ਲੋਕ ਸਭਾ ਚੋਣਾਂ ਅਤੇ ਪੰਜਾਬ ਦੀ ਨਵੀਂ ਸਿਆਸਤ  - ਜਗਤਾਰ ਸਿੰਘ

ਪੰਜਾਬ ਦੀ ਧਾਰਮਿਕ-ਰਾਜਸੀ ਅਤੇ ਵੋਟ ਰਾਜਨੀਤੀ ਹਮੇਸ਼ਾ ਬਾਕੀ ਮੁਲਕ ਤੋਂ ਉਲਟ ਰਹੀ ਹੈ। ਇਸ ਪੱਖੋਂ ਹਾਲੀਆ ਲੋਕ ਸਭਾ ਚੋਣਾਂ ਵੱਖਰੀਆਂ ਨਹੀਂ। ਇਹ ਸਰਹੱਦੀ ਸੂਬਾ ਨਾ ਸਿਰਫ਼ ਮੁਲਕ ਦੇ ਰੁਝਾਨ ਦੇ ਉਲਟ ਭੁਗਤਿਆ ਬਲਕਿ ਨਤੀਜੇ ਦਰਸਾ ਰਹੇ ਹਨ ਕਿ ਚੋਣਾਂ ਨੂੰ ਲੈ ਕੇ ਪਹਿਲੀ ਵਾਰੀ ਇਥੇ ਤਿੱਖੀ ਵਰਗ ਵੰਡ ਵੀ ਹੋਈ ਹੈ। ਇਸ ਨੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਨਾ ਹੈ।
        ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਭਖਵੇਂ ਮੁੱਦੇ ਦੇ ਬਾਵਜੂਦ ਜਿੱਤ ਗਏ ਹਨ। ਸੁਖਬੀਰ ਫ਼ਿਰੋਜ਼ਪੁਰ ਤੋਂ ਸੂਬੇ ਵਿਚੋਂ ਸਭ ਤੋਂ ਵੱਡੇ ਫ਼ਰਕ ਨਾਲ ਜਿੱਤੇ ਹਨ ਜਦੋਂ ਕਿ ਹਰਸਿਮਰਤ ਬਠਿੰਡੇ ਤੋਂ ਮਸਾਂ ਹੀ ਆਪਣੀ ਸੀਟ ਬਚਾਉਣ ਵਿਚ ਕਾਮਯਾਬ ਹੋਈ ਹੈ। ਬਾਕੀ ਸੀਟਾਂ ਉੱਤੇ ਉਨ੍ਹਾਂ ਦੀ ਪਾਰਟੀ ਹੂੰਝੀ ਗਈ ਹੈ। ਕਈ ਥਾਵਾਂ ਉੱਤੇ ਤਾਂ ਇਹ ਦੂਜਾ ਸਥਾਨ ਵੀ ਹਾਸਲ ਨਹੀਂ ਕਰ ਸਕੀ। ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਤਿੰਨਾਂ ਵਿਚੋਂ ਦੋ ਸੀਟਾਂ ਜਿੱਤ ਕੇ ਬਿਹਤਰ ਕਾਰਗੁਜ਼ਾਰੀ ਵਿਖਾਈ ਹੈ।
       ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਸਥਾਪਤੀ ਵਿਰੋਧੀ ਸੁਰਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ, ਫਿਰ ਵੀ ਕਾਂਗਰਸ ਨੇ ਸੂਬੇ ਦੀਆਂ 13 ਵਿਚੋਂ 8 ਸੀਟਾਂ ਜਿੱਤ ਲਈਆਂ। ਬਾਦਲ ਪਰਿਵਾਰ ਨੇ ਕਾਂਗਰਸ ਵਲੋਂ ਉਠਾਏ ਬੇਅਦਬੀ ਦੇ ਮਾਮਲੇ ਨੂੰ ਖੁੰਢਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਅਤੇ ਦਿੱਲੀ ਕਤਲੇਆਮ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਪੂਰੇ ਚੋਣ ਪ੍ਰਚਾਰ ਦੌਰਾਨ ਇਹੀ ਦੋਵੇਂ ਮੁੱਦੇ ਭਾਰੂ ਰਹੇ। ਅਮਰਿੰਦਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਵੀ ਅਕਾਲੀ-ਭਾਜਪਾ ਗਠਜੋੜ ਨੇ ਉਭਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਅਸਰ ਬਹੁਤ ਘੱਟ ਵਿਖਾਈ ਦਿੱਤਾ।
       ਚੋਣਾਂ ਦੌਰਾਨ ਸੂਬੇ ਵਿਚ ਤਿੱਖੀ ਵਰਗ ਵੰਡ ਸਾਹਮਣੇ ਆਈ। ਮੋਟੇ ਤੌਰ ਉੱਤੇ ਸਿੱਖ ਇਨ੍ਹਾਂ ਚੋਣਾਂ ਵਿਚ, ਸਾਕਾ ਨੀਲਾ ਤਾਰਾ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰ ਕੇ ਇਸ ਪਾਰਟੀ ਵੱਲ ਭੁਗਤੇ ਹਨ। ਇਹ ਤਬਦੀਲੀ ਆਪਣੇ ਆਪ ਵਿਚ ਅਹਿਮ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੀ ਸਿੱਖਾਂ ਦੇ ਸਿਆਸੀ ਸਰੋਕਾਰਾਂ ਤੇ ਹਿੱਤਾਂ ਦੀ ਪੂਰਤੀ ਲਈ ਕੀਤੀ ਗਈ ਸੀ ਅਤੇ ਹੁਣ ਸਿੱਖਾਂ ਨੇ ਇਸ ਤੋਂ ਮੂੰਹ ਮੋੜ ਲਿਆ ਹੈ।
        ਇਹ ਕਾਂਗਰਸ ਪਾਰਟੀ ਹੀ ਸੀ ਜਿਹੜੀ ਦਹਾਕਿਆਂ ਤੱਕ ਪੰਜਾਬ ਵਿਚ ਹਿੰਦੂ ਸਰੋਕਾਰਾਂ ਦੀ ਆਵਾਜ਼ ਬਣਦੀ ਰਹੀ ਹੈ। ਭਾਜਪਾ ਦੇ ਪਹਿਲੇ ਰੂਪ ਜਨਸੰਘ ਦਾ ਪੰਜਾਬ ਵਿਚ ਕੋਈ ਬਹੁਤਾ ਆਧਾਰ ਨਹੀਂ ਸੀ। ਕਾਂਗਰਸ ਵਿਚਲਾ ਇਕ ਵਿਸ਼ੇਸ਼ ਧੜਾ ਫ਼ਿਰਕੂ ਹਿੱਤਾਂ ਦੀ ਗੱਲ ਕਰਦਾ ਸੀ ਜਿਸ ਨੇ ਪੰਜਾਬ ਨੂੰ ਬੋਲੀ ਦੇ ਆਧਾਰ ਉੱਤੇ ਮੁੜ ਵਿਉਂਤਣ ਲਈ ਲੱਗੇ ਪੰਜਾਬੀ ਸੂਬਾ ਮੋਰਚੇ ਦੌਰਾਨ ਫ਼ਿਰਕੂ ਹਿੱਤਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਉਭਾਰਿਆ।
       ਸੂਬੇ ਦੀ ਹਿੰਦੂ ਵਸੋਂ ਇਨ੍ਹਾਂ ਚੋਣਾਂ ਵਿਚ ਮੋਟੇ ਤੌਰ ਉੱਤੇ ਮੋਦੀ ਕਾਰਨ ਅਕਾਲੀ ਦਲ ਦੇ ਹੱਕ ਵਿਚ ਭੁਗਤੀ ਹੈ। ਲੋਕਾਂ ਦੇ ਮਨਾਂ ਵਿਚ ਇਹ ਸਾਰਾ ਕੁਝ ਚੋਣਾਂ ਤੋਂ ਤਕਰੀਬਨ ਹਫ਼ਤਾ ਪਹਿਲਾਂ ਹੀ ਰਿੱਝਣਾ-ਪੱਕਣਾ ਸ਼ੁਰੂ ਹੋ ਗਿਆ ਸੀ। ਇਸ ਦੀ ਸਪਸ਼ਟ ਮਿਸਾਲ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਹਿੰਦੂ ਬਹੁਗਿਣਤੀ ਵਾਲੇ ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਜਿੱਤੀ ਹੈ ਅਤੇ ਸਿੱਖ ਬਹੁਗਿਣਤੀ ਵਾਲੇ ਹਲਕਿਆਂ ਵਿਚ ਕਾਂਗਰਸ ਨੂੰ ਵੱਧ ਵੋਟਾਂ ਪਈਆਂ ਹਨ। ਇਹੀ ਹਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਅਤੇ ਮਾੜੇ ਮੋਟੇ ਫ਼ਰਕ ਨੂੰ ਛੱਡ ਕੇ ਪੂਰੇ ਪੰਜਾਬ ਵਿਚ ਵਾਪਰਿਆ ਹੈ।
        ਨਤੀਜਿਆਂ ਤੋਂ ਬਾਅਦ ਸੁਖਬੀਰ ਨੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ ਪੰਜਾਬੀ ਪਾਰਟੀ ਵਜੋਂ ਵਿਚਰੇਗੀ। ਇਹ ਐਲਾਨ ਅਹਿਮ ਹੈ ਕਿਉਂਕਿ ਅਕਾਲੀ ਲੀਡਰਸ਼ਿਪ ਲਗਾਤਾਰ ਇਹ ਦਾਅਵਾ ਕਰਦੀ ਰਹੀ ਹੈ ਕਿ ਅਕਾਲੀ ਦਲ ਸਿੱਖ ਪਾਰਟੀ ਹੈ। ਇਸ ਚੋਣ ਵਿਚ ਵੋਟਾਂ ਦੇ ਰੁਝਾਨ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਦਲ ਦਾ ਸਰੂਪ ਹੁਣ ਬਦਲ ਗਿਆ ਹੈ।
        ਤੀਜੇ ਬਦਲ ਦੇ ਪ੍ਰਸੰਗ ਵਿਚ ਵੀ ਇਨ੍ਹਾਂ ਚੋਣਾਂ ਦਾ ਇਕ ਪੱਖ ਵਿਚਾਰਨ ਯੋਗ ਹੈ। ਆਮ ਆਦਮੀ ਪਾਰਟੀ ਪਹਿਲਾਂ 2014 ਤੇ ਫਿਰ 2017 ਵਿਚ ਤੀਜੇ ਬਦਲ ਵਜੋਂ ਉਭਰੀ ਪਰ ਲੋਕਾਂ ਦੀਆਂ ਆਸਾਂ ਉੱਤੇ ਪੂਰੀ ਨਹੀਂ ਉੱਤਰੀ। ਇਸ ਨੇ ਭਾਵੇਂ ਸੂਬੇ ਵਿਚ ਇਕ ਸੀਟ ਜਿੱਤ ਲਈ ਹੈ ਪਰ ਸੂਬੇ ਵਿਚ ਇਸ ਦਾ ਡਿੱਗਿਆ ਵੋਟ ਹਿੱਸਾ ਅਤੇ ਦਿੱਲੀ ਵਿਚੋਂ ਇਸ ਦਾ ਕਿੱਲਾ ਹੀ ਪੁੱਟੇ ਜਾਣ ਨੇ ਇਸ ਦੇ ਮੁੜ ਉਭਰ ਸਕਣ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। 'ਆਪ' ਤੋਂ ਬਿਨਾ ਕੁਝ ਹੋਰ ਨਿੱਕੇ ਮੋਟੇ ਧੜਿਆਂ ਅਤੇ ਆਗੂਆਂ ਨੇ ਚੌਥਾ ਫਰੰਟ ਉਭਾਰਨ ਦੀ ਕੋਸ਼ਿਸ਼ ਕੀਤੀ। ਇਹ ਤਜਰਬਾ ਬੁਰੀ ਤਰ੍ਹਾਂ ਫੇਲ੍ਹ ਹੋਇਆ। ਪੰਜਾਬ ਨੇ ਇਕ ਵਾਰੀ ਮੁੜ ਦੋ ਧਿਰੀ ਰਾਜਨੀਤੀ ਵੱਲ ਮੋੜਾ ਕੱਟ ਲਿਆ ਹੈ।
       ਚੋਣਾਂ ਵਿਚ ਦੋ ਹੋਰ ਮਹੱਤਵਪੂਰਨ ਮੁੱਦੇ ਵੀ ਉਭਾਰਨ ਦੀ ਕੋਸ਼ਿਸ਼ ਹੋਈ ਪਰ ਲੋਕਾਂ ਨੇ ਇਨ੍ਹਾਂ ਨੂੰ ਬਹੁਤਾ ਹੁੰਗਾਰਾ ਨਹੀਂ ਭਰਿਆ। ਇਹ ਮੁੱਦੇ ਸਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕਸ਼ੀਆਂ ਅਤੇ ਖਾੜਕੂਵਾਦ ਦੌਰਾਨ ਸਿੱਖ ਨੌਜਵਾਨਾਂ ਦਾ ਝੂਠੇ ਪੁਲੀਸ ਮੁਕਾਬਲਿਆਂ ਵਿਚ ਕਤਲ ਤੇ ਵੱਡੀ ਗਿਣਤੀ ਵਿਚ ਲਾਪਤਾ ਹੋਣਾ। ਇਨ੍ਹਾਂ ਦੋਹਾਂ ਵਿਚੋਂ ਕੋਈ ਵੀ ਮੁੱਦਾ ਸੂਬੇ ਵਿਚ ਚੋਣ ਬਿਰਤਾਂਤ ਦਾ ਹਿੱਸਾ ਨਹੀਂ ਬਣਿਆ।
      ਇਨ੍ਹਾਂ ਚੋਣਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਭਵਿੱਖ ਬਾਰੇ ਅਟਕਲਾਂ ਦਾ ਵੀ ਖ਼ਾਤਮਾ ਕਰ ਦਿੱਤਾ ਕਿੳਂਂਕਿ ਪੰਜਾਬ ਕਾਂਗਰਸੀ ਸਰਕਾਰ ਵਾਲਾ ਇਕੋ ਇਕ ਸੂਬਾ ਹੈ ਜਿੱਥੇ ਇਨ੍ਹਾਂ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਬਿਹਤਰ ਰਹੀ ਹੈ। ਇਸ ਤੋਂ ਬਿਨਾ ਕੈਪਟਨ ਅਮਰਿੰਦਰ ਸਿੰਘ ਦੀ ਸਿਫ਼ਾਰਸ਼ ਵਾਲੇ ਉਮੀਦਵਾਰਾਂ ਵਿਚੋਂ ਬਹੁਤੇ ਜਿੱਤ ਗਏ ਹਨ। ਨਤੀਜਿਆਂ ਨੇ ਉਨ੍ਹਾਂ ਦੋ ਮੰਤਰੀਆਂ ਦੀਆਂ ਮੁੱਖ ਮੰਤਰੀ ਬਣਨ ਦੀਆਂ ਆਸਾਂ ਉੱਤੇ ਹਾਲ ਦੀ ਘੜੀ ਪਾਣੀ ਫੇਰ ਦਿੱਤਾ ਹੈ ਜਿਹੜੇ ਚੋਣਾਂ ਤੋਂ ਬਾਅਦ ਸੂਬੇ ਦੀ ਲੀਡਰਸ਼ਿਪ ਵਿਚ ਤਬਦੀਲੀ ਦੀ ਸੂਰਤ ਵਿਚ ਮੁੱਖ ਮੰਤਰੀ ਦੀ ਕੁਰਸੀ ਉੱਤੇ ਅੱਖ ਲਾਈ ਬੈਠੇ ਸਨ। ਨਵਜੋਤ ਸਿੰਘ ਸਿੱਧੂ ਨੇ ਤਾਂ ਇਸ ਖੇਡ ਵਿਚ ਆਪਣੇ ਆਪ ਨੂੰ ਹੀ ਬੁਰੀ ਤਰ੍ਹਾਂ ਜ਼ਖ਼ਮੀ ਕਰ ਲਿਆ ਹੈ। ਉਸ ਨੇ ਚੋਣਾਂ ਤੋਂ ਦੋ ਦਿਨ ਪਹਿਲਾਂ ਬਠਿੰਡਾ ਵਿਚ ਰੈਲੀ ਦੌਰਾਨ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਵਿਰੋਧੀਆਂ ਨਾਲ ਮਿਲ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਕਰਾਰੀ ਹਾਰ ਦਿੱਤੀ ਜਾਵੇ। ਇਹ ਗੁੱਝਾ ਤੀਰ ਕੈਪਟਨ ਅਮਰਿੰਦਰ ਸਿੰਘ ਵੱਲ ਸੀ ਕਿਉਂਕਿ ਕੁਝ ਲੋਕਾਂ ਦੇ ਮਨਾਂ ਵਿਚ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਅਮਰਿੰਦਰ ਸਿੰਘ ਬਾਦਲ ਪਰਿਵਾਰ ਲਈ ਨਰਮ ਗੋਸ਼ਾ ਰੱਖਦੇ ਹਨ।
       ਮਨਪ੍ਰੀਤ ਸਿੰਘ ਬਾਦਲ ਦੂਜਾ ਮੰਤਰੀ ਹੈ ਜਿਸ ਨੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਅੱਖ ਲਾਈ ਹੋਈ ਸੀ, ਭਾਵੇਂ ਉਸ ਨੇ ਆਪਣੀ ਸੁਰ ਸਦਾ ਨੀਵੀਂ ਰੱਖੀ ਹੈ। ਉਸ ਨੇ ਵਿਧਾਨ ਸਭਾ ਚੋਣ ਬਠਿੰਡਾ ਸ਼ਹਿਰੀ ਹਲਕੇ ਤੋਂ ਤਕਰੀਬਨ 20 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ ਅਤੇ 2014 ਵਿਚ ਉਸ ਨੂੰ ਇਥੋਂ ਹਰਸਿਮਰਤ ਤੋਂ ਤਕਰੀਬਨ 30 ਹਜ਼ਾਰ ਵੋਟਾਂ ਵੱਧ ਮਿਲੀਆਂ ਸਨ। ਹੁਣ ਇਸ ਸੀਟ ਤੋਂ ਉਹੀ ਹਰਸਿਮਰਤ ਦੇ ਜਿੱਤਣ ਦਾ ਕਾਰਨ ਬਣੇ ਹਨ। ਮਨਪ੍ਰੀਤ ਉਨ੍ਹਾਂ ਪੰਜ ਮੰਤਰੀਆਂ ਵਿਚੋਂ ਹਨ ਜਿਹੜੇ ਆਪਣੇ ਹਲਕਿਆਂ ਵਿਚ ਪਾਰਟੀ ਨੂੰ ਨਹੀਂ ਜਿਤਾ ਸਕੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਮੁਖ਼ਾਲਫ਼ਤ ਤੋਂ ਵੱਧ ਲੋਕ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਵੱਧ ਖ਼ਿਲਾਫ਼ ਸਨ ਜਿਸ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ। ਫ਼ਿਰੋਜ਼ਪੁਰ ਤੋਂ ਸੁਖਬੀਰ ਦੀ ਸੌਖੀ ਜਿੱਤ ਨੂੰ ਭਾਪਦਿਆਂ ਕਾਂਗਰਸ ਲਈ ਬਠਿੰਡਾ ਸੀਟ ਜਿੱਤਣੀ ਸਿਆਸੀ ਤੌਰ ਉੱਤੇ ਲਾਜ਼ਮੀ ਸਮਝੀ ਜਾ ਰਹੀ ਸੀ ਪਰ ਬਠਿੰਡਾ ਸ਼ਹਿਰੀ ਵਿਧਾਨ ਸਭਾ ਦੇ ਖ਼ਰਾਬ ਨਤੀਜੇ ਕਾਰਨ ਪਾਰਟੀ ਇਹ ਸੀਟ ਹਾਰ ਗਈ।
       ਇਨ੍ਹਾਂ ਚੋਣਾਂ ਵਿਚ ਇਕ ਆਮ ਵਿਚਾਰ ਇਹ ਸੀ ਕਿ ਅਕਾਲੀ ਦਲ ਦਾ ਮੁੜ ਉਭਾਰ ਫ਼ਿਰੋਜ਼ਪੁਰ ਤੇ ਬਠਿੰਡਾ ਹਲਕਿਆਂ ਦੇ ਚੋਣ ਨਤੀਜਿਆਂ ਉੱਤੇ ਨਿਰਭਰ ਕਰੇਗਾ ਅਤੇ ਬਾਦਲ ਪਰਿਵਾਰ ਨੇ ਇਹ ਦੋਵੇਂ ਜਿੱਤ ਲਈਆਂ ਹਨ। ਉਂਜ, ਪਾਰਟੀ ਦੇ ਮੁੱਖ ਆਧਾਰ ਰਹੇ ਸਿੱਖ ਵੋਟਰ ਦਾ ਕਾਂਗਰਸ ਵੱਲ ਖਿਸਕ ਜਾਣ ਨੇ ਇਸ ਦੇ ਮੁੜ ਉਭਾਰ ਉੱਤੇ ਫਿਰ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।
        ਇਹ ਵੀ ਸਚਾਈ ਹੈ ਕਿ 1966 ਤੋਂ ਬਾਅਦ ਪਹਿਲੀ ਵਾਰ, ਅਕਾਲੀ ਦਲ ਨੇ ਐਤਕੀਂ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ। ਇਹ ਭਾਵੇਂ ਰਸਮੀ ਕਾਰਵਾਈ ਹੀ ਕਿਉਂ ਨਾ ਹੋਵੇ, ਫਿਰ ਵੀ ਇਹ ਦਸਤਾਵੇਜ਼ ਪਾਰਟੀ ਦੀ ਵਿਚਾਰਧਾਰਾ ਅਤੇ ਏਜੰਡੇ ਨੂੰ ਤਾਂ ਦਰਸਾਉਂਦਾ ਹੀ ਹੈ। ਇਸ ਵਾਰੀ ਅਕਾਲੀ ਦਲ ਨੇ ਆਪਣੀ ਇਹ ਸ਼ਾਨਦਾਰ ਰਵਾਇਤ ਤਿਆਗ ਦਿੱਤੀ। ਇਸ ਦਾ ਕਾਰਨ ਇਹ ਜਾਪਦਾ ਹੈ ਕਿ ਹੁਣ ਇਸ ਪਾਰਟੀ ਨੇ ਸਿੱਖਾਂ ਵਰਗੀ ਤਾਕਤਵਰ ਘੱਟ ਗਿਣਤੀ ਦੀ ਨੁਮਾਇੰਦਗੀ ਕਰਨ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ।
       ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਪੱਖ ਤੋਂ ਆਤਮ ਪੜਚੋਲ ਕਰਨ ਦੀ ਲੋੜ ਹੈ ਕਿਉਂਕਿ ਪਾਰਟੀ ਉਮੀਦਵਾਰਾਂ ਕੋਲ ਲੋਕਾਂ ਨੂੰ ਦੱਸਣ ਲਈ ਕੁਝ ਵੀ ਨਹੀਂ ਸੀ। ਬਾਦਲ ਪਰਿਵਾਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਨਾਂ ਉੱਤੇ ਵੋਟਾਂ ਮੰਗਦਾ ਰਿਹਾ। ਇਹ ਪਾਰਟੀ ਦਹਾਕਿਆਂ ਤੱਕ ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਰਹੀ ਹੈ। ਇਨ੍ਹਾਂ ਮੰਗਾਂ ਬਾਰੇ ਮੋਦੀ ਸਰਕਾਰ ਦਾ ਰਵੱਈਆ ਨਾਂਹ ਪੱਖੀ ਹੀ ਰਿਹਾ। ਬਾਦਲ ਪਰਿਵਾਰ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਭਾਜਪਾ ਦੇ ਏਜੰਡੇ ਲਈ ਲੜਨ ਬਦਲੇ ਪੰਜਾਬ ਨੂੰ ਕੀ ਹਾਸਲ ਹੋਇਆ। ਅਕਾਲੀ ਦਲ ਨੂੰ ਵਜ਼ੀਰੀ ਮਿਲ ਜਾਣੀ ਵੱਖਰਾ ਮੁੱਦਾ ਹੈ।
       ਵਰਨਣ ਯੋਗ ਹੈ ਕਿ ਅਕਾਲੀ ਦਲ ਨੇ ਫ਼ਰਵਰੀ 1996 ਵਿਚ ਹੋਈ ਮੋਗਾ ਕਾਨਫਰੰਸ ਵਿਚ ਪੰਜਾਬੀਅਤ ਦਾ ਨਾਅਰਾ ਦਿੱਤਾ ਸੀ ਅਤੇ ਇਸ ਨੇ ਕਦੇ ਵੀ ਸਿੱਖ ਵੋਟ ਨੂੰ ਇਸ ਤੋਂ ਦੂਰ ਨਹੀਂ ਸੀ ਕੀਤਾ। ਹੁਣ ਸੁਖਬੀਰ ਉਸ ਵੇਲੇ ਇਸ ਦੇ ਪੰਜਾਬੀ ਸਰੂਪ ਦੀ ਗੱਲ ਕਰ ਰਿਹਾ ਹੈ ਜਦੋਂ ਲੋਕ ਸਭਾ ਚੋਣਾਂ ਵਿਚ ਸਿੱਖ ਵੋਟ ਇਸ ਤੋਂ ਕਿਨਾਰਾ ਕਰ ਗਿਆ ਹੈ। ਅੱਜ ਦੇ ਅਕਾਲੀ ਦਲ ਨੇ ਸਿੱਖ ਏਜੰਡੇ ਨੂੰ ਲੈ ਕੇ ਚੱਲਣ ਵਾਲੀ ਸਿਆਸੀ ਪਾਰਟੀ ਲਈ ਥਾਂ ਵਿਹਲੀ ਕਰ ਦਿੱਤੀ ਹੈ। ਆਮ ਤੌਰ ਉੱਤੇ ਇਸ ਨੂੰ ਪੰਥਕ ਥਾਂ ਕਹਿ ਲਿਆ ਜਾਂਦਾ ਹੈ। ਇਥੇ ਸਮੱਸਿਆ ਇਹ ਹੈ ਕਿ ਇਹ ਥਾਂ ਪਿਛਲੇ ਕੁਝ ਸਮੇਂ ਤੋਂ ਖਾਲੀ ਪਈ ਹੈ ਪਰ ਕੋਈ ਭਰੋਸੇਮੰਦ ਆਗੂ ਇਸ ਨੂੰ ਭਰਨ ਲਈ ਉਭਰ ਨਹੀਂ ਰਿਹਾ।
       ਅਕਾਲੀ ਦਲ ਦਾ ਆਪਣੇ ਮੂਲ ਸਰੂਪ ਅਤੇ ਸਰੋਕਾਰਾਂ ਤੋਂ ਲਾਂਭੇ ਜਾਣ ਦਾ ਇਕ ਹੋਰ ਅਹਿਮ ਪੱਖ ਵੀ ਹੈ, ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ। ਪੰਜਾਬ ਗੁਰਦੁਆਰਾ ਐਕਟ ਤਹਿਤ ਬਣੀ ਸ਼੍ਰੋਮਣੀ ਕਮੇਟੀ ਨਿਰੋਲ ਸਿੱਖ ਵਰਤਾਰਾ ਹੈ ਅਤੇ ਸਿੱਖ ਸਿਆਸੀ ਪਾਰਟੀ ਹੋਣ ਨਾਤੇ ਇਸ ਨੂੰ ਅਕਾਲੀ ਦਲ ਹੀ ਕਾਬਜ਼ ਰਿਹਾ ਹੈ। ਹੁਣ ਇਹ ਦਾਅਵਾ ਛੱਡਣ ਤੋਂ ਬਾਅਦ ਕੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀ ਅਗਲੀ ਚੋਣ ਨਹੀਂ ਲੜੇਗਾ?
