ਤਾਏ ਦੀ ਨਿਸ਼ਾਨੀ - ਡਾ. ਸ.ਸ. ਛੀਨਾ

ਭਾਈਆ ਜੀ (ਦਾਦਾ ਜੀ) ਅਤੇ ਭਾਪਾ ਜੀ ਵਲੋਂ ਸਾਨੂੰ ਕਈ ਵਾਰ ਇਹ ਹਿਦਾਇਤ ਦੀਤੀ ਜਾਦੀ ਸੀ ਕਿ ਸਾਡੇ ਘਰ ਦੇ ਇਕ ਬਜੁਰਗ ਨੌਕਰ ਜਿਸ ਨੂੰ ਆਮ ਹੀ ਨਿਹਾਲਾ ਕਿਹਾ ਜਾਦਾ ਸੀ ਉਹਨਾਂ ਨੂੰ ਭਾਈ ਜੀ ਕਿਹਾ ਕਰੋ। ਜਦੋਂ ਕਦੀ ਸਾਡੇ ਮੂੰਹ ਵਿਚੋਂ ਨਿਹਾਲਾ ਨਿਕਲ ਜਾਂਦਾ ਤਾਂ ਭਾਈਆ ਜੀ, ਭਾਪਾ ਜੀ, ਬੇਬੇ ਜੀ (ਦਾਦੀ ਜੀ) ਜਾ ਬੀਬੀ ਜੀ ਵਲੋਂ ਸਾਨੂੰ ਸਖਤ ਤਾੜਨਾ ਕੀਤੀ ਜਾਂਦੀ ਕਿ ਭਾਈ ਜੀ ਕਿਹਾ ਕਰੋ। ਬਚਪਨ ਵਿਚ ਤਾਂ ਭਾਵੇਂ ਇਸ ਗਲ ਦੀ ਸਮਝ ਨਹੀ ਸੀ ਆਉਂਦੀ ਕਿ ਗੁਰਾ ਅਤੇ ਫੀਕਾਂ ਵੀ ਤਾਂ ਇਸ ਤਰਾਂ ਦੇ ਹੀ ਨੌਕਰ ਹਨ ਉਹਨਾਂ ਬਾਰੇ ਤਾਂ ਕਦੀ ਨਹੀ ਕਿਹਾ ਭਾਈ ਨਿਹਾਲ ਮਸੀਹ ਬਾਰੇ ਕਿਉਂ ਇਸ ਤਰਾਂ ਕਿਹਾ ਜਾਂਦਾ ਹੈ, ਪਰ ਜਦ ਅਸੀ ਹੋਸ਼ ਸੰਭਾਲੀ ਤਾਂ ਭਾਈ ਨਿਹਾਲ ਮਸੀਹ ਦੀ ਕੁਰਬਾਨੀ ਨੂੰ ਅਸੀ ਹੀ ਹੋਰ ਲੋਕਾਂ ਨੂੰ ਦੱਸਦੇ ਹੁੰਦੇ ਸਾਂ ਜਿਸ ਦੀ ਮਿਸਾਲ ਬਹੁਤ ਹੀ ਘਟ ਮਿਲਦੀ ਹੈ।

        1947 ਦੀ ਵੰਡ ਵੇਲੇ ਸਾਡਾ ਸਾਰਾ ਹੀ ਪ੍ਰੀਵਾਰ ਲੋੜੀਂਦਾ ਸਮਾਨ ਲੈ ਕੇ ਟਰੱਕ ਰਾਹੀਂ ਵਾਹਗੇ ਵਾਲੀ ਸਰਹਦ ਪਾਰ ਕਰ ਗਿਆ ਜਦੋ ਕਿ ਭਾਪਾ ਜੀ ਹੋਰ ਜ਼ਰੂਰੀ ਸਮਾਨ ਲੈ ਕੇ ਗਡੇ ਰਾਹੀਂ ਬਾਕੀ ਕਾਫਲੇ ਦੇ ਨਾਲ ਆਏ। ਜਦੋ ਗਡਾ ਤੁਰਣ ਲਗਾ ਤਾਂ ਭਾਈ ਨਿਹਾਲ ਮਸੀਹ ਜੋ ਸਾਡੇ ਘਰ ਵਿਚ ਸਾਡੇ ਬਾਬਾ ਜੀ (ਦਾਦਾ ਜੀ ਦੇ ਪਿਤਾ) ਦੇ ਸਮੇ ਤੋਂ ਨਾਲ ਕੰਮ ਕਰਦਾ ਆ ਰਿਹਾ ਸੀ, ਉਹ ਅਤੇ ਉਸ ਦਾ 12 ਕੁ ਸਾਲ ਦਾ ਲੜਕਾ ਆਪਣੇਂ ਕੁਝ ਕਪੜੇ ਇਕ ਵੱਡੇ ਸਾਰੇ ਕਪੜੇ ਦੇ ਝੋਲੇ ਵਿਚ ਪਾ ਕੇ ਗਡੇ ਦੇ ਲਾਗੇ ਖੜੇ ਸਨ। ਇੰਨਾਂ ਦੋਵਾਂ ਨੂੰ ਸਿੱਖਾਂ ਅਤੇ ਹਿੰਦੂਆਂ ਦੇ ਪਿੰਡ ਛੱਡ ਕੇ ਜਾਣ ਵਾਲੇ ਲੋਕਾਂ ਦੇ ਨਾਲ ਖੜਾ ਵੇਖ ਕੇ ਸਾਰਾ ਹੀ ਪਿੰਡ ਹੈਰਾਨ ਸੀ। ਬਾਕੀ ਈਸਾਈ ਪ੍ਰੀਵਾਰ ਤਾਂ ਅਰਾਮ ਨਾਲ ਇੰਨਾਂ ਜਾਣ ਵਾਲਿਆ ਵਲ ਵੇਖ ਰਹੇ ਸਨ ਅਤੇ ਉਹਨਾਂ ਨੂੰ ਮਿਲ ਰਹੇ ਸਨ। ਜਦ ਭਾਪਾ ਜੀ ਹਰ ਇਕ ਤੋਂ ਵਿਦਾਈ ਲੈ ਕੇ ਭਾਈ ਨਿਹਾਲ ਮਸੀਹ ਨੂੰ ਮਿਲੇ ਤਾਂ ਉਸ ਦੇ ਜੁਆਬ ਨੂੰ ਸੁਣ ਕੇ ਹੈਰਾਨ ਹੀ ਹੋ ਗਏ ਉਹ ਕਹਿ ਰਿਹਾ ਸੀ ਕਿ ਉਹ ਵੀ ਉਹਨਾਂ ਦੇ ਨਾਲ ਜਾਵੇਗਾ ਪਰ ਭਾਪਾ ਜੀ ਨੇ ਉਸ ਨੂੰ ਅਤੇ ਵਧਾਵੇ ਨੂੰ ਬਹੁਤ ਸਮਝਾਇਆ ਕਿ ਨਿਹਾਲ ਮਸੀਹ ਹਾਲਾਤ ਬਹੁਤ ਖਤਰਨਾਕ ਹਨ, ਸਾਨੂੰ ਵੀ ਕਈ ਖਤਰਿਆ ਦਾ ਸਾਹਮਣਾਂ ਕਰਣਾ ਪੈਣਾ ਹੈ। ਸਾਨੂੰ ਤੇ ਇਹ ਵੀ ਨਹੀ ਪਤਾ ਕਿ ਜਾਣਾ ਕਿਥੇ ਹੈ, ਅਤੇ ਪਹੁੰਚਣਾ ਵੀ ਹੈ ਕਿ ਨਹੀ, ਰੋਜਾਨਾਂ ਬੜੀਆਂ ਭੈੜੀਆਂ-2 ਖਬਰਾਂ ਸੁਣਦੇ ਰਹਿੰਦੇ ਹਾਂ, ਤੂੰ ਆਪਣੀ ਜਿੰਦਗੀ ਨੂੰ ਕਿਉਂ ਖਤਰੇ ਵਿਚ ਪਾ ਰਿਹਾ ਹੈ। ਤੁਸੀ ਹਿੰਦੂ ਸਮਝ ਕੇ ਵੀ ਮਾਰੇ ਜਾਂ ਸਕਦੇ ਹੋ ਅਤੇ ਤੁਸੀ ਮੁਸਲਮਾਨ ਸਮਝ ਕੇ ਵੀ ਮਾਰੇ ਜਾ ਸਕਦੇ ਹੋ ਅਤੇ ਭਾਪਾ ਜੀ ਨੇ ਉਹਨਾਂ ਨੂੰ ਆਪਣੇ ਨਾਲ ਨਾ ਜਾਣ ਦੀ ਹਰ ਦਲੀਲ ਦੇ ਕੇ ਉਥੇ ਹੀ ਰਹਿਣ ਦੀ ਸਲਾਹ ਦਿਤੀ ਸਗੋਂ ਭਾਪਾ ਜੀ ਨੇ ਪਿੰਡ ਦੇ ਲੋਕਾਂ ਕੋਲੋਂ ਵੀ ਉਹਨਾਂ ਨੂੰ ਨਾਲ ਨਾ ਜਾਣ ਦੀਆਂ ਸਲਾਹਾਂ ਦਿਵਾਈਆਂ ਪਰ ਨਿਹਾਲ ਮਸੀਹ ਦੀਆਂ ਅੱਖਾਂ ਵਿਚ ਅਖਰੂ ਸਨ ਅਤੇ ਉਸ ਦਾ ਇਕ ਹੀ ਜਵਾਬ ਸੀ।

        ''ਇਹ ਕਿਸ ਤਰਾਂ ਹੋ ਸਕਦਾ ਹੈ, ਅਸੀ ਨੰਬਰਦਾਰ ਦਾ ਦੇਣ ਨਹੀ ਦੇ ਸਕਦੇ, ਹਜਾਰਾਂ ਵਾਰ ਉਸ ਨੇ ਸਾਡੀ ਮਦਦ ਕੀਤੀ, ਹਜਾਰਾਂ ਮੁਸੀਬਤਾਂ ਵਿਚੋ ਉਸ ਨੇ ਸਾਨੂੰ ਕਢਿਆ, ਅਜ ਜਦੋਂ ਤੁਸੀਂ ਮੁਸੀਬਤ ਵਿਚ ਹੋ ਤਾਂ ਤੁਹਾਨੂੰ ਛਡ ਕੇ ਚਲਾ ਜਾਵਾਂ ਲਾਹਨਤ ਹੈ ਐਸੀ ਜਿੰਦਗੀ ਤੇ, ਜੇ ਤੁਹਾਡੇ ਨਾਲ ਜਾਂਦਿਆਂ ਅਸੀਂ ਮਰ ਵੀ ਜਾਵਾਂਗੇ ਤਾਂ ਅਸੀ ਇਸ ਨੂੰ ਗਨੀਮਤ ਸਮਝਾਂਗੇ, ਮੈ ਤੁਹਾਨੂੰ ਇਕਲਿਆਂ ਨੂੰ ਨਹੀ ਜਾਣ ਦੇਣਾ ਅਤੇ ਉਹ ਪ੍ਰਾਣੀ ਲੈ ਕੇ ਗਡੇ ਦੇ ਅੱਗੇ ਬੈਠ ਗਿਆ ਅਤੇ ਭਾਪਾ ਜੀ ਅਤੇ ਵਧਾਵਾ ਗਡੇ ਦੇ ਪਿਛੇ ਬੈਠ ਗਏ।''

   ਰਸਤੇ ਵਿਚ ਜਦ ਉਹ ਪਿੰਡ ਤੋਂ 8, 10 ਪੈਲੀਆਂ ਆ ਕੇ ਬਾਕੀ ਕਾਫਲੇ ਨਾਲ ਰਲ ਗਏ ਸਨ ਤਾਂ ਭਾਪਾ ਜੀ ਨੇ ਉਹਨਾਂ ਨੂੰ ਵਖਰਿਆਂ ਕਰ ਕੇ ਫਿਰ ਵਾਪਿਸ ਮੁੜ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਬਾਰ-ਬਾਰ ਉਹਨਾਂ ਨੂੰ ਕਿਹਾ ਕਿ ਇਸ ਹਾਲਤ ਵਿਚ ਤਾਂ ਰਿਸ਼ਤੇਦਾਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਹੀ ਪਹਿਚਾਣਦੇ, ਤੁਸੀ ਕਿਉ ਆਪਣੇ ਆਪ ਨੂੰ ਮੁਸੀਬਤ ਵਿਚ ਪਾ ਰਹੇ ਹ,ੋ ਜਾਉ ਅਰਾਮ ਨਾਲ ਜਾ ਕੇ ਆਪਣੇ ਭਰਾਵਾਂ ਨਾਲ ਰਹੋ ਪਰ ਨਿਹਾਲ ਮਸੀਹ ਬਾਜਿਦ ਸੀ।

   ਰਸਤੇ ਵਿਚ ਸਿੱਖਾਂ ਹਿੰਦੂਆਂ ਦੇ ਵਾਕਿਫ ਮੁਸਲਿਮ ਜਫੀਆਂ ਪਾ ਕੇ ਇਕ ਦੂਜੇ ਨੂੰ ਮਿਲ ਰਹੇ ਸਨ, ਕਿਸੇ ਨੂੰ ਮਹੌਲ ਦੀ ਸਮਝ ਨਹੀਂ ਸੀ ਲਗ ਰਹੀ। ਉਹਨਾਂ ਦੀਆ ਅੱਖਾਂ ਵਿਚ ਅਥਰੂ ਸਨ ਪਰ ਹਰ ਇਕ ਨੂੰ ਇਸ ਤਰ੍ਹਾਂ ਦੀ ੳਮੀਦ ਸੀ ਕਿ ਛੇਤੀ ਇਹ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਹ ਵਾਪਿਸ ਮੁੜ ਆਉਣਗੇ, ਅਤੇ ਉਹ ਜਾਣ ਵਾਲੇ ਫਿਰ ਉਹਨਾਂ ਘਰਾਂ ਵਿਚ ਵਾਪਿਸ ਮੁੜ ਆਉਣਗੇ, ਜਿਹੜੇ ਉਹਨਾਂ ਨੇ ਆਪ ਛੱਡੇ ਸਨ। ਘਟੋ ਘੱਟ ਇਹ ਤਾਂ ਹਰ ਇਕ ਨੂੰ ਹੀ ਉਮੀਦ ਸੀ ਕਿ ਉਹ ਅਸਾਨੀ ਨਾਲ ਇਕ ਦੂਜੇ ਨੂੰ ਮਿਲਦੇ ਤਾਂ ਰਹਿਣਗੇ ਹੀ। ਜਾਂਦੇ ਹੋਏ ਉਹ ਪਿਛੇ ਮੁੜ-ਮੜ ਕੇ ਆਪਣੇ ਘਰਾਂ ਦੀਆ ਛੱਤਾਂ ਵਲ ਵੇਖ ਲੈਂਦੇ ਅਤੇ ਫਿਰ ਅਗੇ ਤੁਰ ਪੈਂਦੇ।

   ਇਸ ਹੀ ਉਮੀਦ ਵਿਚ ਭਾਈ ਜੀ ਤਿੰਨ ਚਾਰ ਮਹੀਨੇ ਸਾਡੇ ਇਧਰ ਵਾਲੇ ਨਵੇਂ ਘਰ ਵਿਚ ਰਹੇ ਅਤੇ ਇਸ ਸਮੇਂ ਵਿਚ ਉਹ ਅਸਾਨੀ ਨਾਲ ਵਾਪਿਸ ਜਾ ਸਕਦੇ ਸਨ, ਪਰ ਫਿਰ ਆਉਣਾ ਜਾਣਾ ਪਰਮਿਟ ਤੇ ਸ਼ੁਰੂ ਹੋ ਗਿਆ। ਪਰ ਇਹ ਵੀ ਮੁਸ਼ਕਲ ਨਹੀਂ ਸੀ ਅਤੇ ਫਿਰ ਭਾਈਆ ਜੀ ਹੀ ਭਾਈ ਨਿਹਾਲ ਮਸੀਹ ਨੂੰ ਕਹਿਣ ਲਗੇ, ਭਾਈ ਜੀ ਉਥੇ ਵੀ ਤੁਸਾਂ ਹੱਥਾਂ ਨਾਲ ਮਿਹਨਤ ਕਰਣੀ ਹੈ ਅਤੇ ਇਧਰ ਵੀ, ਜੇ ਤੇਰਾ ਦਿਲ ਕਰਦਾ ਹੈ ਤਾਂ ਤੂੰ ਇਥੇ ਹੀ ਰਹਿ ਪਉ ਅਤੇ ਭਾਈਆ ਜੀ ਨੇ ਉਹਨਾਂ ਨੂੰ ਅਲਾਟ ਹੋਏ ਘਰਾਂ ਵਿਚੋਂ ਇਕ ਕਨਾਲ ਜਗਾਹ, ਮਲਬਾ ਅਤੇ ਪੈਸੇ ਦੇ ਕੇ ਉਨਾਂ ਦਾ ਘਰ ਬਣਵਾ ਦਿਤਾ ਅਤੇ ਉਹ ਉਥੇ ਹੀ ਪੱਕੇ ਤੌਰ ਤੇ ਰਹਿਣ ਲੱਗ ਪਿਆ। ਵਧਾਵੇ ਦੀ ਸ਼ਾਦੀ ਹੋ ਗਈ, ਭਾਈ ਜੀ ਪੋਤਰੇ, ਪੋਤਰੀਆਂ ਵਾਲੇ ਬਣ ਗਏ, ਪਰ ਫਿਰ ਉਹਨਾਂ ਨੂੰ ਆਪਣੇ ਘਰ ਅਤੇ ਭਰਾਵਾਂ ਦੀ ਯਾਦ ਆਉਣ ਲਗ ਪਈ।

