ਸੁਫ਼ਨਿਆਂ ਦੇ ਖੰਡਰ ਤੇ ਕਾਲਪਨਿਕ ਵਿਕਾਸ - ਸ਼ਾਮ ਸਿੰਘ  ਅੰਗ ਸੰਗ

ਭਾਰਤ ਇਸ ਵਕਤ ਚੋਣਾਂ ਦੇ ਸ਼ੋਰ ਵਿੱਚ ਬੁਰੀ ਤਰ੍ਹਾਂ ਗੁਆਚਿਆ ਹੋਇਆ ਹੈ, ਜਿਸ ਕਾਰਨ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਭਾਸ਼ਣਾਂ ਵਿੱਚ ਸੁਫ਼ਨਿਆਂ ਦੇ ਖੰਡਰ ਦਿਖਾਈ ਦੇ ਰਹੇ ਹਨ ਜਾਂ ਫਿਰ ਕਾਲਪਨਿਕ ਵਿਕਾਸ ਦੇ ਮਹੱਲ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰੀ ਇਸ ਦੇਸ਼ ਦੇ ਨੇਤਾਵਾਂ ਨੂੰ ਬੁਨਿਆਦੀ ਗੱਲਾਂ ਦਾ ਹੀ ਨਹੀਂ ਪਤਾ ਕਿ ਦੇਸ਼ ਇੱਕ-ਰੂਪ ਨਹੀਂ ਹੋ ਸਕਦਾ, ਦੇਸ਼ ਦੇ ਲੋਕਾਂ ਵਿੱਚ ਨਫ਼ਰਤ ਦੀ ਜ਼ਹਿਰ ਫੈਲਾਇਆਂ ਅਤੇ ਫਿਰਕਾਪ੍ਰਸਤੀ ਦੀ ਹਵਾ ਚਲਾਇਆਂ ਲੋਕਾਂ ਵਿੱਚ ਏਕਤਾ ਨਹੀਂ ਹੋ ਸਕਦੀ।
       ਏਕਤਾ ਮਜ਼ਬੂਤ ਨੀਂਹ ਹੈ, ਜੋ ਦੇਸ਼ ਨੂੰ ਇੱਕ ਸੂਤਰ ਵਿੱਚ ਪਰੋ ਕੇ ਰੱਖ ਸਕਦੀ ਹੈ, ਜਿਸ ਨਾਲ ਲੋਕ ਬਰਾਬਰੀ ਦੀ ਸੋਚ ਨਾਲ ਅਸਲੀ ਵਿਕਾਸ ਵੱਲ ਕਦਮ ਪੁੱਟ ਸਕਣ ਦੇ ਯੋਗ ਹੋ ਜਾਣਗੇ, ਨਾ ਕਿ ਉਸ ਕਾਲਪਨਿਕ ਵਿਕਾਸ ਵੱਲ, ਜੋ ਨਾ ਦੇਸ਼ ਵਿੱਚ ਕਿਧਰੇ ਦਿਸਦਾ ਹੈ ਅਤੇ ਨਾ ਹੀ ਲੋਕਾਂ ਵਿੱਚ, ਚੌਤਰਫ਼ੀ ਨਜ਼ਰ ਮਾਰਿਆਂ ਪਿਛਲੀਆਂ ਚੋਣਾਂ ਵੇਲੇ ਦੇ ਭਾਸ਼ਣਾਂ ਅਤੇ ਜੁਮਲਿਆਂ ਦੇ ਖੰਡਰ ਖਿੱਲਰੇ ਪਏ ਹਨ ਜਾਂ ਲਾਰਿਆਂ ਦਾ ਮਲਬਾ ਪਿਆ ਹੈ ਜੋ ਕਿਸੇ ਦੇ ਵੀ ਕੰਮ ਨਹੀਂ। ਜਿਹੜਾ ਦੇਸ਼ ਤੇਜ਼ ਵਿਕਾਸ ਦੀ ਲੋਚਾ ਰੱਖਦਾ ਹੈ, ਉਸ ਵੱਲ ਕਿਸੇ ਦਾ ਧਿਆਨ ਹੀ ਨਹੀਂ। ਜਿਹੜਾ ਵੀ ਹਾਕਮ ਬਣਦਾ ਹੈ, ਉਹ ਆਪਣੇ ਬਾਰੇ, ਆਪਣੀ ਪਾਰਟੀ ਬਾਰੇ ਅਤੇ ਆਪਣੇ ਨੇੜਲੇ ਲੋਕਾਂ ਬਾਰੇ ਹੀ ਸੋਚਦਾ ਹੈ, ਜਿਸ ਦਾ ਦੇਸ਼ ਨੂੰ ਜ਼ਰਾ ਮਾਤਰ ਵੀ ਲਾਭ ਨਹੀਂ ਹੁੰਦਾ।
