ਦੁਰਘਟਨਾ ਦੇ ਬਾਅਦ ਕਰੇਂਦੇ ਇੰਤਜ਼ਾਮ - ਸ਼ਾਮ ਸਿੰਘ ਅੰਗ-ਸੰਗ

ਦੁਰਘਟਨਾ ਕਿਸੇ ਤਰ੍ਹਾਂ ਦੀ ਵੀ ਹੋਵੇ, ਮਾੜੀ ਹੀ ਹੁੰਦੀ ਹੈ ਨੁਕਸਾਨ-ਦੇਹ ਅਤੇ ਜਾਨਲੇਵਾ। ਕੁਦਰਤੀ ਆਫ਼ਤ ਅੱਗੇ ਤਾਂ ਕਿਸੇ ਦਾ ਜ਼ੋਰ ਨਹੀਂ ਚੱਲਦਾ, ਪਰ ਮਨੁੱਖੀ ਗ਼ਲਤੀ ਨਾਲ ਹੋਣ ਵਾਲੀ ਦੁਰਘਟਨਾ ਸਮੇਂ ਸਿਰ ਉਠਾਏ ਕਦਮਾਂ ਨਾਲ ਟਾਲੀ ਵੀ ਜਾ ਸਕਦੀ ਹੈ ਅਤੇ ਰੋਕੀ ਵੀ। ਮੁਗਲਾਂ ਅਤੇ ਦੇਸੀ ਰਾਜਿਆਂ ਬਾਅਦ ਅੰਗਰੇਜ਼ ਰਾਜ ਕਰਦੇ ਰਹੇ। ਭਾਰਤੀ ਲੋਕ ਅੰਗਰੇਜ਼ਾਂ ਦੀ ਈਸਟ ਇੰਡੀਆ ਵਾਲੀ ਦੁਰਘਟਨਾ ਤਾਂ ਰੋਕ ਨਹੀਂ ਸਕੇ ਕਿਉਂਕਿ ਉਨ੍ਹਾਂ ਦੀ ਇਸ ਈਸਟ ਇੰਡੀਆ ਕੰਪਨੀ ਦੀ ਚਲਾਕੀ ਸਮਝੀ ਨਾ ਜਾ ਸਕੀ। ਜਦ ਉਹ ਹੌਲੀ-ਹੌਲੀ ਭਾਰਤ 'ਤੇ ਰਾਜ ਕਰਨ ਲੱਗ ਪਏ ਤਾਂ ਸਮਝ ਪਈ, ਪਰ ਉਸ ਵਕਤ ਕੁਝ ਨਾ ਕੀਤਾ ਜਾ ਸਕਿਆ। ਜੇ ਕਿਤੇ ਉਨ੍ਹਾਂ ਦੀ ਮਨਸ਼ਾ ਕੋਈ ਭਾਰਤੀ ਪਹਿਲਾਂ ਸਮਝ ਲੈਂਦਾ ਤਾਂ ਦੋ ਸੌ ਸਾਲ ਪਹਿਲਾਂ ਮੁਲਕ ਬਚ ਰਹਿੰਦਾ। ਏਨਾ ਲੰਮਾ ਸਮਾਂ ਬਿਨਾਂ ਅਰਥਾਂ ਦੇ ਹੀ ਨਾ ਗੁਜ਼ਰਦਾ। ਭਾਰਤੀਆਂ ਨੂੰ ਖਾਹਮਖਾਹ ਅੰਗਰੇਜ਼ਾਂ ਨੂੰ ਮੁਲਕ ਤੋਂ ਬਾਹਰ ਕੱਢਣ ਲਈ ਸੰਘਰਸ਼ ਨਾ ਕਰਨਾ ਪੈਂਦਾ ਅਤੇ ਬੇਲੋੜੇ ਤਸੀਹੇ ਨਾ ਸਹਾਰਨੇ ਪੈਂਦੇ। ਅਜਿਹਾ ਈਸਟ ਇੰਡੀਆ ਕੰਪਨੀ ਦੇ ਦਾਖ਼ਲੇ ਦੀ ਦੁਰਘਟਨਾ ਨੂੰ ਰੋਕ ਨਾ ਸਕਣ ਕਾਰਨ ਵਾਪਰਿਆ, ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦਾ ਵੱਡਾ ਨੁਕਸਾਨ ਹੋਇਆ।

ਦੇਸ਼ ਭਰ ਵਿੱਚ ਕਿੰਨੇ ਪੁਲ ਹਨ, ਜਿਹੜੇ ਬਹੁਤ ਵਰ੍ਹੇ ਪਹਿਲਾਂ ਬਣਾਏ ਗਏ ਹੋਣਗੇ ਅਤੇ ਉਨ੍ਹਾਂ ਦੀ ਮਿਆਦ ਪੂਰੀ ਹੋ ਗਈ ਹੋਵੇਗੀ, ਪਰ ਉਨ੍ਹਾਂ ਵੱਲ ਸੰਬੰਧਤ ਅਧਿਕਾਰੀਆਂ ਦਾ ਧਿਆਨ ਨਹੀਂ। ਜਦ ਕਦੇ ਉਨ੍ਹਾਂ 'ਚੋਂ ਕੋਈ ਟੁੱਟ ਕੇ ਡਿੱਗ ਪੈਂਦਾ ਹੈ, ਫੇਰ ਮੀਡੀਆ ਵੀ ਚੀਕਦਾ ਹੈ ਅਤੇ ਲੋਕ ਵੀ, ਤਾਂ ਜਾ ਕੇ ਹਾਕਮਾਂ ਦੇ ਧਿਆਨ ਵਿੱਚ ਆਉਂਦਾ ਹੈ। ਜਦ ਬਾਅਦ ਵਿੱਚ ਬਚਾਅ ਦੇ ਇੰਤਜ਼ਾਮ ਵੀ ਕੀਤੇ ਜਾਂਦੇ ਹਨ ਅਤੇ ਟੁੱਟੇ ਪੁਲ ਨੂੰ ਦੁਬਾਰਾ ਉਸਾਰਨ ਦੇ ਚੰਗੇ ਪ੍ਰਬੰਧ ਵੀ। ਇਹ ਸਿਆਣਪ ਦੀ ਗੱਲ ਨਹੀਂ। ਸੂਝਬੂਝ ਏਸ ਵਿੱਚ ਹੈ ਕਿ ਦੇਸ਼-ਭਰ ਦੇ ਪੁਲਾਂ 'ਤੇ ਚੋਖੀ ਨਿਗਰਾਨੀ ਰੱਖੀ ਜਾਵੇ। ਹਰ ਪੁਲ 'ਤੇ ਉਸਾਰਨ?ਬਣਾਉਣ ਦੀ ਤਾਰੀਖ ਲਿਖੀ ਜਾਵੇ ਅਤੇ ਮਿਆਦ ਵੀ, ਤਾਂ ਕਿ ਪੁੱਗੀ ਮਿਆਦ ਤੋਂ ਪਹਿਲਾਂ ਹੀ ਉਸ ਬਾਰੇ ਸੋਚ-ਵਿਚਾਰ ਕਰਕੇ ਉਸ ਨੂੰ ਫੇਰ ਬਣਾਇਆ ਜਾਵੇ ਤਾਂ ਕਿ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਅਜਿਹਾ ਬਚਾਅ ਤਾਂ ਹੀ ਹੋ ਸਕਦਾ ਹੈ ਜੇ ਵੇਲੇ ਸਿਰ ਜਾਗਦਾ ਰਿਹਾ ਜਾ ਸਕੇ। ਹਾਕਮਾਂ ਅਤੇ ਅਧਿਕਾਰੀਆਂ ਨੂੰ ਅਜਿਹੀਆਂ ਗੱਲਾਂ 'ਤੇ ਧਿਆਨ ਵੀ ਦੇਣਾ ਚਾਹੀਦਾ ਹੈ, ਪਹਿਰਾ ਵੀ, ਤਾਂ ਕਿ ਲੋਕਾਂ ਦੀਆਂ ਜਾਨਾਂ ਦੀ ਚੌਕੀਦਾਰੀ ਹੋ ਸਕੇ।

ਦੇਸ਼ ਦੀਆਂ ਇਤਿਹਾਸਕ ਅਤੇ ਵੱਡੀਆਂ ਇਮਾਰਤਾਂ ਬਾਰੇ ਵੀ ਵੇਲੇ ਸਿਰ ਜਾਗਦੇ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਕਿਸੇ ਵੀ ਸੰਭਾਵੀ ਦੁਰਘਟਨਾ ਤੋਂ ਬਚਿਆ ਜਾ ਸਕੇ। ਬਹੁਤ ਸਾਰੀਆਂ ਇਮਾਰਤਾਂ 'ਤੇ ਉਨ੍ਹਾਂ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਉਨ੍ਹਾਂ ਇਮਾਰਤਾਂ ਦੀ ਮਿਆਦ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ, ਜਿਨ੍ਹਾਂ ਨੂੰ ਢਾਹੁਣ ਵਿੱਚ ਦੇਰੀ ਨਹੀਂ ਲਾਉਣੀ ਚਾਹੀਦੀ ਅਤੇ ਨਵੇਂ ਤਰ੍ਹਾਂ ਦੀ ਉਸਾਰੀ ਕੀਤੀ ਜਾਵੇ। ਇਤਿਹਾਸਕ ਇਮਾਰਤ ਵਿੱਚ ਜੇ ਆਦਮੀ ਨਾ ਵੀ ਰਹਿੰਦੇ ਹੋਣ ਤਾਂ ਵੀ ਉਸ ਵਿੱਚ ਇਤਿਹਾਸਕ ਵਸਤਾਂ ਪਈਆਂ ਹੁੰਦੀਆਂ ਹਨ, ਜੋ ਵਿਲੱਖਣ ਵੀ ਹੁੰਦੀਆਂ ਹਨ ਅਤੇ ਅਮੁੱਲੀਆਂ ਵੀ। ਇਸ ਤਰ੍ਹਾਂ ਦੀ ਵਿਰਾਸਤ ਦੇਸ਼ ਦਾ ਸਰਮਾਇਆ ਹੁੰਦੀ ਹੈ, ਜਿਸ ਨੂੰ ਸੰਭਾਲ ਕੇ ਰੱਖਣਾ ਦੇਸ਼ ਦੇ ਹਾਕਮਾਂ ਅਤੇ ਲੋਕਾਂ ਦਾ ਫ਼ਰਜ਼ ਹੁੰਦਾ ਹੈ, ਕਿਉਂਕਿ ਵਿਰਾਸਤ ਦੀ ਵੱਡੀ ਅਮੀਰੀ ਕਾਰਨ ਦੇਸ਼ ਦਾ ਉੱਚਾ ਮਾਣ ਵੀ ਹੁੰਦਾ ਹੈ ਅਤੇ ਉੱਤਮ ਸਨਮਾਨ ਵੀ। ਅਜਿਹੀਆਂ ਇਮਾਰਤਾਂ ਮਿਆਦ ਪੁੱਗਣੋਂ ਪਹਿਲਾਂ ਢਾਹ ਕੇ ਮੁੜ ਉਸਾਰੀਆਂ ਜਾਣ ਤਾਂ ਚੰਗਾ ਹੋਵੇਗਾ।

ਤਾਰ 'ਤੇ ਚੱਲਣ ਵਾਲੀ ਟਰਾਲੀ ਦੇਖਣ ਨੂੰ ਹੀ ਬੜੀ ਭਿਆਨਕ ਲੱਗਦੀ ਹੈ, ਕਿਉਂਕਿ ਇੱਕ ਪਹਾੜ ਤੋਂ ਦੂਜੇ ਪਹਾੜ ਤੱਕ ਪਹੁੰਚਣ ਸਮੇਂ ਹੇਠ ਬਹੁਤ ਹੀ ਖ਼ਤਰਨਾਕ ਡੂੰਘੀ ਖੱਡ ਹੁੰਦੀ ਹੈ, ਜਿਸ ਅੰਦਰ ਡਿਗਿਆ ਬਚਣਾ ਆਸਾਨ ਨਹੀਂ। ਇਸ ਵਾਸਤੇ ਜ਼ਰੂਰੀ ਹੈ ਕਿ ਬਿਜਲੀ ਦੀ ਅਜਿਹੀ ਤਾਰ ਦੀ ਨਿਰੰਤਰ ਚੈਕਿੰਗ ਹੁੰਦੀ ਰਹਿਣੀ ਚਾਹੀਦੀ ਹੈ ਤਾਂ ਜੋ ਖਤਰਿਆਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ। ਚੰਡੀਗੜ੍ਹ ਨੇੜੇ ਟਿੰਬਰ ਟਰੇਲ ਦੀ ਇੱਕ ਟਰਾਲੀ ਰਾਹ ਵਿੱਚ ਹੀ ਫਸ ਗਈ ਸੀ ਤਾਂ ਸਾਰੇ ਲੋਕਾਂ ਦੇ ਸਾਹ ਸੁੱਕੇ ਰਹੇ, ਪਰ ਭਲਾ ਹੋਵੇ ਉਸ ਇਨਸਾਨ ਦਾ, ਜਿਸ ਨੇ ਸਾਰੇ ਸਵਾਰਾਂ ਨੂੰ ਬਚਾਅ ਲਿਆ, ਜਿਸ ਕਾਰਨ ਸਭ ਨੇ ਸੁੱਖ ਦੇ ਸਾਹ ਲਏ। ਵੇਲਾ ਸੰਭਾਲਿਆ ਗਿਆ ਤਾਂ ਜਾਨਾਂ ਵੀ ਬਚ ਗਈਆਂ ਅਤੇ ਭਵਿੱਖ ਵਿੱਚ ਉਨ੍ਹਾਂ ਟਰਾਲੀਆਂ 'ਤੇ ਚੜ੍ਹਨ ਵਾਲਿਆਂ ਦਾ ਡਰ-ਭੈਅ ਵੀ ਜਾਂਦਾ ਰਿਹਾ। ਜ਼ਰੂਰੀ ਹੈ ਕਿ ਦੁਰਘਟਨਾ ਤੋਂ ਬਾਅਦ ਇੰਤਜ਼ਾਮ ਕੀਤੇ ਜਾਣ।

