ਐਗਜ਼ਿਟ ਪੋਲ….. ਪੜ੍ਹੋ ਮੀਰਜ਼ਾਦੇ  ਦੇ  ਬੋਲ ! - ਤਰਲੋਚਨ ਸਿੰਘ ‘ਦੁਪਾਲ ਪੁਰ’

ਭਾਂਤ-ਸੁਭਾਂਤੇ ਚੈਨਲਾਂ ਦੇ ਰੰਗ-ਬਰੰਗੇ ‘ਐਗਜ਼ਿਟ ਪੋਲ’ ਦੇਖ ਕੇ
ਸੋਸ਼ਲ ਮੀਡ੍ਹੀਆ ‘ਤੇ ਕਈ ਸੱਜਣ ਫਾਸ਼ੀਵਾਦੀ ਤਾਕਤਾਂ ਦੀ ਕਥਿਤ ‘ਚੜ੍ਹਾਈ’
ਵਾਲ਼ੇ ਅੰਕੜਿਆਂ ਤੋਂ ਮਾਯੂਸ ਹੋ ਰਹੇ ਨੇ….. ਕੋਈ ਵੀਰ ਉਨ੍ਹਾਂ ਦੀ ਖਿੱਲੀ ਉਡਾਉਂਦਾ
ਹੋਇਆ ਕਿਸੇ ਹੋਰ ਚੈਨਲ ਦੇ ‘ਮਨਭਾਉਂਦੇ’ ਅੰਕੜੇ ਦਿਖਾ ਕੇ ਤਿਫਲ-ਤਸੱਲੀ
ਦਾ ਪ੍ਰਗਟਾਵਾ ਕਰ ਰਿਹਾ ਐ !
            ਅਜਿਹੇ ਵਿਚ ਮੈਨੂੰ ਆਪਣੇ ਪਿੰਡ ਦੀ ਇਕ ਦਿਲਚਸਪ ਵਾਰਤਾ ਚੇਤੇ
ਆ ਗਈ ! ਸੰਨ ਸੰਤਾਲ਼ੀ ਤੋਂ ਪਹਿਲਾਂ ਸਾਡੇ ਪਿੰਡ ਮੁਸਲਿਮ ਪ੍ਰਵਾਰਾਂ ਵਿਚ
ਮੀਰਜ਼ਾਦਿਆਂ ਦਾ ਵੀ ਇਕ ਟੱਬਰ ਰਹਿੰਦਾ ਸੀ, ਜੋ ਮੱਝਾਂ ਪਾਲ਼ ਕੇ ਆਪਣਾ
ਜੀਵਨ ਨਿਰਬਾਹ ਚਲਾਇਆ ਕਰਦਾ ਸੀ । ਬਜ਼ੁਰਗ ਦੱਸਿਆ ਕਰਦੇ ਸਨ
ਕਿ ਸਾਰੇ ਪਿੰਡ ਦਾ ਚੌਣਾ(ਪਸੂਆਂ ਦਾ ਵੱਗ) ਇਕ ਪਾਲ਼ੀ ਚਰਾਉਣ ਜਾਂਦਾ
ਹੁੰਦਾ ਸੀ। ਇਕ ਦਿਨ ਪਾਲ਼ੀ ਨੇ ਮੀਰਜ਼ਾਦੇ ਨੂੰ ਦੱਸਿਆ ਕਿ ਤੇਰੀ ਫਲਾਣੀ
ਝੋਟੀ ਨਵੇਂ ਦੁੱਧ ਹੋ ਗਈ ਐ ।
        ਲਉ ਜੀ,ਮੀਰਜ਼ਾਦੇ ਨੇ ਓਸ ਦਿਨ ਤੋਂ ਬੜੇ ਚਾਅਵਾਂ
ਰੀਝਾਂ ਨਾਲ਼ ਉਸ ਝੋਟੀ ਦੀ ਉਚੇਚੀ ਸੇਵਾ ਕਰਨੀਂ ਸ਼ੁਰੂ ਕਰ
ਦਿੱਤੀ। ਤਾਰਾ-ਮੀਰਾ ਤੇ ਹੋਰ ਦਾਣਾ-ਦੱਪਾ ਵੀ ਚਾਰਨਾਂ ਸ਼ੁਰੂ ਕਰ
ਦਿੱਤਾ। ਝੋਟੀ ਦੇਹੀ-ਪਿੰਡੇ ਕਾਫੀ ਨਿੱਖਰਨ ਲੱਗ ਪਈ। ਮੀਰਜ਼ਾਦੇ