   ਉਸ ਨੇ ਪਾਸਪੋਰਟ ਬਨਾਉਣ ਦੀ ਕੋਸ਼ਿਸ਼ ਕੀਤੀ, ਕਦੀ ਜਨਮ ਤਰੀਕ ਦੀ ਗਲਤੀ, ਕਦੀ ਕੋਈ ਤਰੁਟੀ ਅਤੇ ਫਿਰ ਉਹ ਕੋਸ਼ਿਸ਼ ਛੱਡ ਦਿੰਦਾ। ਉਹਨਾਂ ਦਿਨਾਂ ਵਿਚ ਪਾਸਪੋਰਟ ਵੀ ਦਿੱਲੀ ਤੋਂ ਬਣਦੇ ਸਨ, ਫਿਰ ਉਹ ਭੁਲ ਜਾਂਦਾ ਪਰ ਕੋਈ ਚਾਰ ਮਹੀਨੇ ਫਿਰ ਕਹਿਣ ਲਗ ਪੈਂਦਾ ਰਾਤੀ ਸੁਪਨੇ ਵਿਚ ਮੈਨੂੰ ਮੇਰੇ ਅਬਾ ਮਿਲੇ ਸਨ, ਉਹ ਕਹਿੰਦੇ ਸਨ ਤੈਨੂੰ 96 ਦੀਆਂ ਕਬਰਾਂ ਉਡੀਕਦੀਆਂ ਹਨ, ਆਪਣੇ ਭਰਾਵਾਂ ਕੋਲ ਕਿਉਂ ਨਹੀ ਜਾਂਦਾ, ਜਾ ਅਤੇ ਆਪਣੇ ਭਰਾਵਾਂ ਦੇ ਨਾਲ ਦੀਆਂ ਕਬਰਾਂ ਵਿਚ ਅਰਾਮ ਕਰ।

   ਕੁਝ ਦਿਨਾਂ ਬਾਦ ਭੁਲ ਜਾਂਦੇ, ਫਿਰ ਸਭ ਕੁਝ ਭੁਲ ਜਾਂਦਾ ਕੁਝ ਦਿਰ ਬਾਦ ਫਿਰ ਮਿਲਣ ਦੀ ਖਾਹਿਸ਼ ਪੈਦਾ ਹੁੰਦੀ, ਪਾਸਪੋਰਟ ਬਨਾਉਣਾ ਸ਼ੁਰੂ ਹੁੰਦਾ, ਪਰ ਅਧੇ ਮਨ ਨਾਲ ਸ਼ੁਰੂ ਹੋਈ ਕੋਸ਼ਿਸ਼ ਫਿਰ ਵਿਚ ਹੀ ਛੱਡ ਦਿਤੀ ਜਾਦੀ ਅਤੇ ਅਖੀਰ ਉਸ ਨੇ ਜਿਵੇਂ ਇਸ ਤਰਾਂ ਦੀ ਆਪਣੇ ਵਿਛੜੇ ਪ੍ਰੀਵਾਰ ਨੂੰ ਮਿਲਣ ਦੀ ਖਾਹਿਸ਼ ਨੂੰ ਛੱਡ ਹੀ ਦਿੱਤਾ, ਹਾਂ ਜੇ ਕਿਤੇ ਹੋਵੇਗੀ ਤਾਂ ਇਹ ਉਸ ਦੇ ਦਿਲ ਤਕ ਹੀ ਸੀ, ਉਸ ਨੇ ਕਦੀ ਕਿਸੇ ਨੂੰ ਇਸ ਤਰਾਂ ਦੀ ਖਾਹਿਸ਼ ਬਾਰੇ ਨਾ ਦਸਿਆ ਸੀ ਅਤੇ ਨਾਂ ਕਿਸੇ ਨੇ ਇਸ ਸਬੰਧੀ ਉਸ ਨੂੰ ਪੁੱਛਿਆ ਹੀ ਸੀ।

   1971 ਦੇ ਦਿਸੰਬਰ ਵਿਚ ਭਾਈਆ ਜੀ ਨੂੰ ਬਰੇਨ ਹੈਮਰੇਜ ਹੋ ਗਈ, ਉਹਨਾਂ ਦਾ ਮੰਜਾਂ ਬਾਹਰ ਵਿਹੜੇ ਵਿਚ ਧੁੱਪੇ ਡਾਹ ਦਿਤਾ। ਮੈ ਉਸ ਦਿਨ ਕੋਈ ਹੋਰ ਕੰਮ ਨਾ ਕੀਤਾ। ਡਾਕਟਰ ਆਇਆ ਤਾਂ ਸੀ ਪਰ ਉਹ ਜੁਆਬ ਦੇ ਗਿਆ। ਭਾਈਆ ਜੀ ਹਰ ਇਕ ਵਲ ਟਿਕ-ਟਿਕੀ ਲਗਾ ਕੇ ਵੇਖਦੇ ਸਨ ਪਰ ਉਹ ਬੋਲ ਨਹੀ ਸਨ ਸਕਦੇ। ਬੋਲਣ ਦੀ ਕੋਸ਼ਿਸ਼ ਵੀ ਨਹੀਂ ਸਨ ਕਰਦੇ। ਜਦ ਨਿਹਾਲ ਮਸੀਹ ਨੂੰ ਪਤਾ ਲਗਾ ਤਾਂ ਉਹ ਸਭ ਕੰਮ ਛੱਡ ਕੇ ਆ ਗਿਆ ਅਤੇ ਭਾਈਆ ਜੀ ਦੀਆਂ ਲੱਤਾਂ ਘੁਟਣ ਲਗ ਪਿਆ। ਭਾਈਆ ਜੀ ਉਸ ਵਲ ਵੀ ਟਿਕ-ਟਿਕੀ ਲਗਾ ਕੇ ਵੇਖ ਰਹੇ ਸਨ। ਮੈ ਵੇਖਿਆ ਭਾਈਆ ਜੀ ਦੀਆਂ ਅੱਖਾਂ ਵਿਚ ਅੱਥਰੂ ਨਿਕਲ ਆਏ ਸਨ ਮੈ ਜ਼ਿੰਦਗੀ ਵਿਚ ਪਹਿਲੀ ਵਾਰ ਭਾਈਆ ਜੀ ਦੀਆਂ ਅੱਖਾਂ ਵਿਚ ਅਥਰੂ ਵੇਖੇ ਸਨ। ਜਿੰਦਗੀ ਵਿਚ ਉਹਨਾਂ ਕਦੀ ਹਾਰ ਨਹੀਂ ਮੰਨੀ ਸੀ, ਵੱਡੀਆਂ-ਵੱਡੀਆਂ ਮੁਸੀਬਤਾਂ ਵਿਚੋਂ ਹੱਸ ਕੇ ਨਿਕਲੇ ਸਨ। 