ਇਹ ਸਾਰੀਆਂ ਕਹਾਣੀਆਂ ਇਸ ਵਾਸਤੇ ਪਾਈਆਂ ਹਨ ਤਾਂ ਜੋ ਦੇਸ਼ਵਾਸੀਆਂ ਦੇ ਧਿਆਨ ਵਿੱਚ ਗੁਜਰਾਤ ਦੇ ਸ਼ਹਿਰ ਸੂਰਤ ਦੀ ਦੁਰਘਟਨਾ ਲਿਆਂਦੀ ਜਾ ਸਕੇ, ਜਿੱਥੇ ਕੋਚਿੰਗ ਸੈਂਟਰ ਦੇ ਉਹ ਬੱਚੇ (ਜੁਆਨ) ਜਾਨ ਗੁਆ ਬੈਠੇ, ਜਿਨ੍ਹਾਂ ਦੇਸ਼ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਉਣਾ ਸੀ ਅਤੇ ਆਪਣੇ ਸੁਪਨੇ ਵੀ ਸਾਕਾਰ ਕਰਨੇ ਸਨ, ਜਿਹੜੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਆਪਣੇ ਸੱਜਰੇ ਸੁਫ਼ਨਿਆਂ ਸਮੇਤ ਫਨਾਹ ਹੋ ਕੇ ਰਹਿ ਗਏ। ਇਸ ਨੂੰ ਕੁਦਰਤੀ ਆਫ਼ਤ ਨਹੀਂ ਕਿਹਾ ਜਾ ਸਕਦਾ। ਇਹ ਤਾਂ ਸਰਾਸਰ ਮਨੁੱਖੀ ਗਲਤੀ ਹੈ, ਜਿੱਥੇ ਇਮਾਰਤ ਜਿੰਨੀ ਉੱਚੀ ਪਉੜੀ ਹੀ ਨਸੀਬ ਨਾ ਹੋ ਸਕੀ। ਉਸੇ ਹੀ ਸੂਬੇ ਵਿੱਚ 92 ਫੁੱਟ ਉੱਚਾ ਬੁੱਤ ਤਾਂ ਲਗਾਇਆ ਗਿਆ, ਪਰ ਇੱਕ ਕੋਚਿੰਗ ਸੈਂਟਰ ਵਾਸਤੇ ਪਉੜੀ ਦਾ ਇੰਤਜ਼ਾਮ ਨਾ ਕੀਤਾ ਜਾ ਸਕਿਆ। ਇਹ ਦੁਰਘਟਨਾ ਰੋਕੀ ਜਾ ਸਕਦੀ ਸੀ, ਜੇ ਇੰਤਜ਼ਾਮ ਪਹਿਲਾਂ ਕੀਤੇ ਜਾਂਦੇ। ਹੁਣ ਤਾਂ ਹਰੇਕ ਕੋਚਿੰਗ ਸੈਂਟਰ 'ਚ ਹੋਣ ਲੱਗ ਪਏ। ਚੰਗਾ ਹੋਵੇ ਜੇ ਹਰ ਥਾਂ ਹੀ ਪਹਿਲਾਂ ਕੀਤੇ ਜਾਣ।