       ਇਸ ਪ੍ਰਸੰਗ ਵਿਚ ਇਕ ਹੋਰ ਸੰਭਾਵਨਾ ਵੀ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਉੱਤੇ ਕੰਟਰੋਲ ਕਰਨ ਲਈ ਰਾਸ਼ਟਰੀਆ ਸਿੱਖ ਸੰਗਤ, ਅਕਾਲੀ ਦਲ ਦੀ ਟਿਕਟ ਉੱਤੇ ਆਪਣੇ ਬੰਦਿਆਂ ਨੂੰ ਇਹ ਚੋਣ ਲੜਾ ਸਕਦੀ ਹੈ। ਇਸ ਮੁੱਦੇ ਦੇ ਬਹੁਤ ਸਾਰੇ ਪੱਖ ਹਨ। ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਵਰਗੇ ਸਿੱਖ ਅਦਾਰਿਆਂ ਦੇ ਵਕਾਰ ਨੂੰ ਪਹਿਲਾਂ ਦੀ ਕਾਫ਼ੀ ਢਾਹ ਲੱਗ ਚੁੱਕੀ ਹੈ। ਸੰਘ ਪਰਿਵਾਰ ਦੇ ਦਬਾਅ ਹੇਠ ਨਾਨਕਸ਼ਾਹੀ ਕੈਲੰਡਰ ਬਦਲ ਦਿੱਤਾ ਗਿਆ। ਭਾਜਪਾ ਪਹਿਲੇ ਦਿਨ ਤੋਂ ਹੀ ਇਸ ਦਾ ਵਿਰੋਧ ਕਰ ਰਹੀ ਸੀ। ਇਨ੍ਹਾਂ ਸ਼ਕਤੀਆਂ ਦਾ ਅਗਲਾ ਨਿਸ਼ਾਨਾ ਦਹਾਕਿਆਂ ਤੋਂ ਚਲੀ ਆ ਰਹੀ ਪੰਥ ਪ੍ਰਵਾਨ ਸਿੱਖ ਰਹਿਤ ਮਰਯਾਦਾ ਬਦਲ ਕੇ ਸਿੱਖ ਡੇਰੇਦਾਰਾਂ ਵਲੋਂ ਅਪਣਾਈ ਜਾ ਰਹੀ ਮਰਯਾਦਾ ਲਾਗੂ ਕਰਵਾਉਣਾ ਹੈ। ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦਾ ਮੂਲ਼ ਢਾਂਚਾ ਪਹਿਲਾਂ ਹੀ ਤਬਦੀਲ ਕੀਤਾ ਜਾਣਾ ਸ਼ੁਰੂ ਹੋ ਚੁੱਕਿਆ ਹੈ।
       ਪਹਿਲਾਂ ਪੰਜਾਬ ਵਿਚ ਅਕਾਲੀ ਦਲ, ਭਾਜਪਾ ਦਾ ਏਜੰਡਾ ਤੈਅ ਕਰਦਾ ਸੀ ਪਰ ਹੁਣ ਭਾਜਪਾ ਅਕਾਲੀ ਦਲ ਦਾ ਏਜੰਡਾ ਮਿੱਥਣ ਲੱਗ ਪਈ ਹੈ। ਪੰਜਾਬ ਦੇ ਭਾਜਪਾ ਆਗੂਆਂ ਦਾ ਕੇਂਦਰੀ ਲੀਡਰਸ਼ਿਪ ਨਾਲ ਇਹ ਗਿਲਾ ਰਿਹਾ ਹੈ ਕਿ ਉਹ ਸੂਬੇ ਵਿਚ ਪਾਰਟੀ ਹਿੱਤਾਂ ਨੂੰ ਪਹਿਲ ਦੇਣ ਦੀ ਥਾਂ ਅਕਾਲੀ ਦਲ ਦੀ ਪਿਛਲੱਗ ਬਣੀ ਰਹੀ ਹੈ ਪਰ ਹੁਣ ਅਕਾਲੀ ਦਲ ਭਾਜਪਾ ਦਾ ਪਿਛਲੱਗ ਬਣ ਗਿਆ ਹੈ।
      ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ, ਮੰਤਰੀਆਂ ਅਤੇ ਵਿਧਾਇਕਾਂ ਉੱਤੇ ਲੱਗ ਰਹੇ ਭ੍ਰਿਸ਼ਟਾਚਾਰ, ਕੁਰੱਖਤ ਅਤੇ ਹੈਂਕੜਬਾਜ਼ ਹੋਣ ਦੇ ਦੋਸ਼ਾਂ ਨੂੰ ਧੋਣ ਲਈ ਕੀ ਕਾਰਵਾਈ ਕਰਦੇ ਹਨ ਭਾਵੇਂ ਅਕਾਲੀ ਦਲ ਚੋਣਾਂ ਵਿਚ ਇਨ੍ਹਾਂ ਮੁੱਦਿਆਂ ਉੱਤੇ ਸਿਆਸੀ ਲਾਹਾ ਲੈਣ ਵਿਚ ਕਾਮਯਾਬ ਨਹੀਂ ਹੋਇਆ।

ਸੰਪਰਕ : 97797-11201