10 ਮੁਰਬੇ ਜ਼ਮੀਨ ਬਨਾਉਣੀ, ਉਹ ਘਰ ਜਿਸ ਦੇ ਬਰਾਂਡੇ ਵਿਚ ਹੀ 100 ਮੰਜੀ ਡਠ ਜਾਂਦੀ ਹੁੰਦੀ ਸੀ ਹਵੇਲੀਆਂ, ਘੋੜੀਆਂ, ਨੌਕਰ, ਚਾਕਰ ਅਤੇ ਉਸ ਸਮੇਂ ਜਦੋ ਅਜੇ ਟਰੈਕਟਰ ਸ਼ੁਰੂ ਨਹੀ ਸਨ - 11 ਹਲਾਂ, ਦੀ ਵਾਹੀ ........ਨਿਹਾਲ ਮਸੀਹ ਉਹਨਾਂ ਨੂੰ ਘੁਟੀ ਜਾ ਰਿਹਾ ਸੀ।

  ਰਾਤ ਮੰਜਾਂ ਅੰਦਰ ਲੈ ਗਏ, 10 ਕੁ ਵਜੇ ਭਾਈ ਨਿਹਾਲ ਮਸੀਹ ਫਿਰ ਆਇਆ, ਉਸ ਦੇ ਹੱਥ ਵਿਚ ਬਾਈਬਲ ਸੀ ਜਿਸ ਨੂੰ ਬਹੁਤ ਖੂਬਸੂਰਤ ਕਪੜੇ ਵਿਚ ਲਪੇਟਿਆ ਹੋਇਆ ਸੀ। ਉਹ ਬਾਰ-2 ਬਾਈਬਲ ਨੂੰ ਸਿਰ ਤੇ ਰਖਦਾ ਅਤੇ ਮੂੰਹ ਵਿਚ ਕੁਝ ਬੋਲਦਾ, ਸ਼ਾਇਦ ਉਹ ਪ੍ਰਾਥਨਾ ਕਰਦਾ ਸੀ। ਮੈਂ ਜਾਣਦਾ ਸਾਂ ਕਿ ਭਾਈ ਜੀ ਪੜ੍ਹ ਤਾਂ ਸਕਦੇ ਨਹੀ ਪਰ ਉਹ ਪੈਰਾਂ ਭਾਰ ਥੱਲੇ ਬੈਠੇ ਹੋਏ ਸਨ ਅਤੇ ਅੱਖਾਂ ਬੰਦ ਕਰਕੇ ਕਈ ਵਾਰ ਮੂੰਹ ਵਿਚ ਕੁਝ ਬੋਲਦੇ ਸਨ। ਭਾਪਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਮੰਜੇ ਤੇ ਜਾਂ ਕੁਰਸੀ ਤੇ ਬੈਠ ਜਾਵੇ ਪਰ ਉਹ ਨਾਹ ਕਰ ਦਿੰਦੇ ਸਨ। ਰਾਤ ਨੂੰ ਭਾਈਆ ਜੀ ਸਵਰਗਵਾਸ ਹੋ ਗਏ। ਨਿਹਾਲ ਮਸੀਹ ਨੇ ਦੂਸਰੇ ਦਿਨ ਵੀ ਕੁਝ ਨਾ ਖਾਧਾ ਅਤੇ ਉਹਨਾਂ ਦੇ ਸੰਸਕਾਰ ਤਕ ਉਹ ਭਾਈਆ ਜੀ ਦੀ ਮੰਜੀ ਦੇ ਕੋਲ ਬੈਠਾ ਰਿਹਾ।
   1995 ਤਕ ਜਦੋਂ ਕਿ ਨਿਹਾਲ ਮਸੀਹ ਦੀ ਮੌਤ ਹੋ ਗਈ ਉਹ ਤਕਰੀਬਨ 100 ਸਾਲ ਦੇ ਕਰੀਬ ਸੀ। ਉਹ ਭਾਈਆਂ ਜੀ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਸੀ। ਹੁਣ ਉਸ ਦੇ ਆਪਣੇ ਭਰਾਵਾਂ, ਭਤੀਜਿਆਂ ਨੂੰ ਮਿਲਣ ਦੀ ਕੋਸ਼ਿਸ਼ ਵੀ ਛਡ ਦਿਤੀ ਸੀ ਜੇ ਕੋਈ ਉਸ ਨੂੰ ਪੁਛਦਾ ਵੀ ਤਾਂ ਉਹ ਕਹਿ ਦਿੰਦਾ ਕਿ ਪਤਾ ਨਹੀ ਉਹਨਾਂ ਵਿਚੋ ਕੋਈ ਹੋਵੇਗਾ ਵੀ ਕਿ ਨਹੀਂ, ਹੁਣ ਉਹਨਾਂ ਨੂੰ ਕੀ ਮਿਲਣਾ ਹੈ, ਹੁਣ ਤਾਂ ਕਈ ਸਾਲਾਂ ਤੋ ਕੋਈ ਚਿਠੀ ਪਤਰ ਵੀ ਨਹੀ ਆਇਆਂ ਚਲੋਂ ਜੇ ਹੋਣ ਤਾਂ ਸੁਖੀ ਰਹਿਣ, ਹੁਣ ਤਾਂ ਮੈਂ ਉਹਨਾਂ ਨੂੰ ਪਹਿਚਾਣ ਵੀ ਨਹੀਂ ਸਕਦਾ।

