ਬਲੀ ਦਾ ਬੱਕਰਾ ਕੌਣ ਬਣਿਆਂ ? - ਤਰਲੋਚਨ ਸਿੰਘ ‘ਦੁਪਾਲ ਪੁਰ’

ਇਮਾਰਤਸਾਜ਼ੀ ਦੇ ਮਾਹਰਾਂ ਨੇ ਹਾਕਮ ਨੂੰ ਮਨ੍ਹਾਂ ਕੀਤਾ ਕਿ ਬਹੁਤ ਜਿਅਦਾ
ਸੇਮ ਹੋਣ ਕਾਰਨ ਉਹ ਇੱਥੇ ਕੰਧ ਨਾ ਬਣਾਵੇ।ਪਰ ਹਾਕਮ ਨੂੰ ਉਸ ਥਾਂਹ ਕੰਧ
ਦੀ ਉਸਾਰੀ ਕਰਵਾ ਕੇ ਸਿਆਸੀ ਲਾਭ ਹੋਣਾ ਸੀ,ਇਸ ਕਰਕੇ ਉਹ ਟਲ਼ਿਆ ਨਾ !
ਰਾਜ-ਮਦ ਦੇ ਨਸ਼ੇ ਵਿਚ ਚੂਰ ਹੋਏ ਨੇ ਫਟਾ ਫਟ ਕੰਧ ਚਿਣਵਾ ਦਿੱਤੀ।ਪਰ ਉਹੀ
ਹੋਇਆ,ਜਿਸਦਾ ਮਾਹਰਾਂ ਨੂੰ ਖਦਸ਼ਾ ਸੀ।ਕੁੱਝ ਦਿਨਾਂ ਬਾਅਦ ਸੁੱਕੇ ਅੰਬਰ ਹੀ ਕੰਧ
ਡਿਗ ਪਈ।ਨਿਰਾ ਕੰਧ ਡਿਗਣ ਦਾ ਹੀ ਨੁਕਸਾਨ ਨਾ ਹੋਇਆ,ਸਗੋਂ ਲਾਗੇ ਰਸਤਾ
ਹੋਣ ਕਾਰਨ ਮਲ਼ਬੇ ਥੱਲੇ ਆ ਕੇ ਨਗਰ ਦੇ ਦੋ ਬੰਦੇ ਵੀ ਮਾਰੇ ਗਏ!
               ਦੋ ਨਿਰਦੋਸ਼ਾਂ ਦੇ ਮਾਰੇ ਜਾਣ ਕਾਰਨ ਨਗਰ ਵਿਚ ਹਾਹਾ ਕਾਰ ਮਚ
ਗਈ।ਲੋਕਾਂ ਨੇ ਇਕੱਠੇ ਹੋ ਕੇ ਰਾਜੇ ਦਾ ਪਿੱਟ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ।
ਲੋਕਾਂ ਦਾ ਦਿਨ ਪ੍ਰਤੀ ਦਿਨ ਰੋਹ ਵੱਧਦਾ ਜਾਂਦਾ ਦੇਖ ਕੇ ਰਾਜੇ ਨੇ ਐਲਾਨ ਕਰ ਦਿੱਤਾ
ਕਿ ‘ਦੋਸ਼ੀ ਬਖਸ਼ੇ ਨਹੀਂ ਜਾਣ ਗੇ !’ ਜਦ ਤੱਕ ਗੁਨਾਹਗਾਰਾਂ ਨੂੰ ਲੱਭ ਕੇ ਸਜ਼ਾ ਨਹੀਂ
ਦੇ ਦਿੱਤੀ ਜਾਂਦੀ,ਮੈਂ ਚੈਨ ਨਾਲ਼ ਨਹੀਂ ਬੈਠਾਂ ਗਾ।ਉਸ ਨੇ ਆਪਣੇ ਮਾਤਹਿਤ ਰਹੇ
ਇਕ ਅਫਸਰ ਨੂੰ ‘ਪੜਤਾਲੀਆ ਕਮਿਸ਼ਨ’ ਨਿਯੁਕਤ ਕਰ ਦਿੱਤਾ।
               ਇਸ ਕਮਿਸ਼ਨ ਨੇ ਸਿੱਟਾ ਕੱਢਿਆ ਕਿ ਜਿਸ ਠੇਕੇਦਾਰ ਨੂੰ ਕੰਧ ਬਣਾਉਣ
ਦਾ ਠੇਕਾ ਦਿੱਤਾ ਗਿਆ ਸੀ,ਕਸੂਰਵਾਰ ਉਹੀ ਹੈ।ਦੋ ਬੰਦਿਆਂ ਦਾ ਕਾਤਲ ਉਹ ਹੈ।
ਠੇਕੇਦਾਰ ਆਣ ਹਾਜ਼ਰ ਹੋਇਆ।ਉਸ ਨੇ ਕਿਹਾ ਕਿ ਗੁਨਾਹ ਮੇਰਾ ਨਹੀਂ,ਸਗੋਂ ਕੰਧ
ਉਸਾਰਨ ਵਾਲ਼ੇ ਰਾਜ ਮਿਸਤਰੀਆਂ ਦਾ ਹੈ।ਠੇਕੇਦਾਰ ਛੱਡ ਦਿੱਤਾ ਗਿਆ ਤੇ ਰਾਜ
ਮਿਸਤਰੀ ਬੰਨ੍ਹ ਲਿਆਂਦੇ ਗਏ।
           ਹੱਥ ਬੰਨ੍ਹ ਕੇ ਮਿਸਤਰੀ ਕਹਿੰਦੇ ਕਿ ਮਹਾਰਾਜ ਸਾਡਾ ਕੋਈ ਕਸੂਰ ਨਹੀਂ,
ਜਿਹੋ ਜਿਹਾ ਮਸਾਲਾ ਸਾਨੂੰ ਮਜ਼ਦੂਰ ਲਿਆ ਲਿਆ ਫੜਾਈ ਗਏ ਅਸੀਂ ਚਿਣਾਈ
ਕਰੀ ਗਏ।ਸੋ ਤੁਹਾਡੇ ਮੁਲਜ਼ਮ ਮਜ਼ਦੂਰ ਹਨ।ਹੁਣ ਮਜ਼ਦੂਰਾਂ ਦੀ ਸੱਦ-ਪੁੱਛ
ਹੋਈ।ਉਨ੍ਹਾਂ ਨੇ ਹੋਰ ਹੀ ਕਹਾਣੀ ਪਾ ਦਿੱਤੀ ।ਉਹ ਕਹਿੰਦੇ ਕਿ ਜਦ ਅਸੀਂ  ਮਸਾਲਾ
ਵਗੈਰਾ ਰਲ਼ਾ ਰਹੇ ਸਾਂ ਤਦ ਉੱਥੇ ਲਾਗੇ ਹੀ ਮੁਜਰਾ ਹੋ ਰਿਹਾ ਸੀ।ਸਾਡਾ ਸਭ ਦਾ
ਧਿਆਨ ਤਾਂ ਨੱਚ ਰਹੀ ਨ੍ਰਤਕੀ ਦੀ ਸੁੰਦਰਤਾ ਅਤੇ ਉਸ ਦੀਆਂ ਸ਼ੋਖ ਅਦਾਵਾਂ
ਵੱਲ੍ਹ ਹੀ ਲੱਗਾ ਰਿਹਾ!
