ਰਾਹਤ ਦੀ ਥਾਂ ਤਣਾਅ ਦਾ ਘੇਰਾ - ਸ਼ਾਮ ਸਿੰਘ ਅੰਗ ਸੰਗ

ਸਮਾਜ ਵਿਕਸਤ ਹੋਏ ਤਾਂ ਰਾਜੇ, ਬਾਦਸ਼ਾਹ ਅਤੇ ਤਾਨਾਸ਼ਾਹਾਂ ਨੇ ਆਪਣੇ ਹੀ ਲੋਕਾਂ 'ਤੇ ਹੁਕਮ ਚਲਾਉਣੇ ਸ਼ੁਰੂ ਕਰ ਦਿੱਤੇ। ਇਹ ਮਨਮਰਜ਼ੀਆਂ ਦੇ ਮਾਲਕ ਸਨ, ਜਿਸ ਕਾਰਨ ਲੋਕਾਂ ਦੇ ਹਿੱਤ ਵਿੱਚ ਨਾ ਹੋਣ ਕਾਰਨ ਲੋਕ-ਦਿਲਾਂ ਵਿੱਚ ਥਾਂ ਨਹੀਂ ਬਣਾ ਸਕੇ। ਅਸਫ਼ਲ ਹੋਏ ਅਤੇ ਕਈ ਥਾਂ ਰੋਹ ਜਾਗੇ ਅਤੇ ਬਗਾਵਤਾਂ ਹੋਈਆਂ। ਵੱਖ-ਵੱਖ ਸਮਿਆਂ 'ਚ ਵੱਖ-ਵੱਖ ਥਾਵਾਂ 'ਤੇ ਰਾਜ ਕਰਨ ਵਾਲੀਆਂ ਹਕੂਮਤਾਂ ਦੇ ਢੰਗ-ਤਰੀਕੇ ਕਰਵਟ ਲੈਣ ਲੱਗੇ ਅਤੇ ਬਦਲਣੇ ਸ਼ੁਰੂ ਹੋ ਗਏ। ਚੰਗੇਰੇ ਵੀ ਅਤੇ ਮਾੜੇ ਵੀ।
ਸਿੱਖਿਆ ਨਾਲ ਲੋਕ ਸੂਝਵਾਨ ਹੁੰਦੇ ਗਏ ਅਤੇ ਆਪਣੇ ਹੱਕਾਂ ਬਾਰੇ ਜਾਗਰੂਕ ਹੋਣ ਲੱਗ ਪਏ। ਵੱਖ-ਵੱਖ ਦੇਸ਼ਾਂ ਵਿੱਚ ਹੌਲੀ-ਹੌਲੀ ਲੋਕਤੰਤਰ ਪੈਰ ਪਸਾਰਨ ਲੱਗ ਪਿਆ, ਜਿਸ ਵਿੱਚ ਲੋਕਾਂ ਦੀ ਪੁੱਛ-ਪ੍ਰਤੀਤ ਵੀ ਹੋਣ ਲੱਗੀ ਅਤੇ ਉਨ੍ਹਾਂ ਨੂੰ ਰਾਹਤ ਵੀ ਮਿਲਣ ਲੱਗ ਪਈ। ਲੋਕਾਂ ਦੁਆਰਾ ਚੁਣੇ ਜਾਂਦੇ ਨੁਮਾਇੰਦੇ ਆਪਣੇ ਲੋਕਾਂ ਦੀ ਖੈਰ ਸੁੱਖ ਮੰਗਦੇ ਭਲਾਈ ਕਰਨ ਲੱਗੇ।
       ਆਪਣੀ ਸ਼ਮੂਲੀਅਤ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਉਤਸ਼ਾਹ ਵਿੱਚ ਉਨ੍ਹਾਂ ਲੋਕਾਂ ਦੀ ਹਮਾਇਤ ਕਰਨ ਲੱਗ ਪਏ, ਜਿਨ੍ਹਾਂ ਨੇ ਮੁਲਕ ਨੂੰ ਅੱਗੇ ਲਿਜਾਣ ਦਾ ਭਰੋਸਾ ਦਿੱਤਾ। ਪਹਿਲਾਂ-ਪਹਿਲ ਹੋਇਆ ਵੀ। ਜਿੱਥੇ-ਜਿੱਥੇ ਵੀ ਲੋਕਰਾਜ ਸਥਾਪਤ ਹੋਇਆ, ਉੱਥੇ-ਉੱਥੇ ਸਮਾਜ ਤਰੱਕੀ ਦੇ ਰਾਹ ਪੈ ਗਏ। ਲੋਕਾਂ ਨੂੰ ਦੇਸ਼ ਭਗਤੀ ਕਾਰਨ ਮੁਲਕ ਖੁਦ ਦਾ ਜਾਪਣ ਲੱਗ ਪਿਆ, ਪਰ ਜਦ ਹੌਲੀ-ਹੌਲੀ ਹਕੂਮਤ ਪਰਵਾਰਾਂ ਤੱਕ ਹੀ ਸੀਮਤ ਹੋ ਗਈ ਤਾਂ ਜਨਤਾ ਸ਼ੱਕੀ ਹੋਣ ਲੱਗ ਪਈ।