      ਭਾਰਤ ਵੰਨ-ਸੁਵੰਨੇ ਲੋਕਾਂ ਦਾ ਸਮੂਹ ਹੈ, ਜਿਨ੍ਹਾਂ ਦੇ ਨਾ ਧਰਮ ਖੋਹੇ ਜਾ ਸਕਦੇ ਹਨ, ਨਾ ਸੱਭਿਆਚਾਰ, ਨਾ ਉਨ੍ਹਾਂ ਦੇ ਰੰਗ-ਰੂਪ ਬਦਲੇ ਜਾ ਸਕਦੇ ਹਨ ਕਦਰਾਂ-ਕੀਮਤਾਂ। ਉਹ ਕਿੱਥੇ ਪੈਦਾ ਹੋਏ, ਕਿਹੜੀ ਭਾਸ਼ਾ ਬੋਲਦੇ ਹਨ ਅਤੇ ਕਿਹੋ ਜਿਹਾ ਪਹਿਰਾਵਾ ਪਹਿਨਦੇ ਹਨ, ਇਸ ਬਾਰੇ ਨਾ ਤਾਂ ਚਰਚਾ ਦੀ ਲੋੜ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਤਬਦੀਲੀ ਦੀ। ਇਹ ਵੰਨ-ਸੁਵੰਨਤਾ ਤਾਂ ਕਿਸੇ ਬਾਗ ਦੀ ਆਨ-ਸ਼ਾਨ ਵਾਂਗ ਵੀ ਹੈ ਅਤੇ ਮਹਿਕ ਵਾਂਗ ਵੀ।
     ਜਿਹੜੇ ਲੋਕ ਪਾਰਟੀਆਂ ਅਤੇ ਨੇਤਾ-ਜਨ ਹਰ ਨਾਗਰਿਕ ਵਿੱਚੋਂ ਭਾਰਤੀ ਨਹੀਂ ਦੇਖਦੇ, ਉਹ ਲੋਕਾਂ ਲਈ ਖ਼ਤਰਾ ਹੀ ਖ਼ਤਰਾ ਹਨ, ਕਿਉਂਕਿ ਉਹ ਦੇਸ਼ ਦਾ ਰੂਪ ਵੀ ਬਦਲਣਾ ਚਾਹੁੰਦੇ ਹਨ, ਸੁਭਾਅ ਵੀ, ਦਿਲ ਵੀ ਅਤੇ ਆਤਮਾ ਵੀ, ਜਿਸ ਨੂੰ ਜਨਤਾ ਕਿਸੇ ਤਰ੍ਹਾਂ ਵੀ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੋਵੇਗੀ, ਕਿਉਂਕਿ ਆਪਣਾ ਵੇਸ ਛੱਡਣਾ ਸੌਖਾ ਨਹੀਂ। ਆਪਣੇ ਰਸਮੋ-ਰਿਵਾਜ ਅਤੇ ਆਪਣੀ ਰੂਹ ਵਿੱਚ ਵਸੇ ਗੀਤ-ਸੰਗੀਤ ਨਹੀਂ ਛੱਡੇ ਜਾ ਸਕਦੇ।
      ਇਕਰੂਪਤਾ ਕਰਨ ਦੇ ਚਾਹਵਾਨਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਹ ਹਕੀਕਤ ਵਿੱਚ ਹੋ ਹੀ ਨਹੀਂ ਸਕਦੀ। ਹਾਂ ਇਕਜੁਟਤਾ, ਏਕਤਾ ਅਤੇ ਬਰਾਬਰੀ ਦੀ ਜ਼ਰੂਰਤ ਹੈ, ਜਿਸ 'ਤੇ ਨੇਤਾਗਨ ਸਾਲਾਂ ਤੋਂ ਜ਼ੋਰ ਦਿੰਦੇ ਆ ਰਹੇ ਹਨ, ਪਰ ਅਜੇ ਤੱਕ ਇਨ੍ਹਾਂ ਨੂੰ ਢੁਕਵੀਂ ਥਾਂ ਨਹੀਂ ਮਿਲ ਸਕੀ। ਨੇਤਾ ਚਾਹੁਣ ਤਾਂ ਇਹ ਦੂਰ ਦੀ ਗੱਲ ਨਹੀਂ ਰਹੇਗੀ ਤੇ ਭਾਰਤ 'ਚ ਏਕਾ ਹੋ ਜਾਵੇਗਾ।
   ਭਾਰਤ ਦੇ ਨੇਤਾਵਾਂ ਨੂੰ ਪੁਨਰ-ਵਿਚਾਰਨ ਦੀ ਜ਼ਰੂਰਤ ਹੈ ਕਿ ਉਹ ਆਪਣੇ ਹੀ ਲੋਕਾਂ ਅੱਗੇ ਸੁਫ਼ਨੇ ਨਾ ਲਟਕਾਉਣ, ਸਗੋਂ ਪੂਰੀ ਸ਼ਿੱਦਤ ਨਾਲ ਅਸਲੀਅਤ ਵਿੱਚ ਕੰਮ ਕਰ ਕੇ ਦਿਖਾਉਣ ਤਾਂ ਕਿ ਦੇਸ਼ ਨੂੰ ਕੇਵਲ ਕਾਲਪਨਿਕ ਵਿਕਾਸ ਦੀਆਂ ਗੱਲਾਂ ਸੁਣਨ ਨੂੰ ਨਾ ਮਿਲਣ, ਸਗੋਂ ਹਕੀਕਤ ਵਿੱਚ ਧਰਤੀ 'ਤੇ ਸਮਾਜ ਦੇ ਅੰਦਰ ਹੋਇਆ ਦਿਖਾਈ ਦੇਵੇ। ਉਨ੍ਹਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਵਾਅਦੇ, ਲਾਰੇ ਅਤੇ ਜੁਮਲੇ ਵਾਰ-ਵਾਰ ਨਹੀਂ ਚੱਲ ਸਕਦੇ। ਜਿਹੜਾ ਇਨ੍ਹਾਂ ਨੂੰ ਪੂਰੇ ਨਹੀਂ ਕਰੇਗਾ, ਮੁੜ ਨਹੀਂ ਦਿਸਣਗੇ।
       ਕਿਸੇ ਵੀ ਲੋਕਤੰਤਰ ਵਿੱਚ ਲੋਕਾਂ ਦਾ ਰਾਜ ਹੀ ਚੱਲੇਗਾ, ਕਿਸੇ ਇੱਕ ਵਿਅਕਤੀ ਦਾ ਨਹੀਂ। ਜਿਹੜੇ ਕਿਸੇ ਇੱਕ ਵਿਅਕਤੀ ਨੂੰ ਭਾਰਤ ਦੀ ਜਨਤਾ 'ਤੇ ਲੱਦਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ। ਅਜਿਹਾ ਨਾ ਕਿਸੇ ਪਾਰਟੀ ਨੂੰ ਸੋਚਣਾ ਹੀ ਚਾਹੀਦਾ ਹੈ ਅਤੇ ਨਾ ਪਾਰਟੀ ਦੇ ਚਮਚਿਆਂ ਨੂੰ।
      ਅੰਗਰੇਜ਼ਾਂ ਦੀ ਗੁਲਾਮੀ ਕੱਟਣ ਤੋਂ ਬਾਅਦ ਭਾਰਤ ਸਿਫਰ ਤੋਂ ਉੱਠ ਕੇ ਵਿਸ਼ਵ ਦੀਆਂ ਉੱਚ-ਤਾਕਤਾਂ ਵਿੱਚ ਸ਼ੁਮਾਰ ਹੋਇਆ ਅਤੇ ਜਨਤਾ ਨੂੰ ਅਨਪੜ੍ਹਤਾ ਅਤੇ ਗਰੀਬੀ 'ਚੋਂ ਕੱਢਣ ਦੇ ਯਤਨ ਕੀਤੇ। ਜਾਤਪਾਤ ਵਿੱਚੋਂ ਕੱਢਣ ਦੇ ਉਪਰਾਲੇ ਕੀਤੇ ਗਏ, ਜੋ ਅਜੇ ਤੱਕ ਹਕੀਕਤ ਨਹੀਂ ਬਣ ਸਕੇ। ਹੁਣ ਕੁਝ ਸਮੇਂ ਤੋਂ ਮੁੜ ਜਾਤਪਾਤ, ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਜਾ ਰਹੀ ਹੈ, ਜੋ ਨਾ ਦੇਸ਼ ਦੀ ਰਾਜਨੀਤੀ ਦੇ ਭਲੇ ਵਿੱਚ ਹੈ ਅਤੇ ਨਾ ਹੀ ਲੋਕ-ਭਲੇ ਵਿੱਚ।
     ਚਾਹੀਦਾ ਇਹ ਹੈ ਕਿ ਦੇਸ਼ ਦੇ ਹਾਕਮ ਦੇਸ਼ ਵਿੱਚ ਅਜਿਹੀ ਪ੍ਰਣਾਲੀ ਕਾਇਮ ਕਰਨ, ਜਿਸ ਨਾਲ ਦੇਸ਼ ਦੇ ਕੌਮੀ ਅਦਾਰੇ ਤਕੜੇ ਹੋਣ ਅਤੇ ਦੇਸ਼ ਦੇ ਵਾਸੀਆਂ ਦੀ ਖੁਸ਼ੀ ਅਤੇ ਖੁਸ਼ਹਾਲੀ ਵਾਸਤੇ ਕੰਮ ਕਰਨ, ਤਾਂ ਕਿ ਦੇਸ਼ ਵਿਕਸਤ ਦੇਸ਼ਾਂ ਦਾ ਮੁਕਾਬਲਾ ਕਰ ਸਕਣ। ਨਵੇਂ ਭਾਰਤ ਦਾ ਕੇਵਲ ਨਾਅਰਾ ਹੀ ਨਾ ਦਿੱਤਾ ਜਾਵੇ, ਸਗੋਂ ਲੋਕਾਂ ਨੂੰ ਅਧਿਕਾਰ ਦੇ ਕੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਇਆ ਜਾਵੇ ਤਾਂ ਜੋ ਆਪਣੇ ਮੁਲਕ ਉੱਤੇ ਗੌਰਵ ਕਰ ਸਕਣ।
      ਮੁਲਕ ਨੂੰ ਵਿਕਾਸ ਦੇ ਰਾਹ 'ਤੇ ਤਾਂ ਹੀ ਪਾਇਆ ਜਾ ਸਕਦਾ ਹੈ, ਜੇ ਦੇਸ਼ ਨੂੰ ਵਿੱਤੀ ਤੌਰ 'ਤੇ ਸਮਰੱਥ ਅਤੇ ਤਾਕਤਵਰ ਬਣਾਇਆ ਜਾ ਸਕੇ। ਸਾਧਨਹੀਣਾਂ, ਗਰੀਬ-ਗੁਰਬੇ ਨੂੰ ਸਮਾਜਿਕ ਸੁਰੱਖਿਆ ਰਾਹੀਂ ਉਹ ਸਮਰੱਥਾ ਦਿੱਤੀ ਜਾਵੇ, ਜਿਸ ਨਾਲ ਉਹ ਸਮਰੱਥ ਹੋ ਜਾਣ ਅਤੇ ਆਪਣੇ-ਆਪ ਨੂੰ ਨਿਤਾਣੇ ਨਾ ਮੰਨਣ। ਬਹੁਤ ਦੇਸ਼ਾਂ ਵਿੱਚ ਸਮਾਜਕ-ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨੂੰ ਦੇਖ-ਪਰਖ ਕੇ ਭਾਰਤ ਵਿੱਚ ਵੀ ਲਾਗੂ ਕੀਤਾ ਜਾਵੇ। ਇਸ ਨੂੰ ਲਾਗੂ ਕਰਦਿਆਂ ਆਧਾਰ ਕੇਵਲ ਗਰੀਬੀ ਅਤੇ ਕਮਜ਼ੋਰੀ ਹੀ ਮੰਨਿਆ ਜਾਵੇ।
