ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਵੋਟ ਡਾਲਨੇ ਕੋ ਅਬ ਘਰ ਸੇ ਨਿਕਲਾ ਹੈ ਭੋਲਾ-ਭਾਲਾ,
ਖੜੇ ਹੂਏ ਹੈਂ ਲੋਗ ਸਾਮਣੇ ਲੇਕਰ ਨੋਟੋ ਕੀ ਮਾਲਾ

ਖ਼ਬਰ ਹੈ ਕਿ ਚੋਣ ਕਮਿਸ਼ਨ ਦੀ ਸਖ਼ਤੀ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਪਰ ਅਸਲ ਵਿੱਚ ਸਖ਼ਤੀ ਹੁੰਦੀ ਅਜੇ ਤੱਕ ਨਹੀਂ ਵੇਖੀ ਗਈ। ਪਸ਼ੂਆਂ ਵਾਂਗਰ ਵੋਟਰਾਂ ਦੇ ਵਿਕਣ ਉਤੇ ਤਨਜ਼ ਕਸਦਿਆਂ ਆਪਣੇ ਗੀਤ ਵਿੱਚ ਜੀਦੇ ਪਿੰਡ ਵਾਲਾ ਜਗਸੀਰ ਲਿਖਦਾ ਹੈ, ''ਇਥੇ ਸੰਗਤ ਵੇਚਦੀ ਵੋਟਾਂ ਤੇ ਸੰਗਤਾਂ ਨੂੰ ਬਾਬੇ ਵੇਚ ਗਏ' ਜਾਂ ਭੇਡ ਵਿਕ ਗਈ ਸ਼ਪੰਜਾ ਸੌ ਤੇ ਸੱਠ ਦੀ ਤੇ ਚਾਰ ਸੌ ਨੂੰ ਵੋਟ ਵਿਕ ਗਈ।
ਭਾਰਤ ਵਿੱਚ ਕਰੋੜਾਂ ਭੁੱਖੇ ਢਿੱਡਾਂ ਦੇ ਚਲੱਦਿਆਂ ਦੋ ਡੰਗ ਦੀ ਰੋਟੀ ਦੇ ਮੁਥਾਜ ਗਰੀਬ ਲੋਕਾਂ ਲਈ ਜ਼ਮੀਰਾਂ ਸਾਂਭਣ ਵਾਲਾ ਕੰਮ ਉਹਨਾ ਸੌਖਾ ਨਹੀਂ, ਜਿਨਾ ਸਮਝਿਆ ਜਾ ਰਿਹਾ ਹੈ। ਖ਼ਬਰਾਂ  ਹਨ ਕਿ ਇਥੋਂ ਦੇ ਕਰੋੜਾਂ ਲੋਕ, ਜੋ ਵੱਖ ਵੱਖ ਡੇਰਿਆਂ ਜਾਂ ਸਾਧਾਂ ਨਾਲ ਜੁੜੇ ਹੋਏ ਹਨ, ਉਹਨਾ ਨੂੰ ਕਿਸੇ ਇੱਕ ਖਾਸ ਪਾਰਟੀ ਜਾਂ ਵਿਸ਼ੇਸ਼ ਵਿਅਕਤੀ ਲਈ ਵੋਟ ਕਰਨ ਦਾ ਹੁਕਮ ਕਿਸੇ ਨਾ ਕਿਸੇ ਬਾਬੇ ਵਲੋਂ ਕੀਤਾ ਜਾਂਦਾ ਹੈ।