        ਹੋਇਆ ਵੀ ਸੱਚ ਕਿ ਨੇਤਾਜਨ ਚੁਣੇ ਜਾਣ ਬਾਅਦ ਆਪਣੇ ਆਪ ਦੇ ਹੋਣੇ ਸ਼ੁਰੂ ਹੋ ਗਏ ਅਤੇ ਆਪਣੇ ਨਜ਼ਦੀਕੀਆਂ ਵਿੱਚ ਘਿਰੇ ਜਾਣ ਲੱਗ ਪਏ। ਲੋਕਾਂ ਤੋਂ ਬੇਮੁੱਖ ਹੋਏ ਅਜਿਹੇ ਨੇਤਾ ਉਨ੍ਹਾਂ ਦੀਆਂ ਆਸਾਂ 'ਤੇ ਖਰੇ ਉੱਤਰਨੇ ਬੰਦ ਹੋ ਗਏ, ਜਿਸ ਨਾਲ ਲੋਕਤੰਤਰ ਨੂੰ ਸੱਟਾਂ ਵੱਜਣ ਲੱਗ ਪਈਆਂ। ਲੋਕਾਂ ਦੇ ਕੰਮ ਨਾ ਹੁੰਦੇ ਤਾਂ ਉਹ ਤਣਾਅ ਵਿੱਚ ਰਹਿਣ ਲੱਗੇ ਅਤੇ ਇਹ ਏਨਾ ਵਧ ਗਿਆ ਕਿ ਨੇਤਾ ਪਰਾਏ ਜਿਹੇ ਹੋ ਗਏ।
        ਨੇਤਾ ਨੇਤਾਗਿਰੀ ਦੇ ਰਾਹ ਅਜਿਹੇ ਪਏ ਕਿ ਹਰ ਵਾਰ ਚੋਣਾਂ ਵਿੱਚ ਕੁੱਦਣ ਵਾਸਤੇ ਤਿਆਰ-ਬਰ-ਤਿਆਰ ਰਹਿਣ ਲੱਗੇ। ਪਾਰਟੀ ਵੱਲੋਂ ਹਰੀ ਝੰਡੀ ਨਾ ਮਿਲਣ ਕਾਰਨ ਤਣਾਅ ਦਾ ਸ਼ਿਕਾਰ ਹੋ ਜਾਂਦੇ, ਜਿਸ ਕਾਰਨ ਕਈ ਵਾਰ ਪਾਰਟੀ ਬਦਲ ਲੈਂਦੇ। ਕੇਵਲ ਆਪ ਹੀ ਨਹੀਂ, ਉਨ੍ਹਾਂ ਦੇ ਚੇਲੇ-ਚਾਟੜੇ ਵੀ ਤਣਾਅ ਦਾ ਸ਼ਿਕਾਰ ਹੋ ਜਾਂਦੇ। ਤਣਾਅ ਨੂੰ ਜਰਬ ਆਉਂਦੀ ਰਹਿੰਦੀ, ਜਿਸ ਕਾਰਨ ਲੜਾਈ-ਝਗੜੇ ਵੀ ਹੋ ਜਾਂਦੇ, ਜਿਹੜੇ ਲੋਕਤੰਤਰ ਨੂੰ ਬਦਨਾਮ ਕਰਨ ਦਾ ਕੰਮ ਹੀ ਕਰਦੇ।