      ਨਵੇਂ ਭਾਰਤ ਵਿੱਚ ਭਾਰਤ ਦੇ ਸੰਵਿਧਾਨ ਮੁਤਾਬਕ ਵਿਚਾਰ ਪ੍ਰਗਟ ਕਰਨ ਅਤੇ ਸਲਾਹ-ਮਸ਼ਵਰੇ ਦੀ ਖੁੱਲ੍ਹ ਹੋਵੇ। ਇਹ ਬਿਲਕੁਲ ਹੀ ਬੰਦ ਹੋਵੇ ਕਿ ਵਿਰੋਧੀ ਸੁਰ ਵਾਲੇ ਨੂੰ ਦਬਾਇਆ ਜਾਵੇ, ਦੇਸ਼-ਧ੍ਰੋਹੀ ਕਿਹਾ ਜਾਵੇ। ਲੋਕਾਂ ਵਿੱਚ ਡਰ ਪੈਦਾ ਕਰਨਾ, ਉਨ੍ਹਾਂ ਨੂੰ ਦਬਾਉਣਾ ਦੇਸ਼ ਦੇ ਹਿੱਤ ਵਿੱਚ ਨਹੀਂ। ਏਹੀ ਚੰਗਾ ਹੈ ਕਿ ਆਜ਼ਾਦ ਫ਼ਿਜ਼ਾ ਹੋਵੇ।
        ਨਵੇਂ ਭਾਰਤ ਦੀ ਗੱਲ ਓਹੀ ਕਰੇ, ਜਿਹੜਾ ਦੇਸ਼ ਅਤੇ ਇਸ ਦੇ ਲੋਕਾਂ ਨੂੰ ਨਵੇਂ ਰਾਹਾਂ ਉੱਤੇ ਤੋਰ ਸਕੇ, ਸਭ ਨੂੰ ਬਰਾਬਰ ਸਮਝੇ, ਗਿਆਨ ਵੰਡੇ ਅਤੇ ਬੌਧਿਕ ਵਿਕਾਸ ਕਰੇ ਤਾਂ ਜੋ ਪੜ੍ਹੇ-ਲਿਖੇ ਲੋਕ ਵੀ ਕੁੜੱਤਣ ਨਾਲ ਧਾਰਮਿਕ ਸ਼ਬਦ ਨਾ ਵਰਤਣ ਅਤੇ ਮੂਲਵਾਦ ਨਾਲ ਧਾਰਮਿਕ ਸ਼ਬਦ ਨਾ ਲਾਉਣ, ਕੱਟੜਤਾ, ਕੁੜੱਤਣ ਅਤੇ ਮੂਲਵਾਦ ਅਸਲੋਂ ਧਾਰਮਿਕ ਨਹੀਂ ਹੋ ਸਕਦੇ, ਸਗੋਂ ਇਹ ਬਹੁਤ ਖ਼ਤਰਨਾਕ ਹਨ, ਜਿਨ੍ਹਾਂ ਦੀ ਧਰਮ ਵਿੱਚ ਤਾਂ ਕੀ, ਸਮਾਜ ਵਿੱਚ ਹੀ ਥਾਂ ਨਹੀਂ ਹੋਣੀ ਚਾਹੀਦੀ।
   ਨਵੇਂ ਭਾਰਤ ਵਿੱਚ ਗਰੀਬੀ, ਅਗਿਆਨ ਮਿਟਾਏ ਜਾਣ। ਉਸ ਭਾਰਤ ਦਾ ਨਿਰਮਾਣ ਕੀਤਾ ਜਾਵੇ, ਜਿੱਥੇ ਕਿਸੇ ਨਾਗਰਿਕ ਦੇ ਵੀ ਸੁਫ਼ਨੇ ਚਕਨਾਚੂਰ ਨਾ ਹੋਣ ਅਤੇ ਸਭ ਦਾ ਅਸਲ ਵਿਕਾਸ ਹੋਵੇ, ਨਾ ਕਿ ਕਾਲਪਨਿਕ ਵਿਕਾਸ, ਜਿਸ ਦਾ ਕੋਈ ਫਾਇਦਾ ਨਹੀਂ। ਨਵੇਂ ਭਾਰਤ ਵਿੱਚ ਵੰਡਾਂ ਪਾਉਣ ਦੀ ਕੋਈ ਥਾਂ ਨਹੀਂ, ਸਭ ਏਕੇ ਅਤੇ ਹਕੀਕਤ ਵਿੱਚ ਪੂਰੇ ਕਰਨ ਵਾਲੇ ਸੁਫ਼ਨੇ ਹੀ ਲਏ ਜਾਣ।