          ਹੁਣ ਪੜਤਾਲੀ ਕਮਿਸ਼ਨ ਨੇ ਬਾਕੀ ਸਾਰੇ ਬਰੀ ਕਰ ਦਿੱਤੇ ਅਤੇ ਨ੍ਰਤਕੀ
ਦੇ ਸੰਮਨ ਜਾਰ੍ਹੀ ਕਰ ਦਿੱਤੇ।ਦੋਂਹ ਜਣਿਆਂ ਦਾ ਕਤਲ ਉਹਦੇ ਮੱਥੇ ਮੜ੍ਹਦਿਆਂ
ਉਸਨੂੰ ਪੁੱਛਿਆ ਗਿਆ ਕਿ ਜੇ ਤੂੰ ਉਸ ਦਿਨ ਉੱਥੇ ਨਾ ਨੱਚਦੀ ਹੁੰਦੀ ਤਾਂ ਕੰਧ
ਪੱਕੀ ਬਣਦੀ ਅਤੇ ਕਚਿਆਈ ਕਾਰਨ ਦੋ ਬੰਦੇ ਨਾ ਮਰਦੇ।
           ਨ੍ਰਤਕੀ ਨੇ ਜਵਾਬ ਦੇ ਕੇ ਕਹਾਣੀ ਦਾ ਰੁਖ ਹੀ ਮੋੜ ਦਿੱਤਾ।ਆਜਜ਼ੀ ਨਾਲ
ਉਹ ਕਹਿੰਦੀ ਕਿ ਮੈਨੂੰ ਨੱਚਣ ਦਾ ਕੋਈ ਸ਼ੌਕ ਨਹੀਂ ਸੀ ਚੜ੍ਹਿਆ ਹੋਇਆ। ਮੈਂ ਤਾਂ
ਹਾਕਮ ਦੇ ਹੁਕਮ ‘ਤੇ ਹੀ ਨੱਚ ਰਹੀ ਸਾਂ।
          ਬਚਪਨ ਵਿਚ ਜਿਸ ਕਥਾਕਾਰ ਮੂੰਹੋਂ ਮੈਂ ਇਹ ‘ਸਾਖੀ ਪ੍ਰਮਾਣ’ ਸੁਣਿਆਂ
ਹੋਇਆ ਹੈ,ਉਸਨੇ ‘ਤਕੜੇ ਦਾ ਸੱਤੀਂ ਵੀਹੀਂ ਸੌ’ ਵਾਲ਼ਾ ਅਖਾਣ ਬੋਲਦਿਆਂ ਗੱਲ
ਇੱਥੇ ਮੁਕਾਈ ਸੀ ਕਿ ਜਦੋਂ ਨ੍ਰਤਕੀ ਦੇ ਬਿਆਨ ਮੁਤਾਬਕ ਗੁਨਾਹ ਦੀ ਸੂਈ
ਹੁਕਮਰਾਨ ਵੱਲ੍ਹ ਨੂੰ ਹੀ ਘੁੰਮਣ ਲੱਗੀ। ਤਾਂ ਉਸਨੇ ਫੌਰਨ ਹਰਕਤ ਵਿੱਚ
ਆਉਂਦਿਆਂ ਅਨੋਖਾ ‘ਨਿਆਂ’ ਕਰ ਦਿੱਤਾ! ਗੁਨਾਹ ਕਬੂਲ ਕਰਦਿਆਂ ਉਸਨੇ
ਇਕ ਧਾਗੇ ਨਾਲ਼ ਆਪਣੀ ਗਰਦਨ ਦੀ ਗੋਲ਼ਾਈ ਨਾਪੀ ਅਤੇ ਨਾਪ ਵਾਲਾ ਉਹ
ਧਾਗਾ ਅਹਿਲਕਾਰਾਂ ਨੂੰ ਫੜਾਉਂਦਿਆਂ ਹੁਕਮ ਕੀਤਾ ਕਿ ਜਿਸ ਵੀ ਕਿਸੇ ਪ੍ਰਦੇਸੀ
ਬੰਦੇ ਦਾ ਗਲ਼ਾ ਮੇਰੇ ਗਲ਼ੇ ਦੇ ਨਾਪ ਜਿੰਨਾਂ ਹੋਵੇ ਉਸਨੂੰ ਫਾਂਸੀ ਦੇ ਦਿਉ !

tsdupalpuri@yahoo.com
001-408-915-1268