ਵੋਟਾਂ ਪਾਉਣ ਪਿੱਛੇ ਕੰਮ ਕਰਦੀ ਮਾਨਸਿਕਤਾ  - ਸਵਰਾਜਬੀਰ

ਸਾਲ 2017 ਵਿਚ ਕੁਝ ਵਿਦੇਸ਼ੀ ਅਖ਼ਬਾਰਾਂ ਵਿਚ ਲੰਡਨ ਬਿਜਨਸ ਸਕੂਲ ਵਿਚ ਖੋਜ ਕਰ ਰਹੇ ਹੇਮੰਤ ਕੱਕੜ ਤੇ ਨੀਰੋ ਸਿਵਾਨਾਥਨ ਦੇ ਲੇਖ 'ਦਬਦਬੇ ਵਾਲਾ ਆਗੂ ਚੰਗੀ ਸਾਖ਼ ਵਾਲੇ ਆਗੂ ਤੋਂ ਕਿਉਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ (When the appeal of a dominant leader is greater than a prestige leader)` ਬਾਰੇ ਕਾਫ਼ੀ ਚਰਚਾ ਹੋਈ। ਉਪਨਾਮ 'ਕੱਕੜ' ਨੇ ਵੀ ਮੇਰਾ ਧਿਆਨ ਖਿੱਚਿਆ। ਮੈਂ ਉਸ ਨੂੰ ਈਮੇਲ ਕੀਤੀ ਅਤੇ ਉਸ ਨੂੰ ਆਪਣਾ ਪੂਰਾ ਲੇਖ ਅਤੇ ਸਰਵੇਖਣ ਤੋਂ ਕੱਢੇ ਗਏ ਸਿੱਟਿਆਂ ਬਾਰੇ ਕੁਝ ਵੇਰਵੇ ਭੇਜਣ ਲਈ ਕਿਹਾ। ਇਹ ਸਰਵੇਖਣ 2016 ਵਿਚ ਕੀਤਾ ਗਿਆ ਅਤੇ ਲੇਖ 2017 ਵਿਚ ਪ੍ਰਕਾਸ਼ਿਤ ਹੋਇਆ। ਇਹ ਲੇਖ ਕਈ ਵਰਤਾਰਿਆਂ ਦੇ ਕਾਰਨ ਲੱਭਣਾ ਚਾਹੁੰਦਾ ਸੀ; ਚੀਨ ਵਿਚ ਰਾਸ਼ਟਰਵਾਦ ਦਾ ਉਭਾਰ, ਹਿੰਦੋਸਤਾਨ ਵਿਚ ਨਰਿੰਦਰ ਮੋਦੀ ਦੀ ਚੜ੍ਹਤ, ਉਸ ਵੇਲੇ ਅਮਰੀਕੀ ਚੋਣਾਂ ਵਿਚ ਡੋਨਲਡ ਟਰੰਪ ਨੂੰ ਮਿਲ ਰਹੀ ਹਮਾਇਤ, ਲੋਕ-ਲੁਭਾਊ ਨਾਅਰੇ ਦੇਣ ਵਾਲੇ ਉਨ੍ਹਾਂ ਨੇਤਾਵਾਂ, ਜਿਹੜੇ ਆਪਣੇ ਭਾਸ਼ਨਾਂ ਵਿਚ ਰਾਸ਼ਟਰਵਾਦ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ, ਦੀ ਜਿੱਤ ਜਾਂ ਵਾਪਸੀ। ਕੱਕੜ ਤੇ ਸਿਵਾਨਾਥਨ ਨੇ ਦੋ ਤਰ੍ਹਾਂ ਦੇ ਆਗੂਆਂ ਬਾਰੇ ਸਰਵੇਖਣ ਕੀਤਾ : 'ਡੌਮੀਨੈਂਟ' ਆਗੂ ਭਾਵ ਉਹ ਨੇਤਾ ਜਿਹੜੇ ਜ਼ਿਆਦਾ ਰੋਹਬ ਤੇ ਦਬਦਬੇ ਵਾਲੇ ਹੁੰਦੇ ਹਨ ਤੇ 'ਪ੍ਰੈਸਟੀਜ' ਆਗੂ ਜਿਨ੍ਹਾਂ ਦੀ ਲੋਕਾਂ ਵਿਚ ਇੱਜ਼ਤ ਤੇ ਸਾਖ਼ ਹੁੰਦੀ ਹੈ ਪਰ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਰੋਹਬਦਾਰ ਤੇ ਦਬਦਬੇ ਦੀ ਥਾਂ ਸੰਜਮੀ, ਨਿਰਮਾਣਤਾ ਤੇ ਸੰਤੁਲਨ ਵਾਲੀਆਂ ਹੁੰਦੀਆਂ ਹਨ।
       ਇਸ ਤਰ੍ਹਾਂ ਦੇ ਸਰਵੇਖਣ ਕੋਈ ਨਵੇਂ ਨਹੀਂ। ਇਹੋ ਜਿਹਾ ਸਭ ਤੋਂ ਵੱਡਾ ਸਰਵੇਖਣ 1940ਵਿਆਂ ਵਿਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਬਰਕਲੇ ਵੱਲੋਂ ਕਰਵਾਇਆ ਗਿਆ ਸੀ ਜਿਸ ਦੇ ਖੋਜੀਆਂ ਵਿਚ ਪ੍ਰਸਿੱਧ ਮਨੋਵਿਗਿਆਨੀ ਥਿਊਡਰ ਅਡੋਰਨੋ ਪ੍ਰਮੁੱਖ ਸੀ। ਉਸ ਸਰਵੇਖਣ ਤੋਂ ਬਾਅਦ ਮਸ਼ਹੂਰ ਕਿਤਾਬ 'ਦੀ ਅਥਾਰਿਟੇਰੀਅਨ ਪ੍ਰਸਨੈਲਿਟੀ' ਛਪੀ ਜਿਸ ਵਿਚ ਇਸ ਗੱਲ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ ਕਿ ਮੁਸ਼ਕਲ ਹਾਲਾਤ ਵਿਚ ਲੋਕ ਤਰਕਸ਼ੀਲ ਤੇ ਸੰਜਮਮਈ ਆਗੂਆਂ ਦੀ ਥਾਂ 'ਤੇ ਜ਼ਿਆਦਾ ਤਾਨਾਸ਼ਾਹੀ ਰੁਚੀਆਂ ਰੱਖਣ ਵਾਲੇ ਆਗੂਆਂ ਵੱਲ ਕਿਉਂ ਖਿੱਚੇ ਜਾਂਦੇ ਹਨ। ਇਸ ਕਿਤਾਬ 'ਤੇ ਕਾਫ਼ੀ ਵਾਦ-ਵਿਵਾਦ ਹੋਇਆ ਕਿਉਂਕਿ ਇਸ ਵਿਚ ਕਾਰਲ ਮਾਰਕਸ ਤੇ ਸਿਗਮੰਡ ਫਰਾਇਡ ਦੇ ਸਿਧਾਂਤਾਂ ਨੂੰ ਮਿਲਾਉਣ ਦਾ ਯਤਨ ਕੀਤਾ ਗਿਆ ਪਰ ਇਸ ਵਿਚਲੀ ਖੋਜ ਤੇ ਸਿੱਟਿਆਂ ਨੇ ਸਾਰੇ ਸੰਸਾਰ ਦੇ ਸਮਾਜ ਵਿਗਿਆਨੀਆਂ ਤੇ ਮਨੋਵਿਗਿਆਨਕਾਂ 'ਤੇ ਡੂੰਘਾ ਅਸਰ ਪਾਇਆ ਅਤੇ ਥਾਂ ਥਾਂ 'ਤੇ ਇਸ ਤਰ੍ਹਾਂ ਦੇ ਅਤੇ ਇਸ ਤੋਂ ਸੇਧ ਲੈਂਦੇ ਹੋਏ ਸਰਵੇਖਣ ਕੀਤੇ ਗਏ। ਇਨ੍ਹਾਂ ਵਿਚੋਂ ਇਕ ਮੁੱਖ ਸਰਵੇਖਣ ਮੈਨੀਟੋਬਾ ਯੂਨੀਵਰਸਿਟੀ ਦੇ ਬੌਬ ਅਲਤੀਮੇਅਰ ਨੇ ਕੀਤਾ ਸੀ।
       ਕੱਕੜ ਤੇ ਸਿਵਾਨਾਥਨ ਵੱਲੋਂ ਕੀਤਾ ਗਿਆ ਸਰਵੇਖਣ ਵੀ ਪਹਿਲੇ ਸਰਵੇਖਣਾਂ ਵਿਚ ਹੋਈਆਂ ਲੀਹਾਂ 'ਤੇ ਚਲਦਾ ਹੈ। ਇਸ ਸਰਵੇਖਣ ਅਨੁਸਾਰ ਜਦ ਕਿਸੇ ਖ਼ਿੱਤੇ ਵਿਚ ਆਰਥਿਕ ਅਨਿਸ਼ਚਿਤਤਾ ਤੇ ਬੇਰੁਜ਼ਗਾਰੀ ਵਧਦੀਆਂ ਹਨ ਤਾਂ ਉਸ ਖ਼ਿੱਤੇ ਦੇ ਲੋਕਾਂ ਦੀ ਉਸ ਨੇਤਾ ਲਈ ਪਸੰਦ ਵੀ ਵਧਦੀ ਹੈ ਜਿਹੜਾ ਦ੍ਰਿੜ੍ਹ ਤੇ ਪੱਕੇ ਨਿਸ਼ਚੇ ਵਾਲਾ ਦਿਖਾਈ ਦੇਵੇ, ਜਿਹੜਾ ਆਪਣੀਆਂ ਗੱਲਾਂ ਅਧਿਕਾਰਪੂਰਨ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਹਿਣ ਦੀ ਯੋਗਤਾ ਰੱਖਦਾ ਹੋਵੇ; ਜਿਸ ਦੀ ਸ਼ਖ਼ਸੀਅਤ ਰੋਹਬ ਤੇ ਦਬਦਬੇ ਵਾਲੀ ਤੇ ਦੂਸਰਿਆਂ 'ਤੇ ਹਾਵੀ ਹੋਣ ਵਾਲੀ ਹੋਵੇ। ਸਰਵੇਖਣ ਅਨੁਸਾਰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹੋ ਜਿਹੇ ਨੇਤਾ ਦੇ ਕੰਮ ਕਰਨ ਦੇ ਤੌਰ-ਤਰੀਕੇ ਕਿਹੋ ਜਿਹੇ ਹਨ।
       ਕੱਕੜ ਤੇ ਸ਼ਿਵਨਾਥਨ ਦੇ ਸਰਵੇਖਣ ਦਾ ਇਕ ਭਾਗ ਅਮਰੀਕਾ ਦੀਆਂ ਪਿਛਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ 2016 ਵਿਚ ਕੀਤਾ ਗਿਆ। ਉਸ ਸਰਵੇਖਣ ਅਨੁਸਾਰ ਉਨ੍ਹਾਂ ਵਰਗਾਂ, ਜਿਨ੍ਹਾਂ ਵਿਚ ਬੇਰੁਜ਼ਗਾਰੀ ਤੇ ਭਵਿੱਖ ਬਾਰੇ ਜ਼ਿਆਦਾ ਫ਼ਿਕਰ ਤੇ ਅਨਿਸ਼ਚਿਤਤਾ ਸੀ, ਦੀ ਵੱਡੇ ਤੌਰ 'ਤੇ ਪਸੰਦ ਟਰੰਪ ਸੀ, ਦੂਸਰੇ ਨੰਬਰ 'ਤੇ ਸੀ ਦੋਹਾਂ ਬਾਰੇ ਨਾਪਸੰਦਗੀ, ਹਿਲੇਰੀ ਦਾ ਸਥਾਨ ਤੀਸਰਾ ਸੀ। ਇਸ ਤਰ੍ਹਾਂ ਜਦ ਕਿਸੇ ਦੇਸ਼ ਵਿਚ ਬੇਰੁਜ਼ਗਾਰੀ ਵਧਦੀ ਹੈ ਤਾਂ ਬੇਰੁਜ਼ਗਾਰਾਂ ਦੀ ਪਸੰਦ ਉਹ ਰੋਹਬ ਤੇ ਦਬਦਬੇ ਵਾਲਾ ਨੇਤਾ ਹੁੰਦਾ ਹੈ ਜਿਸ ਦੀ ਸ਼ਖ਼ਸੀਅਤ ਵਿਚੋਂ ਦ੍ਰਿੜ੍ਹਤਾ, ਮਜ਼ਬੂਤੀ ਤੇ ਪਕਿਆਈ ਝਾਕਣ, ਜੋ ਇਹ ਕਹਿ ਸਕੇ ਉਹ ਸਖ਼ਤ ਫ਼ੈਸਲੇ ਲਵੇਗਾ।
        ਆਰਥਿਕ ਅਨਿਸ਼ਚਿਤਤਾ ਦੇ ਵਧਣ ਨਾਲ ਲੋਕਾਂ ਦੇ ਚੇਤਨ ਅਤੇ ਅਵਚੇਤਨ ਵਿਚ ਡਰ ਤੇ ਸਹਿਮ ਦੀ ਭਾਵਨਾ ਵਧਦੀ ਹੈ। ਰੁਜ਼ਗਾਰ ਦੀ ਗ਼ੈਰ-ਮੌਜੂਦਗੀ ਵਿਚ ਲੋਕ ਆਰਥਿਕ ਤੌਰ 'ਤੇ ਹੀ ਨਹੀਂ, ਮਾਨਸਿਕ ਤੌਰ 'ਤੇ ਵੀ ਲਿਤਾੜੇ ਜਾਂਦੇ ਹਨ। ਮਾਨਸਿਕ ਤੌਰ 'ਤੇ ਲਿਤਾੜੇ ਹੋਏ ਲੋਕ ਸਹਾਰਾ ਤੇ ਆਸਰਾ ਲੱਭਦੇ ਹਨ, ਆਸਰਾ ਓਹੀ ਆਗੂ ਦੇ ਸਕਦਾ ਹੈ ਜੋ ਸ਼ਕਤੀਸ਼ਾਲੀ ਦਿਖਾਈ ਦਿੰਦਾ ਹੋਵੇ, ਜਿਸ ਕੋਲ ਆਪਣੀ ਗੱਲ ਪੂਰੇ ਯਕੀਨ ਨਾਲ ਤੇ ਉੱਚੀ ਆਵਾਜ਼ ਵਿਚ ਕਹਿਣ ਦੀ ਸਮਰੱਥਾ ਹੋਵੇ, ਉਸ ਕੋਲ ਲੋਕ-ਲੁਭਾਊ ਨਾਅਰੇ ਹੋਣ ਤੇ ਉਹ ਭਾਸ਼ਾ ਜੋ ਲੋਕਾਂ ਦੇ ਅਚੇਤ ਵਿਚਲੇ ਡਰ ਤੇ ਅਨਿਸ਼ਚਿਤਤਾ ਨਾਲ ਖੇਡ ਸਕਦੀ ਹੋਵੇ। ਕਿੱਦਾਂ ਦੀ ਖੇਡ? ਉਹ ਖੇਡ ਜਿਸ ਵਿਚ ਡਰ ਖ਼ਤਮ ਨਹੀਂ ਹੁੰਦੇ, ਸਗੋਂ ਹੋਰ ਵਧ ਜਾਂਦੇ ਹਨ ਜਾਂ ਵਧਾਏ ਜਾਂਦੇ ਹਨ ਤੇ ਡਰ ਵਧਾਉਣ ਵਾਲਾ ਆਗੂ ਲੋਕਾਂ ਦੇ ਮਨਾਂ 'ਤੇ ਅਧਿਕਾਰ ਕਰਦਾ ਹੋਇਆ ਇਹ ਦੱਸਣ ਵਿਚ ਸਫ਼ਲ ਹੁੰਦਾ ਹੈ ਕਿ ਉਹੀ ਤੇ ਸਿਰਫ਼ ਉਹੀ ਡਰ, ਸਹਿਮ ਤੇ ਅਨਿਸ਼ਚਿਤਤਾ ਨੂੰ ਖ਼ਤਮ ਕਰਨ ਵਾਲਾ ਮਸੀਹਾ ਹੈ; ਇਹੋ ਜਿਹੇ ਹਾਲਾਤ ਵਿਚ ਸੰਜਮੀ ਭਾਸ਼ਾ ਕੰਮ ਨਹੀਂ ਕਰਦੀ - ਕੰਮ ਕਰਦੇ ਹਨ ਡਰ, ਸਹਿਮ ਤੇ ਅਨਿਸ਼ਚਿਤਤਾ ਨੂੰ ਵਧਾਉਣ ਵਾਲੇ ਤੱਤ, ਭੜਕਾਊ ਭਾਸ਼ਾ, ਬਹੁਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ ਦੀ ਹਉਮੈ ਨੂੰ ਪੱਠੇ ਪਾਉਣ ਲਈ ਘੜੇ ਫ਼ਰਜ਼ੀ ਸਿਧਾਂਤ ਤੇ ਪਾਰਟੀ ਦੇ ਆਗੂ ਦੀ ਆਪਣੇ ਆਪ ਨੂੰ ਸਭ ਤੋਂ ਵੱਡਾ, ਉੱਚਾ, ਵਿਵੇਕਸ਼ੀਲ ਤੇ ਬਲੀਦਾਨ ਕਰਨ ਵਾਲਾ ਵਿਅਕਤੀ ਦੱਸਣ ਦੀ ਯੋਗਤਾ।
        ਕੱਕੜ ਤੇ ਸਿਵਾਨਾਥਨ ਨੇ ਅਮਰੀਕਾ ਦੇ ਕੁਝ ਸ਼ਹਿਰਾਂ ਵਿਚ ਇਕ ਹੋਰ ਸਰਵੇਖਣ ਵੀ ਕੀਤਾ। ਉਸ ਵਿਚ ਲੋਕਾਂ ਨੂੰ ਦੱਸਿਆ ਗਿਆ ਕਿ ਸ਼ਹਿਰ ਵਿਚ ਅਤਿਵਾਦੀ ਹਮਲਾ ਹੋਣ ਵਾਲਾ ਹੈ ਤੇ ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਹੋਣ ਵਾਲੇ ਹਮਲੇ ਦਾ ਪਤਾ ਹੈ ਪਰ ਉਹ ਇਸ ਬਾਰੇ ਪੱਕੇ ਤੌਰ 'ਤੇ ਨਹੀਂ ਦੱਸ ਸਕਦੀਆਂ ਕਿ ਹਮਲਾ ਕਦ ਤੇ ਕਿੱਥੇ ਹੋਵੇਗਾ ਤੇ ਇਸ ਲਈ ਭਾਵੇਂ ਉਹ ਇਸ ਹਮਲੇ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਨਗੀਆਂ ਪਰ ਇਹ ਵਿਸ਼ਵਾਸ ਦਿਵਾਉਣਾ ਮੁਸ਼ਕਲ ਹੈ ਕਿ ਉਹ ਹਮਲਾ ਰੋਕ ਸਕਣਗੀਆਂ ਕਿ ਨਹੀਂ। ਜਿਨ੍ਹਾਂ ਲੋਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ, ਤੋਂ ਸਵਾਲ ਪੁੱਛਿਆ ਗਿਆ ਕਿ ਇਹੋ ਜਿਹੇ ਵੇਲ਼ੇ ਉਹ ਕਿਸ ਨੂੰ ਆਪਣੇ ਰਾਸ਼ਟਰਪਤੀ ਵਜੋਂ ਪਸੰਦ ਕਰਨਗੀਆਂ ਤਾਂ ਜਵਾਬ ਬੜਾ ਸਿੱਧਾ ਤੇ ਸਪੱਸ਼ਟ ਸੀ ''ਟਰੰਪ'', ਭਾਵ ਜਦ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਹੁੰਦੀ ਹੈ ਤਾਂ ਉਸ ਵੇਲੇ ਲੋਕ ਉਸ ਨੇਤਾ ਨੂੰ ਹੀ ਪਸੰਦ ਕਰਦੇ ਹਨ ਜਿਸ ਨੂੰ ਉਹ ਸ਼ਕਤੀਸ਼ਾਲੀ ਤੇ ਦ੍ਰਿੜ੍ਹਤਾ ਨਾਲ ਫ਼ੈਸਲੇ ਲੈਣ ਵਾਲਾ ਮੰਨਦੇ ਹਨ।
       ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਲੋਕਾਂ ਦੀ ਸਮੂਹਿਕ ਮਾਨਸਿਕਤਾ ਅਤੇ ਅਵਚੇਤਨ ਲੰਮੀ ਦੇਰ ਲਈ ਪ੍ਰਭਾਵਸ਼ਾਲੀ ਤੇ ਰੋਹਬਦਾਰ ਆਗੂਆਂ ਦੇ ਪ੍ਰਭਾਵ ਹੇਠਾਂ ਰਹਿੰਦੇ ਹਨ। ਪਿਛਲੀ ਸਦੀ ਦੇ ਦੂਸਰੇ ਅੱਧ ਵਿਚ ਇਸ ਦੀਆਂ ਦੋ ਮੁੱਖ ਮਿਸਾਲਾਂ ਇੰਦਰਾ ਗਾਂਧੀ ਅਤੇ ਮਾਰਗਰੇਟ ਥੈਚਰ ਦੇ ਰਾਜਕਾਲ ਹਨ। ਇੰਦਰਾ ਗਾਂਧੀ ਨੇ ਆਪਣਾ ਅਕਸ ਸਖ਼ਤ ਫ਼ੈਸਲੇ ਲੈਣ ਵਾਲੀ ਆਗੂ ਵਜੋਂ ਬਣਾਇਆ। ਉਹ ਲਗਭਗ 15 ਸਾਲ (1966-1977 ਅਤੇ 1980-84) ਪ੍ਰਧਾਨ ਮੰਤਰੀ ਰਹੀ। 1975 ਵਿਚ ਐਮਰਜੈਂਸੀ ਲਾ ਕੇ ਉਸ ਨੇ ਆਪਣੀ ਸਿਆਸੀ ਜ਼ਿੰਦਗੀ ਦੀ ਸਭ ਤੋਂ ਵੱਡੀ ਗ਼ਲਤੀ ਕੀਤੀ ਅਤੇ ਇਸ ਕਾਰਨ ਉਹ 1977 ਦੀਆਂ ਚੋਣਾਂ ਹਾਰ ਗਈ। ਅੱਜ ਵੀ ਲੋਕ ਐਮਰਜੈਂਸੀ ਦੇ ਕਾਲ ਨੂੰ ਦੇਸ਼ ਦੇ ਇਤਿਹਾਸ ਵਿਚ ਬਦਨੁਮਾ ਧੱਬੇ ਵਜੋਂ ਯਾਦ ਕਰਦੇ ਹਨ ਪਰ 1977 ਵਿਚ ਸੱਤਾ ਵਿਚ ਆਈ ਜਨਤਾ ਪਾਰਟੀ ਕਾਰਜਕੁਸ਼ਲਤਾ ਨਾਲ ਰਾਜ ਨਾ ਚਲਾ ਸਕੀ ਤੇ ਬਿਖਰ ਗਈ ਅਤੇ ਉਹੀ ਲੋਕ, ਜਿਨ੍ਹਾਂ ਨੇ 1977 ਵਿਚ ਇੰਦਰਾ ਗਾਂਧੀ ਨੂੰ ਨਕਾਰਿਆ ਸੀ, ਨੇ 1980 ਵਿਚ ਉਸ ਨੂੰ ਵੱਡੀ ਜਿੱਤ ਦਿਵਾਈ। ਮਾਰਗਰੇਟ ਥੈਚਰ ਨੇ ਲੇਬਰ ਪਾਰਟੀ ਨੂੰ ਲਗਾਤਾਰ ਤਿੰਨ ਵਾਰ ਹਰਾਇਆ ਅਤੇ ਲਗਭਗ ਸਾਢੇ ਗਿਆਰਾਂ ਸਾਲ (1979-1990) ਰਾਜ ਕੀਤਾ। ਉਸ ਨੇ ਆਪਣੇ ਰਾਜ ਦੇ ਪਹਿਲੇ ਸਾਲਾਂ ਵਿਚ ਪਰਵਾਸੀਆਂ ਦੇ ਵਿਰੁੱਧ ਸਖ਼ਤ ਫ਼ੈਸਲੇ ਲਏ, ਸਮਾਜਿਕ ਭਲਾਈ ਦੇ ਕੰਮਾਂ 'ਤੇ ਕੀਤੇ ਜਾਣ ਵਾਲੇ ਖਰਚ ਵਿਚ ਕਟੌਤੀ ਕੀਤੀ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਮਜ਼ਬੂਤ ਫ਼ੈਸਲੇ ਕਰਨ ਵਾਲੀ ਆਗੂ ਵਜੋਂ ਉਭਾਰਿਆ। ਉਸ ਦੇ ਸਕੂਲਾਂ ਵਿਚ ਮੁਫ਼ਤ ਦੁੱਧ ਬੰਦ ਕਰਨ ਦੇ ਫ਼ੈਸਲੇ ਵਿਰੁੱਧ ਸ਼ਹਿਰਾਂ ਤੇ ਪਿੰਡਾਂ ਵਿਚ ''ਥੈਚਰ ਥੈਚਰ, ਮਿਲਕ ਸਨੈਚਰ (ਥੈਚਰ ਥੈਚਰ, ਬੱਚਿਆਂ ਤੋਂ ਦੁੱਧ ਖੋਹਣ ਵਾਲੀ)'' ਕਹਿੰਦਿਆਂ ਹੋਇਆਂ ਮੁਜ਼ਾਹਰੇ ਹੋਏ ਪਰ ਉਹ ਇਕ ਤੋਂ ਬਾਅਦ ਦੂਸਰੀ ਚੋਣ ਜਿੱਤਦੀ ਗਈ।
       ਉਪਰਲੀਆਂ ਉਦਾਹਰਨਾਂ ਤੇ ਸਰਵੇਖਣ ਦੱਸਦੇ ਹਨ ਕਿ ਲੋਕਾਂ ਦੇ ਵੋਟ ਪਾਉਣ ਦੀ ਮਾਨਸਿਕਤਾ ਪਿੱਛੇ ਕਿਹੋ ਜਿਹੀ ਪ੍ਰੇਰਨਾ ਤੇ ਕਾਰਨ ਕੰਮ ਕਰਦੇ ਹਨ। ਅੱਜ ਦੇ ਚੋਣ ਨਤੀਜੇ ਵੀ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੀ ਸ਼ਖ਼ਸੀਅਤ ਅਤੇ ਬਾਲਾਕੋਟ ਤੇ ਰਾਸ਼ਟਰਵਾਦ ਦੇ ਆਲੇ-ਦੁਆਲੇ ਬੁਣੇ ਗਏ ਬਿਰਤਾਂਤ ਨੇ ਲੋਕਾਂ ਦੇ ਵੋਟ ਪਾਉਣ ਬਾਰੇ ਰੁਝਾਨਾਂ ਉੱਤੇ ਵੱਡਾ ਅਸਰ ਪਾਇਆ। ਭਾਰਤੀ ਜਨਤਾ ਪਾਰਟੀ ਨੂੰ 2014 ਤੋਂ ਵੀ ਜ਼ਿਆਦਾ ਸੀਟਾਂ ਹਾਸਲ ਹੋਈਆਂ ਜਦੋਂਕਿ ਮਾਹਿਰਾਂ ਦਾ ਕਹਿਣਾ ਸੀ ਕਿ ਭਾਜਪਾ ਕਦੀ ਵੀ 2014 ਵਾਲੇ ਅੰਕੜੇ (282 ਸੀਟਾਂ) ਤੋਂ ਅਗਾਂਹ ਨਹੀਂ ਜਾ ਸਕੇਗੀ ਕਿਉਂਕਿ ਉਹ ਉਸ ਨੂੰ ਭਾਜਪਾ ਦੀ ਸਫ਼ਲਤਾ ਦਾ ਸਿਖ਼ਰ ਮੰਨਦੇ ਸਨ। ਭਾਜਪਾ ਦੇ ਨਾਲ ਜੁੜੀਆਂ ਪਾਰਟੀਆਂ ਨੂੰ ਵੀ ਵੱਡਾ ਫ਼ਾਇਦਾ ਹੋਇਆ ਅਤੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੂੰ 340 ਤੋਂ ਵੱਧ ਸੀਟਾਂ ਮਿਲਣ ਦੀ ਉਮੀਦ ਹੈ। ਕਿਸੇ ਵੀ ਜਮਹੂਰੀਅਤ ਵਿਚ ਸੱਤਾਧਾਰੀ ਪਾਰਟੀ ਦੇ ਨਾਲ ਨਾਲ ਵਿਰੋਧੀ ਧਿਰਾਂ ਦੀ ਖ਼ਾਸ ਅਹਿਮੀਅਤ ਤੇ ਜ਼ਿੰਮੇਵਾਰੀ ਹੁੰਦੀ ਹੈ। ਕਾਂਗਰਸ, ਜਿਸ ਨੇ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਭਾਜਪਾ ਨੂੰ ਹਰਾ ਕੇ ਵੱਡੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਸਨ, ਨੂੰ ਨਾ ਸਿਰਫ਼ ਇਕ ਵਿਰੋਧੀ ਧਿਰ ਵਜੋਂ ਵਿਚਰਨਾ ਹੋਵੇਗਾ ਸਗੋਂ ਆਪਣੇ ਆਪ ਨੂੰ ਬਿਖਰਨ ਤੋਂ ਬਚਾਉਣ ਲਈ ਡੂੰਘਾ ਆਤਮ-ਮੰਥਨ ਵੀ ਕਰਨਾ ਪਵੇਗਾ। ਇਹੀ ਹਾਲ ਖੱਬੇ-ਪੱਖੀ ਪਾਰਟੀਆਂ ਦਾ ਹੈ। ਆਉਣ ਵਾਲੇ ਪੰਜ ਸਾਲ ਦੇਸ਼ ਦੀ ਜਮਹੂਰੀਅਤ ਲਈ ਫ਼ੈਸਲਾਕੁਨ ਹੋਣਗੇ, ਇਹ ਸਮਾਂ ਵਿਰੋਧੀ ਧਿਰਾਂ ਲਈ ਇਸ ਪੱਖ ਤੋਂ ਇਮਤਿਹਾਨ ਦਾ ਸਮਾਂ ਹੈ ਕਿ ਉਹ ਕੋਈ ਉਸਾਰੂ ਭੂਮਿਕਾ ਨਿਭਾ ਸਕਣਗੀਆਂ ਜਾਂ ਫਿਰ ਪਿਛਲੇ ਪੰਜ ਸਾਲਾਂ ਵਾਂਗ ਹੀ ਬਿਖਰੀਆਂ ਰਹਿਣਗੀਆਂ।