ਮੁੱਖ ਧਾਰਾ ਦਾ ਹਿੱਸਾ ਬਣ ਰਹੇ ਨਵੇਂ 'ਨਾਇਕ' - ਰਾਮਚੰਦਰ ਗੁਹਾ

1990ਵਿਆਂ ਦੇ ਸ਼ੁਰੂਆਤੀ ਸਾਲਾਂ ਦੌਰਾਨ ਬਜ਼ੁਰਗ ਗਾਂਧੀਵਾਦੀ ਡਾ. ਸੁਸ਼ੀਲਾ ਨਾਇਰ, ਫ਼ਿਰਕੂ ਸਦਭਾਵਨਾ ਵਧਾਉਣ ਲਈ ਅਯੁੱਧਿਆ ਵਿਖੇ ਸੀ। ਇਸ ਦੌਰਾਨ ਇਕ ਸਰਬ-ਧਰਮ ਪ੍ਰਾਰਥਨਾ ਸਭਾ ਵਿਚ ਉਹ ਮਹਾਤਮਾ ਗਾਂਧੀ ਦੀ ਪਸੰਦੀਦਾ ਧੁਨ 'ਰਘੂਪਤੀ ਰਾਘਵ ਰਾਜਾ ਰਾਮ' ਦੇ ਗਾਇਨ ਦੀ ਅਗਵਾਈ ਕਰ ਰਹੀ ਸੀ। ਗਾਇਨ ਦੌਰਾਨ ਜਦੋਂ 'ਈਸ਼ਵਰ ਅੱਲ੍ਹਾ ਤੇਰੋ ਨਾਮ' ਵਾਲੀ ਸਤਰ ਆਈ ਤਾਂ ਲੋਕਾਂ ਦਾ ਇਕ ਟੋਲਾ ਵਿਰੋਧ ਕਰਦਾ ਹੋਇਆ ਸਟੇਜ ਕੋਲ ਪੁੱਜਾ ਅਤੇ ਉਨ੍ਹਾਂ ਗਾਇਨ ਰੁਕਵਾ ਦਿੱਤਾ। ਬਜ਼ੁਰਗ ਡਾ. ਨਾਇਰ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਮਹਾਤਮਾ ਗਾਂਧੀ ਦੀ ਯਾਦ ਤੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਪੁੱਜੇ ਹੋਏ ਸਨ। ਉਨ੍ਹਾਂ ਹਾਲੇ ਇੰਨਾ ਹੀ ਕਿਹਾ ਸੀ, ''ਹਮ ਗਾਂਧੀ ਜੀ ਕੀ ਤਰਫ਼ ਸੇ ਆਏ ਹੈਂ।'' ਤਾਂ ਅੱਗੋਂ ਜਵਾਬ ਮਿਲਿਆ : ''ਔਰ ਹਮ ਗੌਡਸੇ ਕੀ ਤਰਫ਼ ਸੇ।''
      ਉਦੋਂ ਅਤੇ ਉਸ ਤੋਂ ਬਾਅਦ ਬਹੁਤ ਸਾਲਾਂ ਦੌਰਾਨ ਵਿਸ਼ਲੇਸ਼ਕ ਇਹੋ ਸਮਝਦੇ ਰਹੇ ਕਿ ਜਿਹੜੇ ਲੋਕ ਨੱਥੂ ਰਾਮ ਗੌਡਸੇ ਦੀ ਪੂਜਾ ਕਰਦੇ ਹਨ ਉਹ ਬੜੇ ਬੇਤੁਕੇ, ਹਾਸ਼ੀਆਗਤ ਤੇ ਬੇਮਤਲਬ ਹਨ। ਹਾਲਾਤ ਬਦਲਦੇ ਰਹਿੰਦੇ ਹਨ। ਪਿਛਲੀ ਲੋਕ ਸਭਾ ਦੇ ਇਕ ਮੈਂਬਰ ਸਾਕਸ਼ੀ ਮਹਾਰਾਜ ਨੇ ਗੌਡਸੇ ਦੇ ਸੋਹਲੇ ਗਾਏ ਅਤੇ ਇਸ ਦੇ ਬਾਵਜੂਦ ਭਾਜਪਾ ਨੇ ਉਸ ਨੂੰ ਹਾਲੀਆ ਚੋਣਾਂ ਵਿਚ ਦੁਬਾਰਾ ਟਿਕਟ ਦੇ ਕੇ ਉਮੀਦਵਾਰ ਬਣਾਇਆ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੀ ਭੋਪਾਲ ਤੋਂ ਉਮੀਦਵਾਰ ਪ੍ਰੱਗਿਆ ਠਾਕੁਰ ਨੇ ਗੌਡਸੇ ਦੇ ਗੁਣ ਗਾਏ। ਬਾਅਦ ਵਿਚ ਪ੍ਰਧਾਨ ਮੰਤਰੀ ਨੇ ਭਾਵੇਂ ਆਪਣੇ ਆਪ ਨੂੰ ਉਸ ਦੇ ਬਿਆਨ ਤੋਂ ਲਾਂਭੇ ਕਰ ਲਿਆ, ਪਰ ਇਸ ਦੇ ਬਾਵਜੂਦ ਉਸ ਦੇ ਵਿਚਾਰਾਂ ਦੀ ਭਾਜਪਾ ਦੇ ਦੇਸ਼ ਭਰ ਵਿਚਲੇ ਹੋਰ ਅਨੇਕਾਂ ਉਮੀਦਵਾਰਾਂ ਨੇ ਸੁਭਾਵਿਕ ਹਮਾਇਤ ਕੀਤੀ। ਇਹ ਵੀ ਗ਼ੌਰਤਲਬ ਹੈ ਕਿ ਇਹ ਸਾਰੇ ਗੌਡਸੇ-ਭਗਤ ਇਨ੍ਹਾਂ ਚੋਣਾਂ ਦੌਰਾਨ ਆਪੋ-ਆਪਣੇ ਹਲਕਿਆਂ ਤੋਂ ਜੇਤੂ ਰਹੇ, ਉਹ ਵੀ ਭਾਰੀ ਫ਼ਰਕ ਨਾਲ।
       ਇਸ ਤਰ੍ਹਾਂ ਨੱਥੂ ਰਾਮ ਗੌਡਸੇ ਦੇ ਪੂਜਕ ਹੁਣ ਹਾਸ਼ੀਆਗਤ ਤੇ ਬੇਮਤਲਬ ਹਰਗਿਜ਼ ਨਹੀਂਂ ਰਹੇ ਸਗੋਂ ਉਹ ਮੁੱਖ ਧਾਰਾ ਵਿਚ ਆ ਗਏ ਹਨ। ਇਸ ਦੇ ਮੈਂਬਰਾਂ ਵਿਚ ਸਿਰਫ਼ ਭਾਜਪਾ ਦੇ ਐਮਪੀ ਹੀ ਨਹੀਂ ਸਗੋਂ ਸੰਘ ਦੇ ਕੱਦਾਵਰ ਵਿਚਾਰਕ ਵੀ ਸ਼ਾਮਲ ਹਨ। ਇਕ ਹਾਲੀਆ ਟੀਵੀ ਬਹਿਸ ਦੌਰਾਨ ਉੱਘੇ ਗੁਜਰਾਤੀ ਲੇਖਕ ਵਿਸ਼ਨੂੰ ਪਾਂਡਿਆ ਨੇ ਪ੍ਰੱਗਿਆ ਠਾਕੁਰ ਨੂੰ 'ਸੰਤ' ਕਰਾਰ ਦਿੱਤਾ। ਉਸ ਵੱਲੋਂ ਮਹਾਤਮਾ ਗਾਂਧੀ ਦੇ ਕਾਤਲ ਦੀ ਕੀਤੀ ਗਈ ਸ਼ਲਾਘਾ ਬਾਰੇ ਪਾਂਡਿਆ ਨੇ ਆਖਿਆ : 'ਗੌਡਸੇ ਇਕ ਦੇਸ਼ ਭਗਤ ਸੀ ਤੇ ਇਸੇ ਤਰ੍ਹਾਂ ਗਾਂਧੀ ਵੀ ਸੀ।' ਧਿਆਨ ਦੇਣ ਵਾਲੀ ਗੱਲ ਹੈ ਕਿ ਪਾਂਡਿਆ ਕੋਈ ਆਮ ਆਰਐੱਸਐੱਸ ਕਾਰਕੁਨ ਨਹੀਂ, ਉਹ ਪਦਮਸ੍ਰੀ ਐਵਾਰਡੀ ਹੈ ਅਤੇ ਗੁਜਰਾਤ ਸਾਹਿਤ ਅਕੈਡਮੀ ਦਾ ਮੌਜੂਦਾ ਪ੍ਰਧਾਨ ਹੈ। (ਇਸ ਬਾਰੇ ਹੋਰ ਜਾਣਕਾਰੀ ਇਸ ਵੈੱਬਸਾਈਟ https://thewire.in/politics/pragya-thakur-godse-patriot-sangh-parivar-vishnu-pandya 'ਤੇ ਦੇਖੀ ਜਾ ਸਕਦੀ ਹੈ)।
       ਮਹਾਤਮਾ ਗਾਂਧੀ ਦੇ ਜੀਵਨ ਕਾਲ ਵਿਚ ਉਨ੍ਹਾਂ ਪ੍ਰਤੀ ਹਿੰਦੂਤਵੀ ਨਫ਼ਰਤ ਦੋ ਨੁਕਾਤੀ ਸੀ : ਇਕ ਤਹਿਤ ਇਹ ਮੰਨਿਆ ਜਾਂਦਾ ਸੀ ਕਿ ਗਾਂਧੀ ਜੀ ਦੀ ਅਹਿੰਸਾ ਦੀ ਨੀਤੀ ਕਮਜ਼ੋਰ ਅਤੇ ਜ਼ਨਾਨੜੇ ਸੁਭਾਅ ਵਾਲੀ ਸੀ। ਦੂਜੇ ਨੁਕਤੇ ਤਹਿਤ ਉਹ ਗਾਂਧੀ ਵੱਲੋਂ ਮੁਸਲਮਾਨਾਂ ਨੂੰ ਬਰਾਬਰ ਹੱਕ ਦੇਣ 'ਤੇ ਜ਼ੋਰ ਦਿੱਤੇ ਜਾਣ ਦੇ ਵਿਰੋਧੀ ਸਨ। ਹਾਲੀਆ ਸਮੇਂ ਦੌਰਾਨ ਇਸ ਵੈਰ ਭਾਵ ਵਿਚ ਇਕ ਹੋਰ ਪਹਿਲੂ ਜੁੜ ਗਿਆ ਹੈ, ਉਹ ਹੈ ਉਨ੍ਹਾਂ ਵੱਲੋਂ ਆਪਣੇ ਸਿਆਸੀ ਜਾਨਸ਼ੀਨ ਵਜੋਂ ਵੱਲਭ ਭਾਈ ਪਟੇਲ ਨਾਲੋਂ ਜਵਾਹਰ ਲਾਲ ਨਹਿਰੂ ਨੂੰ ਪਸੰਦ ਕੀਤਾ ਜਾਣਾ। ਜਦੋਂ ਤੱਕ ਸ੍ਰੀ ਨਹਿਰੂ ਜ਼ਿੰਦਾ ਰਹੇ, ਸੱਜੇ-ਪੱਖੀ ਹਿੰਦੂ ਸਿਧਾਂਤਕ ਤੌਰ 'ਤੇ ਉਨ੍ਹਾਂ ਨੂੰ ਨਾਪਸੰਦ ਕਰਦੇ ਰਹੇ ਕਿਉਂਕਿ ਗਾਂਧੀ ਵਾਂਗ ਹੀ ਨਹਿਰੂ ਵੀ ਭਾਰਤ ਦੇ ਹਿੰਦੂ ਧਰਮ ਆਧਾਰਿਤ ਮੁਲਕ ਜਾਂ ਪਾਕਿਸਤਾਨ ਦਾ ਹੀ ਇਕ ਰੂਪ ਬਣਨ ਦੇ ਸਖ਼ਤ ਖ਼ਿਲਾਫ਼ ਸੀ। ਨਹਿਰੂ ਦੀ ਮੌਤ ਤੋਂ ਬਾਅਦ ਉਹ ਉਨ੍ਹਾਂ ਨੂੰ ਉਸ ਸਿਆਸੀ ਪਰਿਵਾਰ ਕਾਰਨ ਨਾਪਸੰਦ ਕਰਦੇ ਹਨ ਜਿਹੜਾ (ਨਾਵਾਜਬ ਢੰਗ ਨਾਲ) ਉਨ੍ਹਾਂ (ਨਹਿਰੂ) ਦੀ ਵਿਰਾਸਤ ਦਾ ਦਾਅਵਾ ਕਰਦਾ ਹੈ।
       ਇਕ ਤੱਥ ਕਿ ਕੋਈ ਇਕ ਵਿਅਕਤੀ ਦੇਸ਼ ਦੀ ਵੰਡ ਨੂੰ ਨਹੀਂ ਸੀ ਰੋਕ ਸਕਦਾ ਕਿ ਮਹਾਤਮਾ ਗਾਂਧੀ ਨੇ ਵੰਡ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਲਈ ਹੋਰਾਂ ਨਾਲੋਂ ਵੱਧ ਕੰਮ ਕੀਤਾ, ਕਿ ਪਟੇਲ ਤੇ ਨਹਿਰੂ ਸਾਥੀ ਸਨ ਨਾ ਕਿ ਵਿਰੋਧੀ, ਕਿ ਕੋਈ ਸੱਭਿਅਕ ਸਮਾਜ ਧਰਮ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦਾ ૶ ਅਜਿਹੇ ਤੱਥ ਹਨ ਜਿਨ੍ਹਾਂ ਨੂੰ ਹਿੰਦੂ ਸੱਜੇ-ਪੱਖੀਆਂ ਦੀ ਇਤਿਹਾਸ ਪ੍ਰਤੀ ਮਾੜੀ ਤੇ ਖ਼ਬਤੀ ਸਮਝ ਕਾਰਨ ਦਬਾ ਤੇ ਠੁਕਰਾ ਦਿੱਤਾ ਗਿਆ ਹੈ।
       ਖ਼ਾਸਕਰ ਮਹਾਤਮਾ ਗਾਂਧੀ ਦੀ ਜ਼ਿੰਦਗੀ ਦੇ ਆਖ਼ਰੀ ਸਾਲ ਦੌਰਾਨ ਆਰਐੱਸਐੱਸ ਨੇ ਜਨਤਕ ਤੌਰ 'ਤੇ ਉਨ੍ਹਾਂ ਖ਼ਿਲਾਫ਼ ਬਹੁਤ ਜ਼ਹਿਰੀਲੀ ਨਫ਼ਰਤ ਦਾ ਪ੍ਰਗਟਾਵਾ ਕੀਤਾ। (ਇਹ ਮੇਰੇ ਵੱਲੋਂ ਲਿਖੀ ਮਹਾਤਮਾ ਗਾਂਧੀ ਦੀ ਜੀਵਨੀ ਵਿਚ ਤਫ਼ਸੀਲ ਨਾਲ ਬਿਆਨਿਆ ਗਿਆ ਹੈ।) ਜਦੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ૶ ਜੋ ਆਰਐੱਸਐੱਸ ਦੇ ਇਕ ਸਾਬਕਾ ਮੈਂਬਰ ਨੇ ਕੀਤਾ ૶ ਤਾਂ ਉਨ੍ਹਾਂ (ਆਰਐੱਸਐੱਸ ਨੇ) ਖ਼ਾਮੋਸ਼ੀ ਧਾਰ ਲਈ। ਉਹ 1950ਵਿਆਂ ਤੇ 1960ਵਿਆਂ ਦੌਰਾਨ ਸ਼ਾਇਦ ਹੀ ਕਦੇ ਗਾਂਧੀ ਦਾ ਨਾਂ ਲੈਂਦੇ ਹੋਣ। ਉਨ੍ਹਾਂ 1970ਵਿਆਂ ਵਿਚ ਗਾਂਧੀ ਦੀ ਤਾਰੀਫ਼ ਸ਼ੁਰੂ ਕੀਤੀ, ਭਾਵੇਂ ਇਹ ਬਹੁਤ ਦੱਬੀ ਸੁਰ ਵਿਚ ਸੀ। ਹੁਣ ਉਨ੍ਹਾਂ ਵਾਸਤੇ ਉਹ (ਗਾਂਧੀ) ਦੇਸ਼ ਭਗਤ ਸਨ, ਜਿਵੇਂ ਕਿ ਹੋਰ ਅਨੇਕਾਂ ਵੀ ਸਨ। ਉਹ ਕਦੇ ਵੀ ਉਨ੍ਹਾਂ ਨੂੰ ਸੁਭਾਸ਼ ਚੰਦਰ ਬੋਸ ਵੱਲੋਂ ਦਿੱਤੇ ਗਏ ਲਕਬ ૶ ਭਾਵ ਰਾਸ਼ਟਰ ਪਿਤਾ- ਨਾਲ ਸੰਬੋਧਿਤ ਨਹੀਂ ਕਰ ਸਕੇ।
ਇੱਥੋਂ ਤੱਕ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਮਹਾਤਮਾ ਗਾਂਧੀ ਦੀ ਭੂਮਿਕਾ ਨੂੰ ਛੁਟਿਆਉਣ ਦੀ ਆਪਣੀ ਕੋਸ਼ਿਸ਼ ਦੌਰਾਨ ਵੀ ਆਰਐੱਸਐੱਸ ਇਸ ਗੱਲ ਦਾ ਖ਼ਿਆਲ ਰੱਖਦੀ ਰਹੀ ਕਿ ਉਨ੍ਹਾਂ ਦੀ ਗੌਡਸੇ ਤੋਂ ਵਿੱਥ ਬਣੀ ਰਹੇ। ਪਰ ਹੁਣ ਸ਼ਾਇਦ ਅਜਿਹਾ ਨਾ ਰਹੇ। ਇਸ ਜ਼ੋਰਦਾਰ ਚੋਣ ਜਿੱਤ ਨਾਲ ਜਿਹੜੀ ਆਕੜ ਪੈਦਾ ਹੋਈ ਹੈ, ਉਸ ਤੋਂ ਜਾਪਦਾ ਹੈ ਕਿ ਹੁਣ ਇਸ ਮਾਮਲੇ ਉੱਤੇ ਉਨ੍ਹਾਂ ਦੀ ਅਸਲ ਸੋਚ ਦਾ ਪ੍ਰਗਟਾਵਾ ਹੋਵੇਗਾ। ਇਸੇ ਕਾਰਨ ਵਿਸ਼ਨੂੰ ਪਾਂਡਿਆ ਨੇ ਆਖਿਆ: 'ਗੌਡਸੇ ਇਕ ਦੇਸ਼ ਭਗਤ ਸੀ ਤੇ ਇਸੇ ਤਰ੍ਹਾਂ ਗਾਂਧੀ ਵੀ ਸੀ।' ਇੱਥੇ ਮਹਾਤਮਾ ਦੀ ਉਨ੍ਹਾਂ ਦੇ ਹੀ ਕਾਤਲ ਨਾਲ ਤੁਲਨਾ ਕੀਤੀ ਗਈ ਹੈ ਤੇ ਉਹ ਵੀ ਕਾਤਲ ਦੀ ਦੇਸ਼ ਭਗਤੀ ਦਾ ਜ਼ਿਕਰ ਪਹਿਲਾਂ ਕਰਦਿਆਂ।
