋ ਡੋਗਰਿਆਂ ਪਿੱਛੇ ਲੱਗ ਕੇ ਖਾਨਾਜੰਗੀ ਦੇ ਰਾਹ ਪੈ ਗਿਆ ਸੀ।ਖਾਲਸੇ ਦੀ ਮੁਕੰਮਲ ਹਾਰ ਦਾ ਐਲਾਨ ਰਸਮੀ ਤੌਰ ਤੇ ਤਾਂ ਭਾਵੇਂ 1849 ਨੂੰ ਕੀਤਾ ਗਿਆ,ਜਦੋ ਅੰਗਰੇਜ ਹਕੂਮਤ ਨੇ ਮਹਾਰਾਜਾ ਦਲੀਪ ਸਿੰਘ ਦੀ ਬਾਲ ਅਵਸਤਾ ਦਾ ਬਹਾਨਾ ਬਣਾ ਕੇ ਖਾਲਸਾ ਰਾਜ ਦੀ ਮੁਅਤਲੀ ਦਾ ਐਲਾਨ ਕਰ ਦਿੱਤਾ ਅਤੇ ਖਾਲਸਾ ਰਾਜ ਦੇ ਆਖਰੀ ਬਾਦਸਾਹ ਨੂੰ ਪਾਲਣ ਪੋਸਣ ਦੇ ਬਹਾਨੇ ਉਹਨੂੰ ਉਹਦੀ ਮਿੱਟੀ ਪੰਜਾਬ ਅਤੇ ਮਾਂ ਮਹਾਰਾਣੀ ਜਿੰਦ ਕੌਰ ਤੋ ਦੂਰ ਕਰਨ ਲਈ ਇੰਗਲੈਡ ਭੇਜ ਦਿੱਤਾ।ਦੂਜੀ ਵਾਰ ਪੰਜਾਬੀ ਉਦੋ ਹਾਰੇ ਜਦੋ ਉਹਨਾਂ ਦੇ ਅੰਦਰੋਂ ਆਪਣੇ ਖੁੱਸੇ ਰਾਜਭਾਗ ਦੀ ਮੁੜ ਪਰਾਪਤੀ ਦੀ ਤਾਂਘ ਅਸਲੋਂ ਹੀ ਮਰ ਮੁੱਕ ਗਈ ਤੇ ਉਹਨਾਂ ਨੂੰ ਭਾਰਤ ਮਾਤਾ ਦੇ ਭਗਤ ਬਣਾਕੇ ਦੇਸ਼ ਦੀ ਅਜਾਦੀ ਲਈ ਵਰਤਿਆ ਤਾਂ ਗਿਆ,ਪਰੰਤੂ ਅਜਾਦੀ ਤੋਂ ਬਾਅਦ ਚਲਾਕ ਬ੍ਰਾਹਮਣਵਾਦੀ ਸੋਚ ਨੇ ਹਕੂਮਤ ਤੇ ਕਾਬਜ ਹੁੰਦਿਆਂ ਹੀ ਮੁਢਲੇ ਹੱਕ ਹਕੂਕਾਂ ਤੋਂ ਵਾਂਝੇ ਕਰ ਦਿੱਤਾ।ਉਦੋਂ ਤੋ ਲੈ ਕੇ ਅੱਜ ਤੱਕ ਭਾਵ 72 ਸਾਲਾਂ ਤੋਂ ਸਮੁੱਚੇ ਪੰਜਾਬੀ ਲਗਾਤਾਰ ਹਾਰਦੇ ਆ ਰਹੇ ਹਨ।ਭਾਂਵੇ ਪੰਜਾਬੀ ਕੌਮ ਗੈਰਤਮੰਦ ਅਤੇ ਇਨਸਾਫਪਸੰਦ ਕੌਂਮ ਵਜੋਂ ਦੁਨੀਆਂ ਪੱਧਰ ਤੇ ਜਾਣੀ ਜਾਂਦੀ ਹੈ,ਪਰ ਸਮੇ ਦੇ ਨਾਲ ਇਸ ਕੌਂਮ ਦੇ ਅਣਖੀ ਖੂੰਨ ਵਿੱਚੋਂ ਇੱਕ ਬਹੁਤ ਹੀ ਜਰੂਰੀ ਤੱਤ ਮਰ ਮਿਟ ਗਿਆ ਜਾਪਦਾ ਹੈ,ਜਿਹੜਾ ਹਰ ਗੈਰਤਮੰਦ ਕੌਂਮ ਵਿੱਚ ਹੋਣਾ ਬੇਹੱਦ ਜਰੂਰੀ ਹੈ,ਉਹ ਤੱਤ ਹੈ ਜਿਹੜਾ ਕਿਸੇ ਵੀ ਗੈਰਤੀ ਇਨਸਾਨ ਨੂੰ ਉਹਦੇ ਨਾਲ ਹੋਈਆਂ ਬੇ-ਇਨਸਾਫੀਆਂ,ਧੱਕੇਸ਼ਾਹੀਆਂ ਨੂੰ ਭੁੱਲਣ ਨਹੀ ਦਿੰਦਾ,ਸਗੋਂ ਹਰ ਸਮੇ ਇਨਸਾਫ ਲੈਣ ਲਈ ਅੰਦਰੋਂ ਡੰਗ ਮਾਰਦਾ ਰਹਿੰਦਾ ਹੈ।ਉਹ ਤੱਤ ਅੱਜਕੱਲ ਦੀ ਪੰਜਾਬੀ ਕੌਂਮ ਚੋ ਅਲੋਪ ਹੋ ਚੁੱਕਾ ਜਾਪਦਾ ਹੈ,ਨਹੀ ਤਾਂ ਪੰਜਾਬ ਦੇ ਲੋਕਾਂ ਵਾਰੇ ਜਿਹੜੀ ਇਹ ਧਾਰਨਾ ਬਣੀ ਹੋਈ ਹੈ,ਕਿ ਇਹ ਲੋਕ ਅਪਣੇ ਨਾਲ ਹੋਈਆਂ ਬੇ ਇਨਸਾਫੀਆਂ ਨੂੰ ਬਹੁਤ ਜਲਦੀ ਭੁੱਲ ਜਾਂਦੇ ਹਨ,ਇਹ ਨਹੀ ਸੀ ਬਣ ਸਕਦੀ।ਇਹ ਬਹਾਦਰ ਕਹੀ ਜਾਣ ਵਾਲੀ ਕੌਂਮ ਦੇ ਖੂੰਨ ਵਿੱਚ ਬੇਇਨਸਾਫੀਆਂ ਅਤੇ ਧੱਕੇਸ਼ਾਹੀਆਂ ਬਰਦਾਸਤ ਕਰਨ ਦਾ ਮਾਦਾ ਤਾਂ ਜਰੂਰ ਹੈਸੀ,ਪਰ ਉਹਨਾਂ ਤੋ ਨਿਜਾਤ ਪਾਉਣ ਦੀ ਤਾਂਘ ਉਸ ਤੋ ਵੀ ਜਿਆਦਾ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਂਦੀ ਸੀ।ਹੁਣ ਸਮਾ ਬਹੁਤ ਬਦਲ ਚੁੱਕਾ ਹੈ।ਸਿਆਸੀ ਲੋਕਾਂ ਨੇ ਜਿੱਥੇ ਚੌਧਰ ਦੀ ਭੁੱਖ ਖਾਤਰ ਅਪਣੀ ਜਮੀਰ ਨੂੰ ਅਸਲੋਂ ਹੀ ਮਾਰ ਲਿਆ ਹੈ,ਓਥੇ ਉਹਨਾਂ ਨੇ ਆਮ ਲੋਕਾਂ ਨੂੰ ਵੀ ਇਸ ਭਿਆਨਕ ਬਿਮਾਰੀ ਦੇ ਮਰੀਜ ਬਣਾ ਦਿੱਤਾ ਹੈ,ਜਿਹੜੇ ਬੇਅਦਬੀਆਂ ਸਮੇਤ ਸੁਬਾਈ ਤੇ ਭਾਰਤੀ ਹਕੂਮਤਾਂ ਵੱਲੋਂ ਦਿੱਤੇ ਗਏ ਡੂਘੇ ਜਖਮਾਂ ਦੇ ਦਰਦ ਨਿਵਾਰਨ ਦੀ ਆਸ ਵੀ ਉਹਨਾਂ ਤੋ ਹੀ ਰੱਖਦੇ ਹਨ।ਸੋ ਇਸ ਖਤਰਨਾਕ ਲੋਕ ਮਾਰੂ ਵਰਤਾਰੇ ਤੇ ਪੰਛੀ ਝਾਤ ਮਰਨ ਤੋਂ ਬਾਅਦ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਲੋਕਾਂ ਦੀ ਜਿਉਂਦੀ ਜਾਂ ਮਰੀ ਜਮੀਰ ਦਾ ਫੈਸਲਾ ਕਰਨਗੀਆਂ।

ਬਘੇਲ ਸਿੰਘ ਧਾਲੀਵਾਲ
99142-58142