ਬਿਨਾਂ ਪਾਣੀ ਤੋਂ ਕੀ ਬਣੂਗਾ ਪੰਜਾਬ ਸਿਆਂ ਤੇਰਾ.. - ਮਨਜਿੰਦਰ ਸਿੰਘ ਸਰੌਦ

ਹਰ ਸਾਲ ਕੇਵਲ ਫਲੱਸਾਂ ਰਾਹੀਂ ਛੱਪੜਾਂ ਵਿੱਚ ਜਾ ਰਿਹੈ 65 ਅਰਬ ਲੀਟਰ ਤੋਂ ਵੀ ਵੱਧ ਅਮ੍ਰਿਤ ਰੂਪੀ ਪਾਣੀ

ਲੰਘੇ ਦਿਨੀਂ ਭਾਰਤ ਦੇ ਰੇਤਲੇ ਸੂਬੇ ਰਾਜਸਥਾਨ ਦੇ ਦੂਰ ਦਰਾਜ ਵਾਲੇ ਇੱਕ ਬੇਹੱਦ ਪੱਛੜੇ ਇਲਾਕੇ ਵਿੱਚ ਜਾਣ ਦਾ ਸਬੱਬ ਬਣਿਆ । ਕੁਦਰਤੀ  ਉਸ ਦਿਨ ਗਰਮੀ ਵੀ ਆਪਣੀ ਚਰਮ ਸੀਮਾ ਨੂੰ ਪਹੁੰਚ ਇੱਕ ਬੇਹੱਦ ਡਰਾਵਣੇ ਰੂਪ ਵਿੱਚ ਧਰਤੀ ਤੇ ਕਹਿਰ ਢਾਉਂਦੀ ਪ੍ਰਤੀਤ ਹੁੰਦੀ ਸੀ । ਸਾਇਦ ਦੁਪਹਿਰ ਦੇ ਢਾਈ ਕੁ ਵੱਜੇ ਹੋਣਗੇ ਸਾਡਾ ਰਸਤਾ ਉਜਾੜ ਬੀਆਬਾਨ ਅਤੇ ਮਾਰੂਥਲ ਦੇ ਟਿੱਬਿਆਂ ਵਿੱਚੋਂ ਦੀ ਹੋਕੇ ਗੁਜਰਦਾ ਸੀ ਦੂਰ ਦੂਰ ਤੱਕ ਉਡਦੀ ਝੱਖ ਇਨਸਾਨੀ ਚਿਹਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਬੇਪਛਾਣ ਕਰ ਰਹੀ ਸੀ । ਗਰਮੀ ਨਾਲ ਹਾਲੋਂ ਬੇਹਾਲ ਹੁੰਦਿਆਂ ਮੈਂ ਕਾਰ ਵਿੱਚ ਰੱਖੀ ਪਾਣੀ ਦੀ ਬੋਤਲ ਨੂੰ ਟੋਹ ਕੇ ਵੇਖਿਆ ਤਾਂ ਉਸ ਵਿੱਚ ਦੋ ਕੁ ਘੁੱਟਾਂ ਹੀ ਪਾਣੀ ਬਾਕੀ ਬਚਿਆ ਸੀ ਮੇਰੀ ਜੀਭ ਤਾਲੂਏ ਲੱਗ ਕੇ ਬੁੱਲ ਵਾਰ ਵਾਰ ਸੁੱਕ ਰਹੇ ਸਨ ਦੋ ਕੁ ਘੁੱਟਾਂ ਪਾਣੀ ਨਾਲ ਆਪਣੇ ਹਲਕ ਨੂੰ ਗਿੱਲਾ ਕਰਨ ਦਾ ਯਤਨ ਕੀਤਾ ਪਰ ਨਹੀਂ । ਆਲੇ ਦੁਆਲੇ ਮੀਲਾਂ ਬੱਧੀ ਰਸਤੇ ਵਿੱਚ ਕੋਈ ਵੀ ਪਾਣੀ ਦਾ ਸਾਧਨ ਨਹੀਂ ਸੀ ਆਖਰ ਥੱਕ ਹਾਰ ਕੇ ਗੱਡੀ ਦੀ ਸੀਟ ਨਾਲ ਢੋਹ ਲਾਉਂਦਿਆਂ ਅੱਖਾਂ ਬੰਦ ਕਰ ਉਸ ਭਿਆਨਕ ਸਫ਼ਰ ਦੇ ਦ੍ਰਿਸ਼ ਨੂੰ ਆਪਣੇ ਜ਼ਹਿਨ ਤੇ ਲਿਆਉਂਦਿਆਂ ਉਸ ਦੀ ਤੁਲਨਾ ਮੇਰੇ ਰੰਗਲੇ ਪੰਜਾਬ ਦੀ ਜਰਖੇਜ਼ ਧਰਤੀ ਨਾਲ ਕੀਤੀ ਜੋ ਪਲ ਪਲ ਕਰਕੇ ਇੱਕ ਮਾਰੂਥਲ ਵਿੱਚ ਤਬਦੀਲ ਹੋ ਰਹੀ ਹੈ ਜਿਸ ਦੇ ਲਈ ਅਸੀਂ ਸਾਰੇ ਆਪ ਹੀ ਦੋਸ਼ੀ ਹਾਂ।
