ਵੋਟਾਂ - ਮਹਿੰਦਰ ਸਿੰਘ ਮਾਨ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਕ ਪੋਲਿੰਗ ਬੂਥ ਵਿੱਚ ਲੋਕ ਸਭਾ ਦੀਆਂ ਵੋਟਾਂ ਪਾਉਣ ਦਾ ਕੰਮ ਬੜਾ ਸ਼ਾਂਤੀ ਪੂਰਵਕ ਚੱਲ ਰਿਹਾ ਸੀ।ਅਚਾਨਕ ਇਕ ਨੌਜਵਾਨ ਅਤੇ ਇਕ ਮਾਈ ਜਿਸ ਦੀ ਉਮਰ 75 ਕੁ ਸਾਲ ਜਾਪਦੀ ਸੀ,ਵੋਟਾਂ ਪਾਉਣ ਆ ਗਏ। ਮਾਈ ਨੇ ਫੋਟੋ ਵੋਟਰ ਪਰਚੀ ਪਹਿਲੇ ਪੋਲਿੰਗ ਅਫਸਰ ਦੇ ਅੱਗੇ ਕਰਦੇ ਹੋਏ  ਬੇਨਤੀ ਕੀਤੀ, ''ਇਹ ਮੇਰਾ ਛੋਟਾ ਪੁੱਤਰ ਆ।ਮੇਰੀ ਸਿਹਤ ਠੀਕ ਨਹੀਂ।ਮੇਰੀ  ਅੱਖਾਂ ਦੀ ਰੌਸ਼ਨੀ ਬਹੁਤ ਘੱਟ ਆ। ਮੈਂ ਇੱਥੋਂ ਤੱਕ ਬੜੀ ਮੁਸ਼ਕਲ ਆਪਣੇ ਪੁੱਤਰ ਨਾਲ ਤੁਰ ਕੇ ਆਈ ਆਂ।ਕਿਰਪਾ ਕਰਕੇ ਮੇਰੀ  ਵੋਟ ਮੇਰੇ ਪੁੱਤਰ ਨੂੰ ਪਾ ਲੈਣ ੁਦਿਉ।'' ਪੋਲਿੰਗ ਅਫਸਰ ਨੇ ਮਾਈ ਦੀ ਗੱਲ ਬੜੇ ਧਿਆਨ ਨਾਲ ਸੁਣਨ ਪਿੱਛੋਂ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਪ੍ਰੀਜ਼ਾਈਡਿੰਗ ਅਫਸਰ ਕੋਲ ਭੇਜ ਦਿੱਤਾ।ਪ੍ਰੀਜ਼ਾਈਡਿੰਗ ਅਫਸਰ ਨੇ ਪੋਲਿੰਗ ਏਜੰਟਾਂ ਨੂੰ ਪੁੱਛਿਆ, ''ਇਸ ਮਾਈ ਦੀ ਵੋਟ ਇਸ ਦੇ ਪੁੱਤਰ ਦੁਆਰਾ ਪਾਉਣ ਵਿੱਚ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?''ਬਾਕੀ ਸਾਰੇ  ਪੋਲਿੰਗ ਏਜੰਟ ਤਾਂ ਮੰਨ ਗਏ,ਪਰ ਇਕ ਪੋਲਿੰਗ ਏਜੰਟ ਨਾ ਮੰਨਿਆ ਅਤੇ ਕਹਿਣ ਲੱਗਾ, ''ਇਸ ਮਾਈ ਨੂੰ ਕੁਝ ਨਹੀਂ ਹੋਇਆ,ਐਵੇਂ ਪਖੰਡ ਕਰਦੀ ਆ। ਆਹ ਜਿਹੜਾ ਇਸ ਦੇ ਨਾਲ ਆਇਐ, ਘਰੋਂ ਇਸ ਨੂੰ ਸਿਖਾ ਕੇ ਲਿਆਇਐ। ਇਹ ਮਾਈ ਆਪਣੀ ਵੋਟ ਆਪ ਪਾਏ, ਨਹੀਂ ਤਾਂ ਨਾ ਪਾਏ।''