ਕੀ ਭਵਿੱਖ 'ਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜੇਗੀ? -  ਗੁਰਮੀਤ ਪਲਾਹੀ

ਐਕਟਰ ਸੰਨੀ ਦਿਉਲ ਦਾ ਸਿਆਸਤ ਵਿੱਚ ਫਿਲਮੀ ਆਗਮਨ, ਗੁਰਦਾਸਪੁਰ ਤੋਂ ਹਫ਼ਤੇ ਦਸ ਦਿਨ ਦੇ ਸੜਕੀ ਪ੍ਰਚਾਰ ਤੋਂ ਬਾਅਦ ਸਿਆਸੀ ਢੁੱਠ ਵਾਲੇ ਹਾਕਮ ਧਿਰ ਦੇ ਪ੍ਰਧਾਨ ਸੁਨੀਲ ਜਾਖੜ ਉਤੇ ਧੂੰਆਧਾਰ ਜਿੱਤ, ਬਹੁਤ ਵੱਡੇ ਸਵਾਲ ਖੜੇ ਕਰਦੀ ਹੈ। ਇਹ ਤਾਂ ਮੰਨਿਆ ਕਿ ਭਾਜਪਾ ਨੇਤਾ ਅਤੇ ਐਕਟਰੈਸ ਸਿਮਰਤੀ ਇਰਾਨੀ, ਕਾਂਗਰਸ ਦੇ ਅਜਿੱਤ ਹਲਕੇ ਅਮੇਠੀ ਵਿੱਚ ਲਗਾਤਾਰ ਲੋਕਾਂ ਵਿੱਚ ਪੰਜ ਸਾਲ ਕੰਮ ਕਰਦੀ ਰਹੀ ਤੇ ਸਿਆਸਤ ਦੀਆਂ ਪੌੜੀਆਂ ਚੜ੍ਹਦੀ ਮੋਦੀ ਲਹਿਰ ਦੀ ਮਦਦ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚੋਣਾਂ 'ਚ ਚਾਰੋ ਖਾਨੇ ਚਿੱਤ ਕਰ ਗਈ, ਪਰ ਬਿਨ੍ਹਾਂ ਲੋਕਾਂ ਦਾ ਕੋਈ ਕੰਮ ਕੀਤਿਆਂ, ਬਿਨ੍ਹਾਂ ਕਿਸੇ ਸਿਆਸੀ ਅਧਾਰ ਦੇ, ਬਿਨ੍ਹਾਂ ਨਿੱਜੀ ਸੰਪਰਕਾਂ ਦੇ ਭਾਜਪਾ ਵਾਲਾ ਸੰਨੀ ਦਿਓਲ, ਚੋਣ ਕਿਵੇਂ ਜਿੱਤ ਗਿਆ? ਕੀ ਇਹ ਰਾਸ਼ਟਰਵਾਦ ਦੀ ਜਿੱਤ ਹੈ? ਕੀ ਇਹ ਪੰਜਾਬੀਆਂ ਦੇ ਬਿਨ੍ਹਾਂ ਸੋਚੇ ,ਸਮਝੇ ਉਲਾਰ ਹੋ ਕੇ ਜਜ਼ਬਾਤ 'ਚ ਬਹਿਕੇ ਕੰਮ ਕਰਨ ਦੀ ਜਿੱਤ ਹੈ? ਜਾਂ ਕੀ ਇਹ ਪ੍ਰਚਾਰੇ ਜਾ ਰਹੇ ਈ.ਵੀ.ਐਮ.ਦੀ ਕਰਾਮਾਤ ਹੈ? ਜਾਂ ਕੀ ਇਹ ਮੋਦੀ ਲਹਿਰ ਕਾਰਨ ਹੈ?ਪੰਜਾਬ ਵਿੱਚ ਜੇ ਮੋਦੀ ਲਹਿਰ ਸੀ ਤਾਂ ਭਾਜਪਾ ਅੰਮ੍ਰਿਤਸਰ ਵਾਲੀ ਸੀਟ ਕਿਵੇਂ ਹਾਰ ਗਈ ਅਤੇ ਕਾਂਗਰਸ ਪੰਜਾਬ ਵਿੱਚੋਂ 8 ਸੀਟਾਂ ਕਿਵੇਂ ਜਿੱਤ ਗਈ? ਕੀ ਇਹ ਕਾਂਗਰਸ ਦੀ ਗੁੱਟਬੰਦੀ ਸੀ ਜਿਸ ਕਾਰਨ ਕਾਂਗਰਸੀ ਉਮੀਦਵਾਰ ਗੁਰਦਾਸਪੁਰ ਤੋਂ ਇੱਕ ਸਿਆਸੀ ਨੇਤਾ ਬਣੇ ਐਕਟਰ ਤੋਂ ਹਾਰ ਗਿਆ? ਕੁਝ ਗੱਲਾਂ ਜੋ ਇਸ ਚੋਣ ਵਿੱਚ ਸਪਸ਼ਟ ਹੋਈਆਂ, ਉਹ ਇਹ ਕਿ ਇਹਨਾ ਚੋਣਾਂ 'ਚ ਪੰਜਾਬ 'ਚ ਬੀ.