ਚਾਬਾ ਪਾਵਰ ਹਾਊਸ

ਸ਼ਿਮਲੇ ਤੋਂ 50 ਕਿਲੋਮੀਟਰ ਅੱਗੇ ਬਸੰਤਪੁਰ ਦੇ ਨੇੜੇ ਸੁਨੀ 'ਚੋਂ ਲੰਘਦਿਆਂ ਪੰਜ-ਛੇ ਕਿਲੋਮੀਟਰ ਕੱਚੇ ਰਸਤੇ 'ਤੇ ਚੱਲਦਿਆਂ ਚਾਬਾ ਪਾਵਰ ਹਾਊਸ ਦਾ ਰੈਸਟ ਹਾਊਸ ਹੈ ਜਿਸ ਵਿੱਚ ਠਹਿਰਿਆ ਕਰਦੇ ਸਨ ਬਾਸਿਲ ਬੈਟੀ ਕਰਨਲ ਸਾਹਿਬ ਜਿਨ੍ਹਾਂ ਦੇ ਕਾਰਨਾਮੇ ਸਦਕਾ 1914 ਵਿੱਚ ਸਤਲੁਜ ਦੇ ਪਾਣੀ 'ਚੋਂ ਬਿਜਲੀ ਪੈਦਾ ਕੀਤੀ ਗਈ। ਚਾਬਾ ਪ੍ਰੋਜੈਕਟ 1900 ਵਿੱਚ ਸ਼ੁਰੂ ਕੀਤਾ ਗਿਆ ਸੀ ਜੋ 1914 ਵਿੱਚ ਮੁਕੰਮਲ ਹੋਇਆ। ਕਰਨਲ ਬੈਟੀ ਨੇ ਉੱਥੋਂ ਦਾ ਚੀਫ਼ ਇੰਜੀਨੀਅਰ ਹੁੰਦਿਆਂ ਇਸ ਪਾਵਰ ਹਾਊਸ ਦੀ ਉਸਾਰੀ ਦਾ ਕੰਮ ਨੇਪਰੇ ਚਾੜ੍ਹਿਆ। ਉਸ ਵੇਲੇ ਇਸ ਪ੍ਰੋਜੈਕਟ 'ਤੇ 13 ਲੱਖ ਰੁਪਏ ਖਰਚ ਆਏ ਜਿਹੜੇ ਘੱਟ ਨਹੀਂ। ਬਹੁਤ ਹੀ ਘਣੇ ਜੰਗਲ ਵਿੱਚ ਰੈਸਟ ਹਾਊਸ ਹੈ ਜਿਹੜਾ ਹਰਿਆਲੀ ਵਿੱਚ ਘਿਰਿਆ ਹੋਇਆ ਇੰਜ ਲੱਗਦਾ ਹੈ ਜਿਵੇਂ ਕੁਦਰਤ ਦਾ ਵਾਸਾ ਹੋਵੇ। ਆਪਣੇ ਮਿੱਤਰ ਹਰਪ੍ਰੀਤ ਔਲਖ ਦੀ ਅਗਵਾਈ 'ਚ ਅਸੀਂ ਡਾ. ਦਿਆਲ, ਬਲਵਿੰਦਰ ਉੱਤਮ, ਸਿੱਧੂ ਝਾੜੋਂ ਨੇ ਅਜਿਹਾ ਅਨੰਦ ਮਾਣਿਆਂ ਜੋ ਸਦਾ ਚੇਤੇ ਰਹੇਗਾ।