        ਚੋਣਾਂ ਵਿੱਚ ਇੱਕ ਦੂਜੇ ਉਮੀਦਵਾਰ ਦੀ ਵਿਰੋਧਤਾ ਤਾਂ ਸਹਿਜ ਜਿਹੀ ਕਿਰਿਆ ਹੈ, ਪਰ ਚੋਣ ਲੜਨ ਦੀ ਪ੍ਰਕਿਰਿਆ ਵਿੱਚ ਇੱਕ-ਦੂਜੇ ਦੇ ਦੁਸ਼ਮਣ ਬਣ ਜਾਂਦੇ, ਜੋ ਲੋਕਤੰਤਰ ਦੀ ਭਾਵਨਾ ਹੀ ਨਹੀਂ ਹੁੰਦੀ। ਚੋਣਾਂ ਲਾਲਚ ਦੇ ਕੇ ਜਿੱਤਣੀਆਂ, ਵਾਅਦੇ ਅਤੇ ਲਾਰੇ ਟੰਗਣੇ, ਬੂਥਾਂ 'ਤੇ ਕਬਜ਼ੇ ਕਰਨੇ, ਮਸ਼ੀਨਾਂ ਵਿੱਚ ਹੇਰਾਫੇਰੀ ਕਰਨੀ ਅਜਿਹੀਆਂ ਗੱਲਾਂ ਹਨ, ਜਿਹੜੀਆਂ ਲੋਕਤੰਤਰ 'ਤੇ ਧੱਬੇ ਵੀ ਹਨ ਵੈਰੀ ਵੀ।
       ਅਜਿਹਾ ਹੋਣ ਨਾਲ ਸਾਰਾ ਸਮਾਜ ਹੀ ਤਣਾਅ ਦੀ ਲੰਮੀ ਲਪੇਟ ਵਿੱਚ ਆ ਜਾਂਦਾ ਹੈ, ਜਿਸ ਤੋਂ ਸਹਿਜੇ ਕੀਤੇ ਪਿੱਛਾ ਨਹੀਂ ਛੁੱਟਦਾ। ਫਿਰ ਚੋਣ ਦੀ ਲੰਮੀ ਪ੍ਰਕਿਰਿਆ ਵੀ ਲੋਕਾਂ ਦੇ ਤਣਾਅ ਦਾ ਕਾਰਨ ਬਣਦੀ ਹੈ, ਕਿਉਂ ਜੋ ਕਈ ਦੇਰ ਤੱਕ ਨਤੀਜੇ ਹੀ ਨਹੀਂ ਆਉਂਦੇ। ਨਤੀਜੇ ਉਡੀਕਣੇ ਨੇਤਾਵਾਂ ਲਈ ਵੀ ਆਸਾਨ ਨਹੀਂ ਹੁੰਦੇ। ਕਈ ਇੱਕ ਨੂੰ ਨੀਂਦ ਨਹੀਂ ਆਉਂਦੀ, ਕਈ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਿਸੇ ਨੂੰ ਭਿਆਨਕ ਹਮਲੇ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ।
       ਕਈ ਦਿਨ ਐਗਜ਼ਿਟ ਪੋਲ ਨਤੀਜੇ ਸੁਣਾਏ ਜਾਂਦੇ ਹਨ, ਜਿਹੜੇ ਅਨੁਮਾਨ ਦੇ ਆਧਾਰ 'ਤੇ ਬਹੁਤੇ ਸਹੀ ਤਾਂ ਨਹੀਂ ਹੁੰਦੇ, ਪਰ ਰੌਚਿਕ ਹੋਣ ਕਾਰਨ ਸਾਰਿਆਂ ਦੀ ਉਤਸੁਕਤਾ ਤੋਂ ਦੂਰ ਹੋਣ ਦਾ ਨਾਂਅ ਨਹੀਂ ਲੈਂਦੇ। ਹੁਣ ਪਿਛਲੇ ਕਈ ਦਿਨਾਂ ਤੋਂ ਭਾਰਤ ਦੇ ਲੋਕ ਟੈਲੀਵੀਜ਼ਨਾਂ ਅੱਗੇ ਬੈਠੇ ਘੜੀ-ਘੜੀ ਦੀ ਖ਼ਬਰ ਲੈਣ ਤੋਂ ਨਹੀਂ ਉੱਕਦੇ। ਇਹ ਪੂਰੇ ਦੇਸ਼ ਦੇ ਲੋਕਾਂ ਦਾ ਸਮਾਂ ਜ਼ਾਇਆ ਹੁੰਦਾ ਹੈ, ਜੋ ਮੁਲਕ ਦੇ ਭਲੇ ਵਿੱਚ ਨਹੀਂ।