ਕੋਈ ਸ਼ੱਕ ਨਹੀਂ ਰਿਹਾ ਕਿ ਲੋਕਸ਼ਾਹੀ ਵਿੱਚ ਲੋਕ ਹਾਸ਼ੀਏ ਉਤੇ ਸੁੱਟ ਦਿੱਤੇ ਗਏ ਹਨ। ਕੋਈ ਸ਼ੱਕ ਨਹੀਂ ਰਿਹਾ ਕਿ ਨਗਾਰਿਆਂ ਦੀ ਆਵਾਜ਼ ਵਿੱਚ ਤੂਤਨੀ ਦੀ ਆਵਾਜ਼ ਕੋਈ ਨਹੀਂ ਜੇ ਸੁਣਦਾ। ਕੋਈ ਸ਼ੱਕ ਨਹੀਂ ਰਿਹਾ ਕਿ  ਦੇਸ਼ ਹੁਣ ਜਾਤਾਂ 'ਚ ਵੰਡਿਆ ਗਿਆ ਹੈ, ਧਰਮਾਂ 'ਚ ਵੰਡਿਆ ਗਿਆ ਹੈ, ਉਥੇ ਹੁਣ ਬੰਦੇ ਨਹੀਂ, ਸਿਰਫ ਤੇ ਸਿਰਫ ਹਿੰਦੂ ਰਹਿੰਦੇ ਹਨ, ਮੁਸਲਮਾਨ ਰਹਿੰਦੇ ਹਨ, ਈਸਾਈ ਰਹਿੰਦੇ ਹਨ। ਤੇ ਕੋਈ ਸ਼ੱਕ ਹੁਣ ਇਹ ਵੀ ਨਹੀਂ ਰਿਹਾ ਕਿ ਦੇਸ਼ 'ਚ ਵੋਟਾਂ ਹੁਣ ਧਰਮਾਂ ਨੂੰ ਪੈਂਦੀਆਂ ਹਨ, ਜਾਤਾਂ ਨੂੰ ਪੈਂਦੀਆਂ ਹਨ, ਪੈਸਿਆਂ ਨੂੰ ਪੈਂਦੀਆਂ ਹਨ, ਸਿਆਸੀ ਪਾਰਟੀਆਂ ਨੂੰ ਨਹੀਂ ਜੇ ਪੈਂਦੀਆਂ। ਤੇ ਸ਼ੱਕ ਕੋਈ ਨਹੀਂ ਰਿਹਾ ਕਿ ਵੋਟਾਂ 'ਚ ਪ੍ਰੇਮ, ਕਰੁਣਾ, ਰਿਸ਼ਤੇ, ਨਿਆਂ ਸਭ ਗਾਇਬ ਹਨ। ਹੁਣ ਤਾਂ ਭਾਈ ਨੇਤਾ ਧਰਮ ਯੁੱਧ ਲੜਦੇ ਹਨ। ਧਰਮ ਦੇ ਨਾਮ ਤੇ ਵੋਟਾਂ ਦੀ ਗਿਣਤੀ ਆਪਣੇ ਹੱਕ 'ਚ ਪਾਉਣ ਲਈ ਲੋਕਾਂ ਨੂੰ ਤਿਆਰ ਕਰਦੇ ਹਨ। ਦੇਸ਼ 'ਚ ਦੰਗੇ, ਨਫ਼ਰਤ, ਬੰਬ ਵਿਸਫੋਟ,ਆਤੰਕ ਫੈਲਾਉਂਦੇ ਹਨ ਤੇ ਫਿਰ ਹਰਾ ਇਨਕਲਾਬ  ਅਤੇ ਭਗਵਾਂ ਆਤੰਕਵਾਦ, ਧਰਮ ਨਿਰਪੱਖ, ਪੱਕੇ ਜਾਤੀ ਵਿਰੋਧੀ ਨੇਤਾਵਾਂ ਦੀ ਪੈਦਾਵਾਰ ਬਣ ਜਾਂਦਾ ਹੈ। ਹੈ ਨਾ ਨਵੇਂ ਆਧੁਨਿਕ, ਇੰਟਰਨੈਟੀ ਨੇਤਾਵਾਂ ਦੀ ਮਨੁੱਖੀ ਕਰਾਮਾਤ!! ਜਿਹਨਾ ਵਿੱਚ ਲੋਕਤੰਤਰ ਦੇ ਗਰੀਬੀ, ਬੇਰੁਜ਼ਗਾਰੀ, ਬੇਇਮਾਨੀ, ਕਿਸਾਨੀ, ਫਸਲ, ਅਪਰਾਧ, ਸਮਾਜਿਕ ਸਮੱਸਿਆਵਾਂ ਜਿਹੇ ਮੁੱਦਿਆਂ ਨੂੰ ਚੁਟਕੀ 'ਚ ਹੱਲ ਕਰਨ ਦੀ ਦੈਬੀ ਸ਼ਕਤੀ ਆ ਜਾਂਦੀ ਆ। ਉਹਦੀ ਸ਼ਕਤੀ ਉਦੋਂ ਸੌ ਗੁਣਾ ਵਧ ਜਾਂਦੀ ਆ, ਜਦੋਂ ਵੱਡਾ ਸਿਆਸੀ ਨੇਤਾ ਨੋਟਾਂ ਦਾ ਗੱਠਾ ਉਹਦੇ ਪੱਲੇ ਇਹਨਾ ਗੁਣਾ ਕਾਰਨ ਪਾ ਦਿੰਦਾ ਆ।