                                                ਪੰਜਾਬ ਦੇ ਅਧ6 ਬਲਾਕਾਂ ਵਿੱਚੋਂ ਲੱਗਭੱਗ ਬਹੁਤੇ ਡਾਰਕ ਜੋਨ ਦੇ ਵਿੱਚ ਪਹੁੰਚ ਚੁੱਕੇ ਹਨ । ਆਉਂਦੇ ਦਿਨਾਂ ਨੂੰ 12 ਲੱਖ ਟਿਊਬਵੈੱਲ ਧਰਤੀ ਦੀ ਹਿੱਕ ਨੂੰ ਪਾੜ ਕੇ ਅੰਮ੍ਰਿਤ ਵਰਗਾ ਪਾਣੀ ਖੇਤਾਂ ਵਿੱਚ ਸੁਟਣਗੇ । ਹਰੀ ਕ੍ਰਾਂਤੀ ਦੇ ਨਾਂਅ ਤੇ ਪੰਜਾਬ ਦੇ ਕਿਸਾਨਾਂ ਨੇ ਆਪਣੇ ਆਪ ਨੂੰ ਮਾਲਾ ਮਾਲ ਕਰਨ ਦੀ ਲਾਲਸਾ ਵਿੱਚ ਆਪਣਾ ਸਭ ਕੁਝ ਗਵਾ ਲਿਆ । ਸਰਕਾਰਾਂ ਨੇ ਪਹਿਲਾਂ ਦੇਸ਼ ਦਾ ਅੰਨ ਭੰਡਾਰ ਭਰਵਾਉਣ ਦੇ ਨਾਂ ਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਫਿਰ ਆਪਣਾ ਹੱਥ ਕਿਸਾਨਾਂ ਦੇ ਸਿਰ ਤੋਂ ਵਾਪਸ ਖਿੱਚਦਿਆਂ ਦੇਰ ਨਾ ਲਾਈ ਬੜੀ ਲੰਬੀ ਦਰਦਨਾਕ ਕਹਾਣੀ ਹੈ ਪੰਜਾਬ ਦੇ ਕਿਸਾਨ ਦੀ । ਫੈਕਟਰੀਆਂ ਵਿੱਚ ਮਣਾਂ ਮੂੰਹ ਪਾਣੀ ਦੀ ਖਪਤ ਨੂੰ ਕਿਸੇ ਨੇ ਅੱਜ ਤੱਕ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਮਹੀਨਾ ਲੈ ਕੇ ਇਸ ਅਮ੍ਰਿਤ ਰੂਪੀ ਪਾਣੀ ਦੇ ਦੁਰਉਪਯੋਗ ਨੂੰ ਹਰੀ ਝੰਡੀ ਦੇ ਦਿੱਤੀ ।
                                                 ਹੁਣ ਇੱਕ ਸੰਸਥਾ ਦੇ ਰੂਪ ਵਿੱਚ ਕੰਮ ਕਰਦੇ ਕੁਝ ਸੱਜਣਾਂ ਵੱਲੋਂ ਪਾਣੀ ਦੀ ਦੁਰਵਰਤੋਂ ਸਬੰਧੀ ਕੀਤੇ ਸਰਵੇ ਦੀ ਜੇਕਰ ਰਿਪੋਰਟ ਨੂੰ ਖੰਗਾਲੀ?ੇ ਤਾਂ ਸੱਚਾ ਚਿੰਤਨ ਕਰਨ ਵਾਲੇ ਇਨਸਾਨ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ , ਉਸ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਪ੍ਰਤੀ 300 ਘਰ ਵਾਲੇ ਪਿੰਡਾਂ ਅੰਦਰ ਬਣੀਆਂ ਲੈਟਰੀਨਾ ਰਾਹੀ ਲਗਭਗ  15 000 ਲੀਟਰ ਪਾਣੀ ਗੰਦਗੀ ਦੇ ਰੂਪ ਵਿੱਚ ਬਦਲਕੇ ਹਰ ਰੋਜ਼ ਧਰਤੀ  ਵਿੱਚ ਜਜ਼ਬ ਹੋ ਰਿਹਾ ਹੈ । ਇਹ ਇੱਕ ਪਿੰਡ ਦੀ ਕਹਾਣੀ ਹੈ ਜੇਕਰ ਇਸ ਅਲਜਬਰੇ ਨੂੰ ਸਾਰੇ ਪੰਜਾਬ ਤੇ ਲਾਗੂ ਕਰੀਏ ਤਾਂ ਜੋ ਅੰਕੜੇ ਸਾਹਮਣੇ ਆਉਂਦੇ ਨੇ ਉਸ ਨੂੰ ਸੁਣ ਹਰ ਵਿਅਕਤੀ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਂਦਾ ਹੈ । ਔਸਤਨ 20 ਕਰੋੜ ਲੀਟਰ ਪ੍ਰਤੀ ਦਿਨ ਅਤੇ ਇੱਕ ਸਾਲ ਦੀ ਜੇਕਰ ਰੇਸ਼ੋ ਕੱਢੀਏ ਤਾਂ ਲੱਗਭੱਗ 64 ਅਰਬ ਲੀਟਰ ਸਾਡਾ ਅੰਮ੍ਰਿਤ ਵਰਗਾ ਪਾਣੀ ਫਲੱਸ਼ਾਂ ਦੀਆਂ ਟੈਂਕੀਆਂ ਚੋਂ ਪਿੰਡਾਂ ਦੀਆਂ ਨਾਲੀਆਂ ਵਿੱਚੋਂ ਦੀ ਹੁੰਦਾ ਹੋਇਆ ਛੱਪੜਾਂ ਵਿੱਚ ਪਹੁੰਚਦਾ ਹੈ । ਨਹਾਉਣ  , ਕੱਪੜੇ ਅਤੇ ਗੱਡੀਆਂ ਧੋਣ ਵਿੱਚ ਖ਼ਪਤ ਹੋ ਰਹੇ ਪਾਣੀ  ਦਾ ਹਿਸਾਬ ਕਿਤਾਬ ਇਸ ਤੋਂ ਵੱਖਰਾ ਹੈ । ਸੋਚਦਿਆਂ ਹੀ ਰੂਹ ਕੰਬ ਜਾਂਦੀ ਹੈ ਕਿ ਇੱਕ ਸਾਲ ਵਿੱਚ ਹੀ ਸਾਡਾ ਲੱਖਾਂ ਟਨ ਪਾਣੀ ਸਾਡੇ ਤੋਂ ਤਿਲ ਤਿਲ ਕਰਕੇ ਗੁਆਚ ਰਿਹੈ । ਇਹ ਵੀ ਠੀਕ ਹੈ ਕਿ ਜਿੱਥੇ ਪਾਣੀ ਦੀ ਵਰਤੋਂ  ਸਾਡੇ ਲਈ ਅੱਤ ਜ਼ਰੂਰੀ ਹੈ ਅਸੀਂ  ਉਸ ਨੂੰ ਰੋਕ ਨਹੀਂ ਸਕਦੇ ਪਰ ਹਾਂ ਉਸ ਦੀ ਦੁਰਵਰਤੋਂ ਕਰਨ ਦਾ ਵੀ ਸਾਨੂੰ ਕੋਈ ਹੱਕ ਨਹੀਂ ।
                                               ਜੇਕਰ ਅਸੀਂ ਪੰਜਾਬ ਅੰਦਰ ਚਾਰੇ ਕੂੰਟਾਂ ਤੇ ਪਾਣੀ ਦੀ ਵਰਤੋਂ ਅਤੇ ਦੁਰਵਰਤੋਂ ਤੇ ਨਿਗ੍ਹਾ ਮਾਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨਾਲ ਇਨਸਾਫ਼ ਕਰ ਰਹੇ ਹੋਵਾਂਗੇ । ਸਾਡੇ ਵਿਗਿਆਨੀ ਅਤੇ ਪਾਣੀ ਨਾਲ ਸਬੰਧਤ ਵਿਭਾਗ ਬਾਰ ਬਾਰ ਮੀਡੀਏ ਦੇ ਵੱਖ ਵੱਖ ਸਾਧਨਾਂ ਰਾਹੀਂ ਸਾਨੂੰ ਜਗਾਉਂਦੇ ਰਹਿੰਦੇ ਨੇ ਪਰ ਸਾਡਾ ਹਾਲ , ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ , ਵਾਲਾ ਹੈ । ਪਤਾ ਨਹੀਂ ਕਿੱਧਰ ਗਏ ਸਾਡੀਆਂ ਸਰਕਾਰਾਂ ਦੇ ਵਾਟਰ ਟਰੀਟਮੈਂਟ  ਲੱਗਣ ਵਾਲੇ ਸੁਪਨਮਈ ਪ੍ਰਾਜੈਕਟ ਅਤੇ ਸੰਤ ਸੀਚੇਵਾਲ ਮਾਡਲ ਬਣਾਉਣ ਦੇ ਵੱਡੇ ਵੱਡੇ ਵਾਅਦੇ ।  ਉਂਝ ਰੀਸਾਂ ਤਾਂ ਅਸੀਂ ਬਾਹਰਲੇ ਮੁਲਖ ਦੀਆਂ ਕਰਨ ਦੀਆਂ ਟਾਹਰਾਂ ਮਾਰਦੇ ਹਾਂ ਪਰ ਉਹ ਲੋਕ ਪਾਣੀ ਨੂੰ ਆਪਣੇ ਪੁੱਤਾਂ ਨਾਲੋਂ ਵੀ ਵੱਧ ਪਿਆਰ ਕਰਦੇ ਨੇ । ਸੋਚਣਾ ਤਾਂ ਬਣਦੈ ਕਿ ਜੇਕਰ ਇਸੇ ਤਰ੍ਹਾਂ ਹਰ ਸਾਲ ਅਰਬਾਂ ਲੀਟਰ ਪਾਣੀ ਧਰਤੀ ਦੀ ਕੁੱਖ ਵਿੱਚੋਂ ਨਿਕਲ ਕੇ ਗੰਦਗੀ ਵਿੱਚ ਘੁਲ ਖੂਹ ਟੋਭਿਆਂ ਵਿੱਚ ਪੈਂਦਾ ਰਿਹਾ ਤਾਂ ਕਿੰਨਾ ਕੁ ਚਿਰ ਹੋਰ ਮਨੁੱਖ ਨੂੰ ਜੀਵਨ ਪ੍ਰਦਾਨ ਕਰਨ ਵਾਲਾ ਇਹ ਅੰਮ੍ਰਿਤ ਸਾਡੇ ਕੋਲ ਬੱਚ ਸਕੇਗਾ ।
                                            ਰੱਬ ਦਾ ਵਾਸਤਾ ਖੇਤਾਂ ਵਿੱਚ ਲੱਗੇ ਟਿਊਬਵੈੱਲ , ਚੌਕ ਚੌਰਾਹਿਆਂ ਅਤੇ ਘਰਾਂ ਵਿੱਚ ਲੱਗੀਆਂ ਪਾਣੀ ਦੀਆਂ ਟੂਟੀਆਂ , ਫੈਕਟਰੀਆਂ ਦੇ ਵੱਡੇ ਬੋਰ ਅਤੇ ਬਾਥਰੂਮਾਂ ਵਿੱਚੋਂ ਵਿਹੜੇ ਧੋਣ ਨੂੰ ਲਾਏ ਦੋ ਦੋ ਇੰਚੀ ਦੇ ਪਾਈਪਾਂ ਵਿੱਚੋਂ ਨਿਕਲ ਰਹੀ ਇਸ ਅਮੁੱਲੀ ਦਾਤ ਦੀ ਵਰਤੋਂ ਜ਼ਰੂਰ ਕਰੋ ਪਰ ਦੁਰਵਰਤੋਂ ਕਦੇ ਵੀ ਭੁੱਲ ਕੇ ਨਾ ਕਰੋ। ਹੁਣ ਸੋਚਣਾ ਪੰਜਾਬੀਆਂ ਨੇ ਹੈ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਵਿਰਾਸਤ ਵਿੱਚ ਮਾਰੂਥਲ ਰੂਪੀ ਪੰਜਾਬ ਦੇ ਕੇ ਜਾਣਾ ਹੈ ਤਾਂ ਤੁਹਾਡੀ ਮਰਜ਼ੀ , ਜੇ ਅਜੇ ਵੀ ਚਾਹੁੰਦੇ ਹਾਂ ਕਿ ਆਪਣੇ ਬਾਪੂਆਂ ਤੇ ਦਾਦਿਆਂ ਦਾ ਕੁਝ ਬਚਿਆ ਖੁਚਿਆ ਪੰਜਾਬ ਅਸੀਂ ਵਿਰਾਸਤ ਦੇ ਰੂਪ ਵਿੱਚ ਨਵੀਂ ਨਵੀਂ ਪੀੜ੍ਹੀ ਦੇ ਸਪੁਰਦ ਕਰਨਾ ਹੈ ਤਾਂ ਸੰਭਲ ਜਾਵੋ ਸਮਾਂ ਸਾਡੇ ਹੱਥੋਂ ਰੇਤ ਦੀ ਤਰ੍ਹਾਂ ਕਿਰਦਾ ਜਾ ਰਿਹਾ ਹੈ ।

ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136