ਤਾਮਿਲਨਾਡੂ ਦੇ ਰਮੇਸ਼ਵਰਮ ਟਾਪੂ ਨੂੰ ਦੇਸ਼  ਨਾਲ ਜੋੜਨ ਵਾਲਾ ਇੱਕੋ ਇੱਕ (ਪਾਮਬਨ) ਰੇਲਵੇ ਪੁਲ - ਮਨਜਿੰਦਰ ਸਿੰਘ ਸਰੌਦ

ਭਾਰਤ ਦੇ ਸਭ ਤੋਂ ਖਤਰਨਾਕ ਸਮੁੰਦਰੀ ਰੇਲਵੇ ਪੁਲ ਤੇ ਸਫ਼ਰ ਕਰਦਿਆਂ ........

ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਤਕਰੀਬਨ 564 ਕਿਲੋਮੀਟਰ ਦੂਰ ਪੈਂਦੇ ਇੱਕ ਟਾਪੂ ਰਮੇਸ਼ਵਰਮ ਆਈਲੈਂਡ ਨੂੰ ਬਾਕੀ ਦੇਸ਼ ਨਾਲ ਜੋੜਦੇ ਭਾਰਤ ਦੇ ਨੰਬਰ ਇੱਕ ਖ਼ਤਰਨਾਕ ਰੇਲਵੇ ਪੁਲ ਪਾਮਬਨ ਤੇ ਬੀਤੇ ਦਿਨ ਸਫਰ ਕਰਨ ਦਾ ਮੌਕਾ ਮਿਲਿਆ । ਵਿਸ਼ਾਲ ਸਮੁੰਦਰ ਦੇ ਵਿਚਕਾਰ ਬਣੇ ਇਸ ਰੇਲਵੇ ਪੁਲ ਦਾ ਨਜ਼ਾਰਾ ਮਨ ਨੂੰ ਟੁੰਬਣ ਦੇ ਨਾਲ ਨਾਲ ਬੇਹੱਦ ਖਤਰਨਾਕ ਅਤੇ ਡਰਾਵਣਾ ਵੀ ਹੈ । ਬਰਤਾਨਵੀ ਸਾਮਰਾਜ ਵੱਲੋਂ ਭਾਰਤ ਵਿੱਚ ਆਪਣੇ ਵਪਾਰ ਨੂੰ ਪੱਕੇ ਪੈਰੀਂ ਕਰਨ ਦੇ ਮਕਸਦ ਨਾਲ ਸੰਨ 1870 ਨੂੰ ਇਸ ਮਹਾਂ ਪੁਲ ਨੂੰ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਅਗਸਤ 1911 ਨੂੰ ਇਸ ਤੇ ਅਮਲ ਕਰਦਿਆਂ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਕੇ ਲਗਪਗ ਸਾਢੇ ਤਿੰਨ ਸਾਲ ਬਾਅਦ 24 ਫਰਵਰੀ 1914 ਨੂੰ ਇਹ ਰੇਲਵੇ ਪੁਲ ਤਿਆਰ ਹੋ ਗਿਆ ।
ਇਹ ਭਾਰਤ ਦਾ ਨੰਬਰ ਇੱਕ ਅਤੇ ਵਿਸ਼ਵ ਦਾ ਦੂਜਾ ਲੰਬਾ ਖਤਰਨਾਕ ਸਮੁੰਦਰੀ ਪੁਲ ਹੈ ਇਸ ਤੇ ਸਫਰ ਦੌਰਾਨ ਟਰੇਨ ਦੀ ਸਪੀਡ ਬਹੁਤ ਹੌਲੀ ਹੁੰਦੀ ਹੈ ਤਾਂ ਕਿ ਧਮਕ ਨਾਲ ਇਸ ਦੇ ਥਮਲਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ । ਜ਼ਿਆਦਾਤਰ ਟਰੇਨ ਇਸ ਤੇ ਰਾਤ ਨੂੰ ਹੀ ਗੁਜ਼ਰਦੀ ਹੈ ਕਿਉਂਕਿ ਦਿਨ ਦੇ ਸਮੇਂ ਸਮੁੰਦਰੀ ਲਹਿਰਾਂ ਦਾ ਵੇਗ ਇੰਨਾ ਭਿਆਨਕ ਹੁੰਦਾ ਹੈ ਕਿ ਸਮੁੰਦਰ ਦਾ ਪਾਣੀ ਟਰੇਨ ਨਾਲ ਟਕਰਾ ਕੇ ਕਿਸੇ ਵੀ ਸਮੇਂ  ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ । 23 ਦਸੰਬਰ 1964 ਨੂੰ ਇੱਕ ਸਮਾਂ ਅਜਿਹਾ ਵੀ ਆਇਆ ਜਦ ਪਾਮਬਨ ਧਨੁੱਸਕੋਟੀ ਪੈਸੰਜਰ ਟਰੇਨ  ਇਸ ਪੁਲ ਤੋਂ ਗੁਜ਼ਰ ਰਹੀ ਸੀ ਤਾਂ ਸਮੁੰਦਰ ਵਿੱਚੋਂ ਉੱਠੇ ਸਕਤੀਸ਼ਾਲੀ ਤੂਫਾਨ ਨੇ ਟਰੇਨ ਨੂੰ ਪਲਟਾ ਦਿੱਤਾ ਤੇ ਵੇਖਦੇ ਹੀ ਵੇਖਦੇ ਆਪਣੀਆਂ ਸੱਧਰਾਂ ਤੇ ਅਰਮਾਨਾਂ ਨੂੰ ਸੀਨੇ ਵਿੱਚ ਜਜ਼ਬ ਕਰਕੇ ਸਫ਼ਰ ਕਰਦੇ ਯਾਤਰੀਆਂ ਸਮੇਤ ਟਰੇਨ ਸਮੁੰਦਰ ਵਿੱਚ ਡੁੱਬ ਗਈ ਤੇ 150 ਦੇ ਕਰੀਬ ਅਭਾਗੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ । ਇਸ ਸੁਨਾਮੀ ਨਾਲ ਪੁਲ ਦਾ ਵੱਡਾ ਹਿੱਸਾ ਨੁਕਸਾਨੇ ਜਾਣ ਕਾਰਨ ਇਸ ਤੇ ਆਵਾਜਾਈ ਬੰਦ ਹੋ ਗਈ ਤੇ ਲੰਮਾ ਸਮਾਂ    ਮੁਰੰਮਤ ਦਾ ਕੰਮ ਚੱਲਿਆ । ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸਮੁੰਦਰੀ ਲਹਿਰਾਂ 25 ਫੁੱਟ ਤੋਂ ਵੀ ਵੱਧ ਉੱਚੀਆਂ ਉੱਠ ਕੇ ਆਲੇ ਦੁਆਲੇ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਸਨ । 105 ਸਾਲ ਪੁਰਾਣੇ ਇਸ ਪੁਲ ਨੂੰ ਦੋ ਹਿੱਸਿਆਂ ਵਿੱਚ ਵੰਡ ਵਿਚਕਾਰ ਦੀ ਇੱਕ ਰਸਤਾ ਬਣਾ ਕੇ ਸਮੁੰਦਰੀ ਜਹਾਜ਼ਾਂ ਨੂੰ ਲਘਾਉੰਦੇ ਸਮੇਂ ਇਹ ਪੁਲ ਉੱਪਰ ਵੱਲ ਨੂੰ ਉੱਠਦਾ ਹੈ ਜੋ ਆਪਣੇ ਆਪ ਵਿਚ ਰੌਚਕ ਤੇ ਵਿਲੱਖਣਤਾ ਭਰਪੂਰ ਦ੍ਰਿਸ਼ ਹੈ ।
                                         ਇੰਜੀਨੀਅਰਾਂ ਨੇ 145 ਵੱਡ ਅਕਾਰੀ ਖੰਭਿਆਂ ਦੇ ਦੁਆਲੇ ਕੰਕਰੀਟ ਦਾ ਵੱਡਾ ਜਾਲ ਵਿਛਾ ਸਮੁੰਦਰ ਦੇ ਇੱਕ ਘੱਟ ਡੂੰਘੇ ਹਿੱਸੇ ਨੂੰ ਇਸਤੇਮਾਲ ਕਰ ਇਸ ਨੂੰ ਨੇਪਰੇ ਚਾੜ੍ਹਿਆ । ਭਾਵੇਂ ਬਾਅਦ ਵਿੱਚ 1988 ਨੂੰ ਇਸ ਰੇਲਵੇ ਪੁਲ ਦੇ ਨਾਲ ਨਾਲ ਇੱਕ ਸੜਕੀ ਪੁਲ ਦਾ ਨਿਰਮਾਣ ਵੀ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਰਮੇਸ਼ਵਰਮ ਨਾਂ ਦੇ ਇਸ ਟਾਪੂ ਨੂੰ ਕੇਵਲ ਇਹ ਰੇਲਵੇ ਪੁਲ ਹੀ ਭਾਰਤ ਨਾਲ ਜੋੜਨ ਦਾ ਇੱਕੋ ਇੱਕ ਸਾਧਨ ਸੀ । ਰਾਮੇਸ਼ਵਰਮ ਤਾਮਿਲਨਾਡੂ ਦੇ ਪੂਰਵ ਵਿੱਚ  ਬੇਹੱਦ ਖੂਬਸੂਰਤ ਅਤੇ ਚਾਰੇ ਪਾਸਿਓਂ  ਸਮੁੰਦਰ ਵਿੱਚ ਘਿਰਿਆ ਹਰਿਆਵਲ ਭਰਪੂਰ ਛੋਟਾ ਜਿਹਾ ਸ਼ਹਿਰ ਹੈ ਇੱਥੇ ਭਾਰਤ ਦੇ ਸੜਕੀ ਤੇ ਰੇਲ ਮਾਰਗ ਖਤਮ ਹੋ ਜਾਂਦੇ ਹਨ ।
                                         ਇਸ ਟਾਪੂ ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ 1511 ਈਸਵੀ ਨੂੰ ਆਪਣੇ ਪਵਿੱਤਰ ਚਰਨ ਪਾਏ । ਇਤਿਹਾਸ ਨੂੰ ਵਾਚੀਏ ਤਾਂ ਗੁਰੂ ਸਾਹਿਬ ਸ੍ਰੀਲੰਕਾ ਤੋਂ ਵਾਪਸੀ ਸਮੇਂ ਇੱਥੇ ਕਰੀਬ 19 ਦਿਨ ਠਹਿਰੇ ਸਨ ਉਨ੍ਹਾਂ ਦੀ ਯਾਦ ਵਿੱਚ ਰਮੇਸ਼ਵਰਮ ਸ਼ਹਿਰ ਅੰਦਰ ਇੱਕ ਗੁਰਦੁਆਰਾ ਸਾਹਿਬ ਵੀ ਸੁਸ਼ੋਭਤ ਹੈ । ਇਸ ਖੂਬਸੂਰਤ ਟਾਪੂ ਦਾ ਜ਼ਿਲ੍ਹਾ ਰਾਮਨਾਡਪੁਰਮ ਤੇ ਇਹ ਆਪਣੇ ਆਪ ਵਿੱਚ ਇੱਕ ਤਹਿਸੀਲ ਹੈ ਇੱਥੋਂ ਸ੍ਰੀਲੰਕਾ 38 ਕਿਲੋਮੀਟਰ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪਾਂਡੂਚੇਰੀ 378 ਕਿਲੋਮੀਟਰ ਤੇ ਸਥਿੱਤ ਇੱਕ ਮਨਮੋਹਕ ਟਾਪੂ ਹੈ । ਇੱਥੇ ਸਿੱਖ ਭਾਈਚਾਰੇ ਨਾਲ ਸਬੰਧਤ ਕੋਈ ਪਰਿਵਾਰ ਨਹੀਂ ਰਹਿੰਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੇਨਈ ਗੁਰਦੁਆਰਾ ਕਮੇਟੀ ਕੋਲ ਹੈ ।
                                            ਭਾਰਤ ਦੇ ਮਰਹੂਮ ਰਾਸ਼ਟਰਪਤੀ ਅਤੇ ਮਿਜ਼ਾਈਲ ਮੈਨ ?ੇ ਪੀ ਜੇ ਅਬਦੁਲ ਕਲਾਮ ਨੇ ਇਸ ਟਾਪੂ ਦੀ ਮਿੱਟੀ ਤੇ ਆਪਣੇ ਬਚਪਨ ਨੂੰ ਮਾਣਿਆ ਤੇ ਉਨ੍ਹਾਂ ਦੀ ਜਨਮ ਭੂਮੀ ਹੋਣ ਦਾ ਮਾਣ ਇਸ ਧਰਤੀ ਨੂੰ ਪ੍ਰਾਪਤ ਹੈ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਭਾਵੇਂ ਸ਼ਾਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਪਰ ਆਪਣੇ ਇਸ ਛੋਟੇ ਜਿਹੇ ਖਿੱਤੇ ਨੂੰ ਵਿਕਾਸ ਦੀ ਐਸੀ ਪੁੱਠ ਚਾੜ੍ਹੀ ਕਿ ਵੇਖਣ ਵਾਲ਼ੇ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ । ਭਾਵੇਂ ਭਾਰਤ ਦੇ ਤਾਮਿਲਨਾਡੂ ਸੂਬੇ ਦੀ ਨੁੱਕਰੇ ਦੂਰ ਸਮੁੰਦਰ ਵਿੱਚ ਰਮੇਸ਼ਵਰ ਨੂੰ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਬਾਕੀਆਂ ਦੇ ਮੁਕਾਬਲੇ ਕਾਫੀ ਘੱਟ ਹੈ ਪਰ ਇੱਥੇ ਸਥਿਤ ਰੇਲਵੇ ਪੁਲ ਨੂੰ ਵੇਖਣ ਵਾਲੇ ਲੋਕਾਂ ਦਾ ਲੱਗਿਆ ਤਾਂਤਾ ਦੁਨੀਆਂ ਦਾ ਧਿਆਨ ਜ਼ਰੂਰ ਖਿੱਚਦੈ ।
                                             ਇੱਕ ਵਾਰ ਇੱਥੋਂ ਦੀ ਟਰੇਨ ਵਿੱਚ ਸਫਰ ਕਰ ਇਨਸਾਨ ਜ਼ਰੂਰ ਸੋਚਦੈ ਕਿ ਹੁਣ ਤੱਕ ਮੈਂ ਇਸ ਨਜ਼ਾਰੇ ਤੋਂ ਵਾਂਝਾ ਕਿਉਂ ਰਿਹਾ । ਸਰਕਾਰਾਂ ਵੱਲੋਂ ਇਸ ਰੇਲਵੇ ਪੁਲ ਨੂੰ ਕਈ ਵਾਰ ਅਣਸੁਰੱਖਿਅਤ ਐਲਾਨੇ ਜਾਣ ਦੇ ਬਾਵਜੂਦ ਇਸ ਨੂੰ ਵੇਖਣ ਵਾਲੇ ਇੱਕ ਡਰ ਤੇ ਉੱਤੇਜਿੱਤ ਖੁਸ਼ੀ ਦਾ ਲੁਤਫ ਬਿਨ੍ਹਾਂ ਝਿਜਕ ਲੈਂਦੇ ਹਨ । ਬਿਨਾਂ ਸ਼ੱਕ 2 ਕਿਲੋਮੀਟਰ ਲੰਬੇ ਇਸ ਪੁਲ ਤੇ ਸਫ਼ਰ ਕਰਦਿਆਂ ਹਰ ਮਨ ਦੇ ਵਿੱਚ ਖਿਆਲਾਂ ਦਾ ਜਵਾਰ ਭਾਟਾ  ਉਡਾਰੀਆਂ ਮਾਰਦਾ ਰਹਿੰਦਾ ਹੈ । ਜਦ ਵੀ ਕਿਤੇ ਤਾਮਿਲਨਾਡੂ ਜਾਣ ਦਾ ਮੌਕਾ ਮਿਲੇ ਤਾਂ ਭਾਰਤ ਦੇ ਪਹਿਲੇ ਤੇ ਦੁਨੀਆ ਦੇ ਦੂਜੇ ਇਸ  ਖਤਰਨਾਕ ਰੇਲਵੇ ਪੁਲ ਤੇ ਟਰੇਨ ਦੇ ਸਫ਼ਰ ਦਾ ਅਨੰਦ ਜਰੂਰ ਮਾਨਣਾ ਚਾਹੀਦਾ ਹੈ ।

ਮਨਜਿੰਦਰ ਸਿੰਘ ਸਰੌਦ
94634 63136