ਸੱਚ ਕਿਹਾ ਫਿਰ ਹਰ ਉਮੀਦਵਾਰ ਖਰੀਦਦਾਰ ਬਣ ਜਾਂਦਾ ਹੈ ਚੋਣਾਂ ਦੇ ਦਿਨਾਂ 'ਚ, ਜੋ ਛੇ ਹਜ਼ਾਰ ਤੋਂ ਲੈਕੇ ਬਹੱਤਰ ਹਜ਼ਾਰ ਦਾ ਵਾਇਦਾ ਦਿੰਦਾ ਹੈ, ਕੋਈ 2000 ਖਾਤੇ 'ਚ ਪਾਕੇ ਲੋਕਾਂ ਦੀ ਵਾਹ-ਵਾਹ ਖੱਟਦਾ ਆ। ਕੋਈ ਇਹ ਆਖਦਾ ਹੈ ਕਿ ਲੋਟਾ ਲੇਕਰ ਅਬ ਜੰਗਲ ਨਾ ਜਾਇਆ ਜਾਏ। ਸ਼ੋਚਾਲਿਆ ਤੋਂ ਹਰ ਘਰ ਮੇ ਬਨਾਇਆ ਜਾਏ।ਇਹੋ ਜਿਹੇ ਹਾਲਤਾਂ ਵਿੱਚ ਵੋਟਰ ਦਾ ਉਹਨਾ ਦੇ ਪੰਜੇ 'ਚੋਂ ਬਚਣਾ ਡਾਹਢਾ ਹੀ ਔਖਾ ਜਾਪਣ ਲੱਗਦਾ ਆ। ਕਿਸੇ ਕਵੀ ਦੇ ਕਹਿਣ ਮੁਤਾਬਕ, ''ਵੋਟ  ਡਾਲਨੇ  ਕੋ ਅਬ ਘਰ ਸੇ ਨਿਕਲਾ ਹੈ ਭੋਲਾ-ਭਾਲਾ, ਖੜੇ ਹੂਏ ਹੈਂ ਲੋਗ ਸਾਮਨੇ ਲੇਕਰ ਨੋਟੋ ਕੀ ਮਾਲਾ''।


ਟਿਕਟ ਵੰਡ ਦਾ ਰੱਫੜ ਨਾ ਹੱਲ ਹੋਵੇ
ਪਿਆ ਚੌਧਰੀਆਂ ਦੇ ਵਿੱਚ ਦੁਫੇੜ ਮੀਆਂ

ਖ਼ਬਰ ਹੈ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਸ ਦੀ ਪਤਨੀ ਨਵਜੋਤ ਕੌਰ ਸਿੱਧੂ ਝੂਠ ਨਹੀਂ ਬੋਲਦੀ। ਉਹਨਾ ਨੇ ਆਪਣੇ ਪ੍ਰਚਾਰ ਦੇ ਆਖਰੀ ਦਿਨ ਲੰਬੀ ਹਲਕੇ ਵਿੱਚ ਗੱਲਾਂ-ਗੱਲਾਂ ਵਿੱਚ ਕਿਹਾ ਕਿ ਅਮਰਿੰਦਰ ਤੇ ਬਾਦਲ ਟੋਲਾ ਆਪਸ ਵਿੱਚ ਰਲੇ ਹੋਏ ਹਨ ਅਤੇ ਤਦੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ 'ਚ ਦੋਸ਼ੀਆਂ ਨੂੰ ਕਟਿਹਰੇ 'ਚ ਨਹੀਂ ਲਿਆਂਦਾ ਜਾ ਰਿਹਾ। ਇਸ ਤੋਂ ਪਹਿਲਾ ਉਹਨਾ ਨੇ ਕਿਹਾ ਸੀ ਕਿ ਉਹਨਾ ਦੀ ਪਤਨੀ ਦੀ ਚੰਡੀਗੜ੍ਹ ਉਮੀਦਵਾਰੀ ਟਿਕਟ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਰੀ ਨੇ ਕਟਵਾਈ ਸੀ। ਜਦ ਕਿ ਕੈਪਟਨ ਨੇ ਕਿਹਾ ਕਿ ਸਿੱਧੂ ਇਸ ਕਰਕੇ ਇਹੋ ਜਿਹੀਆਂ ਗੱਲਾਂ ਕਰ ਰਹੇ ਹਨ ਕਿ ਉਹ ਉਹਨਾ ਦੀ ਥਾਂ ਪੰਜਾਬ ਦੇ ਮੁੱਖ ਮੰਤਰੀ ਬਨਣਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਦੀ ਗੱਡੀ ਹਨ੍ਹੇਰੇ 'ਚ ਦੌੜ ਰਹੀ ਆ, ਉਸਦੀ ਗੱਡੀ ਦੇ ਡੱਬਿਆਂ ਦੇ ਪਹੀਏ ਢਿੱਚਕੂੰ-ਢਿੱਚਕੂੰ ਚਲ ਰਹੇ ਆ। ਮੰਦੀ ਲੱਗੀ ਹੋਈ ਆ-ਖਜ਼ਾਨਾ ਖਾਲੀ ਆ। ਮੁਲਾਜ਼ਮਾਂ ਉਹਦੀ ਢਿੰਮਰੀ ਟੈਟ ਕੀਤੀ ਹੋਈ ਆ। ਕਿਸਾਨਾਂ ਉਹਦਾ ਜੀਣਾ ਹਰਾਮ ਕੀਤਾ ਹੋਇਆ। ਕਿਧਰੇ ਖਹਿਰਾ ਪਿੱਛਾ ਨਹੀਂ ਛੱਡਦਾ, ਕਿਧਰੇ ਬੈਂਸ ਭਰਾ ਨਿੱਤ ਕੋਈ ਸੀੜੀ-ਸਿਆਪਾ ਖੜਾ ਕਰੀ ਰੱਖਦੇ ਆ। ਕਿਧਰੇ ਆਹ ਅਕਾਲੀ-ਭਾਜਪਾਈਏ ਬੁੱਢੀ ਉਮਰੇਂ ਉਹਨੂੰ ਪੁੱਠੇ-ਸਿੱਧੇ ਤਾਹਨੇ ਮਿਹਣੇ ਦੇਈ ਤੁਰੀ ਜਾਂਦੇ ਆ। ਤੇ ਇਧਰ ਸਿੱਧੂ ਟਕੋਰਾਂ ਲਾਉਂਦਾ, ਜਿਥੇ ਬਾਦਲਾਂ ਦੇ ''ਸੈਕਲ'' ਦਾ ਪੈਂਚਰ ਕਰੀ ਰੱਖਦਾ, ਉਥੇ ਅਮਰਿੰਦਰ ਦੀ ਗੱਡੀ ਦੇ ਪਹੀਏ 'ਚ ਵੱਡਾ ਸਾਰਾ ਸੁਆ ਖੋਭਣੋਂ ਰਤਾ ਨਹੀਂਓ ਝਿਜਕਦਾ। ਆਹ ਵੇਖੋ ਨਾ, ਕੋਈ ਬੰਦਾ ਕਿਸੇ ਹੋਰ ਦੀ ਗੱਲ ਮੰਨੇ ਨਾ ਮੰਨੇ, ਘਰਵਾਲੀ ਦੀ ਗੱਲ ਤਾਂ ਮੰਨਣੀ ਪਊ, ਨਹੀਂ ਤਾਂ ਰੋਟੀ-ਟੁੱਕ ਵੱਖੋ-ਵੱਖਰਾ, ਬੇਲਣੇ-ਘੋਟਣੇ ਦੀ ਵਰਤੋਂ ਹੋ ਜੂ ਸ਼ੁਰੂ। ਇਸ ਕਰਕੇ ਘਰ 'ਚ ਸੁਖ ਸ਼ਾਂਤੀ ਰੱਖਣ ਲਈ ਸ਼ਰੀਕਾਂ ਨਾਲ ਕਰ ਤਾ ਸਿੱਧੂ ਨੇ ਇੱਟ-ਖੜਿੱਕਾ ਸ਼ੁਰੂ। ਹੁਣ ਜੋ ਕੁਝ ਹੋਉ ਦੇਖੀ ਜਾਊ ਜਾਂ ਬਾਪੂ ਰਹੂ ਜਾਂ ਫਿਰ ਰਹੂ ਸਿੱਧੂ। ਉਵੇਂ ਹੀ ਜਿਵੇਂ ਘਰ 'ਚ ਭਾਣਾ ਵਾਪਰਦਾ ਤੇ ਬਹੂ ਆਖਦੀ ਆ, ਜਾਂ ਬਾਪੂ-ਬੇਬੇ ਪੱਕੇ ਰੱਖ ਜਾਂ ਰੱਖ ਮੈਨੂੰ। ਅਤੇ ਆਹ ਵੇਖੋ ਨਾ  ਅਸੂਲਾਂ ਦੇ ਪੱਕੇ, ਨਿਰੇ ਪੰਜਾਬੀ ਨੇ ਬਹੂ ਦੀ ਗੱਲ ਰੱਖੀ, ਤੇ ਪਿਊ ਨੂੰ ਆਖਿਆ, ਬਾਪੂ ਛੱਡ ਡਰਾਇੰਗ ਰੂਮ ਤੇ ਬੈਠ ਪਸ਼ੂਆਂ ਦੇ ਵਾੜੇ। ਉਂਜ ਭਾਈ ਹਾਲੇ ਬਾਪੂ ਦੇ ਖੂੰਡੇ 'ਚ ਰੜਕ ਆ। ਖੜਕੂ ਹਾਲੇ ਤਾਂ। ਇਸੇ ਕਰਕੇ ਕਵੀਓ ਵਾਚ ਸੁਣੋ, ''ਟਿਕਟ ਵੰਡ ਦਾ ਰੱਫੜ ਨਾ ਹੱਲ ਹੋਵੇ, ਪਿਆ ਚੌਧਰੀਆਂ ਦੇ ਵਿੱਚ ਦੁਫੇੜ ਮੀਆਂ''।

ਕੀ ਤੋਂ ਕੀ ਹੋ ਗਿਆ ਦੇਖਦੇ-ਦੇਖਦੇ

ਖ਼ਬਰ ਹੈ ਕਿ ਵਿਕਾਸ ਦੇ ਨਾਮ ਉਤੇ ਵੱਡੇ ਉਦਯੋਗਿਕ ਘਰਾਣੇ ਅਤੇ ਨੇਤਾ ਲੋਕ, ਧਰਤੀ ਦਾ ਉਸਦੀ ਸਮਰੱਥਾ ਤੋਂ ਪਰ੍ਹੇ ਜਾਕੇ ਸੋਸ਼ਣ ਕਰ ਰਹੇ ਹਨ। ਜਲਵਾਯੂ ਤਬਦੀਲੀ, ਗਰਮ ਹੁੰਦੇ ਸਾਡੇ ਮਹਾਂਸਾਗਰ, ਸਮੁੰਦਰ ਤਲ ਦਾ ਵਧਦਾ ਸਤਰ, ਅੱਜ ਇਹੋ ਜਿਹੀ ਸਚਾਈ ਹੈ ਜਿਹਨਾ ਤੋਂ ਸਾਡੀ ਖਾਦ ਸੁਰੱਖਿਆ ਅਤੇ ਧਰਤੀ ਦੇ ਪੂਰੇ ਜੀਵਨ ਉਤੇ ਖਤਰਾ ਮੰਡਰਾਉਣ ਲੱਗਾ ਹੈ। ਉਧਰ ਧਰਤੀ ਦਾ ਕਟੋਰਾ ਖਾਲੀ ਹੋ ਰਿਹਾ ਹੈ। ਅਸੀਂ ਲਗਾਤਾਰ ਜ਼ਮੀਨ 'ਚੋਂ ਪਾਣੀ ਖਿੱਚ ਰਹੇ ਹਾਂ ਅਤੇ ਜ਼ਮੀਨ ਦੇ ਅੰਦਰ ਪਾਣੀ ਨੂੰ ਰਿਚਾਰਜ਼ ਕਰਨ ਦਾ ਕੋਈ ਸਹੀ ਤਰੀਕਾ ਅਸੀਂ ਨਹੀਂ ਅਪਨਾਇਆ।
ਕੀ ਕਰੇ ਬੰਦਾ, ਚੰਗਾ ਬਣਦਾ ਆਪਣੇ ਪੈਰੀਂ ਆਪੇ ਕੁਹਾੜਾ ਮਾਰ ਰਿਹਾ। ਸਮਾਂ ਸੀ ਦੇਸ਼ 'ਚ ਪਵਿੱਤਰ ਝਰਨੇ ਸਨ। ਲੋਕ ਕੁੱਖ ਭਰਕੇ ਪਾਣੀ ਪੀਂਦੇ ਸਨ, ਠੰਡੀ ਹਵਾ 'ਚ ਜੀਂਦੇ ਸਨ।ਕਦੇ ਸਮਾਂ ਸੀ ਪਿੰਡ, ਪਿੰਡ ਖੂਹ ਸਨ, ਤਲਾਬ ਸਨ, ਸਾਫ-ਸੁਥਰੇ ਛੱਪੜ ਸਨ। ਹੁਣ ਨਾ ਪਿੰਡਾਂ 'ਚ ਖੂਹ ਨੇ, ਨਾ ਤਲਾਬ, ਹੁਣ ਤਾਂ ਧੁੱਕ-ਧੁੱਕ ਕਰਦੇ ਇੰਜਨ ਹਨ ਜਾਂ ਸ਼ਾਂ-ਸ਼ਾਂ ਕਰਦੀਆਂ ਮੋਟਰਾਂ ਜੋ ਧਰਤੀ ਦੀ ਕੁੱਖ ਖਾਲੀ ਕਰਦੀਆਂ ਤੁਰੀਆਂ ਜਾਂਦੀਆਂ ਹਨ। ਅਤੇ ਆਉਣ ਵਾਲੇ ਸਮੇਂ ਨੂੰ ਡਰਾਉਣਾ ਬਣਾਉਂਦੀਆਂ ਤੁਰੀਆਂ ਜਾਂਦੀਆਂ ਹਨ। ਮੂੰਹ ਚੋਪੜਨ ਅਤੇ ਅੰਦਰੋਂ ਗੰਦਾ ਰਹਿਣ ਦੀ ਫਿਤਰਤ ਹੈ ਮਨੁੱਖ ਦੀ। ਤਦੇ ਤਾਂ ਪਿੰਡ, ਪਿੰਡ ਕੂੜੇ ਦੇ ਢੇਰ ਹਨ, ਸ਼ਹਿਰ ਪਲਾਸਟਿਕ ਦੇ ਬੋਰੇ ਹਨ। ਪਿੰਡ ਗੰਦ ਨਾਲ ਭਰੇ ਹੋਏ ਹਨ, ਸ਼ਹਿਰ ਸੀਵਰੇਜ ਦੀ ਕਿਰਪਾ ਨਾਲ ਅਜੀਬ ਜਿਹਾ ਦ੍ਰਿਸ਼ ਪੇਸ਼ ਕਰਦੇ ਹਨ ਅਤੇ ਦਰਿਆ ਗੰਦ ਦਾ ਗੋਲਾ, ਸਮੁੰਦਰ ਪਲਾਸਟਿਕ ਦਾ ਥੈਲਾ ਬਣਿਆ ਨਜ਼ਰ ਆ ਰਿਹਾ।
ਆ ਵੈਲ ਮੁਝੇ ਮਾਰ ਵਾਲਾ ਹੈ ਮਨੁੱਖੀ ਸੁਭਾਅ । ਤਦੇ ਆਹ ਵੇਖੋ ਨਾ ਪੰਜਾਹ ਵਰ੍ਹੇ ਪਹਿਲਾਂ ਪਲਾਸਟਿਕ ਕਿਥੇ ਸੀ, ਹੱਥ 'ਚ ਥੈਲੇ ਸਨ, ਥੈਲਿਆਂ 'ਚ ਲੂਣ, ਵਸਾਰ, ਆਟਾ, ਦਾਲਾਂ,ਸਬਜੀ ਸੀ। ਹੁਣ ਥੈਲੇ ਦੀ ਥਾਂ ਕਾਲੀ ਕਲੋਟੀ ਪਲਾਸਟਿਕ ਹੈ, ਜੀਹਨੇ ਸਾਡੇ ਸਮੁੰਦਰੀ ਤੱਟ ਦਾ ਤੀਜਾ ਹਿੱਸਾ ਡਕਾਰ ਲਿਆ ਤੇ ਮੱਛੀਆਂ ਦੇ ਢਿੱਡ 'ਚ ਜਾਕੇ ਮਨੁੱਖ ਦੇ ਢਿੱਡ 'ਚ ਜਾਣ ਦਾ ਰਾਹ ਬਣਾ ਲਿਆ। ਰਹੀ ਪਾਣੀ ਦੀ ਗੱਲ, 60 ਕਰੋੜ ਭਾਰਤੀ  ਹਰ ਵੇਲੇ ਪਾਣੀ ਦੇ ਪਿਆਸੇ ਤੁਰੇ ਫਿਰਦੇ ਆ।
ਮਨੁੱਖ ਨੇ ਆਹ ਵੇਖੋ ਨਾ ਆਪਣਾ ਕੀ ਦਾ ਕੀ ਬਣਾ ਲਿਆ ਦੇਖਦੇ-ਦੇਖਦੇ। ਖੂਹਾਂ ਦਾ ਪਾਣੀ ਬੋਤਲਾਂ 'ਚ ਵਿਕਾ ਲਿਆ। ਚੰਗਾ ਭਲਾ ਆਲਾ-ਦੁਆਲਾ 'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ' ਵਾਂਗਰ ਆਪੇ ਲੀਰੋ-ਲੀਰ ਕਰਵਾ ਲਿਆ।ਚੰਗਾ ਭਲਾ ਫਬਦਾ, ਸੁੰਦਰ ਧਰਤੀ ਦਾ ਚਿਹਰਾ ਕੋਹਜਾ ਬਣਾ ਲਿਆ।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਇੱਕ ਰਿਪੋਰਟ ਦਸਦੀ ਹੈ ਕਿ ਪ੍ਰਤੀ ਵਿਅਕਤੀ ਸਭ ਤੋਂ ਵੱਧ ਬਿਜਲੀ ਦੀ ਖਪਤ ਕੈਨੇਡਾ ਵਿੱਚ ਹੈ। ਕੈਨੇਡਾ ਹਰ ਵਰ੍ਹੇ 15,546 ਕਿਲੋਵਾਟ ਬਿਜਲੀ ਵਰਤਦਾ ਹੈ,  ਅਮਰੀਕਾ 'ਚ ਇਹ ਖਪਤ 12,994 ਕੋਲੀਵਾਟ ਹੈ। ਜਦਕਿ ਭਾਰਤ ਵਿੱਚ ਬਿਜਲੀ ਦੀ ਖਪਤ 806 ਕਿਲੋਵਾਟ ਪ੍ਰਤੀ ਵਿਅਕਤੀ ਸਲਾਨਾ ਹੈ।


ਇੱਕ ਵਿਚਾਰ

