ਕਥਾ : ਸੁਣ ਹਰਿ ਕਥਾ ਉਤਾਰੀ ਮੈਲੁ - ਗਿਆਨੀ ਸੰਤੋਖ ਸਿੰਘ

ਇਕ ਮੁਲਕ ਵਿਚ ਮੈਂ ਆਪਣੀ ਚੌਥੀ ਕਿਤਾਬ 'ਬਾਤਾਂ ਬੀਤੇ ਦੀਆਂ' ਪਾਠਕਾਂ ਦੇ ਹੱਥੀਂ ਅਪੜਾਉਣ ਵਾਸਤੇ ਗਿਆ। ਜਿਵੇਂ ਮੁੱਲਾਂ ਦੀ ਦੌੜ ਜੇ ਮਸੀਤ ਤੱਕ ਹੁੰਦੀ ਹੈ ਤਾਂ ਗਿਆਨੀ ਦੀ ਦੌੜ ਗੁਰਦੁਆਰੇ ਤੋਂ ਅੱਗੇ ਕਿਵੇਂ ਲੰਘ ਸਕਦੀ ਹੈ! ਭਾਵੇਂ ਕਿ ਉਸ ਮੁਲਕ ਵਿਚ ਮੇਰੇ ਵਾਕਫਕਾਰ ਸੱਜਣ ਅਤੇ ਰਿਸ਼ਤੇਦਾਰ ਵੀ ਸਨ, ਪਰ ਆਪਣੇ ਸੁਭਾ ਅਨੁਸਾਰ ਓਥੇ ਜਾ ਕੇ ਮੈਂ ਗੁਰਦਆਰਾ ਸਾਹਿਬ ਵਿਚ ਹੀ ਡੇਰਾ ਲਾਉਣਾ ਸੀ ਤੇ ਲਾ ਵੀ ਲਿਆ। ਉਸ ਗੁਰਦੁਆਰਾ ਸਾਹਿਬ ਜੀ ਵਿਚ ਦੇਸੋਂ ਆਏ ਇਕ ਗਿਆਨੀ ਜੀ ਕਥਾ ਕਰਿਆ ਕਰਦੇ ਸਨ ਤੇ ਉਸ ਸਮੇ ਉਹ ਦੇਸ ਨੂੰ ਵਾਪਸ ਮੁੜ ਰਹੇ ਸਨ। ਮੈਨੂੰ ਉਹਨਾਂ ਨੇ ਕਿਹਾ ਕਿ ਪੰਜ ਸੱਤ ਬਜ਼ੁਰਗ ਆ ਜਾਂਦੇ ਹਨ ਸ਼ਾਮ ਨੂੰ ਰਹਰਾਸਿ ਸਾਹਿਬ ਦੇ ਪਾਠ ਤੋਂ ਪਿੱਛੋਂ। ਜਿੰਨੇ ਦਿਨ ਤੁਸੀਂ ਏਥੇ ਹੋ ਉਹਨਾਂ ਨੂੰ ਕਥਾ ਸੁਣਾ ਦਿਆ ਕਰੋ। ''ਸੱਤ ਬਚਨ ਜੀ'' ਆਖ ਕੇ ਮੈਂ ਇਹ ਸੇਵਾ ਮੰਨ ਲਈ। ਕਮੇਟੀ ਨੇ ਨਾ ਮੈਨੂੰ ਕਰਨ ਲਈ ਕਿਹਾ ਕਥਾ ਤੇ ਨਾ ਹੀ ਨਾ ਕਰਨ ਵਾਸਤੇ ਕਿਹਾ। ਮੈਂ ਵੀ ਇਸ ਬਾਰੇ ਕਿਸੇ ਨਾਲ਼ ਗੱਲ ਕਰਨ ਦੀ ਲੋੜ ਨਾ ਸਮਝੀ। ਸੰਗਤ ਭਾਵੇਂ ਸਵਾਈ ਹੀ ਸੀ ਪਰ ਅੱਧਾ ਕੁ ਘੰਟਾ ਵਾਹਵਾ ਸੰਗਤੀ ਧਾਰਮਿਕ ਸਮਾਗਮ ਹੋ ਜਾਣਾ।
ਕਥਾ ਤੋਂ ਇਲਾਵਾ ਸੁਭਾ ਕੜਾਹ ਪ੍ਰਸ਼ਾਦ ਦੀ ਥੋਹੜੀ ਜਿਹੀ ਦੇਗ ਬਣਾਉਣ ਲਈ ਵੀ ਉਸ ਜਾ ਰਹੇ ਗਿਆਨੀ ਜੀ ਨੇ ਹੀ ਆਖ ਦਿਤਾ। ਪਹਿਲੇ ਦਿਨ ਤੇ ਮੈਂ ਦੇਗ ਬਣਾ ਲਈ ਪਰ ਦੂਜੇ ਦਿਨ ਮੇਰੇ ਤੋਂ ਪਹਿਲਾਂ ਹੀ, ਗੁਰਦੁਆਰਾ  ਸਾਹਿਬ ਵਿਚ ਰਹਿ ਰਹੇ ਇਕ ਨੌਜਵਾਨ ਵਿਦਿਆਰਥੀ ਨੇ ਖ਼ੁਦ ਦੇਗ ਬਣਾ ਲਈ। ਫਿਰ ਹਰ ਰੋਜ ਓਹੀ ਨੌਜਵਾਨ ਬਣਾਉਂਦਾ ਰਿਹਾ। ਕਥਾ ਕਰਨ ਦੀ ਹਿਦਾਇਤ ਦੇ ਸਮੇ ਜਾ ਰਹੇ ਗਿਆਨੀ ਜੀ ਨੇ ਇਹ ਵੀ ਦੱਸਿਆ ਸੀ ਕਿ ਕਮੇਟੀ ਵੱਲੋਂ ਸਖ਼ਤੀ ਨਾਲ਼ ਹੁਕਮ ਹੈ ਕਿ ਕਥਾ ਦੀ ਸਮਾਪਤੀ ਦਾ ਸਮਾ ਬਿਲਕੁਲ ਇਕ ਮਿੰਟ ਵੀ ਉਪਰ ਨਹੀਂ ਹੋਣਾ ਚਾਹੀਦਾ। ਨੇੜੇ ਦੇ ਘਰ ਵਿਚ ੲਕਿ ਬਜ਼ੁਰਗ ਸੱਜਣ ਰਹਿੰਦੇ ਸਨ ਤੇ ਹਰੇਕ ਸ਼ਾਮ ਓਹੀ ਆ ਕੇ ਕਰਿਆ ਕਰਦੇ ਸਨ। ਰਹਰਾਸਿ ਦਾ ਪਾਠ ਕਰਨ ਵਾਲ਼ੇ ਬਜ਼ੁਰਗ ਗੁਰਮੁਖ ਜਨ ਵਧ ਤੋਂ ਵਧ ਪਾਠ ਦਾ ਸਮਾ ਲੇਟ ਕਰਿਆ ਕਰਨ, ਜਿਸ ਨਾਲ ਕਥਾ ਵਾਸਤੇ ਸਮਾ ਬਹੁਤ ਹੀ ਥੋਹੜਾ ਬਚਿਆ ਕਰੇ ਤੇ ਇਸ ਵਿਚ ਹਰ ਰੋਜ ਵਾਧਾ ਵੀ ਕਰੀ ਜਾ ਰਹੇ ਸਨ ਨਾਲ਼ ਹੀ ਹਰ ਰੋਜ ਸਹਿੰਦਾ ਸਹਿੰਦਾ ਮੈਨੂੰ ਉਪਦੇਸ਼ ਵੀ ਕਰਿਆ ਕਰਨ, ਜਿਸ ਦਾ ਭਾਵ ਹੁੰਦਾ ਸੀ ਕਿ ਕਥਾ ਵਿਚ ਕੀ ਪਿਆ ਹੈ! ਮੈਂ ਬਾਣੀ ਪੜ੍ਹਿਆ ਕਰਾਂ। ਮੈਂ ਅੱਧੀ ਕੁ ਸਦੀ ਪਹਿਲਾਂ ਸੁਣਿਆਂ ਤੇ ਹੋਇਆ ਸੀ ਕਿ ਪੰਥ ਵਿਚ ਇਕ ਅਜਿਹਾ ਚੜ੍ਹਦੀਕਲਾ ਵਾਲ਼ਾ ਜਥਾ ਵੀ ਹੈ ਜੋ ਕਥਾ ਕਰਨ ਦੇ ਖ਼ਿਲਾਫ਼ ਹੈ ਪਰ ਇਸ ਬਾਰੇ ਕੋਈ ਪੱਕਾ ਯਕੀਨ ਜਿਹਾ ਨਹੀਂ ਸੀ। ਰੋਜ ਰੋਜ ਉਹਨਾਂ ਦਾ ਉਪਦੇਸ਼ ਸੁਣ ਕੇ, ਇਕ ਦਿਨ ਸਹਿਜ ਸੁਭਾ ਹੀ ਮੇਰੇ ਮੂਹੋਂ ਅਨੰਦ ਸਾਹਿਬ ਦੀ ਇਹ ਤੁਕ ਨਿਕਲ਼ ਗਈ:
