ਮੇਰਾ ਪਿੰਡ ਅਤੇ ਪੁਰਾਣੇ ਲੋਕ - ਰਵੇਲ ਸਿੰਘ ਇਟਲੀ

ਢਾਇਆ ਬੇਟ ਬਿਆਸ ਤੇ ਵੱਸਿਆ ਮੇਰਾ ਪਿੰਡ  ਬਹਾਦਰ ਜੋ ਬਹਾਦਰ ਨੌਸ਼ਹਿਰਾ ਜਾਂ ਨਵਾਂ ਪਿੰਡ ਬਹਾਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਕਦੇ ਐਵੇਂ ਪੰਦਰਾਂ ਵੀਹਾਂ ਘਰਾਂ ਦਾ ਬਹੁਤ ਛੋਟਾ ਜਿਹਾ ਪਿੰਡ ਹੁੰਦਾ ਸੀ।ਪਿੰਡ ਦੇ ਚੜ੍ਹਦੇ ਪਾਸੇ ਰੇਤਲੇ ਟਿੱਬਿਆਂ ਦੀਆਂ ਢਲ਼ਾਣਾਂ ਤੋਂ ਬਰਸਾਤੀ ਪਾਣੀ ਦੇ ਬਣੇ ਹੋਏ ਵਹਿਣ ਜਿਨ੍ਹਾਂ ਨੂੰ ਵੰਘਾਂ  ਕਿਹਾ ਜਾਂਦਾ ਸੀ, ਜਿਨ੍ਹਾਂ ਰਾਹੀਂ ਬਰਸਾਤੀ ਪਾਣੀ ਦੂਰ ਤੱਕ ਫੈਲੇ ਹੋਏ ਦਲ ਦਲ ਵਰਗੇ ਅਨੇਕਾਂ ਜੜੀ ਬੂਟੀਆਂ ਵਾਲੇ ਹਰਿਆਲ਼ੇ ਛੰਬ ਵਿੱਚ ਪੈ ਕੇ ਇੱਕ ਨਿਕਾਸੂ ਜਿਸ ਨੂੰ  ਸੇਮ ਨਹਿਰ ਵੀ ਕਿਹਾ ਜਾਂਦਾ ਹੈ ਉਸ ਵਿੱਚ ਪੈ ਜਾਂਦਾ ਸੀ।ਇਨ੍ਹਾਂ ਵਹਿਣਾਂ ਦੇ ਨਾਲ ਨਾਲ ਉੱਗੀਆਂ ਕੰਡਿਆਲੀਆਂ ਥੋਹਰਾਂ,ਅੱਕ,ਭੱਖੜੇ ਝਾਊ,ਸੜਕੜੇ ਤੇ ਕਾਹੀ ਤੇ ਬੂਟੇ, ਤੇ ਮਲ੍ਹਿਆਂ ਦੇ ਝਾੜ,ਰੇਤਲੀਆਂ ਢਲਾਣਾਂ, ਗਰਮੀਆਂ ਵਿੱਚ ਤਪਦੇ ਟਿੱਬਿਆਂ ਤੇ, ਨਿੱਕੀਆਂ ਨਿੱਕੀਆਂ ਲੋਕਾਂ ਦੀਆਂ ਬਣੀਆਂ ਪਗ ਡੰਡੀਆਂ, ਤੇ ਸਿਖਰ ਦੁਪਹਿਰੇ ਨੰਗੇ ਪੈਰੀਂ ਛੰਬ ਚੋਂ ਬਰਸੀਮ ਦੀਆਂ ਭਾਰੀਆਂ ਪੰਡਾਂ ਸਿਰ ਤੇ ਚੁੱਕੀ ਲੰਘਦੇ ਲੋਕ ਜੋ ਰੋਜ਼ ਰੋਜ਼ ਦੇ ਆਦੀ ਹੋ ਚੁਕੇ ਸਨ। ਪਿੰਡ ਦੇ ਲਹਿੰਦੇ ਪਾਸੇ ਅੰਗਰੇਜ਼ ਰਾਜ ਵੇਲੇ ਦੀ ਬਣੀ ਹਰਿਆਵਲ ਭਰੀ ਪਟਰੀ ਨਾਲ  ਅੱਪਰ ਬਾਰੀ ਦੁਆਬ ਨਾਂ ਦੀ ਬਰਫਾਨੀ ਪਾਣੀ ਵਾਲੇ ਦੇ ਠੰਡੇ ਠਾਰ ਪਾਣੀ ਦੀ ਵਗਦੀ  ਨਹਿਰ, ਜਿਸ ਨਾਲ ਲਗਦੇ ਬਾਰਾਨੀ ਭੁਇਂ ਨੂੰ ਬਾਂਗਰ ਕਿਹਾ ਜਾਂਦਾ ਹੈ।ਦੱਖਨ ਵਾਲਾ ਪਾਸਾ ਵੀ ਲਗ ਪਗ ਚੜ੍ਹਦੇ ਪਾਸੇ ਵਰਗਾ ਹੀ ਸੀ।