ਆਖਰ ਕਦ ਉਤਰੂ ਫੁਕਰਾਪੰਥੀ ਕਲਾਕਾਰਾਂ ਦੇ ਸਿਰੋਂ ਲੱਚਰ ਗਾਇਕੀ ਦਾ ਭੂਤ - ਮਨਜਿੰਦਰ ਸਿੰਘ ਸਰੌਦ

ਲੰਘੇ ਦਿਨੀ ਇੱਕ ਨਿੱਜੀ ਚੈਨਲ ਤੇ ਪ੍ਰੋਗਰਾਮ ਕਰਦੇ ਸਮੇਂ ਮੈਨੂੰ ਕਿਸੇ ਸਰੋਤੇ ਵੱਲੋਂ ਇੱਕ ਗੀਤ ਬਾਰੇ ਜੋ ਕਿਸੇ ਫੁਕਰਾਪੰਥੀ ਕਲਾਕਾਰ ਵੱਲੋਂ ਗਾਇਆ ਗਿਆ ਸੀ ਦੇ ਸੰਬੰਧ ਵਿੱਚ ਬੇਹੱਦ ਗੁੱਸੇ ਨਾਲ ਭਰਿਆ ਸਵਾਲ ਕੀਤਾ ਗਿਆ, ਉਸ ਨੌਜਵਾਨ ਦਾ ਗੁੱਸਾ ਵਾਜਬ ਸੀ ਕਿਉਂਕਿ ਫਰੇਜਰ ਨਾਂ ਦੇ ਇੱਕ ਗੀਤ ਵਿੱਚ ਕਿਸੇ ਅਖੌਤੀ ਕਲਾਕਾਰ ਵੱਲੋਂ ਮਾਰੀਆਂ ਜਬਲੀਆਂ ਜਦੋਂ ਇੱਕ ਭਰੇ ਪਰਿਵਾਰ ਵਿੱਚ ਮਾਂ , ਪਿਓ ਅਤੇ ਭੈਣ , ਭਾਈ ਦੇ ਕੰਨੀਂ ਪੈਂਦੀਆਂ ਨੇ ਤਾਂ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦੈ ਕਿ ਮੈਂ ਕਿਸ ਦੁਨੀਆਂ ਦਾ ਵਾਸੀ ਹਾਂ । ਗੀਤ ਵਿੱਚ ਕਲਾਕਾਰ ਲੜਕੀ ਦੀ ਤੁਲਨਾਂ ਬੋਤਲ ਨਾਲ ਕਰਦੈ ਅਤੇ ਗੀਤ ਦੇ ਰੈਪਰ ਉੱਤੇ ਤਸਵੀਰ ਵੀ ਬੋਤਲ ਦੀ ਪੇਸ਼ ਕਰਕੇ ਬੇਹਿਆਈ ਦੇ ਨਾਲ ਨਾਲ ਇਸ ਗੀਤ ਰਾਹੀਂ ਨਸ਼ੇ ਨੂੰ ਪ੍ਰਮੋਟ ਕਰਨ ਦੀ ਕੋਝੀ ਕੋਸ਼ਿਸ਼ ਵੀ ਕੀਤੀ ਗਈ ਹੈ ।
                                               ਬਿਨਾਂ ਸ਼ੱਕ ਇਹ ਵਰਤਾਰਾ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਨੌਜਵਾਨੀ ਲਈ ਬੇਹੱਦ ਘਾਤਕ ਹੋਣ ਦੇ ਨਾਲ ਨਾਲ ਸਾਡੀ ਸੰਸਕ੍ਰਿਤੀ ਅਤੇ ਸਾਡੇ ਸੱਭਿਆਚਾਰ ਦੇ ਉੱਤੇ ਇੱਕ ਵੱਡਾ ਹਮਲਾ ਕਰਨ ਦੀਆਂ ਜੋ  ਵਿਉਂਤਾਂ ਕੁਝ ਲੋਕਾਂ ਵੱਲੋਂ ਬੁਣੀਆਂ ਜਾਂਦੀਆਂ ਨੇ ਇੱਕ ਤਰ੍ਹਾਂ ਨਾਲ ਉਨ੍ਹਾਂ ਹੀ ਸਾਜਸ਼ਾਂ ਨੂੰ ਸਿਰੇ ਚਾੜ੍ਹਨ ਦੇ ਲਈ ਇਹੋ ਜਿਹੇ ਗੀਤ ਧੜੱਲੇ ਨਾਲ ਮਾਰਕੀਟ ਦੇ ਵਿੱਚ ਆਉਂਦੇ ਨੇ ਕੁਝ ਇੱਕ ਤੇ ਪੈਸਾ ਵੀ ਉਨ੍ਹਾਂ ਲੋਕਾਂ ਵੱਲੋਂ ਹੀ ਖਰਚਿਆ ਜਾ ਰਿਹਾ ਹੈ ਜਿਨ੍ਹਾਂ ਨੇ ਸਦਾ ਹੀ ਸਾਡੀ ਮਾਂ ਬੋਲੀ , ਪੰਜਾਬ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਲੰਘੇ ਸਮੇਂ ਅੱਡੀ ਚੋਟੀ ਦਾ ਜ਼ੋਰ ਤੱਕ ਲਾਇਆ ਅਤੇ ਆਪਣੇ ਖੀਸਿਆਂ ਵਿੱਚੋਂ ਪੈਸਾ ਕੱਢ ਕੇ ਸਾਡੀ ਨੌਜਵਾਨੀ ਨੂੰ ਵਰਗਲਾਉਣ ਦਾ ਯਤਨ ਕੀਤਾ । ਸਮੇਂ ਸਮੇਂ ਤੇ ਬੇਹੱਦ ਘਟੀਆ ਸ਼ਬਦਾਵਲੀ ਵਾਲੇ ਗੀਤਾਂ ਨੇ ਸਾਨੂੰ ਸ਼ਰਮਸਾਰ ਕਰਨ ਦੇ ਨਾਲ ਨਾਲ ਸੋਚਣ ਲਈ ਮਜਬੂਰ ਕੀਤਾ ਕੇ ਇਸ ਨੂੰ ਗਾਇਕੀ ਆਖੀਏ ਜਾਂ ਗਾਇਕੀ ਦੇ ਨਾਂ ਤੇ ਪਾਇਆ ਜਾ ਰਿਹਾ ਜਾ ਰਿਹਾ ਲੱਚਰਤਾ ਦਾ ਖਿਲਾਰਾ । ਅਸੀਂ ਵੀ ਸਦਾ ਹੀ ਫੁਕਰਾਪੰਥੀ ਕਲਾਕਾਰਾਂ ਨੂੰ ਤਰਜੀਤ ਦਿੱਤੀ ਅਤੇ ਚੰਗਿਆਂ ਤੋਂ ਦੂਰੀ ਬਣਾ ਕੇ ਰੱਖੀ । ਭਾਵੇਂ ਪਿਛਲੇ ਕੁਝ ਕੁ ਸਮੇਂ ਤੋਂ ਸਾਡੀ ਨੌਜਵਾਨੀ ਨੇ ਇਹਨਾਂ ਮਾੜੇ ਗੀਤਾਂ ਤੋਂ ਪਾਸਾ ਵੱਟ ਕੇ ਆਪਣੇ ਆਪ ਨੂੰ ਦੂਰ ਕਰਨ ਦਾ ਯਤਨ ਵੀ ਕੀਤਾ ਪਰ ਨੌਜਵਾਨੀ ਦਾ ਬਹੁਤ ਵੱਡਾ ਹਿੱਸਾ ਅਜੇ ਵੀ ਲੱਚਰ ਗਾਇਕੀ ਦੇ ਦੁਆਲੇ ਹੀ ਘੁੰਮਦਾ ਨਜ਼ਰ ਆਉਂਦਾ ਹੈ ।
                                       ਪਿਛਲੇ ਸਮੇਂ ਲੱਚਰ ਗਾਇਕੀ ਤੋਂ ਉਕਸਾਹਟ ਵਿਚ ਆ ਕੇ ਪੈਲਸਾਂ ਵਿੱਚ ਚੱਲੀਆਂ ਗੋਲੀਆਂ ਨਾਲ ਕਿੰਨੇ ਹੀ ਘਰਾਂ ਦੇ ਚਿਰਾਗ ਬੁਝ ਚੁੱਕੇ ਨੇ ਅਤੇ ਬਹੁਤਿਆਂ ਨੂੰ ਅਣ ਆਈ ਮੌਤ ਮਰਨਾ ਪਿਆ ਹੈ ਇੱਥੋਂ ਤੱਕ ਕਿ ਛੋਟੇ ਬੱਚੇ ਵੀ ਲੱਚਰ ਗੀਤਾਂ ਦੀ ਭੇਟ ਚੜ੍ਹ ਕੇ ਆਪਣੇ ਮਾਪਿਆਂ ਤੋਂ ਦੂਰ ਹੁੰਦੇ ਨੇ । ਬਹੁਤੀ ਵਾਰ ਪੈਲਸਾਂ ਵਿੱਚ ਚੱਲਦੀਆਂ ਗੋਲੀਆਂ ਸਮੇਂ ਬਾਰਾਤੀਆਂ ਨੂੰ ਮੇਜ਼ਾਂ ਹੇਠਾਂ ਲੁਕ ਕੇ ਜਾਨ ਬਚਾਉਣੀ ਪੈਂਦੀ ਹੈ ਉਦੋਂ  ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਪੈਲੇਸ ਪੰਜਾਬ ਦੀ ਜਗ੍ਹਾ ਜੰਮੂ ਕਸ਼ਮੀਰ ਦੇ ਕਿਸੇ ਸ਼ਹਿਰ ਵਿੱਚ ਹੋਵੇ । ਪੰਜਾਬ ਸਰਕਾਰ ਵੱਲੋਂ ਭਾਵੇਂ ਬੀਤੇ ਸਮੇਂ ਅੰਦਰ ਫੁਕਰਾਪੰਥੀ ਕਲਾਕਾਰਾਂ ਨੂੰ ਵਰਜ ਕੇ ਗੋਗਲੂਆਂ ਤੋਂ ਮਿੱਟੀ ਝਾੜੀ ਗਈ ਸੀ ਪਰ ਨਾਲ ਦੀ ਨਾਲ ਮਾਣਯੋਗ ਹਾਈ ਕੋਰਟ ਵੱਲੋਂ ਇਹ ਕਹਿ ਕੇ ਕਿ ਅਸੀਂ ਲੱਚਰ ਗਾਇਕੀ ਦੇ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੇ ਇਹ ਸੁਣਨ ਵਾਲਿਆਂ ਨੇ ਆਪ ਫ਼ੈਸਲਾ ਕਰਨਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਹੋ ਜਿਹੇ ਗੀਤ ਪਸੰਦ ਹਨ ਇਸ ਨਾਲ ਵੀ ਲੱਚਰ ਦੇ ਗਾਇਕੀ ਦੇ ਵੱਧ ਰਹੇ ਪ੍ਰਸਾਰ ਨੂੰ ਹੋਰ ਹੱਲਾ ਸ਼ੇਰੀ ਮਿਲੀ । ਅੱਜ ਜੇਕਰ ਇੱਕ ਸਰਵੇ ਨੂੰ ਵਾਚ ਕੇ ਵੇਖੀਏ ਤਾਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਤਿੰਨ ਸੌ ਕਰੋੜ ਦੇ ਲੱਗਭਗ ਦਾ ਲੈਣ ਦੇਣ ਸਾਲਾਨਾ ਹੋ ਰਿਹੈ ਪਰ ਨਾਲ ਦੀ ਨਾਲ ਸਿਤਮ ਭਰੀ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਜਿਹੜਿਆਂ ਨੇ ਵਧੀਆ ਗਾਇਕੀ ਅਤੇ ਚੰਗੀ ਸੋਚ ਨੂੰ ਲੋਕਾਂ ਤੱਕ ਪੁੱਜਦਾ ਕੀਤਾ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਲੰਗੇ ਡੰਗ ਹੀ ਚੱਲਦਾ ਹੈ ।
                                                 ਜਿਹੜਿਆਂ ਨੇ ਮਾਂ ਬੋਲੀ ਦੀ ਦੁਰਦਸ਼ਾ ਕੀਤੀ ਅਤੇ ਮਾੜੀ ਗਾਇਕੀ ਦਾ ਬੋਲਬਾਲਾ ਆਪਣੇ ਗੀਤਾਂ ਵਿੱਚ ਕੀਤਾ ਪੰਜਾਬੀਆਂ ਨੇ ਉਨ੍ਹਾਂ ਨੂੰ ਅੱਖਾਂ ਦੀਆਂ ਪਲਕਾਂ ਤੇ ਬਿਠਾਇਆ ਅਤੇ ਚੰਗਾ ਗਾਉਣ ਵਾਲੇ ਸਮੇਂ ਦੀ ਗਰਦਿਸ਼ ਵਿਚ ਗੁਆਚ ਗਏ । ਆਖਰ ਕਦ ਖਹਿੜਾ ਛੁੱਟੂ ਪੰਜਾਬੀਆਂ ਦਾ ਇਸ ਲੱਚਰ ਗਾਇਕੀ ਦੇ ਦੈਂਤ ਤੋਂ ਅਤੇ ਫੁਕਰਾਪੰਥੀ ਕਲਾਕਾਰ ਤੋਂ ।