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਇਹਿ॥ (੯੧੯)
 ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਉਪਦੇਸ਼ ਦੇਣਾ ਬੰਦ ਕਰ ਦਿਤਾ।
ਗੱਲ ਆਈ ਗਈ ਹੋ ਗਈ।
ਇਸ ਘਟਨਾ ਤੋਂ ਕੁਝ ਸਮਾ ਬਾਅਦ ਗ੍ਰਿਫ਼ਿਥ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿਚੋਂ ਇਕ ਕਿਤਾਬ ਮੇਰੇ ਹੱਥ ਲੱਗੀ ਜੋ ਕਿ ਇਕ ਹੋ ਚੁੱਕੇ ਧਾਰਮਿਕ ਵਿਅਕਤੀ ਦੀ ਲਿਖੀ ਹੋਈ ਸੀ ਤੇ ਉਹ ਗੁਰਮੁਖ ਜਨ, ਸਨ ਵੀ ਉਸ ਜਥੇ ਦੇ ਸਾਬਕਾ ਮੁਖੀ। ਉਹ ਸਾਰੀ ਦੀ ਸਾਰੀ ਕਿਤਾਬ ਕਥਾ ਦੇ ਵਿਰੁਧ ਸੀ। ਕਥਾ ਕਰਨ ਤੋਂ ਬਿਲਕੁਲ ਵਰਜਿਆ ਹੋਇਆ ਸੀ ਉਸ ਕਿਤਾਬ ਦੀ ਲਿਖਤ ਅਨੁਸਾਰ। ਫਿਰ ਮੈਨੂੰ ਅਸਲੀ ਗੱਲ ਦੀ ਸਮਝ ਆਈ ਕਿ ਉਹ ਬਜ਼ੁਰਗ ਗੁਰਮੁਖ ਜਨ ਕਥਾ ਵਿਚ ਰੁਕਾਵਟ ਪਾਉਣ ਦਾ ਯਤਨ ਕਿਉਂ ਕਰਦੇ ਸਨ।
ਗੁਰੂ ਘਰ ਵਿਚ ਕਥਾ ਦੀ ਮਰਯਾਦਾ ਤੇ ਗੁਰੂ ਸਾਹਿਬਾਨ ਦੇ ਸਰੀਰਕ ਜਾਮੇ ਵਿਚ ਵਿਚਰਨ ਦੇ ਸਮੇ ਤੋਂ ਹੀ ਚੱਲਦੀ ਆ ਰਹੀ ਹੈ ਤੇ ਹੁਣ ਵੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ, ਅੰਮ੍ਰਿਤ ਵੇਲ਼ੇ, ਆਸਾ ਕੀ ਵਾਰ ਦੇ ਭੋਗ ਪਿੱਛੋਂ ਉਸ ਦਿਨ, ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵੇਲ਼ੇ ਪ੍ਰਕਾਸ਼ਮਾਨ ਹੋ ਕੇ, ਤਖ਼ਤ ਉਪਰ ਬਿਰਾਜਮਾਨ ਹੋਣ ਸਮੇ ਆਏ ਪਹਿਲੇ ਮੁਖਵਾਕ ਦੀ ਕਥਾ ਕੀਤੀ ਜਾਂਦੀ ਹੈ। ਸ਼ਾਮ ਨੂੰ ਕਿਸੇ ਇਤਿਹਾਸਕ ਗ੍ਰੰਥ ਦੀ ਕਥਾ ਹੁੰਦੀ ਹੈ। ਕਥਾ ਵਾਲ਼ਾ ਇਤਿਹਾਸਕ ਗ੍ਰੰਥ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰ ਬਿਲਾਸ, ਭਾਈ ਗੁਰਦਾਸ ਜੀ ਦੀਆਂ ਵਾਰਾਂ ਆਦਿ ਵਿਚੋਂ ਕੋਈ ਵੀ ਹੋ ਸਕਦਾ ਹੈ।
    ਸਿੱਖ ਪੰਥ ਦੀਆਂ ਬਹੁਤ ਹੀ ਮਹਤਵਪੂਰਨ ਵਿੱਦਿਆ ਦੀਆਂ ਟਕਸਾਲਾਂ ਵਿਚ ਗੁਰਬਾਣੀ ਅਤੇ ਇਤਿਹਾਸਕ ਗ੍ਰੰਥਾਂ ਦੀ ਕਥਾ ਸਿਖਾਉਣ ਅਤੇ ਕਰਨ ਨੂੰ ਸਭ ਤੋਂ ਵਧ ਮਹੱਤਵ ਦਿਤਾ ਜਾਂਦਾ ਸੀ/ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੀ ਫੁਰਮਾਣ ਹੈ, ''ਸਭ ਤੇ ਊਤਮ ਹਰਿ ਕੀ ਕਥਾ॥'' (੨੬੫) ਸੁਣ ਹਰਿ ਕਥਾ ਉਤਾਰੀ ਮੈਲੁ॥ (੧੭੮) ਆਦਿ ੧੪੨ ਵਾਰ ਗੁਰਬਾਣੀ ਵਿਚ ਕਥਾ ਦਾ ਜ਼ਿਕਰ ਆਇਆ ਹੈ। ਦਮਦਮੀ ਟਕਸਾਲ ਮਹਿਤੇ ਵਿਖੇ, ਸੱਚਖੰਡ ਵਾਸੀ ਸ੍ਰੀ ਮਾਨ ਸੰਤ ਕਰਤਾਰ ਸਿੰਘ ਖ਼ਾਲਸਾ ਜੀ ਦੀ ਅਗਵਾਈ ਵਾਲ਼ੇ ਸਮੇ, ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਵਿਚ ਵਿਦਿਆਰਥੀਆਂ ਨੂੰ ਕਥਾ ਦੇ ਨਾਲ਼ ਨਾਲ਼ ਗੁਰਮਤਿ ਸੰਗੀਤ ਦੁਆਰਾਕੀਰਤਨ ਸਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਓਥੇ ਮੇਰੇ ਗੁਰਭਾਈ ਪ੍ਰਿੰਸੀਪਲ ਬਲਦੇਵ ਸਿੰਘ ਜੀ ਵਾਹਵਾ ਸਮਾ, ਰਾਗਾਂ ਉਪਰ ਨਿਰਧਾਰਤ ਕੀਰਤਨ ਵਿਦਿਆਰਥੀਆਂ ਨੂੰ ਸਿਖਾਉਂਦੇ ਰਹੇ।
ਫਿਰ ਕਥਾ ਦੀ ਗੱਲ ਕਰੀਏ। ਬਚਪਨ ਤੋਂ ਹੀ ਸੁਣਦਾ ਆ ਰਿਹਾ ਸਾਂ ਕਿ ਕਥਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਪਾਠੀ ਸਿੰਘ ਕਿਸੇ ਗ੍ਰੰਥ ਵਿਚੋਂ ਇਕ ਤੁਕ ਪੜ੍ਹਦਾ ਹੈ ਤੇ ਦੂਜਾ ਗਿਆਨੀ ਸਿੰਘ ਉਸ ਤੁਕ ਦੇ ਅਰਥ ਕਰਕੇ ਸੰਗਤ ਨੂੰ ਸੁਣਾਉਂਦਾ ਹੈ। ਸਾਡੇ ਨੇੜੇ, ਮੇਰੀ ਸਤਿਕਾਰ ਯੋਗ ਚਾਚੀ ਜੀ ਦੇ ਪੇਕੇ ਪਿੰਡ ਵਿਚ, ਵੈਰੋ ਨੰਗਲ ਪਿੰਡ, ਦੋਹਾਂ ਵੈਰੋ ਨੰਗਲਾਂ ਦੇ ਵਿਚਕਾਰ, ਛੇਵੇਂ ਪਾਤਿਸ਼ਾਹ ਦੀ ਯਾਦ ਵਿਚ ਗੁਰਦੁਆਰਾ ਗੁਰੂਆਣਾ ਹੈ ਜੋ ਕਿ ਸਾਡੇ ਪਿੰਡ ਸੂਰੋ ਪੱਡਾ ਤੋਂ ਦੋ ਮੀਲ ਦੀ ਵਿੱਥ ਉਪਰ ਹੈ। ਦੋਹਾਂ ਪਿੰਡਾਂ ਦੇ ਵਿਚਕਾਰ ਓਦੋਂ ਕੱਚਾ ਪਹਿਆ ਹੁੰਦਾ ਸੀ ਜੋ ਹੁਣ ਪੱਕੀ ਸੜਕ ਬਣ ਚੁੱਕੀ ਹੈ ਤੇ ਅੰਮ੍ਰਿਤਸਰ ਤੋਂ ਮਹਿਤੇ ਨੂੰ ਜਾਣ ਵਾਲ਼ੀ ਸੜਕ ਉਪਰ, ਤੇਈਵੇਂ ਮੀਲ ਉਪਰ ਜਾ ਕੇ ਮਿਲ਼ਦੀ ਹੈ। ਉਸ ਪਹੇ ਉਪਰ ਇਕ ਵੱਡਾ ਸਾਰਾ ਪੱਥਰ ਗੱਡਿਆ ਹੋਇਆ ਹੁੰਦਾ ਸੀ ਜੇਹੜਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੋਹਾਂ ਜ਼ਿਲ੍ਹਿਆਂ ਦੀ ਹੱਦ ਦਰਸਾਉਂਦਾ ਸੀ। ਰਿਆਸਤ ਕਪੂਰਥਲਾ, ਹੁਣ ਜ਼ਿਲ੍ਹਾ ਕਪੂਰਥਲਾ ਵਿਚਲੇ ਪਿੰਡ, ਸੰਗੋਜਲਾ ਤੋਂ ਹੀ ਮੇਰੇ ਸਤਿਕਾਰ ਯੋਗ ਸਵਰਗਵਾਸੀ ਦਾਦੀ ਮਾਂ ਜੀ ਇੰਦਰ ਕੌਰ ਦਾ ਪਰਵਾਰ, ਭਿੰਡਰਾਂ ਵਾਲ਼ੇ ਜਥੇ ਦਾ ਸ਼ਰਧਾਲੂ ਸੀ। ਗੁਰੂਆਣਾ ਗੁਰਦੁਆਰਾ ਸਾਹਿਬ ਵਿਚ, ਸ੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲ਼ਿਆਂ ਦੇ ਕਥਾ ਵਾਸਤੇ ਆਉਣ ਦੀ ਖ਼ਬਰ ਸੁਣ ਕੇ, ਮੇਰੇ ਭਾਈਆ ਜੀ (ਪਿਤਾ) ਦੇ ਮਾਮਾ ਜੀ, ਸਵੱਗਵਾਸੀ ਭਾਈ ਸੋਹਣ ਸਿੰਘ ਜੀ, ਵੀ ਆਪਣੇ ਪਿੰਡ ਸੰਗੋਜਲੇ ਤੋਂ ਸਾਡੇ ਘਰ ਆਏ ਹੋਏ ਸਨ। ਜਿੰਨਾ ਕੁ ਮੈਨੂੰ ਯਾਦ ਹੈ, ਇਕ ਦਿਨ ਲੌਢੇ ਕੁ ਵੇਲ਼ੇ ਮੈਂ ਤੇ ਕੁਝ ਹੋਰ ਪਰਵਾਰਕ ਜੀ ਵੀ ਮਾਮਾ ਜੀ ਦੀ ਅਗਵਾਈ ਹੇਠ ਸੰਤ ਜੀ ਦੀ ਕਥਾ ਸੁਣਨ ਵਾਸਤੇ ਵੈਰੋ ਨੰਗਲ ਨੂੰ ਤੁਰ ਪਏ। ਕਥਾ ਸ਼ਬਦ ਵੀ ਓਦੋਂ ਮੈਂ ਪਹਿਲੀ ਵਾਰ ਹੀ ਸੁਣਿਆਂ ਸੀ। ਜਦੋਂ ਦੋਹਾਂ ਪਿੰਡਾਂ ਵਿਚਲੇ ਪਹੇ ਉਪਰ ਗੱਡੇ ਹੋਏ ਪੱਥਰ ਕੋਲ਼, ਜਿਸ ਨੂੰ ਅਸੀਂ ਝੱਡਾ ਆਖਿਆ ਕਰਦੇ ਸਾਂ ਅਤੇ ਕੁਝ ਸਮਾ ਪਿੱਛੋਂ ਡੰਗਰ ਚਾਰਨ ਸਮੇ ਉਸ ਉਪਰ ਚੜ੍ਹਨ ਉਤਰਨ ਦੀ ਖੇਡ ਵੀ ਖੇਡਿਆ ਕਰਦੇ ਸਾਂ, ਪੁੱਜੇ ਤਾਂ ਮਾਮਾ ਜੀ ਨੇ ਰੁਕ ਕੇ ਪਹਿਲਾਂ ਪਿੱਛੇ ਨੂੰ ਮੁੜ ਕੇ ਸਾਡੇ ਪਿੰਡ ਵੱਲ ਵੇਖਿਆ ਤੇ ਫਿਰ ਅਗਲੇ ਪਿੰਡ ਵੈਰੋ ਨੰਗਲ ਵੱਲ ਵੇਖਿਆ ਤੇ ਆਖਿਆ, ''ਪੂਰੇ ਦੋ ਮੀਲ। ਝੱਡਿਉਂ ਏਧਰ ਵੀ ਇਕ ਮੀਲ ਤੇ ਝੱਡਿਉਂ ਓਧਰ ਵੀ ਇਕ ਮੀਲ।'' ਓਦੋਂ ਮੈਂ ਮੀਲ ਸ਼ਬਦ ਵੀ ਪਹਿਲੀ ਵਾਰ ਹੀ ਸੁਣਿਆਂ ਸੀ। ਸਮਾ ੧੯੫੦ ਤੋਂ ਪਹਿਲਾਂ ਅਤੇ ੧੯੪੭ ਦੇ ਪਿੱਛੋਂ ਵਿਚਕਾਰਲੇ ਕਿਸੇ ਸਾਲ ਦਾ ਹੋਵੇਗਾ।
ਓਥੇ ਗਏ। ਅੱਗੇ ਸੰਤ ਜੀ ਕਥਾ ਕਰ ਰਹੇ ਸਨ। ਕਥਾ ਕੀ ਹੋ ਰਹੀ ਸੀ, ਇਸ ਬਾਰੇ ਮੈਨੂੰ ਕੀ ਪਤਾ ਲੱਗਣਾ ਸੀ! ਵੈਸੇ ਇਕ ਕੁਝ ਭਾਰੀ ਜਿਹੇ ਸਰੀਰ ਅਤੇ ਮਨ ਮੋਹਕ ਸ਼ਖ਼ਸੀਅਤ ਵਾਲ਼ੇ ਸੱਜਣ ਉਚੇ ਥਾਂ ਬੈਠੇ ਕੁਝ ਬੋਲ ਰਹੇ ਸਨ। ਬੱਸ ਏਨਾ ਹੀ ਯਾਦ ਹੈ।
ਉਸ ਤੋਂ ਕੁਝ ਸਮਾ ਬਾਅਦ ਤੱਕ ਮੱਸਿਆ ਸਮੇ ਗੁਰੂਆਣੇ ਵੈਰੋ ਨੰਗਲ, ਆਪਣੇ ਨਾਨਕੇ ਪਿੰਡ ਉਦੋਕੇ, ਅਤੇ ਬਾਬਾ ਬਕਾਲਾ ਵਿਖੇ ਢਾਡੀਆਂ, ਕਵੀਸ਼ਰਾਂ ਨੂੰ ਬੋਲਦਿਆਂ ਸੁਣਿਆਂ ਕਰਦੇ ਸਾਂ ਅਤੇ ਮੇਜ ਉਪਰ ਵਾਜਾ ਰੱਖ ਕੇ ਇਕ ਜਣਾ ਗਾਉਣ ਅਤੇ ਨਾਲ਼ ਨਾਲ਼ ਢਾਡੀਆਂ ਵਾਂਗ, ਕੋਈ ਪ੍ਰਸੰਗ ਸੁਣਾਉਣ ਵਾਲ਼ਾ ਤੇ ਥੱਲੇ ਬੈਠ ਕੇ ਇਕ ਢੋਲਕੀ ਅਤੇ ਦੋ ਚਿਮਟੇ ਵਜਾਉਣ ਵਾਲ਼ੇ ਜੋ ਕਰਿਆ ਕਰਦੇ ਸਨ ਉਸ ਨੂੰ ਹੀ ਅਸੀਂ ਕੀਰਤਨ ਸਮਝਦੇ ਸਾਂ।
ਜਦੋਂ ੧੯੫੨ ਦੀ ਦੀਵਾਲੀ ਤੇ ਭਾਈਆ ਜੀ ਕਰਾਏ ਦੇ ਸਾਈਕਲ, ਜੋ ਉਹ ਆਉਂਦੇ ਸਮੇ, ਸ਼ਹਿਰ ਤੋਂ ਕਿਸੇ ਦੁਕਾਨਦਾਰ ਤੋਂ ਲੈ ਕੇ ਆਏ ਸਨ, ਦੇ ਅਗਲੇ ਡੰਡੇ ਉਪਰ ਬੈਠਾ ਕੇ ਮੈਨੂੰ ਅੰਮ੍ਰਿਤਸਰ ਲੈ ਕੇ ਆਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪਹਿਲੀ ਵਾਰ ਦੂਜੇ ਕੀਰਤਨ ਦਾ ਪਤਾ ਲੱਗਾ ਕਿ ਇਸ ਨੂੰ ਵੀ ਕੀਰਤਨ ਆਖਦੇ ਹਨ। ਵਾਜੇ, ਢੋਲਕੀ ਅਤੇ ਚਿਮਟਿਆਂ ਨਾਲ਼ ਖੜਕੇ ਦੜਕੇ ਵਾਲ਼ਾ ਕੀਰਤਨ ਅਤੇ ਨਾਲ਼ ਢਾਡੀਆਂ ਵਾਂਗ ਕੋਈ ਪ੍ਰਸੰਗ ਸੁਣਨ ਦੇ ਆਦੀ ਮੇਰੇ ਕੰਨ ਇਸ ਨੂੰ ਕੀਰਤਨ ਨਾ ਪ੍ਰਵਾਨਣ। ਮੈਂ ਸੋਚਾਂ ਕਿ ਸ਼ਾਇਦ ਰਾਗੀ ਸਿੰਘ ਸਾਹ ਲੈ ਰਹੇ ਹੋਣ! ਮੇਰੇ ਭਾਈਆ ਜੀ ਇਸ ਕੀਰਤਨ ਦੇ ਬੜੇ ਸ਼ੈਦਾਈ ਸਨ ਪਰ ਮੈਨੂੰ ਲੱਗੇ ਹੀ ਨਾ ਕਿ ਇਹ ਕੀਰਤਨ ਹੈ। ਬਾਅਦ ਵਿਚ ਅੰਮ੍ਰਿਤਸਰ ਆਉਣ 'ਤੇ, ਭਾਈਆ ਜੀ ਦੀ ਮੁੜ ਮੁੜ ਪ੍ਰੇਰਨਾ ਨਾਲ਼ ਮੈਂ ਵੀ ਹਰ ਰੋਜ, ਕੁਝ ਸਮਾ ਉਹ ਕੀਰਤਨ ਦਰਬਾਰ ਸਾਹਿਬ ਦੇ ਅੰਦਰ ਸੁਣਨ ਜਾਣਾ ਪਰ ਲੌਢੇ ਵੇਲ਼ੇ ਮੰਜੀ ਸਾਹਿਬ ਵਿਖੇ ਹਰ ਰੋਜ ਹੁੰਦੀ ਪੰਥ ਪ੍ਰਕਾਸ਼ ਦੀ ਕਥਾ ਨਹੀਂ ਸਾਂ ਮੈਂ ਖੁੰਝਾਉਂਦਾ। ਇਹ ਕਥਾ ਉਸ ਸਮੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਅੱਛਰ ਸਿੰਘ ਜੀ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ, ਗੁਰਦੁਆਰਾ ਮੰਜੀ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚ, ਗੁਰਪੁਰਬਾਂ, ਮੱਸਿਆ, ਸੰਗ੍ਰਾਂਦ, ਦਿਨ ਦਿਹਾਰ, ਐਤਵਾਰ ਨੂੰ ਸਜਣ ਵਾਲ਼ੇ ਦੀਵਾਨਾਂ ਵਿਚ ਢਾਡੀਆਂ, ਕਵੀਸ਼ਰਾਂ, ਕਵੀਆਂ, ਪ੍ਰਚਾਰਕਾਂ ਨੂੰ ਬੜੇ ਸ਼ੌਕ ਨਾਲ਼ ਸੁਣਿਆਂ ਕਰਦਾ ਸਾਂ। ਜਾਤੀ ਕੇ ਪਿੰਡ ਦੇ ਵਸਨੀਕ, ਸੰਤ ਚੰਨਣ ਸਿੰਘ ਵੈਰਾਗੀ, ਵਾਜਾ, ਢੋਲਕੀ ਤੇ ਚਿਮਟੇ ਵਾਲ਼ਾ ਪ੍ਰਭਾਵਸ਼ਾਲੀ ਕੀਰਤਨ ਕਰਿਆ ਕਦੇ ਸਨ। ਇਹਨਾਂ ਦਾ ਦੀਵਾਨ, ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਗੁਰਦੁਆਰੇ ਦੇ ਨੇੜੇ ਹੁੰਦਾ ਸੀ।
ਫਿਰ ਆਈਏ ਕਥਾ ਵੱਲ: ਭਾਈ ਕ੍ਹਾਨ ਸਿੰਘ ਨਾਭਾ ਲਿਖਤ ਮਹਾਨਕੋਸ਼ ਅਨੁਸਾਰ ਕਥਾ ਦੇ ਅਰਥ ਇਉਂ ਲਿਖੇ ਹਨ:
ਕਥਾ ਸੰਗਿਆ - ਬਾਤ, ਪ੍ਰਸੰਗ, ਬਿਆਨ, ਵਿਆਖਿਆ। ੨. ਕਿਸੇ ਵਾਕ ਦੇ ਅਰਥ ਦਾ ਵਰਨਣ। ''ਕਥਾ ਸੁਣਤ ਮਲੁ ਸਗਲੀ ਖੋਵੈ॥'' (ਮਾਝ ਮਹਲਾ ੫) ਮਹਾਨ ਕੋਸ਼, ਪੰਨਾ ੨੯੩)
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪ੍ਰਵਾਨਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ 'ਸਿੱਖ ਰਹਿਤ ਮਰਯਾਦਾ' ਦੇ ਪੰਨਾ ੧੯ ਉਪਰ, ਕਥਾ ਬਾਰੇ ਇਉਂ ਲਿਖਿਆ ਹੋਇਆ ਹੈ:
ਸੰਗਤ ਵਿਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ।
ਕਥਾ ਦਾ ਮਨੋਰਥ ਗੁਰਮਤਿ ਦ੍ਰਿੜ੍ਹਾਉਣਾ ਹੀ ਹੋਵੇ।
(ੲ)    ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ, ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ, ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉਤਮ ਸਿਖਿਆ ਦਾ ਲਿਆ ਜਾ ਸਕਦਾ ਹੈ।
(੬)        ਵਖਿਆਨ __ ਗੁਰਦੁਆਰੇ ਵਿਚ ਗੁਰਮਤਿ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ।
(੭)    ਗੁਰਦੁਆਰੇ ਵਿਚ ਸੰਗਤ ਦਾ ਪ੍ਰੋਗਰਾਮ ਆਮ ਤੌਰ 'ਤੇ ਇਉਂ ਹੁੰਦਾ ਹੈ:
    ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ, ਕਥਾ, ਵਖਿਆਨ, ਅਨੰਦ ਸਾਹਿਬ, ਅਰਦਾਸ, ਫ਼ਤਿਹ, ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ਹੁਕਮ।