       ਨਤੀਜੇ ਤੋਂ ਪਹਿਲਾਂ ਸੁਣਾਏ ਜਾਂਦੇ ਅਨੁਮਾਨ-ਨਤੀਜੇ ਹਕੂਮਤ ਵੱਲੋਂ ਪੈਸੇ ਦੇ ਜ਼ੋਰ ਨਾਲ ਵੀ ਸੁਣਾਏ ਜਾਂਦੇ ਹਨ, ਜਿਸ ਦਾ ਸਾਥ ਸਾਰੇ ਚੈਨਲ ਅਤੇ ਮੀਡੀਆ ਦੇ ਹੋਰ ਸਾਧਨ ਵੀ ਬੜੇ ਜ਼ੋਰ-ਸ਼ੋਰ ਨਾਲ ਦਿੰਦੇ ਹਨ, ਜੋ ਠੀਕ ਨਹੀਂ। ਅਨੁਮਾਨ-ਨਤੀਜੇ ਬੰਦ ਹੋਣੇ ਚਾਹੀਦੇ ਹਨ ਤਾਂ ਜੋ ਨੇਤਾਜਨ ਅਤੇ ਦੇਸ਼ ਦੇ ਲੋਕ ਤਣਾਅ ਤੋਂ ਬਚੇ ਰਹਿਣ, ਜਿਹੜਾ ਖਾਹਮਖਾਹ ਹੀ ਉਨ੍ਹਾਂ ਨੂੰ ਭੁਗਤਣਾ ਪੈ ਜਾਂਦਾ। ਜਦ ਪੱਕੇ ਨਤੀਜੇ ਨੇ ਆਉਣਾ ਹੀ ਹੁੰਦਾ ਹੈ, ਫਿਰ ਅਨੁਮਾਨ ਨਤੀਜੇ ਸੁਣਾਏ ਜਾਣ ਦਾ ਕੋਈ ਫਾਇਦਾ ਨਹੀਂ।
ਹਕੂਮਤ ਨੇ ਲੋਕਾਂ ਨੂੰ ਰਾਹਤ ਦੇਣੀ ਹੁੰਦੀ ਹੈ, ਤਣਾਅ-ਮੁਕਤ ਕਰਨਾ ਹੁੰਦਾ ਹੈ ਪਰ ਇੱਥੇ ਤਣਾਅ ਵਿੱਚ ਪਾ ਕੇ ਇਸ ਦਾ ਘੇਰਾ ਵੱਡਾ ਕਰ ਦਿੱਤਾ ਜਾਂਦਾ ਹੈ ਤਾਂ ਜੋ ਜਨਤਾ ਇਸ ਦੀਆਂ ਘੁੰਮਣਘੇਰੀਆਂ ਵਿੱਚ ਫਸੀ ਰਹੇ। ਤਣਾਅ ਦਾ ਘੇਰਾ ਦੇਸ਼ ਵਾਸੀਆਂ ਦੀ ਸਿਹਤ ਖ਼ਰਾਬ ਕਰਦਾ ਹੈ, ਜਿਸ ਤੋਂ ਬਚਾਏ ਜਾਣ ਲਈ ਕਦਮ ਉਠਾਉਣੇ ਹੀ ਚੰਗਾ ਰਹੇਗਾ।
        ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਸਰਵੇ, ਅਨੁਮਾਨਾਂ ਅਤੇ ਪੇਡ ਖ਼ਬਰਾਂ ਉੱਤੇ ਸਦਾ-ਸਦਾ ਲਈ ਸਖ਼ਤੀ ਨਾਲ ਪਾਬੰਦੀ ਲਾਵੇ ਤਾਂ ਜੋ ਸਰਕਾਰਾਂ ਵੀ ਇਸ 'ਚ ਤਬਦੀਲੀ ਕਰਨ ਦਾ ਹੌਸਲਾ ਨਾ ਕਰ ਸਕਣ। ਅਜਿਹਾ ਹੋਣ ਨਾਲ ਦੇਸ਼ ਵਿੱਚ ਚੋਣਾਂ ਨਿਰਪੱਖ ਅਤੇ ਸਾਫ਼-ਸੁਥਰੇ ਢੰਗ ਨਾਲ ਹੋ ਸਕਣਗੀਆਂ। ਨਿਰਪੱਖਤਾ ਅਤੇ ਇਮਾਨਦਾਰੀ ਨਾਲ ਚੋਣਾਂ ਹੋਣ ਨਾਲ ਲੋਕਤੰਤਰ ਵਿੱਚ ਮੁੜ ਜਾਨ ਪੈ ਸਕਦੀ ਹੈ, ਜਿਸ ਨੂੰ ਕੱਢਣ ਵਾਲਿਆਂ ਨੂੰ ਢੁਕਵਾਂ ਸਬਕ ਮਿਲ ਸਕੇਗਾ।