ਐਸ.ਪੀ. ਦੇ ਸਮਰਥਕਾਂ  ਨੇ ਇੱਕ-ਜੁੱਟ ਹੋ ਕੇ ਵੋਟ ਪਾਈ। ਦੂਜੀ ਇਹ ਕਿ ਪੰਜਾਬੀਆਂ ਇਹ ਸਿੱਧ ਕਰ ਦਿੱਤਾ ਕਿ ਉਹ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਕੀਤੇ ਗਲਤ ਕੰਮ ਜਾਂ ਗਲਤ ਫੈਸਲਿਆਂ ਨੂੰ ਮੁੱਖ ਤੌਰ ਤੇ ਅਕਾਲੀਆਂ ਨੂੰ ਜ਼ੁੰਮੇਵਾਰ ਮੰਨਦੇ ਹਨ, ਭਾਜਪਾ ਨੂੰ ਪੂਰੀ ਤਰ੍ਹਾਂ ਨਹੀਂ। ਇਸੇ ਕਰਕੇ ਵੱਖੋ-ਵੱਖਰੇ ਥਾਵਾਂ ਉਤੇ, ਜਿਥੇ ਭਾਜਪਾ ਦੇ ਉਮੀਦਵਾਰ ਖੜੇ ਸਨ, ਭਾਵੇਂ ਉਹ ਗੁਰਦਾਸਪੁਰ ਸੀ ਜਾਂ ਹੁਸ਼ਿਆਰਪੁਰ ਜਾਂ ਅੰਮ੍ਰਿਤਸਰ, ਭਾਜਪਾ ਵਾਲੇ ਚੰਗੀਆਂ ਚੋਖੀਆਂ ਵੋਟਾਂ ਲੈ ਗਏ ਅਤੇ ਦੋ ਸੀਟਾਂ ਬਹੁਤ ਹੀ ਆਰਾਮ ਨਾਲ ਜਿੱਤ ਗਏ।  ਉਹਨਾ ਪੰਜਾਬ ਵਿੱਚ ਆਪਣਾ ਵੋਟ ਬੈਂਕ ਵੀ ਵਧਾ ਲਿਆ। ਬਿਨ੍ਹਾਂ ਸ਼ੱਕ ਭਾਜਪਾ ਵਾਲਿਆਂ ਦਾ ਇਹ ਕਥਨ ਸ਼ਾਇਦ ਸੱਚ ਹੁੰਦਾ ਕਿ ਜੇਕਰ ਉਸਦੇ ਭਾਈਵਾਲ ਅਕਾਲੀ, ਅਕਾਲੀ-ਭਾਜਪਾ ਭਾਈਵਾਲੀ 'ਚ ਉਸ ਨੂੰ ਵੱਧ ਸੀਟਾਂ ਦੇ ਦਿੰਦੇ ਤਾਂ ਕਾਂਗਰਸ ਉਹਨਾ ਸੀਟਾਂ ਤੇ ਹਾਰ ਜਾਂਦੀ ਅਤੇ ਭਾਜਪਾ ਜਿੱਤ ਜਾਂਦੀ ਅਤੇ ਪੰਜਾਬ ਵਿੱਚ ਜਿੱਤ ਦੇ ਅੰਕੜੇ ਕੁਝ ਵੱਖਰੇ ਹੁੰਦੇ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 77, ਅਕਾਲੀ ਦਲ (ਬਾਦਲ) 15, ਆਪ 20, ਭਾਜਪਾ 3, ਲੋਕ ਇਨਸਾਫ ਪਾਰਟੀ 2 ਉਤੇ ਜੇਤੂ ਰਹੀ ਜਦ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ 56, ਭਾਜਪਾ  