ਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ - ਉਜਾਗਰ ਸਿੰਘ

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਆਖ਼ਰ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਾਲਾ ਮਹੱਤਵਪੂਰਨ ਵਿਭਾਗ ਵਾਪਸ ਲੈ ਕੇ ਪਹਿਲੀ ਵਾਰ ਦਲੇਰਾਨਾ ਕਦਮ ਚੁੱਕਿਆ ਹੈ। ਪਿਛਲੇ ਢਾਈ ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਦਿੱਲੀ ਦੀ ਧੌਂਸ ਨਾਲ ਬਿਆਨਬਾਜ਼ੀ ਕਰ ਰਹੇ ਸਨ। ਮੁੱਖ ਮੰਤਰੀ ਜੋ ਕਿ ਆਪਣੀ ਮਨਮਰਜ਼ੀ ਕਰਨ ਲਈ ਜਾਣੇ ਜਾਂਦੇ ਸਨ ਪ੍ਰੰਤੂ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਨੂੰ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖਕੇ ਬਰਦਾਸ਼ਤ ਕਰਦੇ ਆ ਰਹੇ ਸਨ। ਨਵਜੋਤ ਸਿੰਘ ਸਿੱਧੂ ਇਕ ਇਮਾਨਦਾਰ ਸਿਆਸਤਦਾਨ ਸਾਬਤ ਹੋਇਆ ਹੈ ਪ੍ਰੰਤੂ ਆਪਣੇ ਬੜਬੋਲੇਪਣ ਕਰਕੇ ਹਮੇਸ਼ਾ ਵਾਦਵਿਵਾਦ ਦਾ ਵਿਸ਼ਾ ਬਣਦਾ ਰਿਹਾ ਹੈ। ਉਸਦੀ ਵਿਰਾਸਤ ਸਿਆਸੀ ਹੈ। ਉਸਦਾ ਪਿਤਾ ਸਵਰਗਵਾਸੀ ਭਗਵੰਤ ਸਿੰਘ ਸਿੱਧੂ ਲੰਮਾ ਸਮਾਂ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦਾ ਪ੍ਰਧਾਨ ਰਿਹਾ ਹੈ। ਉਹ ਮਰਹੂਮ ਦਰਬਾਰਾ ਸਿੰਘ ਮੁੱਖ ਮੰਤਰੀ ਪੰਜਾਬ ਦੇ ਨਜ਼ਦੀਕੀਆਂ ਵਿਚੋਂ ਇਕ ਸਨ। ਭਗਵੰਤ ਸਿੰਘ ਸਿੱਧੂ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਹਨ। ਸੁਭਾਅ ਦੇ ਪੱਖੋਂ ਸਖ਼ਤ ਗਿਣੇ ਜਾਂਦੇ ਸਨ। ਵਕੀਲ ਵੀ ਚੋਟੀ ਦੇ ਸਨ। ਇਥੋਂ ਤੱਕ ਕਿ ਉਸਦੇ ਵਿਰੋਧੀ ਵਕੀਲ ਵੀ ਉਸਦੀ ਸਰਦਾਰੀ ਮੰਨਦੇ ਸਨ। ਪਟਿਆਲਾ ਜਿਲ੍ਹੇ ਵਿਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨਾਲ ਦਾਲ ਨਹੀਂ ਗਲਦੀ ਸੀ ਕਿਉਂਕਿ ਉਹ ਦਰਬਾਰਾ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਗਿਆਨੀ ਜ਼ੈਲ ਸਿੰਘ ਦੇ ਧੜੇ ਵਿਚ ਸਨ। ਬਿਲਕੁਲ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੀ ਸਖ਼ਤ ਸੁਭਾਆ ਦੇ ਹਨ। ਜਦੋਂ ਕ੍ਰਿਕਟ ਵਿਚ ਵੀ ਕੋਈ ਵੰਗਾਰਦਾ ਸੀ ਤਾਂ ਉਹ ਬਰਦਾਸ਼ਤ ਨਹੀਂ ਕਰਦੇ ਸਨ। ਇਕ ਵਾਰ ਇੰਗਲੈਂਡ ਤੋਂ ਖੇਡ ਵਿਚਾਲੇ ਛੱਡਕੇ ਵਾਪਸ ਆ ਗਏ ਸਨ। ਸਿਆਸਤ ਵਿਚ ਸੋਚ ਸਮਝਕੇ ਸੰਜੀਦਗੀ ਨਾਲ ਚਲਣਾ ਪੈਂਦਾ ਹੈ। ਨਵਜੋਤ ਸਿੰਘ ਸਿੱਧੂ ਸੰਜੀਦਾ ਸਿਆਸਤਦਾਨ ਨਹੀਂ ਹਨ। ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿਚ ਰਹਿੰਦਿਆਂ ਉਨ੍ਹਾਂ ਦੀ ਸਹਿਯੋਗੀ ਪਾਰਟੀ ਸ਼ਰੋਮਣੀ ਅਕਾਲੀ ਦਲ ਨਾਲ ਇੱਟ ਖੜੱਕਾ ਰਿਹਾ। ਫਿਰ ਇਕ ਸਮਾਂ ਐਸਾ ਆਇਆ ਜਦੋਂ ਅੰਮ੍ਰਿਤਸਰ ਦੀ ਲੋਕ ਸਭਾ ਦੀ ਟਿਕਟ ਵੀ ਬਾਦਲ ਪਰਿਵਾਰ ਨੇ ਲੈਣ ਨਾ ਦਿੱਤੀ। ਉਸ ਤੋਂ ਵੀ ਸਬਕ ਨਾ ਸਿੱਖਿਆ। ਉਹ ਇਕ ਅਨਾੜੀ ਸਿਆਸਤਦਾਨ ਸਾਬਤ ਹੋ ਰਹੇ ਹਨ। ਰਾਜ ਸਭਾ ਮਿਲ ਗਈ, ਉਥੇ ਵੀ ਟਿਕ ਨਹੀਂ ਸਕੇ। ਆਮ ਆਦਮੀ ਪਾਰਟੀ ਨਾਲ ਸਾਂਠ ਗਾਂਠ ਕਰਨ ਦੀ ਕੋਸ਼ਿਸ਼ ਵਿਚ ਵੀ ਮਾਰ ਖਾ ਗਏ। ਜਦੋਂ ਕੋਈ ਟਿਕਾਣਾ ਨਾ ਰਿਹਾ ਤਾਂ ਕਾਂਗਰਸ ਪਾਰਟੀ ਵਿਚ ਆ ਗਏ। ਏਥੇ ਇਕ ਗੱਲ ਦੱਸਣੀ ਜ਼ਰੂਰੀ ਹੈ ਕਿ ਸਿਆਸੀ ਪਾਰਟੀਆਂ ਵਿਚ ਪੁਰਾਣੇ ਨੇਤਾ ਕਦੀਂ ਵੀ ਆਪਣੀ ਪਾਰਟੀ ਵਿਚ ਨਵੀਂ ਐਂਟਰੀ ਨੂੰ ਬਰਦਾਸ਼ਤ ਨਹੀਂ ਕਰਦੇ। ਆਮ ਆਦਮੀ ਪਾਰਟੀ ਵਿਚ ਭਗਵੰਤ ਮਾਨ ਨੇ ਪੈਰ ਨਹੀਂ ਲੱਗਣ ਦਿੱਤੇ। ਆਮ ਆਦਮੀ ਪਾਰਟੀ ਵਿਚ ਵੀ ਪਹਿਲੀ ਸ਼ਰਤ ਮੁੱਖ ਮੰਤਰੀ ਦੀ ਸੀ। ਜਦੋਂ ਕਾਂਗਰਸ ਪਾਰਟੀ ਵਿਚ ਆਉਣ ਲੱਗੇ ਤਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਵਿਰੋਧ ਕੀਤਾ ਕਿਉਂਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਤੋਂ ਘੱਟ ਕੋਈ ਅਹੁਦਾ ਲੈਣਾ ਪਸੰਦ ਹੀ ਨਹੀਂ ਕਰਦੇ ਸੀ। ਕੈਪਟਨ ਅਮਰਿੰਦਰ ਸਿੰਘ ਪਰਤਾਪ ਸਿੰਘ ਬਾਜਵਾ ਨੂੰ ਹਟਾਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਦੀ ਕੇਂਦਰ ਵਿਚ ਤੂਤੀ ਬੋਲਦੀ ਸੀ। ਉਨ੍ਹਾਂ ਅਜਿਹਾ ਹੋਣ ਨਹੀਂ ਦਿੱਤਾ। ਫਿਰ ਨਵਜੋਤ ਸਿੰਘ ਸਿੱਧੂ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਰਾਹੀਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਮੁੱਖ ਮੰਤਰੀ ਦੀ ਕੁਰਸੀ ਦੀ ਸ਼ਰਤ ਮਨਜ਼ੂਰ ਨਾ ਹੋਈ। ਜਦੋਂ ਪੰਜਾਬ ਕਾਂਗਰਸ 77 ਸੀਟਾਂ ਜਿੱਤ ਗਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦੂਜੇ ਨੰਬਰ ਤੇ ਵੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਨਾ ਬਣਾਇਆ। ਸ਼੍ਰੀ ਬ੍ਰਹਮ ਮਹਿੰਦਰਾ ਤਜਰਬੇਕਾਰ ਹਿੰਦੂ ਸੀਨੀਅਰ ਨੇਤਾ ਹੋਣ ਕਰਕੇ ਦੂਜੇ ਨੰਬਰ ਤੇ ਮੰਤਰੀ ਬਣਾਏ ਗਏ। ਨਵਜੋਤ ਸਿੰਘ ਸਿੱਧੂ ਨੇ ਆਪਦੀ ਮਰਜੀ ਦਾ ਵਿਭਾਗ ਸਥਾਨਕ ਸਰਕਾਰਾਂ ਦਾ ਲੈ ਲਿਆ ਪ੍ਹੰਤੂ ਮੰਤਰੀ ਬਣਦਿਆਂ ਹੀ ਵਾਦਵਿਵਾਦਾਂ ਵਿਚ ਪੈ ਗਏ। ਛੋਟੀਆਂ ਮੋਟੀਆਂ ਗੱਲਾਂ ਤਾਂ ਮੁੱਖ ਮੰਤਰੀ ਬਰਦਾਸ਼ਤ ਕਰਦੇ ਰਹੇ ਪ੍ਰੰਤੂ ਕੇਂਦਰੀ ਕਾਂਗਰਸ ਦੀ ਛਤਰ ਤਾਇਆ ਦਾ ਨਜ਼ਾਇਜ਼ ਲਾਭ ਉਠਾਉਂਦਿਆਂ ਇਹ ਬਿਆਨ ਦੇ ਦਿੱਤਾ ਕਿ ਕਿਹੜਾ ਕੈਪਟਨ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ। ਜਦੋਂ ਸਾਰੇ ਪੰਜਾਬ ਦੇ ਕਾਂਗਰਸੀਆਂ ਨੇ ਬੁਰਾ ਮਨਾਇਆ ਤਾਂ ਮੁੜਕੇ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫੀ ਮੰਗਕੇ ਖਹਿੜਾ ਛੁਡਵਾਇਆ।  ਮੰਤਰੀ ਮੰਡਲ ਦੀ ਸਮੂਹਕ ਜ਼ਿੰਮੇਵਾਰੀ ਹੁੰਦੀ ਹੈ। ਕਿਸੇ ਵੀ ਮੰਤਰੀ ਨੂੰ ਕੋਈ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਵਿਰੁਧ ਹੋਵੇ।  ਨਵਜੋਤ ਸਿੰਘ ਸਿੱਧੂ ਬਾਦਲ ਪਰਿਵਾਰ ਦੇ ਵਿਰੁਧ ਕੋਈ ਕਾਰਵਾਈ ਕਰਨ ਲਈ ਤਤਪਰ ਸੀ ਪ੍ਰੰਤੂ ਮੁੱਖ ਮੰਤਰੀ ਕਾਨੂੰਨ ਅਨੁਸਾਰ ਪੱਕੇ ਪੈਰੀਂ ਕਾਰਵਾਈ ਕਰਨਾ ਚਾਹੁੰਦਾ ਸੀ। ਬਾਦਲ ਪਰਿਵਾਰ ਦੇ ਵਿਰੁਧ ਕਾਰਵਾਈ ਸੰਬੰਧੀ ਹੋਰ ਕੁਝ ਮੰਤਰੀ ਵੀ ਆਪ ਦਾ ਸਾਥ ਦੇ ਰਹੇ ਸਨ। ਉਸਦਾ ਅਰਥ ਇਹ ਨਹੀਂ ਸੀ ਕਿ ਉਹ ਮੰਤਰੀ ਮੁੱਖ ਮੰਤਰੀ ਦੇ ਵਿਰੁਧ ਹਨ। ਉਹ ਸਾਰੇ ਮੰਤਰੀ ਪ੍ਰੇਸ਼ਰ ਟੈਕਟ ਵਰਤ ਰਹੇ ਸਨ ਪ੍ਰੰਤੂ ਮੁੱਖ ਮੰਤਰੀ ਦੇ ਵਿਰੁਧ ਬੋਲਣ ਦੀ ਸ਼ਰੇਆਮ ਹਿੰਮਤ ਨਹੀਂ ਕਰਦੇ ਸਨ। ਨਵਜੋਤ ਸਿੰਘ ਸਿੱਧੂ ਹਰ ਇਸ਼ੂ ਤੇ ਬਗ਼ਾਬਤੀ ਸੁਰਾਂ ਅਲਾਪਦਾ ਰਹਿੰਦਾ ਸੀ। ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਿਰੁਧ ਬੋਲਣ ਤੋਂ ਵੀ ਝਿਜਕਦਾ ਨਹੀਂ ਸੀ। ਉਨ੍ਹਾਂ ਦੇ ਕੰਮ ਕਰਨੇ ਤਾਂ ਵੱਖਰੀ ਗੱਲ ਹੈ। ਉਸਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਪੁਰਾਣੇ ਘਾਗ ਕਾਂਗਰਸੀ ਦੂਜੀਆਂ ਪਾਰਟੀਆਂ ਵਿਚੋਂ ਆਏ ਨੇਤਾਵਾਂ ਦੇ ਪੈਰ ਨਹੀਂ ਲੱਗਣ ਦਿੰਦੇ। ਅਸਲ ਵਿਚ ਨਵਜੋਤ ਸਿੰਘ ਸਿੱਧੂ ਸ਼ਾਰਟ ਕੱਟ ਮਾਰਕੇ ਮੁੱਖ ਮੰਤਰੀ ਦੀ ਕੁਰਸੀ ਤੇ ਬਰਾਜਮਾਨ ਹੋਣਾ ਚਾਹੁੰਦੇ ਹਨ। ਏਥੇ ਹਿਹ ਦੱਸਣਾ ਵੀ ਜ਼ਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਵਿਚ ਚੰਗਾ ਬੁਲਾਰਾ ਹੋਣ ਕਰਕੇ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਗੁਣ ਹੈ। ਉਹ ਨੌਜਵਾਨ ਹੈ ਤੇ ਉਸਦਾ ਭਵਿਖ ਵੀ ਸੁਨਹਿਰੀ ਹੈ ਪ੍ਰੰਤੂ ਸਹਿਜ ਪੱਕੇ ਸੋ ਮਿੱਠਾ ਹੋਏ ਅਨੁਸਾਰ ਸਬਰ ਸੰਤੋਖ ਦਾ ਪੱਲਾ ਫੜਨਾ ਚਾਹੀਦਾ ਹੈ। ਹੁਣ ਉਹ ਮਾਰ ਖਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹੇ ਮੌਕੇ ਦੀ ਤਾੜ ਵਿਚ ਸਨ ਜਦੋਂ ਨਵਜੋਤ ਸਿੰਘ ਸਿੱਧੂ ਦੇ ਪਰ ਕਤਰੇ ਜਾਣ। ਲੋਕ ਸਭਾ ਚੋਣਾਂ ਵਿਚ ਬਠਿੰਡੇ ਵਿਖੇ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਦੇ ਨਾਲ ਆ ਕੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਪੁਗਾ ਲਈ ਕਿਉਂਕਿ ਮੁੱਖ ਮੰਤਰੀ ਇਹ ਨਹੀਂ ਚਾਹੁੰਦੇ ਸਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਪ੍ਰਚਾਰ ਕਰਨ। ਪੰਜਾਬ ਵਿਚ ਪ੍ਰਚਾਰ ਕਰਨ ਨਾਲ ਨਵਜੋਤ ਸਿੰਘ ਸਿੱਧੂ ਦਾ ਕੱਦ ਬੁੱਤ ਹੋਰ ਉਚਾ ਹੋ ਗਿਆ। ਉਸ ਮਾਣ ਵਿਚ ਹੀ ਬਠਿੰਡਾ ਵਿਖੇ ਦੂਜੇ ਦੌਰੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਜਲਸੇ ਵਿਚ ਫਰੈਂਡਲੀ ਮੈਚ ਦਾ ਬਿਆਨ ਦੇ ਕੇ ਨਵਾਂ ਵਾਦਵਿਵਾਦ ਛੇੜ ਦਿੱਤਾ। ਅਸਲ ਵਿਚ ਪੰਜਾਬ ਦੇ ਲੋਕ ਮਹਿਸੂਸ ਕਰਦੇ ਸਨ ਕਿ ਬਾਦਲ ਪਰਿਵਾਰ ਨੂੰ ਹਰਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿਚ ਦੋ ਨੌਜਵਾਨਾਂ ਨੂੰ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਣ ਦਾ ਬਦਲਾ ਲਿਆ ਜਾਵੇ। ਨਵਜੋਤ ਸਿੰਘ ਸਿੱਧੂ ਅਜਿਹਾ ਵਾਦ ਵਿਵਾਦ ਵਾਲਾ ਬਿਆਨ ਦੇ ਕੇ ਚਰਚਾ ਦਾ ਵਿਸ਼ਾ ਬਣਕੇ ਲੋਕਾਂ ਵਿਚ ਹਰਮਨ ਪਿਆਰਾ ਹੋਣਾ ਚਾਹੁੰਦੇ ਸਨ, ਜਿਹੜਾ ਬਿਆਨ ਨਵਜੋਤ ਸਿੰਘ ਸਿੱਧੂ ਲਈ ਪੁੱਠਾ ਪੈ ਗਿਆ। ਲੋਕ ਸਭਾ ਚੋਣਾਂ ਵਿਚ ਜਿਥੇ ਨਵਜੋਤ ਸਿੰਘ ਸਿੱਧੂ ਨੇ ਪ੍ਰਚਾਰ ਕੀਤਾ ਉਥੇ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਹਾਰ ਗਏ। ਪੰਜਾਬ ਵਿਚ ਜਿਹੜੀਆਂ ਦੋ ਸੀਟਾਂ ਬਠਿੰਡਾ ਅਤੇ ਗੁਰਦਾਸਪੁਰ ਵਿਚ ਪ੍ਰਚਾਰ ਕੀਤਾ, ਉਹ ਵੀ ਕਾਂਗਰਸ ਪਾਰਟੀ ਹਾਰ ਗਈ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹਾਈ ਕਮਾਂਡ ਵਿਚ ਸਰਦਾਰੀ ਸਥਾਪਤ ਹੋ ਗਈ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਵਿਚ 13 ਵਿਚੋਂ 8 ਸੀਟਾਂ ਜਿੱਤ ਗਈ। ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮੌਕਾ ਸਾਂਭਦਿਆਂ ਬਿਆਨ ਦਾਗ਼ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਕੋਲ ਸ਼ਹਿਰੀ ਇਲਾਕਿਆਂ ਦੇ ਵਿਕਾਸ ਦਾ ਜ਼ਿੰਮਾ ਸੀ, ਕਾਂਗਰਸ ਪਾਰਟੀ ਸ਼ਹਿਰਾਂ ਵਿਚੋਂ ਘੱਟ ਵੋਟਾਂ ਲੈ ਸਕੀ ਹੈ, ਕਈ ਥਾਵਾਂ ਤੇ ਬੁਰੀ ਤਰ੍ਹਾਂ ਹਾਰ ਗਈ ਹੈ। ਇਸਦੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਦੀ ਹੈ। ਇਸਦੇ ਵਿਰੋਧ ਵਿਚ ਨਵਜੋਤ ਸਿੰਘ ਸਿੱਧੂ ਨੇ ਆਪਣੇ ਤੱਥਾਂ ਨਾਲ ਬਿਆਨ ਦਾਗ਼ ਦਿੱਤੇ ਜਿਹੜੇ ਸਿੱਧੇ ਮੁੱਖ ਮੰਤਰੀ ਦੇ ਵਿਰੁੱਧ ਸਨ। ਪੰਜਾਬ ਦੇ ਬਹੁਤੇ ਕਾਂਗਰਸੀ ਵਜ਼ੀਰਾਂ ਨੇ ਨਵਜੋਤ ਸਿੰਘ ਸਿੱਧੂ ਵਿਰੁਧ ਬਿਆਨ ਦੇ ਦਿੱਤੇ। ਇਕ ਕਿਸਮ ਨਾਲ ਮੁੱਖ ਮੰਤਰੀ ਦਾ ਪਲੜਾ ਭਾਰੀ ਹੋ ਗਿਆ। ਫਿਰ ਮੁੱਖ ਮੰਤਰੀ ਨੇ ਪੰਜਾਬ ਦੇ 8 ਲੋਕ ਸਭਾ ਮੈਂਬਰਾਂ ਦੀ ਜਿੱਤ ਦੀ ਖ਼ੁਸ਼ੀ ਅਤੇ ਰਾਹੁਲ ਗਾਂਧੀ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕਰਨ ਲਈ ਮੀਟਿੰਗ ਬੁਲਾਈ ਪ੍ਰੰਤੂ ਨਵਜੋਤ ਸਿੰਘ ਸਿੱਧੂ ਉਸ ਮੀਟਿੰਗ ਵਿਚ ਵੀ ਨਹੀਂ ਗਿਆ। 6 ਜੂਨ ਨੂੰ ਮੁੱਖ ਮੰਤਰੀ ਨੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਪ੍ਰੰਤੂ ਨਵਜੋਤ ਸਿੰਘ ਸਿੱਧੂ ਉਸ ਮੀਟਿੰਗ ਵਿਚ ਵੀ ਨਹੀਂ ਗਿਆ ਸਗੋਂ ਪ੍ਰੈਸ ਕਾਨਫਰੰਸ ਕਰਕੇ ਬਗਾਬਤੀ ਬਿਆਨ ਦਾਗ਼ ਦਿੱਤਾ। ਨਵਜੋਤ ਸਿੰਘ ਸਿੱਧੂ ਨੂੰ ਸਿਆਣਪ ਤੇ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਉਸ ਲਈ ਹੁਣ ਸਾਰੀਆਂ ਮੁੱਖ ਸਥਾਪਤ ਪਾਰਟੀਆਂ ਦੇ ਰਾਹ ਬੰਦ ਹੋ ਚੁੱਕੇ ਹਨ। ਉਸ ਵਿਚ ਕਾਬਲੀਅਤ ਹੈ, ਉਸਨੂੰ ਆਪਣੀ ਕਾਬਲੀਅਤ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਸਿਆਸਤ ਵਿਚ ਬਹੁਤੀ ਗਰਮ ਬਿਆਨਬਾਜ਼ੀ ਲਾਭਦਾਇਕ ਸਿੱਧ ਨਹੀਂ ਹੁੰਦੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com