      ਸਾਫ਼ ਹੈ ਕਿ ਸਮਾਜ ਵਿੱਚੋਂ ਦਰਜੇਬੰਦੀ ਖ਼ਤਮ ਕੀਤੀ ਜਾਵੇ, ਕਿਉਂਕਿ ਇਹ ਅੰਗਰੇਜ਼ਾਂ ਦੇ ਰਾਜ ਦੀ ਜੂਠ ਹੈ, ਜਿਸ ਨੂੰ ਅਜੇ ਤੱਕ ਖ਼ਤਮ ਨਹੀਂ ਕੀਤਾ ਜਾ ਸਕਿਆ। ਦਰਪੇਸ਼ ਮਸਲੇ, ਮੁੱਦੇ ਅਤੇ ਸਮੱਸਿਆਵਾਂ ਨੂੰ ਸਹੀ ਤਰ੍ਹਾਂ ਹੱਲ ਕੀਤਾ ਜਾਵੇ ਤਾਂ ਜੋ ਭਾਰਤ ਦਾ ਚਿਹਰਾ-ਮੋਹਰਾ ਨਿੱਖਰ ਸਕੇ ਅਤੇ ਦੇਖਣ ਵਾਲਿਆਂ ਨੂੰ ਬਦਲਿਆ ਨਜ਼ਰ ਵੀ ਆਵੇ। ਸਿੱਖਿਆ, ਸਿਹਤ ਅਤੇ ਹੋਰ ਖੇਤਰਾਂ ਵਿੱਚ ਸਮਾਨਤਾ ਬਹਾਲ ਕਰਨ ਵੱਲ ਵਧਿਆ ਜਾਵੇ। ਬੁਨਿਆਦੀ ਖੇਤਰਾਂ ਨੂੰ ਸਰਕਾਰ ਆਪਣੇ ਹੱਥਾਂ ਵਿੱਚ ਲਵੇ ਤਾਂ ਕਿ ਲੋਕਾਂ ਨੂੰ ਕੇਵਲ ਸੁਫ਼ਨਿਆਂ ਦੇ ਖੰਡਰ ਖਿੱਲਰੇ ਨਾ ਦੇਖਣ ਪੈਣ ਅਤੇ ਕਾਲਪਨਿਕ ਵਿਕਾਸ ਹੀ ਸੁਣਨਾ ਨਾ ਪਵੇ ਸਗੋਂ ਉਹ ਸਭ ਕੁਝ ਧਰਤੀ 'ਤੇ ਦੇਖਣ ਨੂੰ ਮਿਲੇ ਜੋ ਨੇਤਾ ਭਾਸ਼ਣ ਵਿੱਚ ਕਹਿੰਦੇ ਹਨ ਅਤੇ ਹਰ ਪੰਜ ਸਾਲ ਬਾਅਦ ਵਾਅਦਿਆਂ ਵਿੱਚ ਭਰੋਸਾ ਦੁਆਉਂਦੇ ਹਨ ਤਾਂ ਕਿ ਲੋਕ ਆਪਣੇ ਦੇਸ਼ ਦੇ ਹਾਕਮਾਂ 'ਤੇ ਵੀ ਮਾਣ ਕਰ ਸਕਣ ।
      ਜਿਹੜੀ ਸਰਕਾਰ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰੀ ਉਤਰੇਗੀ, ਉਹ ਹੀ ਜਨਤਾ ਦੇ ਦਿਲਾਂ ਵਿੱਚ ਥਾਂ ਬਣਾ ਸਕੇਗੀ। ਜੁਮਲੇਬਾਜ਼ ਅੱਜ ਨਹੀਂ ਤਾਂ ਕੱਲ੍ਹ ਭਜਾ ਦਿੱਤੇ ਜਾਣਗੇ, ਕਿੳਂਂਕਿ ਝੂਠ ਦੇ ਨਾ ਨਾਅਰੇ ਚੱਲਦੇ ਹਨ, ਨਾ ਵਾਅਦੇ, ਨਾ ਸਿੱਕੇ ਚੱਲਦੇ ਹਨ ਅਤੇ ਨਾ ਜੁਮਲੇ। ਆਜ਼ਾਦ ਸਮਾਜ ਵਿੱਚ ਖੁੱਲ੍ਹਾਂ ਦੀ ਫਿਜ਼ਾ ਹੋਵੇ, ਡਰ-ਡੁੱਕਰ ਕਿਧਰੇ ਵੀ ਨਾ ਹੋਣ, ਸਗੋਂ ਵਿਰੋਧਾਂ ਨੂੰ ਸੁਣ ਕੇ ਵਿਸ਼ਾਲ ਦਿਲੀ ਨਾਲ ਉਨ੍ਹਾਂ ਨੂੰ ਨਜਿੱਠਿਆ ਜਾਵੇ। ਅਜਿਹਾ ਰਾਜ-ਭਾਗ ਸਾਰੇ ਭਾਰਤ ਦੇ ਲੋਕਾਂ ਨੂੰ ਨਾਲ ਲੈ ਕੇ ਚੱਲ ਸਕਦਾ ਹੈ ਕਿਉਂਕਿ ਅਸਹਿਮਤੀ ਲਈ ਕੋਈ ਮੌਕਾ ਹੀ ਨਹੀਂ ਰਹੇਗਾ। ਗਾਹੇ-ਬਗਾਹੇ ਰਾਜ ਦੇ ਹਾਕਮਾਂ ਨੂੰ ਦੂਜੇ ਦੇਸ਼ਾਂ ਦੇ ਵਿਕਾਸ ਬਾਰੇ ਪੜ੍ਹਦੇ -ਸੁਣਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਕਮਾਈ ਅਕਲ ਤੋਂ ਦੇਸ਼ ਵਿੱਚ ਬੈਠੇ ਹੀ ਲਾਹਾ ਲਿਆ ਜਾ ਸਕੇ। ਅਜਿਹਾ ਹੋਣ ਨਾਲ ਸੁਫ਼ਨਿਆਂ ਦੇ ਖੰਡਰ ਨਹੀਂ ਹੋਣਗੇ, ਕਾਲਪਨਿਕ ਵਿਕਾਸ ਨਹੀਂ ਦਿਖਾਣਾ ਪਵੇਗਾ।



ਲਤੀਫ਼ੇ ਦਾ ਚਿਹਰਾ-ਮੋਹਰਾ

ਅਜੀਬ ਭੰਬਲਭੂਸਾ ਹੈ
ਦਾਰੂ ਬਣਾਉਣ ਵਾਲਾ ਕਰਜ਼ੇ ਹੇਠ ਹੈ
ਬਣਾਉਣ ਲਈ ਕਰਜ਼ਾ ਦੇਣ ਵਾਲਾ ਕਰਜ਼ਾਈ ਹੈ
ਦਾਰੂ ਪੀਣ ਵਾਲਾ ਵੀ ਕਰਜ਼ਾਈ
ਫਿਰ ਪੈਸਾ ਗਿਆ ਤਾਂ ਕਿੱਥੇ ਗਿਆ?
-0-
ਡਾਕਟਰ ਸਾਹਿਬ ਮੇਰਾ ਕੰਨ ਦੁਖਦਾ
ਡਾਕਟਰ ਕਹਿੰਦਾ ਕੰਨਾਂ ਵਾਲੇ ਨੂੰ ਦਿਖਾ
ਅੱਗੋਂ ਮਰੀਜ਼ ਕਹਿੰਦਾ-ਕਿਉਂ ਤੁਹਾਡੇ ਕੰਨ ਹੈ ਨ੍ਹੀਂ?
-0-
ਦਿਨ ਦੀ ਰੋਸ਼ਨੀ ਸੁਫ਼ਨੇ ਆਉਣ
ਵਿੱਚ ਗੁਜ਼ਰ ਗਈ
ਰਾਤਾਂ ਦੀ ਨੀਂਦ ਬੱਚੇ ਸੁਲਾਉਣ
ਵਿੱਚ ਗੁਜ਼ਰ ਗਈ
ਜਿਸ ਘਰ 'ਤੇ ਮੇਰੇ ਨਾਮ ਦੀ
ਕੋਈ ਤਖ਼ਤੀ ਵੀ ਨਹੀਂ
ਸਾਰੀ ਉਮਰ ਘਰ ਨੂੰ ਸਜਾਉਣ
ਵਿੱਚ ਗੁਜ਼ਰ ਗਈ।


ਮੋਬਾਈਲ : 9814113338