                                               ਗੀਤਕਾਰ ਮਿਰਜ਼ਾ ਸੰਗੋਵਾਲੀਆ ਦਾ ਦਰਦਨਾਕ ਵਿਛੋੜਾ , ਪੰਜਾਬੀ ਗੀਤਕਾਰੀ ਦੇ ਵਿੱਚ ਆਪਣੀ ਅਹਿਮ ਅਤੇ ਵਿਲੱਖਣ ਥਾਂ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਿਰਜ਼ਾ ਸੰਗੋਵਾਲੀਆ ਨੂੰ ਲੰਬੇ ਸਮੇਂ ਤੋਂ ਅਧਰੰਗ ਦੀ ਨਾ ਮੁਰਾਦ ਬਿਮਾਰੀ ਨੇ ਘੇਰ ਰੱਖਿਆ ਸੀ , ਗਰੀਬੀ ਨਾਲ ਘੁਲਦਿਆਂ ਸੰਗੋਵਾਲੀਆ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਸੀ । ਬਿਮਾਰੀ ਨਾਲ ਦੋ ਹੱਥ ਕਰਦਿਆਂ ਮਿਰਜ਼ਾ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕਿਐ ,ਉਸ ਦੀ ਮੌਤ ਚਪੇੜ ਹੈ ਉਨ੍ਹਾਂ ਲੋਕਾਂ ਦੇ ਮੂੰਹ ਤੇ ਜਿਹੜੇ ਕਹਿੰਦੇ ਨੇ ਕਿ ਪੰਜਾਬੀ ਗਾਇਕੀ ਅੱਜ ਕੱਖਾਂ ਤੋਂ ਲੱਖਾਂ ਦੀ ਹੋ ਚੁੱਕੀ ਹੈ , ਕੀ ਫਾਇਦਾ ਮਗਰੋਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਯਾਦ ਵਿੱਚ ਮੇਲੇ ਲਾਉਣ ਦਾ । ਉਹ ਲੁਧਿਆਣਾ ਸ਼ਹਿਰ ਜਿੱਥੇ ਹਰ ਵਰ੍ਹੇ ਇੱਕ ਵੱਡੇ ਸ਼ਾਇਰ ਦੀ ਯਾਦ ਵਿੱਚ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਜਾਂਦੇ ਨੇ , ਉਸੇ ਹੀ ਸ਼ਹਿਰ ਵਿੱਚ ਇੱਕ  ਅਲਬੇਲਾ ਗੀਤਕਾਰ ਰੁਲ ਕੇ ਇਸ ਸੰਸਾਰ ਤੋਂ ਕੂਚ ਕਰ ਗਿਆ ਕੀ ਕਰਾਂਗੇ ਲੱਖਾਂ ਦੀ ਗਾਇਕੀ ਨੂੰ ਅਫ਼ਸੋਸ ਮਿਰਜ਼ੇ ਸੰਗੋਵਾਲੀਆ ਨੂੰ ਦਵਾਈ ਵੀ ਨਾ ਜੁੜ ਸਕੀ । ਪਤਾ ਨਹੀਂ ਕਿਉਂ ਪੰਜਾਬੀ ਗਇਕੀ ਦੀ ਧਰੋਹਰ ਨੂੰ ਸਾਂਭਣ ਵਾਲੇ ਲੋਕ ਇੱਕ ਇਕ ਕਰਕੇ ਇਹ ਸੰਸਾਰ ਨੂੰ ਛੱਡ ਰਹੇ ਨੇ । ਜਿਹੜੇ ਇਸ ਗੀਤਕਾਰ ਦੇ ਗੀਤਾਂ ਨੂੰ ਗਾ ਕੇ ਸਟਾਰਾਂ ਦੀ ਦੁਨੀਆਂ ਵਿੱਚ ਜਾ ਖੜ੍ਹੇ ਹੋਏ ਉਨ੍ਹਾਂ ਨੇ ਵੀ ਇਸ ਫ਼ਨਕਾਰ ਦੀ ਸਾਰ ਨਾ ਲਈ, ਉਸ ਦੇ ਗੀਤਾਂ ਤੋਂ ਲੱਖਾਂ ਕਮਾਉਣ ਵਾਲੇ ਉਸ ਨੂੰ ਫੁੱਟੀ ਕੌਡੀ ਵੀ ਨਾ ਦੇ ਸਕੇ, ਸ਼ਾਇਦ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇਹੀ ਕੌੜਾ ਸੱਚ ਹੈ  ।

ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
94634 63136