ਅੱਜ ਜਿਸ ਨੂੰ ਅਸੀ ਕਥਾ ਕਹਿੰਦੇ ਹਾਂ ਇਹ ਧਾਰਮਿਕ ਵਖਿਆਨ ਹੈ। ਕਥਾ, ਜਿਵੇਂ ਉਪਰ ਦੱਸਿਆ ਗਿਆ ਹੈ, ਕਿਸੇ ਧਾਰਮਿਕ ਗ੍ਰੰਥ ਦੇ ਤੁਕ ਅਨੁਸਾਰ ਅਰਥ ਕਰਨ ਨੂੰ ਕਿਹਾ ਜਾਂਦਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਕੁਝ ਵਿੱਦਵਾਨ ਸੱਜਣ ਬੈਠ ਕੇ ਧਾਰਮਿਕ ਵਖਿਆਨ ਜੋ ਕਰਦੇ ਹਨ, ਸ਼ਰਧਾ ਵੱਸ ਉਸ ਨੂੰ ਸੰਗਤਾਂ ਵੱਲੋਂ ਕਥਾ ਕਿਹਾ ਜਾਣ ਲੱਗ ਪਿਆ ਹੈ। ਮੇਰੇ ਵਿਚਾਰ ਅਨੁਸਾਰ ਤੇ ਜੇਹੜਾ ਵਖਿਆਨ ਵਿਦਵਾਨ ਸਟੇਜ ਤੇ ਖਲੋ ਕੇ ਕਰਦਾ ਹੈ ਤੇ ਜਰਾ ਜੋਸ਼ੀਲੇ ਤੇ ਕਾਹਲ਼ੇ ਸ਼ਬਦਾਂ ਵਿਚ ਕਰਦਾ ਹੈ, ਉਸ ਨੂੰ ਅਸੀਂ ਵਖਿਆਨ, ਭਾਸ਼ਨ, ਤਕਰੀਰ ਜਾਂ ਲੈਕਚਰ ਆਖਦੇ ਹਾਂ ਤੇ ਓਸੇ ਹੀ ਵਿਸ਼ੇ ਉਪਰ ਸਟੇਜ ਉਪਰ ਬੈਠ ਕੇ, ਗਲ਼ ਵਿਚ ਪਰਨਾ ਪਾ ਕੇ, ਹੌਲ਼ੀ ਹੌਲ਼ੀ ਧਾਰਮਿਕ ਸ਼ਰਧਾ ਵਾਲ਼ੀ ਸ਼ਬਦਾਵਲੀ ਵਿਚ ਲਪੇਟ ਕੇ ਜੋ ਬੁਲਾਰਾ ਬੋਲਦਾ ਹੈ, ਉਸ ਨੂੰ ਕਥਾ ਆਖਿਆ ਜਾ ਸਕਦਾ ਹੈ। ਮੈਨੂੰ ਦੋਹਾਂ ਵਿਚਲਾ ਫਰਕ ਸਿਰਫ ਸਟਾਈਲ ਦਾ ਹੀ ਲੱਗਦਾ ਹੈ ਹੋਰ ਨਹੀਂ। ਇਹ ਤੇ ਮੇਰੀ ਸਮਝ ਅਨੁਸਾਰ ਇਉਂ ਹੀ ਹੈ ਜਿਵੇਂ ਪੰਜ ਛੇ ਦਹਾਕੇ ਪਹਿਲਾਂ ਮੈਂ ਬੰਬਈਆ ਫਿਲਮਾਂ ਵੇਖਿਆ ਕਰਦਾ ਸੀ ਤੇ ਉਸ ਸਮੇ ਬੋਲੀ ਦੇ ਖਾਨੇ ਵਿਚ ਕਿਸੇ ਵਿਚ ਬੋਲੀ ਹਿੰਦੀ ਲਿਖੀ ਹੁੰਦੀ ਸੀ ਤੇ ਕਿਸੇ ਵਿਚ ਉਰਦੂ ਪਰ ਮੈਨੂੰ ਇਹਨਾਂ ਦੋਹਾਂ ਬੋਲੀਆਂ ਵਿਚਲਾ ਫਰਕ ਨਾ ਸਮਝ ਆਉਣਾ ਕਿ ਕੇਹੜੀ ਹਿੰਦੀ ਹੈ ਤੇ ਕੇਹੜੀ ਉਰਦੂ! ਹੌਲ਼ੀ ਹੌਲ਼ੀ ਇਉਂ ਸਮਝ ਲੱਗਣ ਲੱਗੀ ਕਿ ਜਿਸ ਫਿਲਮ ਵਿਚ ਹਿੰਦੂ ਸਭਿਆਚਾਰ ਵਿਖਾਇਆ ਗਿਆ ਹੋਵੇ ਤੇ ਭਗਵਾਨ, ਪਰਮਾਤਮਾ ਆਦਿ ਰੱਬ ਦੇ ਨਾਂ ਲਏ ਜਾਣ ਉਹ ਹਿੰਦੀ ਅਤੇ ਜਿਸ ਫਿਲਮ ਵਿਚ ਮੁਸਲਿਮ ਸਭਿਆਚਾਰ ਅਤੇ ਰੱਬ ਦਾ ਨਾਂ ਅਲਾਹ, ਖ਼ੁਦਾ ਆਦਿ ਲਏ ਗਏ ਹੋਣ ਉਸ ਦੀ ਬੋਲੀ ਉਰਦੂ ਹੋਈ।
ਕਿਸੇ ਜਗਿਆਸੂ ਸਿੱਖ ਦੀ ਪੁੱਛ ਦੇ ਉਤਰ ਵਿਚ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇਉਂ ਆਖਿਆ ਸੀ, ''ਇਉਂ ਸਮਝੋ ਗੁਰੂ ਕੇ ਸਿੱਖੋ, ਕਿ ਕਥਾ ਮਾਤਾ ਸਮਾਨ ਹੈ ਤੇ ਕੀਰਤਨ ਪੁੱਤਰ ਸਮਾਨ। ਜਿਸ ਤਰ੍ਹਾਂ ਮਾਤਾ ਪੁੱਤਰਾਂ ਕਰਕੇ ਸੋਭਦੀ ਹੈ, ਏਸੇ ਤਰ੍ਹਾਂ ਕਥਾ ਕੀਰਤਨ ਨਾਲ਼ ਸੋਭਾ ਪਾਉਂਦੀ ਹੈ।'' ਅਗਲੇ ਪ੍ਰਸ਼ਨ ਕਿ ਪਿਤਾ ਕੌਣ? ਦਾ ਉਤਰ ਭਾਈ ਸਾਹਿਬ ਜੀ ਨੇ ਇਉਂ ਦਿਤਾ, ''ਕਥਾ ਦਾ ਭਰਤਾ ਪ੍ਰੇਮ ਹੈ ਜੋ ਕਿ ਕੀਰਤਨ ਦਾ ਪਿਤਾ ਹੋਇਆ।