      ਦੇਸ਼ ਅਤੇ ਲੋਕਾਂ ਨੂੰ ਰਾਹਤ ਦੀ ਥਾਂ ਤਣਾਅ ਦੇ ਘੇਰੇ ਵਿੱਚ ਰਹਿਣ ਲਈ ਮਜਬੂਰ ਹੋਣਾ ਪਵੇ ਇਹ ਸਮਾਜ ਦੀ ਤਰੱਕੀ ਦੇ ਰਾਹ ਵਿੱਚ ਵੱਡਾ ਰੋੜਾ ਹੈ, ਜੋ ਨਹੀਂ ਹੋਣਾ ਚਾਹੀਦਾ। ਆਪੋ-ਆਪਣੀ ਆਵਾਜ਼ ਉਠਾ ਕੇ ਆਪਣੇ-ਆਪ ਨੂੰ ਵੀ ਬੁਲੰਦ ਕਰੀਏ ਤਾਂ ਜੋ ਸਰਕਾਰਾਂ ਮਨਮਾਨੀ ਕਰਨ ਤੋਂ ਬਾਜ਼ ਆਉਣ।

ਕੋਈ ਜਿੱਤੇ ਕੋਈ ਹਾਰੇ
ਹੁਣ ਵਕਤ ਅਜਿਹਾ ਆ ਗਿਆ, ਜਿੱਥੇ ਏਹੀ ਕਹਿਣਾ ਪਵੇਗਾ ਕਿ ਕੋਈ ਜਿੱਤੇ ਕੋਈ ਹਾਰੇ, ਪਰ ਆਪਣੇ ਹੀ ਸਾਰੇ। ਇਸ ਲਈ ਕਿ ਉਹ ਸਾਡੇ ਦੇਸ਼ ਵਾਸੀਆਂ ਦੇ ਨੁਮਾਇੰਦੇ ਹੀ ਹਨ, ਪਰਵਾਸੀ ਨਹੀਂ। ਚੰਗਾ ਹੋਵੇ ਜੇ ਚੁਣੇ ਹੋਏ ਨੁਮਾਇੰਦੇ ਉਹ ਕੰਮ ਸੁਹਿਰਦ ਹੋ ਕੇ ਇਮਾਨਦਾਰੀ ਨਾਲ ਕਰਨ, ਜਿਸ ਲਈ ਉਨ੍ਹਾਂ ਨੂੰ ਹਮਾਇਤ ਵੀ ਦਿੱਤੀ ਗਈ ਅਤੇ ਜਿਤਾਇਆ ਵੀ ਗਿਆ। ਅੱਜ ਤੋਂ ਹੀ ਉਨ੍ਹਾਂ ਨੂੰ ਤਹੱਈਆ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਦੇ ਚਿਹਰੇ-ਮੋਹਰੇ ਨੂੰ ਨਿਖਾਰਨ-ਸੰਵਾਰਨ ਲਈ ਕਾਰਜ ਕਰਨਗੇ ਅਤੇ ਲੋਕਾਂ ਦੀ ਖੁਸ਼ਹਾਲੀ ਵਾਸਤੇ ਢੁਕਵੇਂ ਕਦਮ ਉਠਾਉਣਗੇ। ਜਿਹੜੇ ਵਾਅਦੇ ਲੋਕਾਂ ਨਾਲ ਰੈਲੀਆਂ, ਕਾਨਫ਼ਰੰਸਾਂ ਵਿੱਚ ਕੀਤੇ, ਉਹ ਤਨਦੇਹੀ ਨਾਲ ਪੂਰੇ ਕਰਨ ਵਾਸਤੇ ਤਾਣ ਲਾਉਣ।