12, ਕਾਂਗਰਸ 46 ਅਤੇ ਹੋਰ ਤਿੰਨਾਂ ਤੇ ਜੇਤੂ ਰਹੇ ਸਨ। ਭਾਵ ਅਕਾਲੀ-ਭਾਜਪਾ ਦੇ ਗੱਠਜੋੜ ਨੇ ਇਹਨਾ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਸੀ। ਪਰ 2017 ਦੀਆਂ ਚੋਣਾਂ 'ਚ ਭਾਜਪਾ-ਅਕਾਲੀ ਦਲ ਚੰਗੀ ਕਾਰਗੁਜ਼ਾਰੀ ਨਾ ਕਰ ਸਕਿਆ। ਅਕਾਲੀ ਸਰਕਾਰ ਦੇ ਲੋਕ ਵਿਰੋਧੀ ਕਾਰਨਾਮਿਆਂ ਦਾ ਖਮਿਆਜ਼ਾ ਭਾਈਵਾਲ ਪਾਰਟੀ ਭਾਜਪਾ ਨੂੰ ਵੀ ਭੁਗਤਣਾ ਪਿਆ ਅਤੇ ਇਹਨਾ ਚੋਣਾਂ ਵਿੱਚ ਭਾਜਪਾ ਵੀ ਪੂਰੇ ਪੰਜਾਬ ਵਿੱਚ ਤਿੰਨ ਸੀਟਾਂ ਉਤੇ ਸਿਮਟ ਕੇ ਰਹਿ ਗਈ। 2017 ਦੀਆਂ ਚੋਣਾਂ ਤੋਂ ਪਹਿਲਾਂ ਇਸ ਗੱਲ ਦੀ ਵੱਡੀ ਚਰਚਾ ਸੀ ਕਿ ਭਾਜਪਾ ਪੰਜਾਬ ਵਿੱਚ ਇੱਕਲੇ ਚੋਣਾਂ ਲੜੇਗੀ ਪਰ ਦਿੱਲੀ ਦੀ ਭਾਜਪਾ ਹਾਈ ਕਮਾਂਡ ਇਸ ਗੱਲ ਲਈ ਰਾਜੀ ਨਾ ਹੋਈ, ਕਿਉਂਕਿ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਵੀ ਪੰਜਾਬ ਭਾਜਪਾ ਵਿੱਚ ਗੁੱਟ ਬੰਦੀ ਸਿਖ਼ਰਾਂ ਉਤੇ ਸੀ, ਜਿਜੜੀ ਕਿ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਟਿਕਟਾਂ ਦੀ ਵੰਡ ਤੋਂ ਪਹਿਲਾਂ ਤੱਕ ਵੀ ਵੇਖਣ ਨੂੰ ਮਿਲੀ। ਜਿਸਦੀ ਵੱਡੀ ਉਦਾਹਰਨ ਹੁਸ਼ਿਆਰਪੁਰ ਸੀਟ ਉਤੇ ਭਾਜਪਾ ਦੇ ਦੋ ਦਿੱਗਜਾਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਅਤੇ ਮੌਜੂਦਾ ਲੋਕ ਸਭਾ ਚੋਣਾਂ 'ਚ ਜਿੱਤੇ ਭਾਜਪਾ ਐਮ.ਪੀ. ਅਤੇ ਮੌਜੂਦਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਹੈ, ਜਿਹੜੇ ਟਿਕਟ ਮਿਲਣ ਦੇ ਆਖਰੀ ਦਿਨ ਤੱਕ ਜ਼ੋਰ ਅਜ਼ਮਾਈ ਕਰਦੇ ਰਹੇ। ਬਾਵਜੂਦ ਇਸ ਸਭ ਕੁਝ ਦੇ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਭਾਜਪਾ ਨੇਤਾਵਾਂ ਦੇ ਆਪਸੀ ਸਬੰਧ ਸੁਖਾਵੇਂ ਨਹੀਂ ਸਨ, (ਵਿਰੋਧੀਆਂ ਨਾਲ ਵੋਟਾਂ ਦੇ ਜੋੜ-ਤੋੜ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ) ਅਤੇ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਆਪਣੀ ਸਾਖ ਵਧਾਈ ਹੈ, ਜਿਸਦਾ ਲਾਭ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਮਿਲੇਗਾ, ਕਿਉਂਕਿ ਕੇਂਦਰ ਵਿੱਚ ਸਰਕਾਰ ਭਾਜਪਾ ਦੀ ਹੈ ਅਤੇ ਭਾਜਪਾ ਵਲੋਂ ਆਪਣੇ ਦੋ ਅਤੇ ਅਕਾਲੀ ਦਲ ਨੂੰ ਇੱਕ ਮੰਤਰੀ ਦਾ ਅਹੁਦਾ ਦੇ ਕੇ ਇਹ ਸੰਦੇਸ਼ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਪੰਜਾਬ ਵਿੱਚੋਂ ਕਾਂਗਰਸ ਰਾਜ ਦਾ ਖਾਤਮਾ ਚਾਹੁੰਦੀ ਹੈ ਕਿਉਂਕਿ ਮੋਦੀ ਦੀ ਪਿਛਲੀ ਲਹਿਰ ਵੇਲੇ ਵੀ ਅਤੇ ਹੁਣ ਦੀ ਲਹਿਰ ਵੇਲੇ ਵੀ ਪੰਜਾਬ ਦਾ ਵੋਟਰ ਮੁੱਖ ਤੌਰ ਤੇ ਮੋਦੀ ਲਹਿਰ ਦੇ ਹੱਕ ਵਿੱਚ ਨਹੀਂ ਉਲਰਿਆ। ਪਿਛਲੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਜਿੱਤਾ ਕੇ  ਪੰਜਾਬੀਆਂ ਨੇ ਰਵਾਇਤੀ ਪਾਰਟੀਆਂ ਨੂੰ ਇਹ ਵਿਖਾ ਦਿੱਤਾ ਸੀ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਚਾਹੁੰਦੇ ਹਨ।
ਭਾਵੇਂ ਕਿ ਪਿਛਲੀ ਵੇਰ 2014 ਵਿੱਚ ਵੀ ਭਾਜਪਾ ਦੇ ਹਿੱਸੇ ਆਈਆਂ ਤਿੰਨ ਸੀਟਾਂ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚੋਂ ਦੋ ਸੀਟਾਂ ਭਾਜਪਾ ਦੇ ਪੱਲੇ ਪਈਆਂ ਸਨ, ਗੁਰਦਾਸਪੁਰ ਤੋਂ ਵਿਨੋਦ ਖੰਨਾ ਅਤੇ ਹੁਸ਼ਿਆਰਪੁਰ ਤੋਂ ਵਿਜੈ ਸਾਂਪਲਾ ਜਿੱਤੇ ਸਨ। ਅੰਮ੍ਰਿਤਸਰ ਤੋਂ ਭਾਜਪਾ ਦੇ ਅਰੁਣ ਜੇਤਲੀ ਚੋਣ ਹਾਰ ਗਏ ਸਨ ਤੇ ਉਹਨਾ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਜੇਤੂ ਰਹੇ ਸਨ ਅਤੇ ਐਤਕਾਂ ਵੀ ਸਥਿਤੀ ਬਿਲਕੁਲ ਉਵੇਂ ਦੀ ਹੀ ਹੈ ਕਿ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਤੋਂ ਚੋਣ ਹਾਰ ਗਏ ਤੇ ਸੀਟ ਕਾਂਗਰਸ ਦੇ ਹੱਥ ਹੀ ਲੱਗੀ ਹੈ ਭਾਵੇਂ ਕਿ ਭਾਜਪਾ ਦੇ ਵਿਨੋਦ ਖੰਨਾ ਦੀ ਮੌਤ ਬਾਅਦ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਨੇ ਭਾਜਪਾ ਤੋਂ ਇਹ ਸੀਟ ਖੋਹ ਲਈ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਥੋਂ ਚੋਣ ਜਿੱਤ ਗਏ ਸਨ। ਪਰ ਇਸ ਵੇਰ ਸੁਨੀਲ ਜਾਖੜ ਨੂੰ ਭਾਜਪਾ ਦੇ ਸੰਨੀ ਦਿਓਲ ਤੋਂ ਕਰਾਰੀ ਹਾਰ ਹੋਈ।
ਸੀਟਾਂ ਦੇ ਹਿਸਾਬ ਨਾਲ ਜੇਕਰ ਲੇਖਾ-ਜੋਖਾ ਕੀਤਾ ਜਾਵੇ ਤਾਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਸਥਿਤੀ 2014 ਦੀਆਂ ਚੋਣਾਂ ਤੋਂ 2019 ਦੀਆਂ ਚੋਣਾਂ 'ਚ ਵੱਖਰੀ ਨਹੀਂ ਹੋਈ, ਦੋ ਸੀਟਾਂ ਉਸਦੇ ਪੱਲੇ ਸਨ, ਦੋ ਸੀਟਾਂ ਹੁਣ ਪੱਲੇ ਰਹਿ ਗਈਆਂ। ਪਰ ਵਿਧਾਨ ਸਭਾਂ ਚੋਣਾਂ 'ਚ ਅਕਾਲੀਆਂ ਨਾਲ ਗੱਠਜੋੜ 'ਚ 2012 ਦੇ ਮੁਕਾਬਲੇ 2017 'ਚ ਭਾਜਪਾ ਦਾ ਗ੍ਰਾਫ ਹੇਠਾਂ ਆਇਆ, ਉਹ ਸਿਰਫ਼ ਤਿੰਨ ਸੀਟਾਂ ਉਤੇ ਸਿਮਟਕੇ ਰਹਿ ਗਈ। 