ਗੁਰੂ ਘਰ ਵਿਚ ਕਥਾ ਅਤੇ ਕੀਰਤਨ ਦੋਹਾਂ ਦੀ ਮਾਨਤਾ ਹੈ। ਕੋਈ ਵੀ ਧਾਰਮਿਕ ਸਮਾਗਮ ਸੰਪੂਰਨਤਾ ਨੂੰ ਪਹੁੰਚਿਆ ਨਹੀਂ ਸਮਝਿਆ ਜਾਂਦਾ ਜਿਥੇ ਦੋਵੇਂ ਨਾ ਹੋਣ। ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ, ''ਸਭ ਤੇ ਊਤਮ ਹਰਿ ਕੀ ਕਥਾ॥'' (੨੬੫) ਓਥੇ, ''ਕਲਜੁਗ ਮਹਿ ਕੀਰਤਨੁ ਪ੍ਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥ ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉਂ ਜਾਇਦਾ॥੬॥'' (੧੦੭੫) ਆਖ ਕੇ, ਕੀਰਤਨ ਦੀ ਵਡਿਆਈ ਨੂੰ ਵੀ ਦਰਸਾਇਆ ਹੈ।
ਇਹਨੀਂ ਦਿਨੀਂ ਸਿੱਖ ਪੰਥ ਵਿਚ ਬਹੁਤ ਵਿੱਦਵਾਨ ਹਨ ਜਿਨ੍ਹਾਂ ਨੂੰ ਸੰਗਤਾਂ ਕਥਾਵਾਚਕ ਕਹਿੰਦੀਆਂ ਹਨ। ਇਹਨਾਂ ਵਿਚ ਪੋਸਟ ਗਰੇਜੂਏਟ, ਪੀ.ਐਚ.ਡੀ. ਤੱਕ ਦੁਨਿਆਵੀ ਵਿੱਦਿਆ ਦੇ ਨਾਲ਼ ਨਾਲ਼ ਉਹਨਾਂ ਦਾ ਗੁਰਮਤਿ ਦਾ ਗਿਆਨ ਵੀ ਤਾਰੀਫ ਦੇ ਕਾਬਲ ਹੁੰਦਾ ਹੈ। ਪੁਰਾਤਨ ਵਿੱਦਵਾਨ ਜਿੱਥੇ ਆਪਣੀ ਕਥਾ ਦੌਰਾਨ ਸ਼ਬਦ ਦੀ ਉਥਾਨਕਾ, ਸਾਖੀ ਪ੍ਰਮਾਣ, ਇਤਿਹਾਸਕ ਹਵਾਲਿਆਂ, ਹੋਰ ਗ੍ਰੰਥਾਂ ਦਾ ਹਵਾਲਾ ਦੇ ਕੇ ਕਥਾ ਨੂੰ ਰੌਚਕ ਬਣਾ ਕੇ ਸੁਣਾਇਆ ਕਰਦੇ ਸਨ ਓਥੇ ਅੱਜ ਕਲ੍ਹ ਦੇ ਵਿੱਦਵਾਨ ਆਪਣੀ ਵਿੱਦਿਅਕ ਯੋਗਤਾ ਨਾਲ਼, ਬਿਨਾ ਸਾਖੀਆਂ ਅਤੇ ਇਤਿਹਾਸਕ ਹਵਾਲਿਆਂ ਦੇ ਹੀ, ਆਪਣੇ ਘੰਟਿਆਂ ਬੱਧੀ ਵਖਿਆਨਾਂ ਵਿਚ ਰੌਚਕਤਾ ਬਣਾਈ ਰਖਣ ਵਿਚ ਕਾਮਯਾਬ ਰਹਿੰਦੇ ਹਨ। ਮੈਂ ਕਥਾ ਦੇ ਕਿਸੇ ਵੀ ਤਰੀਕੇ ਦਾ ਵਿਰੋਧੀ ਨਹੀਂ। ਗੁਰੂ ਜੀ ਦਾ ਫੁਰਮਾਣ, ''ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ॥ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ॥'' (੬੮੮) ਅਨੁਸਾਰ, ਕਥਾ ਅਤੇ ਵਖਿਆਨ ਵਿਚ ਸਾਖੀ ਸੁਣਾ ਕੇ, ਸਰੋਤਿਆਂ ਨੂੰ ਗੁਰਬਾਣੀ ਸਿੱਖਿਆ ਨਾਲ਼ ਜੋੜਨ ਦੇ ਮੈਂ ਵਿਰੁਧ ਨਹੀਂ ਹੱਕ ਵਿਚ ਹਾਂ; ਸਗੋਂ ਸਮਝਦਾ ਹਾਂ ਕਿ ਸਾਖੀਆਂ ਦੇ ਹਵਾਲਿਆਂ ਨੂੰ ਬਿਆਨ ਕਰਨ ਤੋਂ ਬਿਨਾ ਅਸੀਂ ਇਤਿਹਾਸ ਨੂੰ ਭੁੱਲ ਹੀ ਜਾਵਾਂਗੇ। ਕਥਾ ਦੀ ਅਜਿਹੀ ਪ੍ਰਪਾਟੀ ਖਾਸ ਕਰਕੇ ਸਵਰਗਵਾਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਤੋਂ ਪ੍ਰਭਾਵਤ ਹੋ ਕੇ, ਨਵੇਂ ਪ੍ਰਚਾਰਕਾਂ ਨੇ ਅਪਨਾਈ ਹੈ ਤੇ ਪੜ੍ਹੀ ਲਿਖੀ ਸੰਗਤ ਵੱਲੋਂ ਇਸ ਪ੍ਰਪਾਟੀ ਨੂੰ ਹੁੰਗਾਰਾ ਵੀ ਚੰਗਾ ਮਿਲ਼ਿਆ ਹੈ। ਮਸਕੀਨ ਜੀ ਸ਼ੇਖ ਸਾਅਦੀ ਦੀਆਂ ਕਿਤਾਬਾਂ ਗੁਲਿਸਤਾਂ ਤੇ ਬੋਸਤਾਂ ਵਿਚ ਅੰਕਤ ਚੰਗੇ ਵਿਚਾਰਾਂ ਨੂੰ, ਅਚਾਰੀਆ ਰਜਨੀਸ਼ ਦੀ ਸ਼ੈਲੀ ਵਿਚ ਗੁਰਮਤਿ ਦੀ ਪਾਹ ਦੇ ਕੇ, ਜਦੋਂ ਸੰਗਤ ਵਿਚ ਸੁਣਾਉਂਦੇ ਸਨ ਤਾਂ ਸੰਗਤ ਬਹੁਤ ਪ੍ਰਭਾਵਤ ਹੁੰਦੀ ਸੀ। ਵਰਤਮਾਨ ਸਮੇ ਵਿਚ ਬਹੁਤ ਸਾਰੇ ਪ੍ਰਚਾਰਕਾਂ ਨੇ ਮਸਕੀਨ ਜੀ ਦੀ ਸ਼ੈਲ਼ੀ ਨੂੰ ਅਪਨਾਇਆ ਹੈ। ਇਕੋ ਰੰਗ ਦੇ ਕੱਪੜੇ ਦਾ ਥਰੀ ਪੀਸ ਸੂਟ ਵੀ ਕੁਝ ਪ੍ਰਚਾਰਕਾਂ ਨੇ ਮਸਕੀਨ ਜੀ ਦੀ ਰੀਸ ਕਰਕੇ ਹੀ ਪਾਉਣਾ ਸ਼ੁਰੂ ਕੀਤਾ ਹੈ।
