...ਤੇ ਅਕਾਲੀ ਦਲ ਫੇਰ ਹਾਰ ਗਿਆ - ਮਨਜਿੰਦਰ ਸਿੰਘ ਸਰੌਦ

ਇਨਕਲਾਬੀ ਆਗੂ ,ਸਿਆਸਤ ਦਾ ਜੋਗਾ ਰੱਲਾ ਵੇਖ, ਹੋਣ ਲੱਗੇ ਇੱਕ ਮੰਚ ਤੇ ਇਕੱਠੇ

ਸਿੱਖਾਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਜਨਮ ਲਗਪਗ 100 ਵਰ੍ਹੇ ਪਹਿਲਾਂ ਇਸ ਮਕਸਦ ਨਾਲ ਹੋਇਆ ਕਿ ਦੇਸ਼ ਅੰਦਰ ਸਾਡਾ ਇੱਕ ਵੱਖਰਾ ਢਾਂਚਾ ਹੋਵੇ ਅਤੇ ਅਸੀਂ ਆਪਣੇ ਭਾਈਚਾਰੇ ਦੇ ਲੋਕਾਂ ਦੀ ਅਗਵਾਈ ਕਰੀਏ ਅਤੇ ਉਨ੍ਹਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਆਪਣੇ ਪਿੰਡੇ ਤੇ ਜਰਕੇ ਸਮਾਜ ਵਿੱਚ ਸੋਹਣੇ ਤੇ ਸੁਚੱਜੇ ਸਲੀਕੇ ਨਾਲ ਵਿਚਰਕੇ ਨਾਲ ਹੀ ਆਪਣੇ ਧਰਮ ਨੂੰ ਉੱਚਾ ਚੁੱਕਣ ਦੇ ਲਈ ਤੱਤਪਰ ਰਹਿਣ ਦਾ ਅਹਿਦ ਕਰੀਏ ਅਤੇ ਗੁਰੂ ਸਾਹਿਬ ਵਲੋਂ ਜਬਰ ਤੇ ਜੁਲਮ ਤਸੱਦਦ ਦੇ ਖਿਲਾਫ ਲੜਨ ਦੀ ਬਖਸ਼ੀ ਗੁੜਤੀ ਦਾ ਮੁੱਲ ਮੋੜੇੀਏ । ਸਮਾਂ ਬੀਤਦਾ ਰਿਹਾ ਨਾਲ ਦੀ  ਨਾਲ ਪ੍ਰਸਥਿਤੀਆਂ ਵੀ ਬਦਲਦੀਆਂ ਰਹੀਆਂ, ਉਤਰਾਅ ਚੜ੍ਹਾਅ ਆਉਂਦੇ ਰਹੇ  ਪਰ ਅਕਾਲੀ ਦਲ ਸਦਾ ਹੀ ਹਰ ਸੰਕਟ ਵਿੱਚੋਂ ਤਕੜਾ ਹੋ ਕੇ ਨਿਕਲਦਾ ਰਿਹਾ । ਭਾਵੇਂ ਇੱਕ ਵਕਤ ਅਜਿਹਾ ਵੀ ਆਇਆ ਜਦ ਸਿੱਖ ਸਿਧਾਂਤਾਂ ਤੇ ਦਿੜ੍ਰਤਾ ਨਾਲ ਪਹਿਰਾ ਦੇਣ ਵਾਲੀ ਇਸ ਪਾਰਟੀ ਨੂੰ ਘਨਘੋਰ ਕਾਲੇ ਬੱਦਲਾਂ ਨੇ ਐਸਾ ਲਪੇਟਾ ਮਾਰਿਆ ਕਿ ਚਾਰੇ ਕੂੰਟਾਂ ਵਿੱਚੋਂ ਇਸ ਦੇ ਖ਼ਾਤਮੇ ਦੀ ਕਨਸੋਅ ਉੱਠਣ ਲੱਗੀ ਪਰ ਸ਼ਾਇਦ ਉਸ ਸਮੇਂ ਪਾਰਟੀ ਲਈ ਲੜਨ ਵਾਲੇ ਜੁਝਾਰੂਆਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸਨ , ਜਿਹਨੀ ਤੌਰ ਤੇ ਨਹੀਂ ।
