ਗ਼ਜ਼ਲ - ਰਵੇਲ ਸਿੰਘ ਇਟਲੀ

ਅਣੋਖੀ ਇਸ ਸ਼ਹਾਦਤ ਦੀ, ਜਦੋਂ ਵੀ ਯਾਦ ਆਂਦੀ ਹੈ।
ਕਲਮ ਹੈ ਸਿਸਕੀਆਂ ਭਰਦੀ,ਜਦੋਂ ਵੀ ਬਾਤ ਪਾਂਦੀ ਹੈ।
ਮੌਸਮ ਗਰਮੀਆਂ ਦਾ ਸੀ, ਕੜਕਦੀ ਧੁੱਪ ਸੀ ਡਾਢੀ,
 ਤਵੀ ਦੇ ਹੇਠ ਭਾਂਬੜ ਸਨ,ਭੜਕਦੀ ਅੱਗ ਸੀ ਡਾਢੀ।
ਚੌਂਕੜਾ ਮਾਰ ਬੈਠਾ ਸੀ, ਉਹ ਰੱਬੀ  ਰਜ਼ਾ ਦੇ ਅੰਦਰ,
ਇਹ ਕੈਸਾ ਹੋ ਰਿਹਾ ਕਾਰਾ ਘਿਣਾਉਣੀ ਫਿਜ਼ਾ ਦੇ ਅੰਦਰ।
ਤਸੀਹੇ ਦੇਣ ਵਾਲੇ ਉਸ, ਬੁਰੇ  ਇਨਸਾਨ ਦੀ ਸੋਚਾਂ,
ਜਬਰ ਤੇ ਸਬਰ ਦੀ  ਸੋਚਾਂ,ਬੁਰੇ ਫਰਮਾਨ ਦੀ ਸੋਚਾਂ। 
ਕਿਹੜੇ ਪਾਪ ਦੇ ਬਦਲੇ,ਤੇ ਕਿਹੜੇ ਜ਼ੁਲਮ ਦੇ ਬਦਲੇ,  
 ਤਸੀਹੇ ਦੇ ਰਿਹਾ ਜਾਬਰ,ਸੀ ਕਿਹੜੇ ਜੁਰਮ ਦੇ ਬਦਲੇ।
ਉਹਦੀ ਬਾਣੀ,ਚ ਮਿੱਠਤ ਸੀ ਮਨਾਂ ਨੂੰ ਠਾਰਦੀ ਰਹਿੰਦੀ,
ਸਾਂਝੇ ਬੋਲ ਸਨ ਜਿਸੇ ਦੇ ਸੀ ਸਭ ਨੂੰ ਤਾਰਦੀ ਰਹਿੰਦੀ।
ਮੀਆਂ ਮੀਰ ਨੇ ਤੱਕਿਆ ਤਾਂ ਧਾਈਂ ਮਾਰ ਕੇ ਰੋਇਆ,
ਮੇਰੇ ਮੌਲਾ, ਮੇਰੇ ਮੌਲਾ,ਇਹ ਕੈਸਾ ਕਹਿਰ ਹੈ ਹੋਇਆ।
ਖੁਦਾ ਦੀ ਬੰਦਗੀ ਵਾਲਾ, ਸਤਾਇਆ ਜਾ ਰਿਹਾ, ਹੈ ਕਿਉਂ,
ਮੁਗਲੀਆ ਰਾਜ ਦਾ ਝੰਡਾ,ਝੁਲਾਇਆ ਜਾ ਰਿਹਾ,ਹੈ ਕਿਉਂ।
ਐਸਾ ਦਰਬਾਰ ਢਹਿ ਜਾਵੇ ਦਰੋ ਦੀਵਾਰ ਢਹਿ ਜਾਵੇ,
ਜਬਰ ਕਰਨ ਵਾਲੇ ਦੀ ਇਹ,ਬੁਰੀ ਸਰਕਾਰ ਢਹਿ ਜਾਵੇ।
ਜਿਸਮ ਸੀ ਛਾਲਿਆਂ ਭਰਿਆ,ਤੇ ਨੂਰੋ ਨੂਰ ਸੀ ਮੁੱਖੜਾ,
ਕਿਸੇ ਤਬਰੇਜ਼ ਤੋਂ ਵੱਖਰਾ, ਅਜਬ ਮਨਸੂਰ ਸੀ ਮੁੱਖੜਾ।
ਕਿਸੇ ਮੂਸਾ ਤੋਂ ਸੀ ਵੱਖਰਾ,ਕਿਸੇ ਕੋਹਿ ਤੂਰ ਤੋਂ ਵੱਖਰਾ,
ਕੋਈ ਚਾਨਣ ਮੁਨਾਰਾ ਸੀ,ਸੀ ਕੋਹਿ ਨੂਰ ਤੋਂ ਵੱਖਰਾ।
ਜਿਤਾ ਕੇ ਸੱਚ ਨੂੰ ਤੁਰਿਆ,ਹਰਾ ਕੇ ਕੂੜ ਨੂੰ ਤੁਰਿਆ,
ਨਵਾਂ ਹੀ ਸਿਰਜ ਕੇ ਤੁਰਿਆ ਮਿਟਾ ਕੇ ਧੂੜ ਨੂੰ ਤੁਰਿਆ।
ਖਾਕੀ ਜਿਸਮ ਦਾ ਪੁਤਲਾ,ਹਵਾਲੇ ਕਰ ਗਿਆ ਰਾਵੀ,
ਸਦਾ ਭਰਦਾ ਗੁਵਾਹੀ ਹੈ ਜੋ ਰਹਿੰਦਾ ਮਨਾਂ ਤੇ  ਹਾਵੀ।
ਸ਼ਹਾਦਤ ਜੱਗ ਤੋਂ ਵੱਖਰੀ ਦਾ,ਉਸ ਦਾ ਮੁੱਲ ਕਿਸ ਪਾਉਣਾ,
ਤੇਰਾ ਰੁਤਬਾ ਬੜਾ ਉੱਚਾ, ਹੈ ਉਸ ਦੇ ਤੁੱਲ ਕਿਸ ਪਾਉਣਾ।
ਸ਼ਹਾਦਤ ਧਰਮ ਦੇ ਬਦਲੇ, ਤੇ ਹੁੰਦੇ ਪਾਪ ਦੀ ਖਾਤਰ,
ਸਦਾ ਡੱਟ ਕੇ ਖਲੋ ਜਾਣਾ, ਹੱਕ ਇਨਸਾਫ ਦੀ ਖਾਤਰ।
ਸਿਖਾਇਆ ਕਿਸਤਰ੍ਹਾਂ ਹੈ ਤੂੰ ਬੜਾ ਕੁੱਝ ਤਾਰਨਾ ਪੈਂਦਾ,
ਤੇ ਇੱਜ਼ਤ ਆਬਰੂ ਖਾਤਰ ਬੜਾ ਕੁਝ ਵਾਰਨਾ ਪੈਂਦਾ।
ਕਦੇ ਵੀ ਨਾ ਭੁਲਾਏ ਗੀ, ਹੈ ਸਾਬਤ ਕੌਮ ਜੋ ਤੇਰੀ,
ਪੰਚਮ ਪਾਤਸ਼ਾਹ ਗੁਰੂ ਅਰਜਨ,ਸ਼ਹਾਦਤ ਅਮਰ ਜੋ ਤੇਰੀ।