   ਪਿਛੇ ਜਿਹੇ ਜਦੋਂ ਮੇਰਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਮੈਂ ਉਚੇਚਾ ਭਾਪਾ ਜੀ ਨੂੰ ਮਿਲਣ ਪਿੰਡ ਗਿਆ ਤਾਂ ਕਿ ਆਪਣੇ ਪਿਛਲੇ ਪਿੰਡ ਦੇ ਲੋਕਾਂ ਦੇ ਨਾਂ ਪਤੇ ਲੈ ਸਕਾਂ ਅਤੇ ਉਹਨਾਂ ਨੂੰ ਮਿਲ ਸਕਾ। ਮੈਂ ਉਚੇਚੇ ਤੌਰ ਤੇ ਵਧਾਵੇ ਨੂੰ ਸਦਿਆ। ਉਸ ਦੇ ਚਾਚਿਆ ਅਤੇ ਉਹਨਾਂ ਦੇ ਪੁਤਰਾਂ ਦੇ ਨਾਂ ਆਪਣੀ ਡਾਇਰੀ ਵਿਚ ਲਿਖੇ। ਵਧਾਵੇ ਨੇ ਵੀ ਮੈਨੂੰ ਜਰੂਰੀ ਤਾਕੀਦ ਕੀਤੀ ਕਿ ਮੈਂ ਜਰੂਰ ਉਸ ਦੇ ਚਾਚਿਆਂ ਅਤੇ ਉਹਨਾਂ ਦੇ ਪੁਤਰਾਂ ਨੂੰ ਮਿਲ ਕੇ ਆਵਾਂ ਅਤੇ ਉਹਨਾਂ ਦਾ ਹਾਲ ਚਾਲ ਪੁਛ ਕੇ ਆਵਾਂ। ਆਪਣੇ ਪਿਛਲੇ ਪਿੰਡ ਚਕ ਨੰਬਰ 96 ਵਿਚ ਜਦੋਂ ਮੈਂ ਪਿੰਡ ਦੇ ਚੌਕ ਵਿਚ ਹੋਰ ਵਿਅਕਤੀਆ ਦੇ ਨਾਂ ਦਸੇ ਅਤੇ ਫਿਰ ਮੈਂ ਨਿਹਾਲ ਮਸੀਹ ਦੇ ਭਰਾਵਾਂ ਅਤੇ ਭਤੀਜਿਆਂ ਬਾਰੇ ਪੁਛਿਆਂ। ਪਤਾ ਲੱਗਾ ਕਿ ਨਿਹਾਲ ਮਸੀਹ ਦੇ ਭਰਾ ਤਾਂ ਹੁਣ ਇਸ ਦੁਨੀਆਂ ਵਿਚ ਨਹੀਂ ਪਰ ਉਸ ਦੇ ਭਤੀਜੇ ਹਨ ਅਤੇ ਇਕ ਆਦਮੀ ਉਹਨਾਂ ਨੂੰ ਲੈਣ ਚਲਾ ਗਿਆ। ਉਹਨਾਂ ਵਿਚੋਂ ਅਜੀਜ ਮਸੀਹ ਜੋ ਤਕਰੀਬਨ 70 ਕੁ ਸਾਲ ਦਾ ਸੀ, ਉਨਾ ਨੇ ਆਉਦਿਆਂ ਹੀ ਸਭ ਤੋਂ ਪਹਿਲੇ ਆਪਣੇ ਤਾਏ ਬਾਰੇ ਅਤੇ ਵਧਾਵਾ ਮਸੀਹ ਬਾਰੇ ਪੁਛਿਆ। ਉਹ ਲਗਤਾਰ ਕਹੀ ਜਾ ਰਿਹਾ ਸੀ ਕਿ ਅਸੀ ਆਪਣੇ ਅਬਾ ਅਤੇ ਚਾਚਿਆਂ ਕੋਲੋਂ ਤੁਹਾਡੇ ਬਾਰੇ ਅਤੇ ਤਾਏ ਬਾਰੇ ਸੁਣਦੇ ਰਹੇ ਹਾਂ। ਅਬਾ ਜੀ ਕਹਿੰਦੇ ਹੁੰਦੇ ਸਨ, ਉਹ ਜਿਸ ਪ੍ਰੀਵਾਰ ਦੇ ਨਾਲ ਗਿਆ ਹੈ ਉਹ ਉਹਨੂੰ ਫੁਲਾਂ ਵਾਂਗ ਰਖਣਗੇ। ਮੈਂ ਜਦੋ ਉਸ ਨੂੰ ਉਸ ਦੇ ਤਾਏ ਦੀ ਮੌਤ ਬਾਰੇ ਦਸਿਆਂ ਤਾਂ ਉਹ ਆਪ ਹੀ ਕਹਿਣ ਲਗਾ ਕਿ ਜਦੋਂ ਉਹ ਇਧਰੋਂ ਗਿਆ ਸੀ, ਉਦੋਂ ਹੀ ਉਸ ਦੀ ਉਮਰ 60 ਸਾਲ ਤੋਂ ਉਪਰ ਸੀ, ਪਰ ਉਹ ਬਹੁਤ ਹਿੰਮਤੀ ਆਦਮੀ ਸੀ। ਸਾਰਾ ਹੀ ਪਿੰਡ ਉਸ ਦੀ ਹਿੰਮਤ ਅਤੇ ਹੌਸਲੇ ਦੀਆਂ ਗਲਾਂ ਕਰਦੇ ਹੁੰਦੇ ਸਨ। ਸਾਰਾ ਹੀ ਪਿੰਡ ਤਾਏ ਨੂੰ ਯਾਦ ਕਰਦਾ ਹੁੰਦਾ ਸੀ ਅਤੇ ਇਹ ਗਲ ਵੀ ਉਹ ਕਰਦੇ ਹੁੰਦੇ ਸਨ ਕਿ ਉਹ ਉਧਰ ਗਿਆ ਹੀ ਕਿਉਂ, ਸਾਰੀ ਉਮਰ ਹੀ ਪ੍ਰੀਵਾਰ ਨੂੰ ਨਹੀਂ ਮਿਲਿਆ ਇਧਰ ਉਸ ਦੇ ਪ੍ਰੀਵਾਰ ਦੇ 70-80 ਜੀਅ ਹਨ।