ੳੇਸ ਨੇ ਉਸ ਮਾਈ ਦੇ ਪੁੱਤਰ ਨੂੰ ਵੀ ਕਾਫੀ ਚੰਗਾ, ਮੰਦਾ ਬੋਲਿਆ।ਨਾ ਮਾਈ ਅਤੇ ਨਾ ਉਸ ਦੇ ਪੁੱਤਰ ਨੇ ਉਸ ਨੂੰ ਕੋਈ ਜਵਾਬ ਦਿੱਤਾ। ਉਸ ਦੀਆਂ ਗੱਲਾਂ ਖੜੇ ਚੁੱਪ ૶ਚਾਪ ਸੁਣਦੇ ਰਹੇ।ਪੀ੍ਰਜ਼ਾਈਡਿੰਗ ਅਫਸਰ ਦੇ ਹੋਰ ਸਮਝਾਣ ਤੇ ਅਖੀਰ ਉਹ ਪੋਲਿੰਗ ਏਜੰਟ ਉਸ ਮਾਈ ਦੀ ਵੋਟ ਉਸ ਦੇ ਪੁੱਤਰ ਦੁਆਰਾ ਪਾਏ ਜਾਣ ਲਈ ਸਹਿਮਤ ਹੋ ਗਿਆ। ਜਦੋਂ ਉਹ ਮਾਈ ਅਤੇ ਉਸ ਦਾ ਪੁੱਤਰ ਵੋਟ ਪਾਉਣ ਪਿੱਛੋਂ ਪੋਲਿੰਗ ਬੂਥ ਤੋਂ ਬਾਹਰ ਚਲੇ ਗਏ,ਤਾਂ ਪੀ੍ਰਜ਼ਾਈਡਿੰਗ ਅਫਸਰ ਉਸ ਪੋਲਿੰਗ ਏਜੰਟ ਨੂੰ ਮੁਖ਼ਾਤਿਬ ਹੋ ਕੇ ਬੋਲਿਆ, ''ਕਿਉਂ ਬਈ, ਆ ਜਿਹੜੀ ਮਾਈ ਅਤੇ ਉਸ ਦਾ ਪੁੱਤਰ ਵੋਟ ਪਾਉਣ ਆਏ ਸੀ, ਤੂੰ ਉਨ੍ਹਾਂ ਨੂੰ ਬੜਾ ਚੰਗਾ, ਮੰਦਾ ਬੋਲਿਆ। ਕੀ ਗੱਲ ਸੀ?''
''ਕੀ ਦੱਸਾਂ ਸਾਹਿਬ ਜੀ? ਇਹ ਮਾਈ ਮੇਰੀ ਮਾਂ ਸੀ ਤੇ ਉਸ ਦਾ ਪੁੱਤਰ ਮੇਰਾ  ਛੋਟਾ ਭਰਾ ਸੀ।ਮੈਂ ਹੋਰ ਪਾਰਟੀ ਨੂੰ ਵੋਟ ਪਾਈ ਆ ਤੇ ਇਨ੍ਹਾਂ ਨੇ ਹੋਰ ਪਾਰਟੀ ਨੂੰ।ਇਨ੍ਹਾ ਵੋਟਾਂ ਚੰਦਰੀਆਂ ਨੇ ਭਰਾ-ਭਰਾ,ਮਾਂ-ਪੁੱਤ ਵੈਰੀ ਬਣਾ ਦਿੱਤੇ ਆ।ਇਹੋ ਜਹੀਆਂ ਵੋਟਾਂ ਬਗੈਰ ਕੀ ਥੁੜ੍ਹਿਐ? '' ਇਹ ਕਹਿ ਕੇ ਉਸ ਨੇ ਆਪਣੇ ਬੁਲ੍ਹਾਂ ਤੇ ਚੁੱਪ ਦਾ ਜੰਦਰਾ ਲਾ ਲਿਆ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554