                                                   ਖਾਸ ਕਰ ਪਿਛਲੇ ਇੱਕ ਦਹਾਕੇ ਤੋਂ ਅਕਾਲੀ ਦਲ ਦੇ ਅੰਦਰੋ ਉੱਠਣ ਵਾਲੀ ਹਰ ਉਸ ਆਵਾਜ਼ ਨੂੰ ਜੋ ਧਰਮ ਕਰਮ ਦੀ ਗੱਲ ਕਰਦੀ ਹੋਵੇ ਸਖ਼ਤੀ ਨਾਲ ਕੁਚਲਣ ਦੇ ਨਾਲ ਨਾਲ ਪਾਰਟੀ ਦੇ ਸਵੈਮਾਣ ਅਤੇ ਹੋਂਦ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਜਿਸ ਨੂੰ ਅੰਜਾਮ ਸਾਡੇ ਆਪਣਿਆਂ ਨੇ ਹੀ ਦਿੱਤਾ । ਲੰਘੇ ਸਮੇਂ ਅਕਾਲੀ ਦਲ ਵੱਲੋਂ ਦਸ ਸਾਲਾਂ ਦੇ ਰਾਜ ਭਾਗ ਦੌਰਾਨ ਸਾਡੀ ਨੌਜਵਾਨੀ ਦੀ ਬੌਧਿਕ ਅਤੇ ਜ਼ਿਹਨੀ ਸੋਚ ਨੂੰ ਖ਼ਤਮ ਕਰਨ ਦੀ ਜੋ ਇਬਾਰਤ ਲਿਖੀ ਗਈ ਉਸ ਦਾ ਖਮਿਆਜ਼ਾ ਅੱਜ ਅਕਾਲੀ ਦਲ ਭੁਗਤਦਾ ਨਜ਼ਰ ਆ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਵਿੱਚ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਲੰਘੀਆਂ ਵਿਧਾਨ ਸਭਾ ਮੌਕੇ ਅਤੇ ਹੁਣ ਹੋਈਆਂ ਲੋਕ ਸਭਾ ਚੋਣਾਂ ਦੀ ਜੇਕਰ ਕਾਰਗੁਜ਼ਾਰੀ ਨੂੰ ਖੰਗਾਲਿਆ ਜਾਵੇ ਤਾਂ ਅਕਾਲੀ ਦਲ ਸ਼ਾਇਦ ਇਤਿਹਾਸ ਦੀ ਸਭ ਤੋਂ ਮੰਦੀ ਹਾਲਤ ਵਿੱਚੋਂ ਗੁਜ਼ਰਦਾ ਵਿਖਾਈ ਦਿੰਦਾ ਹੈ । ਸਿੱਖਾਂ ਦੀ ਮਾਂ ਪਾਰਟੀ ਅਖਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਅੰਦਰ ਪਹਿਲੀ ਵਾਰ ਵਿਰੋਧੀ ਧਿਰ ਦੇ ਰੁਤਬੇ ਨੂੰ ਵੀ ਗੁਆ ਬੈਠਿਆ ਅਤੇ ਇੱਕ ਦਿੱਲੀ ਤੋਂ ਚੱਲੀ ਪਾਰਟੀ ਤੋਂ ਬੁਰੀ ਤਰ੍ਹਾਂ ਮਾਰ ਖਾਧੀ । ਇਸ ਦੇ ਆਗੂ ਫੇਰ ਵੀ ਨਾ ਸਮਝੇ ਸਮਾਂ ਦਰ ਸਮਾਂ ਗਲਤੀਆਂ ਕਰਦੇ ਰਹੇ , ਇੱਕ ਪਰਿਵਾਰ ਵੱਲੋਂ ਰੱਜ ਕੇ ਚੌਧਰ ਮਾਣਦਿਆਂ ਆਪਣੀ ਹੀ ਪਾਰਟੀ ਅੰਦਰ ਵਧੀਆ ਰਾਇ ਦੇਣ ਵਾਲਿਆਂ ਨੂੰ ਨੁੱਕਰੇ ਲਾਉਣ ਦੀਆਂ ਵਿਉਂਤਾਂ ਘੜੀਆਂ ਜਾਣ ਲੱਗੀਆਂ ,ਮੈਂ ਨਾ ਮਾਨੂੰ ਅਤੇ, ਮੈਂ ਸਹੀ, ਦੇ ਅਲਜਬਰੇ ਨੂੰ ਪੂਰੀ ਤਰ੍ਹਾਂ ਸਿਆਸਤ ਦੀਆਂ ਗੋਟੀਆਂ ਵਿੱਚ ਫਿੱਟ ਕਰਕੇ ਗਿਣੇ ਚੁਣੇ ਆਗੂਆਂ ਨੂੰ ਰਾਜਨੀਤੀ ਦੀ ਬੇਦੀ ਤੇ ਕੁਰਬਾਨ ਕੀਤਾ ਗਿਆ । ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਹੁਣ ਸੁਖਦੇਵ ਸਿੰਘ ਢੀਂਡਸਾ , ਰਣਜੀਤ ਸਿੰਘ ਬ੍ਰਹਮਪੁਰਾ , ਸੇਵਾ ਸਿੰਘ  ਸੇਖਵਾਂ , ਡਾ ਰਤਨ ਸਿੰਘ ਅਜਨਾਲਾ , ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ , ਹਰਸੁਖਿੰਦਰ ਸਿੰਘ ਬੱਬੀ ਬਾਦਲ ਸਮੇਤ ਜਿਸ ਕਿਸੇ ਵੀ ਆਗੂ ਨੇ ਥੋੜ੍ਹੀ ਬਹੁਤ ਜੁਅਰਤ ਇਸ ਪਰਿਵਾਰ ਨੂੰ ਟੋਕਣ ਦੀ ਕੀਤੀ ਤਾਂ ਉਸ ਨੂੰ ਧੱਕ ਕੇ ਹਾਸੀਏ ਤੇ ਕਰਨ ਤੋਂ ਬਾਅਦ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਗਿਆ । ਸਮੇਂ ਦੀ ਸਿਤਮ ਜ਼ਰੀਫ਼ੀ ਦੇਖੋ ਜਿਹੜੇ ਲੋਕ ਸਿਧਾਂਤ ਅਤੇ ਅਕਾਲੀ ਦਲ ਦੇ ਇਤਿਹਾਸ ਤੋਂ ਕੋਰੇ ਨਾਂ ਵਾਕਫ ਸਨ ਉਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਗਿਆ ਪੈਸੇ ਅਤੇ ਜੁਗਾੜੂਆਂ ਨੂੰ ਸਿਆਸਤ ਦੀ ਕੁਰਸੀ ਦੇ ਸ਼ਾਹ ਅਸਵਾਰ ਬਣਾ ਕੇ ਪੇਸ਼ ਕਰਨ ਦੇ ਨਾਲ ਨਾਲ ਆਪਣੀ ਕੁਰਸੀ ਸਹੀ ਸਲਾਮਤ ਕਰਨ ਦੀ ਰਣਨੀਤੀ ਵੀ ਘੜੀ ਜਾਂਦੀ ਰਹੀ ।
                                                       ਹੁਣੇ ਹੋਈਆਂ ਲੋਕ ਸਭਾ ਵਿੱਚ ਭਾਵੇਂ ਪੂਰੇ ਸ਼੍ਰੋਮਣੀ ਅਕਾਲੀ ਦਲ ਦਾ ਗੂੱਗਾ ਪੂਜਿਆ ਗਿਆ ਪਰ ਇੱਕ ਪਰਿਵਾਰ ਦੇ ਦੋ ਮੈਂਬਰ ਕਿਸੇ ਸਮਝੌਤੇ ਅਤੇ ਪੈਸੇ ਦੇ ਜ਼ੋਰ ਨਾਲ ਫੇਰ ਜਿੱਤ ਗਏ ਅਤੇ ਹੁਣ ਉਹ ਇਹ ਗੱਲ ਜ਼ੋਰ ਸ਼ੋਰ ਨਾਲ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰਨ ਦਾ ਯਤਨ ਕਰਨਗੇ ਕਿ ਸਾਡਾ ਕੀ ਕਸੂਰ ਸੀ , ਕਸੂਰ ਜਿਹੜਿਆਂ ਦਾ ਸੀ ਉਹ ਤਾਂ ਹਾਰ ਗਏ  । ਆਖਰ ਕਿਉਂ ਅਕਾਲੀ ਦਲ ਦੇ ਆਗੂਆਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆ ਰਹੀ ਕਿ ਦਲ ਦੀ ਸਲਾਮਤੀ ਚਾਹੁਣ ਵਾਲੇ ਲੋਕ ਉਨ੍ਹਾਂ ਦੀਆਂ ਨੀਤੀਆਂ ਤੋਂ ਬੇਹੱਦ ਖਫ਼ਾ ਨੇ । ਪੱਚੀ ਸਾਲ ਰਾਜ ਕਰਨ ਦੀਆਂ ਟਾਹਰਾਂ ਮਾਰਨ ਵਾਲੇ ਲੋਕ ਸਭਾ ਦੇ ਅੱਠ ਹਲਕੇ ਹਾਰਨ ਤੋਂ ਬਾਅਦ ਦੋ ਹਲਕਿਆਂ ਵਿੱਚ ਤੀਸਰੀ ਪੁਜੀਸ਼ਨ ਤੇ ਜਾ ਡਿੱਗੇ । ਜੇਕਰ ਕੁੱਲ ਵਿਧਾਨ ਸਭਾ ਹਲਕਿਆਂ ਦਾ ਹਿਸਾਬ ਕਿਤਾਬ ਕਰੀਏ ਤਾਂ ਨੱਬੇ ਹਲਕਿਆਂ ਵਿੱਚੋਂ ਅਕਾਲੀ ਦਲ ਸਿਰਫ ਸਤਾਰਾਂ ਹਲਕੇ ਹੀ ਜਿੱਤ ਸਕਿਆ ਹੈ ,ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਹ ਕਿਹੜੇ ਮੂੰਹ ਨਾਲ ਜਿੱਤੇਗਾ ਸ਼ਾਇਦ ਕਹਿਣ ਦੀ ਲੋੜ ਨਹੀਂ । ਇਨ੍ਹਾਂ ਚੋਣਾਂ ਵਿੱਚ ਬਾਕੀ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਝਾਤੀ ਮਾਰੀਏ ਤਾਂ ਕੋਈ ਬਹੁਤ ਵਧੀਆ ਪ੍ਰਦਰਸ਼ਨ ਉਹ ਵੀ ਨਹੀਂ ਕਰ ਸਕੀਆਂ ਆਪੋ ਆਪਣੀ ਕੁਰਸੀ  ਨੂੰ ਸੁਰੱਖਿਅਤ ਰੱਖਣ ਦੇ ਲਈ ਇੱਥੇ ਵੀ ਬਹੁਤਿਆਂ ਵੱਲੋਂ ਸਿਧਾਂਤਾਂ ਦੀ ਬਲੀ ਦਿੱਤੀ ਗਈ ਅਤੇ ਛੇਤੀ ਮੁੱਖ ਮੰਤਰੀ ਬਣਨ ਦੀ ਚਾਹਤ ਵਿੱਚ ਆਪਣੇ ਤੋਂ ਥੋੜ੍ਹੇ ਬਹੁਤ ਕਮਜ਼ੋਰ ਸਿਆਸੀ ਲੋਕਾਂ ਨੂੰ ਅਣਗੌਲਿਆ ਕਰਕੇ ਆਪਣਾ ਹੀ ਨੁਕਸਾਨ ਕਰਵਾ ਲਿਆ ਅਤੇ ਜਿਹੜੇ ਲੋਕਾਂ ਨੂੰ ਸਿਆਸੀ ਤੌਰ ਤੇ ਖਤਮ ਕਰਨਾ ਸੀ ਉਹ ਮੁੜ ਤੋਂ ਤਾਕਤਵਰ ਹੋਣ ਦੇ ਲਈ ਆਪਣੇ ਪਰ ਤੋਲਣ ਲੱਗੇ । ਕਈ ਸਿਆਸੀ ਧਿਰਾਂ ਦਾ ਇਨ੍ਹਾਂ ਚੋਣਾਂ ਨੇ ਭੁਲੇਖਾ ਕੱਢ ਦਿੱਤਾ ਕਿ ਉਹ ਕਿੰਨੇ ਕੁ ਪਾਣੀ ਵਿੱਚ ਹਨ ਸ਼ਾਇਦ ਹੁਣ ਆਉਂਦੇ ਸਮੇਂ ਨੂੰ ਉਹ ਇੱਕ ਦੂਸਰੇ ਦੇ ਨਾਲ ਗਲਵੱਕੜੀ ਪਾ ਕੇ ਇੱਕ ਮੰਚ ਤੇ ਇਕੱਠੇ ਹੋਣ ਦੀ ਕਵਾਇਦ ਨੂੰ ਅੰਜਾਮ ਹੀ ਦੇ ਦੇਣ , ਕਿੰਨਾ ਚੰਗਾ ਹੋਵੇ ਜੇਕਰ  ਸਾਰੀਆਂ ਛੋਟੀਆਂ ਵੱਡੀਆਂ ਸਿਆਸੀ ਧਿਰਾਂ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਇੱਕ ਨਿਸ਼ਾਨ , ਇੱਕ ਵਿਧਾਨ ਨੂੰ ਅਪਣਾ ਕੇ ਧਾਰਮਿਕ ਤੇ ਸਿਆਸੀ ਚੋਣਾਂ ਵਿਚ ਸੱਚੇ ਮਨੋ ਮੈਦਾਨ ਵਿਚ ਆਉਣ ਨਾ ਕਿ ਬਿਨਾਂ ਪਾਣੀ ਤੋਂ ਮੌਜੇ ਖੋਲ੍ਹ ਕੇ ਜੱਗ ਹਸਾਈ ਕਰਵਾਉਣ । ਕਾਂਗਰਸ ਬਿਨਾਂ ਸ਼ੱਕ ਪੰਜਾਬ ਵਿੱਚੋਂ ਅੱਠ ਸੀਟਾਂ ਜਿੱਤ ਕੇ ਇਹ ਦਿਖਾਉੋਣ ਵਿਚ ਕਾਮਯਾਬ ਰਹੀ ਕਿ ਉਨ੍ਹਾਂ ਤੇ ਐਂਟੀ ਕੰਬੈਸੀ ਦਾ ਵੀ ਕੋਈ ਅਸਰ ਨਹੀਂ ਹੈ ।
                                                 ਨਵਜੋਤ ਸਿੰਘ ਸਿੱਧੂ ਪਾਰਟੀ ਲਈ ਭਾਵੇਂ ਨਹੀਂ , ਪਰ ਲੋਕਾਂ ਲਈ ਇੱਕ ਬੇਗਰਜ਼ ਅਤੇ ਇਮਾਨਦਾਰ , ਜੁਝਾਰੂ ਅਤੇ ਕੁੱਲ ਆਲਮ ਲਈ ਲੜਨ ਵਾਲੇ ਆਗੂ ਦੇ ਤੌਰ ਤੇ ਸਾਹਮਣੇ ਆਏ ਹਨ , ਉਨ੍ਹਾਂ ਦੀਆਂ ਬਾਗੀ ਸੁਰਾਂ ਨੂੰ ਵੇਖ ਕੇ ਇੰਝ ਲੱਗਦੈ ਜਿਵੇਂ ਉਹ ਵੀ ਹੁਣ ਆਪਣਾ ਵੱਖਰਾ ਸਾਮਰਾਜ ਉਸਾਰਨ ਵਾਲੇ ਰਾਹੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ  ਵੱਖਰੀ ਹੀ ਮੰਜ਼ਿਲ ਦਾ ਰਾਹ ਤਲਾਸ਼ਣਗੇ  । ਭਾਵੇਂ ਲੱਖ ਵਿਰੋਧਾਂ ਦੇ ਬਾਵਜੂਦ ਭਗਵੰਤ ਮਾਨ ਜਿੱਤ ਗਿਆ ਪਰ ਆਮ ਆਦਮੀ ਪਾਰਟੀ ਦਾ ਜੋ ਹਸ਼ਰ ਪੰਜਾਬ ਵਿੱਚ ਹੋਇਆ ਉਹ ਸ਼ਾਇਦ ਆਪ ਦੇ ਆਗੂਆਂ ਨੇ ਕਦੇ ਕਿਆਸਿਆ ਵੀ ਨਹੀਂ ਹੋਣਾ , ਬਹੁਤਿਆਂ ਦੀਆਂ ਜ਼ਮਾਨਤਾਂ ਜ਼ਬਤ ਅਤੇ ਕਈਆਂ ਨੂੰ  ਲੋਕਾਂ ਨੇ ਮੂੰਹ ਪਾਣੀ ਵੀ ਨਹੀਂ ਧਰਿਆ । ਸੁਖਪਾਲ ਸਿੰਘ ਖਹਿਰਾ , ਬੈਂਸ ਬ੍ਰਦਰ , ਅਕਾਲੀ ਦਲ ਟਕਸਾਲੀ ਜਾਂ ਹੋਰ ਹਮਖ਼ਿਆਲੀ ਪਾਰਟੀਆਂ ਮਿਲ ਕੇ ਜੇਕਰ  ਕੋਈ ਵੱਖਰਾ ਫਰੰਟ ਕਾਇਮ ਕਰਦੀਆਂ ਵੀ ਹਨ ਤਾਂ ਉਨ੍ਹਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਹੋਵੇਗੀ ਕਿ ਬਿਨਾਂ ਸੱਚ ਤੇ ਖੜ੍ਹਨ ਤੋਂ ਇੱਥੇ ਹੋਰ ਕੋਈ ਚਾਰਾ ਵੀ ਨਹੀਂ ਹੈ। ਪਹਿਲਾਂ ਆਪ ਤਿਆਗ ਕਰੋ ਅਤੇ ਫੇਰ ਦੂਜਿਆਂ ਤੇ ਉਂਗਲ ਚੁੱਕੋ । ਗਰਮ ਖਿਆਲੀ ਧਿਰਾਂ ਦੇ ਵਾਜੇ ਵੀ ਲੱਗਭੱਗ ਵੱਜ ਚੁੱਕੇ ਹਨ ਚਾਰ ਚਾਰ ਜਥੇਦਾਰਾਂ ਦੇ ਵੱਖੋ ਵੱਖਰੇ ਸੈਟ ਵੀ ਕਿਸੇ ਦਾ ਕੁਝ ਨਹੀਂ ਵਿਗਾੜ ਸਕੇ ਸਿਵਾਏ ਹੋਸ਼ੀ ਰਾਜਨੀਤੀ ਕਰਨ ਦੇ । ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਅਤੇ ਕੌਮ ਲਈ ਆਪਣੀ ਜਾਨ ਤੱਕ ਦੀ ਅਹੂਤੀ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ , ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਡਾ ਧਰਮਵੀਰ ਗਾਂਧੀ ਵਰਗੇ ਜਿਨ੍ਹਾਂ ਨੇ ਲੋਕਾਈ ਦੀ ਸੇਵਾ ਨੂੰ ਸਮਰਪਿਤ ਹੋ ਕੇ ਦਿੜ੍ਰਤਾ ਨਾਲ ਪਹਿਰਾ ਦਿੱਤਾ ਸੀ ਉਹ ਵੀ ਇਸ ਪੈਸੇ ਅਤੇ ਗੰਧਲੀ ਹੋ ਚੁੱਕੀ ਰਾਜਨੀਤੀ ਅੱਗੇ ਟਿਕ ਨਾ ਸਕੇ । ਹੁਣ ਸਾਡੀ ਜਨਤਾ ਨੂੰ ਵੀ ਕਿਸੇ ਨੂੰ ਗਾਲਾਂ ਕੱਢਣ ਦਾ ਕੋਈ ਹੱਕ ਬਾਕੀ ਨਹੀਂ ਬਚਦਾ ਵਿਖਾਈ ਦਿੰਦਾ ਕਿਉਂਕਿ ਉਸ ਨੇ ਇਨ੍ਹਾਂ ਚੋਣਾਂ ਵਿਚ ਆਪਣੇ ਫੈਸਲੇ ਆਪ ਕੀਤੇ ਹਨ । ਇਹ ਵੀ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਵੱਲੋਂ ਚੁਣੇ ਹੋਏ ਨਵੇਂ ਆਗੂ ਉਨ੍ਹਾਂ ਦੀਆਂ ਉਮੀਦਾਂ ਤੇ ਕਿੰਨੇ ਕੁ ਖਰੇ ਉੱਤਰਦੇ ਹਨ ।  ਇਹ ਗੱਲ ਵੀ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਸਾਡੀ ਜਨਤਾ ਤੀਜਾ ਬਦਲ ਜ਼ਰੂਰ ਭਾਲਦੀ ਹੈ ਪਰ ਸਾਡੇ ਆਗੂਆਂ ਦੀ ਨਕਾਰਾਤਮਕ ਪਹੁੰਚ ਦੇ ਕਾਰਨ ਅਤੇ ਕਿਤੇ ਨਾ ਕਿਤੇ ਛੋਟੀਆਂ ਮੋਟੀਆਂ ਗਰਜਾਂ ਕਰਕੇ ਸਹੀ ਫੈਸਲਾ ਲੈਣ  ਵਿੱਚ ਧੋਖਾ ਖਾ ਜਾਂਦੀ ਹੈ ।
                                                     ਹੁਣ ਸਿਆਸੀ ਪੰਡਤਾਂ ਅਤੇ ਸੱਚੇ ਚਿੰਤਕਾਂ ਦੀ ਨਿਗਾਹ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਤੇ ਅਗਲੇ ਸਮੇਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਟਿਕੀ ਹੈ ਕਿ ਉਨ੍ਹਾਂ ਚੋਣਾਂ ਵਿੱਚ ਸਾਂਝਾ ਫਰੰਟ ਬਣਾਉਣ ਦੀ ਕਵਾਇਦ ਤੇ ਤੁਰੇ ਆਗੂ ਆਪਣਾ ਕਿੰਨਾ ਕੁ ਦਮ ਖਮ ਵਿਖਾਉਣਗੇ ਜਾਂ ਇਸੇ ਤਰ੍ਹਾਂ ਡੰਡਾ ਡੁੱਕ ਖੇਡ ਨੂੰ ਖੇਡਣ ਦੀ ਰੀਤ ਨੂੰ ਹੋਰ ਅੱਗੇ ਤੋਰਨਗੇ ਇਹ ਅਜੇ ਸਮੇਂ ਦੇ ਗਰਭ ਵਿੱਚ ਹੈ ।

ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136