   ਮੈਂ ਅਜੀਜ ਦੇ ਨਾਲ ਉਹਨਾਂ ਦੇ ਘਰ ਆ ਗਿਆ। ਉਹਨਾਂ ਦੇ ਘਰ ਦੀਆਂ ਔਰਤਾਂ ਅਤੇ ਬੱਚੇ ਮੈਨੂੰ ਵੇਖ ਕੇ ਹੈਰਾਨ ਸਨ। ਪਰ ਜਦੋ ਅਜੀਜ ਨੇ ਉਹਨਾਂ ਨੂੰ ਦਸਿਆ ਕਿ ਇਹ ਤਾਏ ਦੇ ਪਿੰਡੋਂ ਆਏ ਹਨ ਤਾਂ ਸਾਰਾ ਹੀ ਪ੍ਰੀਵਾਰ ਮੇਰੇ ਇਰਦ ਗਿਰਦ ਜਮਾਂ ਹੋ ਗਿਆ। ਇਹ ਘਰ ਵੀ ਸਧਾਰਣ ਜਿਹਾ ਕੱਚਾ ਪੱਕਾ ਘਰ ਸੀ ਜਿਸ ਤਰ੍ਹਾਂ ਦਾ ਇਧਰ ਵਧਾਵੇ ਦਾ ਘਰ ਹੈ। ਉਹ ਮੇਰੇ ਤੋਂ ਬਹੁਤ ਕੁਝ ਪੁੱਛ ਲੈਣਾ ਚਾਹੁੰਦੇ ਸਨ। ਹਰ ਕੋਈ ਪਹਿਲਾਂ ਭਾਈ ਨਿਹਾਲ ਮਸੀਹ ਬਾਰੇ ਅਤੇ ਫਿਰ ਵਧਾਵੇ ਬਾਰੇ ਉਸ ਦੇ ਬੱਚਿਆਂ ਬਾਰੇ ਬੜੀ ਉਤਸੁਕਤਾ ਨਾਲ ਪੁੱਛ ਰਹੇ ਸਨ, ਔਰਤਾਂ ਵੀ ਬਹੁਤ ਕੁਝ ਪੁਛਦੀਆਂ ਸਨ। ਜਦੋਂ ਮੈਂ ਦੱਸਿਆ ਕਿ ਭਾਵੇਂ ਉਹ ਤੁਹਾਡੇ ਤੋਂ ਵਿਛੜਿਆ ਰਿਹਾ ਹੈ ਪਰ ਹੁਣ ਉਸਦਾ ਪ੍ਰੀਵਾਰ ਵੀ 70-80 ਜੀਆਂ ਵਾਲਾ ਹੋ ਗਿਆ ਹੈ, ਉਸ ਦੇ ਤਾਂ ਪ੍ਰੋਤੜੇ ਵੀ ਵਿਆਹੁਣ ਵਾਲੇ ਹੋ ਗਏ ਹਨ। ਉਹਨਾਂ ਦੇ ਸੁਆਲ ਜਿਆਦਾ ਸਨ ਅਤੇ ਜੁਆਬ ਦੇਣ ਵਾਲਾ ਮੈਂ ਇਕੱਲਾ ਸਾਂ, ਉਹ ਤਾਂ ਜਿਵੇਂ 60 ਸਾਲਾਂ ਦੀਆਂ ਗਲਾਂ ਹੀ ਪੁਛ ਲੈਣਾ ਚਾਹੁੰਦੇ ਸਨ। ਮੈਂ ਮਹਿਸੂਸ ਕਰਦਾ ਸਾਂ ਕਿ ਇਨਾਂ ਵਿਚੋਂ ਘਟ ਹੀ ਪੜ੍ਹੇ ਲਿਖੇ ਹਨ ਅਤੇ ਜਿਆਦਾਤਰ ਹੱਥੀਂ ਕਿਰਤ ਤੇ ਨਿਰਭਰ ਕਰਦੇ ਹਨ। ਇੰਨੇ ਨੂੰ ਅਜੀਜ ਅੰਦਰੋਂ 2 ਥਾਲੀਆਂ ਅਤੇ ਦੋ ਗਲਾਸ ਲੈ ਆਇਆ ਅਤੇ ਉਸਨੇ ਉਰਦੂ ਵਿਚ ਉਹਨਾਂ ਭਾਂਡਿਆਂ ਤੇ ਭਾਈ ਨਿਹਾਲ ਮਸੀਹ ਦੇ ਨਾਂ ਲਿਖੇ ਦਿਖਾਏ। ਮੈਂ ਹੈਰਾਨ ਸਾਂ ਕਿ ਪਿਛਲੇ 60 ਸਾਲਾਂ ਤੋਂ ਇੰਨਾਂ ਨੇ ਇਹ ਭਾਂਡੇ ਸਾਂਭ ਕੇ ਰੱਖੇ ਹੋਏ ਹਨ। ਉਹ ਦਸ ਰਹੇ ਸਨ ਕਿ ਤਾਇਆ ਤਾਂ ਆਪਣਾ ਸਭ ਕੁਝ ਹੀ ਇਧਰ ਛੱਡ ਗਿਆ ਸੀ, ਘਰ, ਮੰਜੇ, ਬਿਸਤਰੇ, ਭਾਂਡੇ ਅਤੇ ਸਭ ਕੁਝ ਬੜਾ ਚਿਰ ਤਾਏ ਦੇ ਆਉਣ ਨੂੰ ਉਸ ਦੇ ਭਰਾ ਉਡੀਕਦੇ ਰਹੇ। ਰੋਜ ਉਹ ਦਸਦੇ ਹੁੰਦੇ ਸਨ, ਤਾਏ ਦਾ ਸੁਪਨਾ ਆਇਆ ਹੈ। ਤਾਏ ਦੀਆਂ ਗੱਲਾ ਕਰਦੇ ਰਹਿੰਦੇ ਸਨ। ਪਰ ਇਹ ਕਿਸ ਤਰ੍ਹਾਂ ਦੀ ਵੰਡ ਸੀ। ਆਉਣਾ ਜਾਣਾ ਇੰਨਾ ਮੁਸ਼ਕਲ, ਜਿੰਦਗੀ ਵਿਚ ਫਿਰ ਕਦੀ ਵੀ ਨਾ ਮਿਲ ਸਕੇ। ਮੈਂ ਅਜੀਜ ਨੂੰ ਕਿਹਾ ਉਹ ਇਹ ਭਾਂਡੇ ਮੈਨੂੰ ਦੇ ਦੇਵੇ ਮੈਂ ਵਧਾਵੇ ਨੂੰ ਦਿਖਾਵਾਂਗਾ। ਉਸ ਦੀ ਪਤਨੀ ਅੰਦਰੋਂ ਇਕ ਬਹੁਤ ਹੀ ਖੂਬਸੂਰਤ ਫੁਲਾਂ ਦਾ ਕਢਿਆ ਹੋਇਆ ਝੋਲਾ ਲੈ ਆਈ ਅਤੇ ਉਸਨੇ ਭਾਂਡੇ ਉਸ ਵਿਚ ਪਾ ਦਿੱਤੇ।

    ਹੁਣ ਅਜੀਜ ਚੁਪ ਸੀ, ਜਦੋਂ ਮੈਂ ਕੋਈ ਗੱਲ ਅਜੀਜ ਤੋਂ ਪੁੱਛਦਾ ਤਾਂ ਜਿਵੇਂ ਉਸ ਦਾ ਧਿਆਨ ਕਿਤੇ ਹੋਰ ਹੋਵੇ। ਇੰਨੇ ਨੂੰ ਨਾਲ ਦੇ ਘਰਾਂ ਦੇ ਲੋਕ ਵੀ ਉਹਨਾਂ ਦੇ ਵਿਹੜੇ ਵਿਚ ਆ ਗਏ ਸਨ। ਕੁਝ ਲੋਕ ਕੋਠਿਆਂ ਤੇ ਬੈਠੇ ਸਨ। ਅਜੀਜ ਦੀ ਘਰਵਾਲੀ ਉਹਨਾਂ ਨੂੰ ਦਸ ਰਹੀ ਸੀ, ''ਤਾਏ ਦੇ ਪਿੰਡੋਂ ਆਏ ਨੇ'' ਅਤੇ ਅਖੀਰ ਫਰੂਕ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਮੁਲਤਾਨ ਵਾਲੀ ਬਸ ਇਕ ਵਜੇ ਜਾਣੀ ਹੈ ਅਤੇ ਉਸ ਤੋਂ ਬਾਅਦ ਮੁਲਤਾਨ ਨਹੀਂ ਜਾਇਆ ਜਾ ਸਕਣਾ। ਉਸ ਦਿਨ ਹੀ ਮੁਲਤਾਨ ਪਹੁੰਚਣਾ ਮੇਰੀ ਮਜਬੂਰੀ ਸੀ ਕਿਉਂ ਜੋ ਮੈਂ ਡੈਲੀਗੇਸ਼ਨ ਦੇ ਬਾਕੀ ਮੈਂਬਰਾਂ ਨੂੰ ਮਿਲਣਾ ਸੀ। ਮੈਂ ਵੇਖ ਰਿਹਾ ਸਾਂ ਕਿ ਅਜੀਜ ਬਿਲਕੁਲ ਹੀ ਚੁਪ ਸੀ।

   ਅਖੀਰ ਮੈਂ ਛੁੱਟੀ ਲਈ ਅਤੇ ਝੋਲਾ ਹੱਥ ਵਿਚ ਫੜ ਕੇ ਬੂਹੇ ਵਲ ਹੋਇਆ। ਅਜੀਜ ਨੇ ਮੇਰਾ ਹੱਥ ਫੜਿਆ ਹੋਇਆ ਸੀ, ਬੂਹੇ ਤੇ ਆ ਕੇ ਮੈਂ ਉਸ ਨੂੰ ਫਿਰ ਜਫੀ ਪਾ ਲਈ ਪਰ ਮੈਂ ਵੇਖਿਆ, ਉਹ ਅੱਖਾਂ ਵਿਚੋਂ ਅਥਰੂ ਕੇਰਣ ਲੱਗ ਪਿਆ ਅਤੇ ਮੇਰਾ ਹੱਥ ਘੁੱਟ ਕੇ ਮੈਨੂੰ ਕਹਿਣ ਲੱਗਾ ''ਸਰਦਾਰ ਜੀ ਇਹ ਭਾਂਡੇ ਦੇ ਦਿਉ, ਇਹ ਤਾਏ ਦੀ ਨਿਸ਼ਾਨੀ ਹੈ। ਅਸੀਂ ਤਾਂ ਇੰਨਾਂ ਨੂੰ ਵੇਖ ਕੇ ਤਾਏ ਨੂੰ ਯਾਦ ਕਰਦੇ ਹਾਂ .......... ਅਤੇ ਫਿਰ ਉਹ ਕੁਝ ਨਾ ਬੋਲ ਸਕਿਆ ਅਤੇ ਮੇਰੇ ਕੋਲੋਂ ਵੀ ਕੋਈ ਗੱਲ ਨਾ ਹੋਈ।