       ਗੌਡਸੇ ਇਕ ਦੇਸ਼ ਭਗਤ ਸੀ ਤੇ ਇਸੇ ਤਰ੍ਹਾਂ ਗਾਂਧੀ ਵੀ ਸੀ। ਇਹ ਆਰਐੱਸਐੱਸ ਦਾ ਵਿਚਾਰ ਹੈ। ਉਨ੍ਹਾਂ ਦਾ ਵਿਚਾਰ, ਜਿਨ੍ਹਾਂ ਦੇ ਸੱਜੇ ਪਾਸੇ ਦੇ ਲੋਕਾਂ ਦਾ ਵਿਚਾਰ ਘੱਟ ਅਸਪੱਸ਼ਟਤਾ ਵਾਲਾ ਹੈ, ਉਹ ਇਹ ਕਿ ਗਾਂਧੀ ਗ਼ੱਦਾਰ ਸੀ ਅਤੇ ਗੌਡਸੇ ਦੇਸ਼ ਭਗਤ। ਉਨ੍ਹਾਂ ਮੁਤਾਬਿਕ ਗੌਡਸੇ ਤਾਂ ਸਗੋਂ ਹੋਰ ਵੀ ਮਹਾਨ ਦੇਸ਼ ਭਗਤ ਸੀ ਕਿਉਂਕਿ ਉਸ ਨੇ ਇਕ ਗ਼ੱਦਾਰ ਦਾ ਖ਼ਾਤਮਾ ਕੀਤਾ। ਇਹ ਦ੍ਰਿਸ਼ਟੀਕੋਣ ਦਬਾ-ਦਬ ਫਾਰਵਰਡ ਕੀਤੇ ਜਾ ਰਹੇ ਵੱਟਸਐਪ ਸੁਨੇਹਿਆਂ ਦਾ ਹਿੱਸਾ ਹੈ। ਵਿਚਾਰ-ਵਟਾਂਦਰਿਆਂ ਦੌਰਾਨ ਵਿਆਪਕ ਪੱਧਰ ਉੱਤੇ ਪਾਇਆ ਜਾਣ ਵਾਲਾ ਵਿਚਾਰ (ਖ਼ਾਸਕਰ ਉੱਤਰ ਭਾਰਤ ਵਿਚ) ਮਹਿਜ਼ ਇਹ ਨਹੀਂ ਹੈ ਕਿ ਗੌਡਸੇ ਨੇ ਗਾਂਧੀ ਦਾ ਕਤਲ ਕਰ ਕੇ ਸਹੀ ਕੀਤਾ ਸਗੋਂ ਇਹ ਹੈ ਕਿ ਉਸ ਨੂੰ ਇਹ ਕਤਲ ਕਾਫ਼ੀ ਪਹਿਲਾਂ ਕਰਨਾ ਚਾਹੀਦਾ ਸੀ। ਇਹ ਕਤਲ ਗਾਂਧੀ ਦੇ ਆਖ਼ਰੀ ਵਰਤ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ, ਜਦੋਂ ਉਨ੍ਹਾਂ ਨੇ ਭਾਰਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਉਨ੍ਹਾਂ ਮੁਸਲਮਾਨਾਂ ਨੂੰ ਬਰਾਬਰ ਦੇ ਹੱਕ ਦੇਣ ਜਿਨ੍ਹਾਂ ਇੱਥੇ ਭਾਰਤ ਵਿਚ ਹੀ ਰਹਿ ਕੇ ਆਪਣੀ ਦੇਸ਼ ਭਗਤੀ ਦਾ ਪ੍ਰਗਟਾਵਾ ਕੀਤਾ ਅਤੇ ਇਹ ਦੇਸ਼ ਉਨ੍ਹਾਂ ਦਾ ਵੀ ਹੈ।