ਜ਼ਿਆਦਾ ਵਿਸਥਾਰ ਵਿਚ ਨਾ ਜਾਂਦੇ ਹੋਏ, ਆਪਾਂ ਇਸ ਪਾਸੇ ਆਈਏ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕਿਸੇ ਸ਼ਬਦ ਦੀ ਕਥਾ ਕਰਨੀ ਹੈ ਤੇ ਕਿਉਂ ਨਾ ਉਸ ਸ਼ਬਦ ਨਾਲ਼ ਸਬੰਧਤ ਇਤਿਹਾਸਕ ਘਟਨਾ ਦਾ ਵੀ ਜ਼ਿਕਰ ਕੀਤਾ ਜਾਵੇ! ਚੌਵੀ ਘੰਟਿਆਂ ਵਿਚੋਂ ਇਕ ਘੰਟਾ (ਹੁਣ ੪੫ ਮਿੰਟ) ਸਾਨੂੰ ਮਿਲ਼ਦਾ ਹੈ ਜਦੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਅੰਮ੍ਰਿਤਸਰ ਦੀ ਸਟੇਜ ਤੋਂ, ਸਾਡੇ ਵਿੱਦਵਾਨ ਸ੍ਰੀ ਦਰਬਾਰ ਸਾਹਿਬ ਵਿਚ ਆਏ ਪਹਿਲੇ ਮੁਖਵਾਕ ਦੀ ਕਥਾ ਰਾਹੀਂ ਸਾਰੀ ਦੁਨੀਆਂ ਵਿਚ ਬੈਠੀ ਸ਼ਰਧਾਲੂ ਸੰਗਤ ਨੂੰ ਮੁਖਵਾਕ ਦੀ ਕਥਾ ਰਾਹੀਂ ਗੁਰਮਤਿ  ਦੀ ਸੋਝੀ ਦੇ ਸਕਦੇ ਹਨ। ਜੇ ਕੋਈ ਪ੍ਰਸਿਧ ਪ੍ਰਚਾਰਕ:
ਸੋਰਠਿ ਮਹਲਾ ੫॥ ਮੇਰਾ ਸਤਿਗੁਰੁ ਰਖਵਾਲਾ ਹੋਆ॥
ਧਾਰਿ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿੰਦੁ ਨਵਾ ਨਿਰੋਆ॥੧॥ਰਹਾਉ॥
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ॥
ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ॥੧॥
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ॥
ਅਟਲ ਬਚਨੁ ਨਾਨਕਰ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ॥੨॥੨੧॥੪੯॥ (੬੨੦)
ਦੀ ਕਥਾ ਕਰਦਿਆਂ, ਸੱਠਾਂ ਵਿਚੋਂ ਪੰਜਾਹ ਮਿੰਟਾਂ ਤੋਂ ਬਹੁਤੇ ਤਾਂ ਸ਼ੇਖ਼ ਸਾਅਦੀ ਦੇ ਵਿਚਾਰਾਂ ਨੂੰ ਸੁਣਾਉਂਦਿਆਂ ਲਾ ਦੇਵੇ ਤੇ ਮੁੜ ਆਖੇ, ''ਆਓ ਅੱਖਰੀ ਅਰਥ ਕਰ ਲਈਏ।'' ਇਹਨਾਂ ਰਹਿੰਦੇ ਸੱਤ ਅੱਠ ਮਿੰਟਾਂ ਵਿਚ ਸ਼ਬਦ ਦੇ ਅੱਖਰੀ ਅਰਥ ਕਰਕੇ ਕਥਾ ਸਮਾਪਤ ਕਰ ਦੇਵੇ। ਕਥਾ ਦੀ ਇਸ ਪੱਧਤੀ ਤੋਂ ਮੈਂ ਬਹੁਤਾ ਪ੍ਰਭਾਵਤ ਨਹੀਂ ਹਾਂ। ਇਹ ਸ਼ਬਦ, ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ, ਸਾਹਿਬਜ਼ਾਦੇ 'ਹਰਿ ਗੋਵਿੰਦੁ' ਜੀ ਦੇ, ਤਾਪ ਤੋਂ ਤੰਦਰੁਸਤ ਹੋਣ 'ਤੇ, ਰੱਬ ਦੇ ਸ਼ੁਕਰਾਨੇ ਵਜੋਂ ਉਚਾਰਿਆ ਗਿਆ ਹੈ। ਇਸ ਸ਼ਬਦ ਦੇ ਉਚਾਰਨ ਪਿੱਛੇ ਬੜਾ ਮਹੱਤਵਪੂਰਨ ਇਤਿਹਾਸ ਹੈ, ਜਿਸ ਨੂੰ ਇਸ ਸ਼ਬਦ ਦੇ ਅਰਥਾਂ ਅਤੇ ਇਸ ਤੋਂ ਮਿਲ਼ ਰਹੀ ਸਿੱਖਆ ਦੇ ਵਿਚਾਲ਼ੇ ਇਤਿਹਾਸਕ ਹਵਾਲਿਆਂ ਨਾਲ਼, ਬੜੀ ਖ਼ੂਬਸੂਰਤੀ ਨਾਲ਼ ਪਰੋ ਕੇ ਦੱਸਿਆ ਜਾ ਸਕਦਾ ਹੈ ਜਦੋਂ ਕਿ ਕਥਾ ਕਰਨ ਵਾਲ਼ਾ ਸੱਜਣ ਆਪਣੀ ਗੱਲ ਸੁਣਾਉਣ ਵਿਚ ਪੂਰਾ ਮਾਹਰ ਵੀ ਹੋਵੇ ਤੇ ਸੰਗਤ ਉਸ ਦੀ ਕਥਾ ਕਰਨ ਦੇ ਢੰਗ ਤੋਂ ਬਹੁਤ ਪ੍ਰਭਾਵਤ ਵੀ ਹੋਵੇ।