      ਹਾਰਨ ਵਾਲਿਆਂ ਨੂੰ ਘਬਰਾਉਣਾ ਨਹੀਂ ਚਾਹੀਦਾ, ਦਿਲ ਥੋੜ੍ਹਾ ਨਹੀਂ ਕਰਨਾ ਚਾਹੀਦਾ। ਅਗਲੀਆਂ ਚੋਣਾਂ ਲਈ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਚੰਗੇ ਨਤੀਜੇ ਨਿਕਲਣ। ਉਨ੍ਹਾਂ ਨੂੰ ਲੋਕਾਂ ਨਾਲ ਸੰਪਰਕ ਪਹਿਲਾਂ ਨਾਲੋਂ ਜ਼ਿਆਦਾ ਵਧਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਦਿਲ ਜਿੱਤੇ ਜਾ ਸਕਣ। ਜਿਹੜੇ ਨੁਕਸ ਇਸ ਵਾਰ ਰਹਿ ਗਏ, ਉਹ ਅਗਲੀ ਵਾਰ ਲਈ ਦੂਰ ਕਰ ਲਏ ਜਾਣ ਤਾਂ ਜੋ ਲੋਕਾਂ ਦਾ ਭਰੋਸਾ ਹਾਸਲ ਕਰ ਸਕਣ।
       ਜਿੱਤੇ ਹੋਇਆਂ ਨੂੰ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਤਾਂ ਜੋ ਲੋਕਾਂ ਦਾ ਨੇਤਾਵਾਂ ਵਿੱਚ ਵੀ ਭਰੋਸਾ ਬਣਿਆ ਰਹੇ ਅਤੇ ਦੇਸ਼ ਦੇ ਲੋਕਤੰਤਰ ਵਿੱਚ ਵੀ। ਜਿੱਤਣ ਬਾਅਦ ਉਹ ਕੇਵਲ ਆਪਣੀ ਪਾਰਟੀ, ਆਪਣੇ ਧੜੇ ਦੇ ਨੇਤਾ ਨਹੀਂ, ਸਗੋਂ ਪੂਰੇ ਹਲਕੇ ਦੀ ਅਗਵਾਈ ਕਰਨ ਵਾਲੇ ਹਨ, ਜੋ ਹਲਕੇ ਨੂੰ ਸਵਰਗ ਬਣਾਉਣ ਲਈ ਕੰਮ ਕਰਨ।


ਲਤੀਫ਼ੇ ਦਾ ਚਿਹਰਾ ਮੋਹਰਾ

ਅੰਗਰੇਜ਼ੀ ਵਿਚ ਕਈ ਅੱਖਰ ਖਾਮੋਸ਼ ਰਹਿੰਦੇ
ਹਨ ਜਿਨ੍ਹਾਂ ਨੂੰ ਸਾਈਲੈਂਟ ਕਿਹਾ ਜਾਂਦੈ ਪਰ
ਪੰਜਾਬੀ ਵੀ ਪਿੱਛੇ ਨਹੀਂ ਜ਼ਰਾ ਧਿਆਨ ਦਿਓ
ਜਦ ਕੋਈ ਦੁਕਾਨਦਾਰ ਕਹਿੰਦਾ ਹੈ ਕਿ
ਤੁਹਾਨੂੰ 'ਜ਼ਿਆਦਾ ਨਹੀਂ ਲਗਾਉਂਦੇ'
ਇਸ ਵਿੱਚ 'ਚੂਨਾ' ਵਿਚਾਰਾ ਚੁੱਪ ਹੈ।
ਵਿਆਹ ਦੇ ਸਮੇਂ ਕਿਹਾ ਜਾਂਦਾ ਹੈ ਕਿ
ਲੜਕੀ 'ਨਿਰੀ ਗਾਂ ਹੈ ਨਿਰੀ ਗਾਂ'
ਇਸ ਵਿੱਚ 'ਸਿੰਗਾਂ ਵਾਲੀ' ਸਾਈਲੈਂਟ ਹੈ।
ਇਸੇ ਤਰ੍ਹਾਂ ਜਦ 'ਵਿਦਾਈ' ਸਮੇਂ ਲਾੜੇ
ਨੂੰ ਕਿਹਾ ਜਾਂਦਾ 'ਕਿ ਖ਼ਿਆਲ ਰੱਖਣਾ'
ਤਾਂ 'ਇਸ ਤੋਂ ਆਪਣਾ' ਚੁੱਪ ਰਹਿੰਦਾ ਹੈ।

ਸੰਪਰਕ : 98141-13338