ਦਾ ਸਾਰਾ ਟੱਬਰ ਵੀ ਝੋਟੀ ਦੀ ਸੇਵਾ ‘ਚ ਕਦੇ ਆਲ਼ਸ ਨਾ ਕਰਦਾ।
ਕਹਾਵਤ ਹੈ ਕਿ ਮੱਝਾਂ ਦੇ ਸੂਣ,ਦਰਿਆਵਾਂ ਦੇ ਵਹਿਣ ਤੇ ਰਾਜਿਆਂ
ਦੇ ਫੈਸਲੇ ਅੱਖਾਂ ਪਕਾ ਦਿੰਦੇ ਨੇ ! ਇੰਜ ਝੋਟੀ ਦੀ ਸੇਵਾ ਕਰਦਿਆਂ
ਪੰਜ,ਛੇ,ਸੱਤ ਮਹੀਨੇ ਬੀਤ ਗਏ ਤੇ ਚੜ੍ਹ ਪਿਆ ਅੱਠਵਾਂ… ਝੋਟੀ ਨੂੰ
ਦੇਹੀ ਪਿੰਡੇ ਵਲੋਂ ਪਸਰਦੀ ਦੇਖ ਕੇ ਸਾਰਾ ਟੱਬਰ ਖੁਸ਼ ਹੋ ਰਿਹਾ
ਸੀ। ਨੌਵਾਂ ਮਹੀਨਾਂ ਚੜ੍ਹਦਿਆਂ ਕਿਤੇ ਜਾਡਲੇ ਵਾਲ਼ਾ ਸਲੋਤਰੀ
ਪਿੰਡ ‘ਚ ਆਇਆ ।ਉਸਨੇ ਝੋਟੀ ਨੂੰ ਚੈੱਕ ਕਰਕੇ ਦੱਸਿਆ
ਕਿ ਇਹ ਤਾਂ ‘ਖਾਲੀ’ ਹੈ, ਭਾਵ ਕਿ ਸੂਣ ਵਾਲ਼ੀ ਨਹੀਂ!
        ਬਜ਼ੁਰਗ ਹੱਸ ਹੱਸ ਕੇ ਦੱਸਿਆ ਕਰਦੇ ਸਨ ਕਿ
ਮੀਰਜ਼ਾਦਾ ਸਾਰੇ ਪਿੰਡ ‘ਚ ਕਹਿੰਦਾ ਫਿਰੇ ਅਖੇ ਭਰਾਵੋ, ਮੈਂ ਤਾਂ
‘ਖੁੰਡਰਾਈ ਹੋਈ’ ਮੱਝ (ਸੂਣ ਵਾਲ਼ੇ ਪਸ਼ੂ ਦੀ ਉਹ ਅਵਸਥਾ ਜਦ
ਜਨਮ ਲੈ ਰਹੇ ਕਟੜੂ-ਵਛੜੂ ਦੇ ਪੈਰ ਬਾਹਰ ਆਏ ਦਿਸਦੇ ਹਨ)
ਨੂੰ ਵੀ  ‘ਸੂਣ ਵਾਲ਼ੀ’ ਨਾ ਕਹੂੰ ਗਾ !
        ਸੋ ਸੰਨ ਸਤਾਰਾਂ ਵਿਚ ‘ਆਪ’ ਦੀਆਂ ਇੱਟ ਵਰਗੀਆਂ
ਪੱਕੀਆਂ ਸੌ ਤੋਂ ਵੱਧ ਸੀਟਾਂ ਬਣਾਈ ਬੈਠੇ ਪੰਜਾਬੀਉ ਘੱਟ ਤੋਂ ਘੱਟ
ਤੁਸੀਂ ਤਾਂ ੳਕਤ ਮੀਰਜ਼ਾਦੇ ਦੇ ਬੋਲਾਂ ‘ਤੇ ਪਹਿਰਾ ਦਿੰਦੇ ਹੋਏ ਤੇਈ
ਮਈ ਤੱਕ ਕਿਸੇ ਐਗਜ਼ਿਟ ਪੋਲ ਦਾ ਯਕੀਨ ਨਾ ਕਰੋ !!

tsdupalpuri@yahoo.com
001-408-915-1268