2014 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਅਤੇ ਉਸਨੂੰ ਆਸ ਸੀ ਕਿ ਉਹ ਅੰਮ੍ਰਿਤਸਰ ਤੋਂ ਭਾਜਪਾ ਦੇ ਵਡੇ ਨੇਤਾ ਨੂੰ ਵੱਡੇ ਫ਼ਰਕ ਨਾਲ ਜਿੱਤਾ ਦੇਣਗੇ, ਪਰ ਇਸ ਸੀਟ ਤੋਂ ਅਰੁਣ ਜੇਤਲੀ ਦੇ ਹਾਰਨ ਨਾਲ ਭਾਜਪਾ-ਅਕਾਲੀਆਂ 'ਚ ਤ੍ਰੇੜਾਂ ਦਿਖਣ ਨੂੰ ਮਿਲੀਆਂ। ਉਂਜ ਵੀ ਅਕਾਲੀ-ਭਾਜਪਾ ਸਰਕਾਰ ਦੇ 10 ਵਰ੍ਹਿਆਂ 'ਚ ਭਾਜਪਾ ਵਾਲੇ ਨੇਤਾ, ਵਰਕਰ ਇਸ ਗੱਲ ਉਤੇ ਰੋਸ ਪ੍ਰਗਟ ਕਰਦੇ ਰਹੇ ਕਿ ਸਰਕਾਰੇ-ਦਰਬਾਰੇ ਉਹਨਾ ਦੀ ਪੁੱਛ ਪ੍ਰਤੀਤ ਨਹੀਂ ਹੁੰਦੀ ਅਤੇ ਉਹ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਇੱਕਲੇ ਹੀ ਲੜਨਾ ਚਾਹੁੰਦੇ ਹਨ। ਇਸ ਸਬੰਧੀ ਕੇਂਦਰੀ ਭਾਜਪਾ ਕੋਲ ਪਹੁੰਚ ਵੀ ਹੋਈ, ਇਸ ਉਤੇ ਮੰਥਨ ਵੀ ਹੋਇਆ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਸਮੇਂ ਦਖ਼ਲ ਨਾਲ ਅਕਾਲੀ-ਭਾਜਪਾ ਗੱਠਜੋੜ ਬਣਿਆ ਰਿਹਾ।
ਲੋਕ ਸਭਾ ਚੋਣਾਂ 'ਚ ਦੋ ਵਿਧਾਇਕ ਲੋਕ ਸਭਾ ਮੈਂਬਰ ਬਣੇ ਹਨ, ਸੁਖਬੀਰ ਸਿੰਘ ਬਾਦਲ (ਅਕਾਲੀ) ਸੋਮ ਪ੍ਰਕਾਸ਼ (ਭਾਜਪਾ)। ਆਮ ਆਦਮੀ ਪਾਰਟੀ ਦੇ ਕੁੱਝ ਵਿਧਾਇਕਾਂ ਨੇ ਅਸਤੀਫ਼ੇ ਦਿੱਤੇ ਹਨ ਅਤੇ ਇਸ ਸੂਰਤ 'ਚ ਜੇਕਰ ਇਹ ਸਾਰੀਆਂ ਸੀਟਾਂ ਖਾਲੀ ਕਰਾਰ ਦਿੱਤੀਆਂ ਜਾਂਦੀਆਂ ਹਨ ਤਾਂ ਪੰਜਾਬ 'ਚ 7 ਸੀਟਾਂ ਉਤੇ  ਉਪ ਚੋਣਾਂ, ਇਸ ਸਾਲ ਦੇ ਵਿੱਚ-ਵਿੱਚ ਹੋਣਗੀਆਂ। ਆਪਣੀ ਲੋਕ ਸਭਾ 'ਚ ਜਿੱਤ ਤੋਂ ਉਤਸ਼ਾਹ ਅਤੇ ਅਕਾਲੀਆਂ ਦੀ ਭੈੜੀ ਕਾਰਗੁਜ਼ਾਰੀ ਕਾਰਨ ਕੀ ਭਾਜਪਾ ਇਹਨਾ 7 ਉਪ ਚੋਣਾਂ ਵਿੱਚ ਆਪਣੇ ਕੋਟੇ ਤੋਂ ਵੱਧ ਸੀਟਾਂ ਦੀ ਮੰਗ ਕਰੇਗੀ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਭਾਜਪਾ ਦੇ ਹੇਠਲੇ ਵਰਕਰਾਂ 'ਚ ਇਸ ਗੱਲ ਦੀ ਚਰਚਾ ਮੁੜ ਛਿੜੀ ਹੋਈ ਹੈ ਕਿ ਭਾਜਪਾ ਜੇਕਰ ਅਕਾਲੀਆਂ ਨੂੰ ਵੱਖਰੇ ਹੋਕੇ, ਕੁਝ ਸਿੱਖ ਚਿਹਰਿਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਨੂੰ ਭਾਜਪਾ ਦੇ ਖੇਮੇ 'ਚ ਆਪਣੀ ਕੇਂਦਰ ਸਰਕਾਰ ਦੇ ਪ੍ਰਭਾਵ ਨਾਲ ਸ਼ਾਮਲ ਕਰਨ 'ਚ ਕਾਮਯਾਬ ਹੁੰਦੀ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਤੋਂ, ਜਿਸ ਦੇ ਘਰ ਦੇ ਦੋ ਜੀਆਂ ਤੋਂ ਬਿਨ੍ਹਾਂ ਹੋਰ ਕੋਈ ਅਕਾਲੀ ਪੰਜਾਬ 'ਚ ਐਮ.ਪੀ. ਦੀ ਸੀਟ ਜਿੱਤ ਨਹੀਂ ਸਕਿਆ, ਆਪਣਾ ਨਾਤਾ ਤੋੜ ਸਕਦੀ ਹੈ। ਕਿਉਂਕਿ ਭਾਜਪਾ ਲੀਡਰਸ਼ਿਪ ਇਹਨਾ ਤੱਥਾਂ ਤੋਂ ਜਾਣੂ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਸਦਾ ਪਿੰਡਾਂ ਵਿੱਚ ਚੰਗਾ ਆਧਾਰ ਸੀ ਅਤੇ ਪੇਂਡੂਆਂ 'ਚ ਅਸਰ ਰਸੂਖ ਸੀ, ਉਹ ਅਧਾਰ ਗੁਆ ਰਹੀ ਹੈ, ਉਸਦਾ ਰਸੂਖ ਖੁਸ ਰਿਹਾ ਹੈ। ਇਹੋ ਜਿਹੇ ਹਾਲਾਤ ਵਿੱਚ ਭਾਜਪਾ, ਜਿਹੜੀ ਇਸ ਵੇਲੇ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਆਪਣੇ ਅਧਾਰ ਨੂੰ ਮਜ਼ਬੂਤ ਕਰਨ ਦੀ ਚਾਹਵਾਨ ਹੈ , ਪੰਜਾਬ ਅਤੇ ਖਾਸ ਕਰਕੇ ਸਿੱਖਾਂ ਵਿੱਚ ਉਹਨਾ ਲੋਕਾਂ ਦੀ ਭਾਲ ਕਰੇਗੀ, ਉਹਨਾ ਨਾਲ ਭਾਈਵਾਲੀ ਕਰੇਗੀ ਜਿਹੜੇ ਸਿੱਖਾਂ ਜਾਂ ਪੰਜਾਬੀਆਂ 'ਚ ਹਰਮਨ ਪਿਆਰੇ ਹਨ। ਦੇਸ਼ ਦੀ ਸਿਆਸਤ ਨੂੰ ਪਰਖਣ ਵਾਲੇ ਨੀਤੀਵਾਨਾਂ ਦਾ ਕਹਿਣ ਹੈ ਕਿ ਕਾਂਗਰਸ ਮੁੱਕਤ ਭਾਰਤ ਲਈ, ਪੰਜਾਬ ਵਿੱਚੋਂ ਕਾਂਗਰਸ ਨੂੰ ਹਰਾਉਣ ਲਈ ਭਾਜਪਾ ਹਰ ਕਦਮ ਚੁੱਕੇਗੀ, ਜਿਸ ਵਿੱਚ ਵੱਡਾ ਕਦਮ ਬਾਦਲ ਪਰਿਵਾਰ ਦੇ ਪ੍ਰਛਾਵੇਂ ਵਿੱਚੋਂ ਪੰਜਾਬ ਵਿੱਚ ਭਾਜਪਾ ਨੂੰ ਮੁਕਤ ਕਰਾਉਣਾ ਹੋ ਸਕਦਾ ਹੈ।

ਗੁਰਮੀਤ ਪਲਾਹੀ
9815802070