ਹਰ ਸਮਾਜ ਵਿੱਚ, ਪ੍ਰੀਵਾਰ ਵਿੱਚ ਗਿਆਨ ਹੀ ਸ਼ਕਤੀ ਹੁੰਦੀ ਹੈ, ਸੂਚਨਾ ਗੁਲਾਮ ਬਣਾਉਂਦੀ ਹੈ, ਸਿੱਖਿਆ ਤਰੱਕੀ ਦੀ  ਨੀਂਹ ਬਣਦੀ ਹੈ।.................ਕੋਫੀ ਅਨਾਨ


ਸੂਰੀਆਕੁਮਾਰ ਪਾਂਡੇ ਦਾ ਵਿਅੰਗ ਬਾਣ
ਉਹ ਪੰਜ ਸਾਲ ਬਾਅਦ ਫਿਰ ਆਏਗਾ ਗਾਂਵ ਮੇਂ


ਲੀਡਰ ਚੁਨਾਵ ਜੀਤ ਕਰ ਦਿੱਲੀ ਚਲਾ ਗਿਆ
ਵੋਟਰ ਹਮਾਰੇ ਗਾਂਵ ਕਾ, ਫਿਰ ਸੇ ਛਲਾ ਗਿਆ
ਸਪਨੇ ਦਿਖਾ ਗਿਆ ਹਮੇਂ ਢੇਰੋਂ ਵਿਕਾਸ ਕੇ
ਦੀਦਾਰ ਅਬ ਕਠਨ ਹੂਏ, ਕੁਰਸੀ ਕੇ ਦਾਸ ਕੇ
ਘੂੰਮਾ ਥਾ ਦੁਆਰ-ਦੁਆਰ, ਉਸੇ ਯਾਦ ਅਬ ਨਹੀਂ
ਵਾਦੇ ਕੀਤੇ ਹਜ਼ਾਰ, ਉਸੇ ਅਬ ਯਾਦ ਨਹੀਂ
ਅਸ਼ਵਾਸਨੋ ਕੇ ਝੂਲੇ ਮੇਂ ਹਮਕੋ ਝੁਲਾ ਗਿਆ
ਜਿਸਨੇ ਉਸੇ ਬਨਾਇਆ, ਉਸੀ ਕੋ ਭੁਲਾ ਗਿਆ
ਵੈਹ ਮਸਤ ਹੋ ਗਿਆ, ਬੜੇ ਸਦਨ ਮੇਂ ਪੈਂਠ ਕਰ
ਆਰਾਮ ਕਰ ਰਹਾ ਬਹਾਂ, ਏ ਸੀ ਮੇਂ ਬੈਠ ਕਰ
ਸਰਕਾਰ ਦੀ ਸੁਵਿਧਾਏਂ ਮੁਫ਼ਤ ਲੈ ਰਹਾ ਹੈ ਵੈਹ
ਅੰਡੇ ਕੀ ਤਰਹ  ਸੰਵਿਧਾਨ ਸੇ ਰਹਾ ਹੈ ਵੈਹ
ਮੌਸਮ ਕੇ ਸਾਥ ਆਇਆ ਥਾ, ਸੂਰਤ ਦਿਖਾ ਗਿਆ
ਵੈਹ ਹਮਕੋ ਆਂਧੀ -ਪਾਣੀ ਮੇਂ ਜੀਨਾ ਸਿਖਾ ਗਿਆ
ਵੈਹ ਪਾਂਚ ਸਾਲ ਬਾਦ ਫਿਰ ਆਏਗਾ ਗਾਂਵ ਮੇਂ
ਮਾਂਗੇਗਾ ਵੋਟ ਔਰ ਲਿਪਟ ਲੇਗਾ ਪਾਂਵ ਮੇਂ
ਦਿਖਲਾਏਗਾ ਫਿਰ ਹਮਕੋ, ਤਰੱਕੀ ਕੇ ਰਾਸਤੇ
ਬਾਤੇਂ ਕਰੇਗਾ ਮੀਠੀ, ਲੁਭਾਨੇ ਕੇ ਵਾਸਤੇ
ਇਸ ਵੇਰ ਭੀ ਸਪਨੋਂ ਕੇ  ਤਾਰ ਝਨਝਨਾ ਗਿਆ
ਵੈਹ  ਇੱਕ ਵਾਰ ਫਿਰ ਹਮੇਂ ਲੱਲੂ ਬਣਾ ਗਿਆ।

ਗੁਰਮੀਤ ਪਲਾਹੀ
9815802070