      ਆਰਐੱਸਐੱਸ ਇਸ ਮਾਮਲੇ ਵਿਚ ਨਾਟਕ ਕਰ ਸਕਦੀ ਹੈ ਤੇ ਗੋਲਮੋਲ ਰਵੱਈਆ ਅਪਣਾ ਸਕਦੀ ਹੈ, ਪਰ ਕੱਟੜ ਹਿੰਦੂਤਵਵਾਦੀਆਂ ਦੀ ਸਥਿਤੀ ਸਾਫ਼ ਹੈ, ਉਨ੍ਹਾਂ ਮੁਤਾਬਿਕ ਗਾਂਧੀ ਪੱਕੇ 'ਦੇਸ਼ ਵਿਰੋਧੀ' ਸਨ ૶ ਕਿਉਂਕਿ ਉਨ੍ਹਾਂ ਦੇਸ਼ ਦੀ ਵੰਡ ਨਹੀਂ ਰੋਕੀ, ਕਿਉਂਕਿ ਉਨ੍ਹਾਂ ਭਾਰਤ ਨੂੰ ਆਖਿਆ ਕਿ ਉਹ ਪੈਸਾ ਪਾਕਿਸਤਾਨ ਨੂੰ ਅਦਾ ਕੀਤਾ ਜਾਵੇ ਜੋ ਭਾਰਤ ਵੱਲ ਬਕਾਇਆ ਸੀ, ਕਿਉਂਕਿ ਉਹ ਮੁਸਲਮਾਨਾਂ (ਅਤੇ ਈਸਾਈਆਂ) ਨੂੰ ਵੀ ਓਨਾ ਹੀ ਪਿਆਰ ਕਰਦੇ ਸਨ ਜਿੰਨਾ ਹਿੰਦੂਆਂ ਨੂੰ। ਇਸ ਕਾਰਨ ਜਿਸ ਵਿਅਕਤੀ ਨੇ ਇਸ ਦੇਸ਼-ਧ੍ਰੋਹੀ ਦਾ ਖ਼ਾਤਮਾ ਕੀਤਾ, ਉਹ ਯਕੀਨਨ ਸੱਚਾ ਦੇਸ਼ ਭਗਤ ਹੋਵੇਗਾ। ਜਿਹੜੇ ਇਕ ਪਾਸੇ ਗੌਡਸੇ ਨੂੰ ਪੂਜਦੇ ਤੇ ਨਾਲ ਹੀ ਗਾਂਧੀ ਨੂੰ ਨਫ਼ਰਤ ਕਰਦੇ ਹਨ, ਹੁਣ ਸੰਸਦ ਵਿਚ ਬੈਠੇ ਹਨ। ਉਨ੍ਹਾਂ ਨੂੰ ਸੰਸਦ ਵਿਚ ਅਜਿਹੇ ਭਾਰਤੀਆਂ ਨੇ ਭੇਜਿਆ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਵਿਚਾਰ ਬਿਲਕੁਲ ਵਾਜਬ ਜਾਪਦੇ ਹਨ। ਅਜਿਹਾ ਕੁਝ ਗਾਂਧੀ ਦੇ 150ਵੇਂ ਜਨਮ ਦਿਹਾੜੇ ਮੌਕੇ ਹੋਣਾ ਬਹੁਤ ਹੀ ਮਾੜਾ ਤੇ ਜ਼ਾਲਮਾਨਾ ਹੈ, ਪਰ ਅਫ਼ਸੋਸ ਹੁਣ ਸਾਨੂੰ ਇਸੇ ਨਾਲ ਰਹਿਣਾ ਹੋਵੇਗਾ।