ਕਿਤਾਬਾਂ ਪੰਜਾਬੀ ਸਾਹਿਤ ਅਕਾਦਮੀ ਨੂੰ

ਕਰਤਾਰ ਸਿੰਘ ਸੁਮੇਰ ਦੇ ਪਰਵਾਰ ਵੱਲੋਂ ਉਨ੍ਹਾਂ ਦੀ ਪੁੱਤਰੀ ਸੁਨਿੰਦਰ ਕੌਰ ਅਤੇ ਸਪੁੱਤਰ ਅਮਰਜੀਤ ਸਿੰਘ ਨੇ ਆਪਣੇ ਸਤਿਕਾਰਤ ਲੇਖਕ ਪਿਤਾ ਜੀ ਦੀਆਂ ਮੁੱਲਵਾਨ ਕਿਤਾਬਾਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੂੰ ਭੇਟ ਕੀਤੀਆਂ। ਕਿਤਾਬਾਂ 251 ਜਿਹੜੀਆਂ ਪਾਠਕਾਂ ਦੇ ਕੰਮ ਆਉਣਗੀਆਂ। ਹਰਿਆਣਾ 'ਚ ਵਸਦੇ ਰਹੇ ਸੁਬੇਰ, ਬਾਵਾ ਬਲਵੰਤ, ਪ੍ਰਿੰਸੀ. ਸੁਜਾਨ ਸਿੰਘ, ਡਾ. ਹਰਿਭਜਨ ਸਿੰਘ ਅਤੇ ਪਾਲ ਸਿੰਘ ਦੇ ਚੰਗੇ ਮਿੱਤਰ ਸਨ, ਜਿਨ੍ਹਾਂ ਸਾਰਿਆਂ ਨੂੰ ਪੰਜ ਪਾਂਡੋ ਵੀ ਕਿਹਾ ਜਾਂਦੈ। ਕਿਤਾਬਾਂ ਅਰਥ ਲੱਗਣਗੀਆਂ।

'ਅੰਗ ਸੰਗ ਪੰਜਾਬ' ਦਾ 15ਵਾਂ ਅੰਕ ਛਪ ਕੇ ਆ ਗਿਆ। ਚੰਡੀਗੜ੍ਹ ਦੇ 22 ਸੈਕਟਰ ਵਿਚਲੇ ਪੰਜਾਬ ਬੁੱਕ ਸੈਂਟਰ ਤੋਂ ਬਿਨਾਂ ਹੋਰ ਕਿਸੇ 'ਚੋਂ ਇਹ ਨਹੀਂ ਮਿਲੇਗਾ। ਕਦੇ-ਕਦੇ ਨਿਕਲਦਾ ਹੈ, ਪਰ ਚੰਗੇ ਸਾਹਿਤ ਦੇ ਪ੍ਰਸਾਰ ਲਈ ਹੀ ਹੈ, ਜਿਸ ਦਾ ਹੋਰ ਕੋਈ ਮਕਸਦ ਨਹੀਂ। ਉਸਾਰੂ ਰਚਨਾਵਾਂ ਭੇਜਣ ਲਈ ਚਾਹਵਾਨ ਸੱਜਣਾਂ ਦੇ ਯੋਗਦਾਨ 'ਤੇ ਕੋਈ ਰੋਕ ਨਹੀਂ। ਇਹ 68 ਸਫ਼ਿਆਂ ਦਾ ਅੰਕ 50 ਰੁਪਏ ਦਾ ਮਿਲੇਗਾ। ਕਈ ਕੁੱਝ ਪੜ੍ਹਨ ਨੂੰ ਮਿਲੇਗਾ।


ਲਤੀਫ਼ੇ ਦਾ ਚਿਹਰਾ-ਮੋਹਰਾ

ਮਿੱਤਰ : ਮਿੱਤਰੋ ਸ਼ਰਾਬ ਸਲੀਕੇ ਨਾਲ ਪੀਆ ਕਰੋ, ਮੈਂ ਘੜੀ ਕੋਲ ਰੱਖ ਕੇ ਪੀਂਦਾ ਹਾਂ।
ਦੂਜਾ : ਮੇਰਾ ਵੱਸ ਚੱਲੇ ਤਾਂ ਘੜਾ ਕੋਲ ਰੱਖ ਪੀਆਂ।

-0-
ਉੱਚੇ ਉੱਚੇ ਖੰਭਿਆਂ 'ਤੇ

ਸ਼ੱਕ ਵਾਲੇ ਦੀਵੇ ਜਗੇ

ਕਦੋਂ ਆਣ ਬੱਝੂ ਵਿਸ਼ਵਾਸ

ਸਾਰੇ ਪਾਸੇ ਧੁੰਦ ਪਈ

ਦਿਸਦਾ ਨਾ ਕਿਸੇ ਪਾਸੇ

ਚੰਗੇ ਦੀ ਨਾ ਰਹੀ ਹੁਣ ਆਸ

'ਸੰਪਰਕ : 98141-13338