       ਮੈਂ ਇਹ ਕਾਲਮ ਅਯੁੱਧਿਆ ਵਿਚ 1990ਵਿਆਂ ਦੇ ਕੁਝ ਗਿਣਤੀ ਦੇ ਗੌਡਸੇ ਭਗਤਾਂ ਤੋਂ ਸ਼ੁਰੂ ਕੀਤਾ ਸੀ। ਜਿਸ ਸਰਕਾਰੀ ਅਧਿਕਾਰੀ ਨੇ ਮੈਨੂੰ ਇਹ ਘਟਨਾ ਦੱਸੀ, ਉਸ ਨੇ ਨਾਲ ਹੀ ਇਹ ਪੇਸ਼ੀਨਗੋਈ ਕੀਤੀ ਸੀ ਕਿ ਭਾਰਤੀਆਂ ਨੇ ਇਕ ਵਾਰੀ ਮਹਾਤਮਾ ਬੁੱਧ ਨੂੰ ਠੁਕਰਾਇਆ ਸੀ ਤੇ ਹੁਣ ਅਸੀਂ ਉਹੋ ਕੁਝ ਗਾਂਧੀ ਨਾਲ ਕਰਾਂਗੇ। ਅੱਜ ਪੱਚੀ ਸਾਲਾਂ ਬਾਅਦ ਗੌਡਸੇ ਪੂਜਕਾਂ ਦੀ ਗਿਣਤੀ ਮਹਿਜ਼ ਹਜ਼ਾਰਾਂ ਵਿਚ ਨਹੀਂ ਸਗੋਂ ਲੱਖਾਂ ਵਿਚ ਹੈ। ਉਨ੍ਹਾਂ ਦੇ ਨੁਮਾਇੰਦੇ ਅੱਜ ਸੰਸਦ ਵਿਚ ਬੈਠੇ ਹਨ, ਇੰਨਾ ਹੀ ਨਹੀਂ ਸਗੋਂ ਮੰਤਰੀ ਮੰਡਲ ਵਿਚ ਵੀ ਹੋ ਸਕਦੇ ਹਨ।
      ਭਾਰਤ ਨੇ ਬੁੱਧ ਨੂੰ ਇਸ ਕਾਰਨ ਨਕਾਰਿਆ ਸੀ ਕਿਉਂਕਿ ਸਾਨੂੰ ਉਨ੍ਹਾਂ ਦੇ ਸਮਾਜਿਕ ਬਰਾਬਰੀ ਵਾਲੇ ਵਿਚਾਰ ਆਪਣੀ ਸਮਾਜਿਕ ਵਰਣ-ਵੰਡ ਦੇ ਖ਼ਿਲਾਫ਼ ਜਾਪਦੇ ਸਨ। ਹੁਣ ਬਹੁਤ ਸਾਰੇ ਭਾਰਤੀ ਇਸ ਕਾਰਨ ਗਾਂਧੀ ਨੂੰ ਨਕਾਰ ਦੇਣਗੇ ਕਿਉਂਕਿ ਉਨ੍ਹਾਂ ਨੂੰ ਸਰਬ-ਧਰਮ ਸਦਭਾਵਨਾ ਦੇ ਉਨ੍ਹਾਂ ਦੇ ਵਿਚਾਰ ਆਪਣੀ ਬਹੁਗਿਣਤੀ ਵਾਲੀ ਧਾਰਮਿਕ ਕੱਟੜਤਾ ਦੇ ਖ਼ਿਲਾਫ਼ ਜਾਪਦੇ ਹਨ। ਸ਼ਾਇਦ ਅਸੀਂ ਗਾਂਧੀ ਨੂੰ ਉਸੇ ਤਰ੍ਹਾਂ ਬਾਕੀ ਦੁਨੀਆਂ ਦੇ ਅਪਣਾਉਣ ਤੇ ਸਤਿਕਾਰਨ ਲਈ ਛੱਡ ਦੇਵਾਂਗੇ, ਜਿਵੇਂ ਬਾਕੀ ਸੰਸਾਰ ਨੇ ਬੁੱਧ ਨੂੰ ਅਪਣਾਇਆ ਤੇ ਸਤਿਕਾਰਿਆ ਹੈ।