ਪਹਾੜ ਵਾਲੀ ਬਾਹੀ  ਇੱਕ ਵੱਡਾ ਕਬਰਸਤਾਨ ਹੈ ਜਿਸ ਵਿੱਚ ਹੁਣ ਵੀ ਇੱਕ ਵੱਡਾ ਬੋਹੜ ਹੈ, ਜਿਸ ਹੇਠਾਂ ਨਾਲ ਨਾਲ ਦੋ ਕਬਰਾਂ ਪੁਰਾਣੇ ਵੇਲੇ ਦੇ ਹੋ ਚੁਕੇ ਦੋ ਫੱਕਰਾਂ ਦੀਆਂ ਇੱਕ ਸਾਈਂ ਬੋਹੜ ਸ਼ਾਹ ਅਤੇ ਦੂਜੀ ਸਾਈਂ ਰਾਂਝੇ ਸ਼ਾਹ ਦੀਆਂ ਹਨ, ਜਿੱਨ੍ਹਾਂ ਹਰ ਵੀਰ ਵਾਰ ਨੂੰ ਅਜੇ ਵੀ ਕਈ  ਲੋਕ ਇਨ੍ਹਾਂ ਤੇ ਚਿਰਾਗ ਬਾਲਦੇ ਹਨ। ਪਿੰਡ ਵਿੱਚ ਸੱਭ ਤੋਂ ਵੱਧ ਜੀਆਂ ਦਾ ਲਗ ਪਗ ਛੱਬੀ ਜੀਆਂ ਦੇ ਟੱਬਰ ਵਾਲਾ ਇਕ  ਘਰ ਜੋ ,ਬਾਰੀਆਂ ਦੇ ਘਰ’ ਕਰਕੇ ਜਾਣਿਆ ਜਾਂਦਾ ਸੀ,ਜੋ ਇਕੱਠ ਦੀ ਬੜੀ ਵੱਡੀ ਮਿਸਾਲ ਸੀ।ਇੱਕ ਘਰ ਬ੍ਰਾਹਮਣਾਂ ਦਾ ਤਿੰਨ ਘਰ ਮਹਿਰਾ ਬਿਰਾਦਰੀ ਦਾ,ਦੋ ਘਰ ਲੁਹਾਰਾਂ ਦਾ,ਬਾਕੀ ਸਾਰੇ ਇੱਕੋ ਬਿਰਾਦਰੀ ਦੇ ਘਰ ਸਨ।ਦੇਸ਼ ਦੀ ਵੰਡ ਵੇਲੇ ਮੁਸਲਮਾਨ ਬ੍ਰਾਦਰੀ  ਦੇ ਲੋਕ ਆਪਣੇ ਘਰ ਘਾਟ ਛਡ ਕੇ ਹਿਜਰਤ ਕਰਕੇ ਨਵੇਂ ਬਣੇ ਪਾਕਿਸਤਾਨ ਵਿੱਚ ਚਲੇ ਗਏ ਸਨ। ਸਾਰੇ ਪਿੰਡ  ਵਿੱਚ ਇੱਕੋ ਇੱਕ ਖੂਹ ਸੀ ਜੋ ਬੜੇ ਪੁਰਾਣੇ ਛਾਂ ਦਾਰ ਪਲਾਕ ਦੇ ਰੁਖ ਹੇਠਾਂ ਸੀ। ਜਿੱਥੇ ਸਾਰਾ ਪਿੰਡ ਬਿਨਾਂ ਵਿਤਕਰੇ ਪਾਣੀ ਭਰਦਾ ਹੁੰਦਾ ਸੀ।ਢਾਏ ਤੇ ਹੋਣ ਕਰਕੇ ਪਾਣੀ ਬਹੁਤ ਢੂੰਘਾ ਸੀ,ਖੂਹ ਵਿੱਚ ਝਾਕਦਿਆਂ ਪਾਣੀ ਤਾਰੇ ਵਾਂਗ ਲਗਦਾ ਸੀ।ਖੂਹ ਦੀ ਉਚੀ ਮਣ ਤੇ ਪਾਣੀ ਕੱਢਣ ਲਈ ਲੱਕੜ ਦੀਆਂ ਦੋ ਪਾਸੇ ਚਾਰ ਚਾਰ ਮਝੇਰੂ ਲੱਗੇ ਹੋਏ ਸਨ,ਏਰੇ ਜਾਂ ਵਾਣ ਦੀਆਂ ਸੱਤਰ ਸੱਤਰ ਕੁ ਫੁੱਟ ਦੀਆਂ ਲੱਜਾਂ ( ਮੋਟੇ ਰੱਸੇ)ਜਿਸ ਨਾਲ ਬਾਲਟੀ ਬਨ੍ਹ ਕੇ ਖੂਹ ਵਿੱਚੋਂ ਪਾਣੀ ਕੱਢਣ ਲਈ ਵਹਾਈਆਂ ਜਾਂਦੀਆਂ ਸਨ।ਇੱਕ ਘੜਾ ਭਰਨ ਲਈ ਦੋ ਵਾਰ ਬਾਲਟੀਆਂ ਦਾ ਪਾਣੀ ਖਿੱਚਣਾ ਪੈਂਦਾ ਸੀ।ਪਾਣੀ ਦੀਆਂ ਬਾਲਟੀਆਂ ਖਿਚਦੇ ਬਾਹਵਾਂ ਹੰਭ ਜਾਂਦੀਆਂ ਸਨ। ਕਈ ਵਾਰ ਇਸ ਕੰਮ  ਲਈ ਦੋ ਦੋ ਜਣੇ ਲੱਗ ਕੇ ਵੀ ਖੂਹ ਚੋਂ ਪਾਣੀ ਖਿਚਣ ਦਾ ਕੰਮ ਕਰਦੇ ਸਨ।ਸਵੇਰੇ ਤੜਕ ਸਾਰ ਅਮ੍ਰਿਤ ਵੇਲੇ ਗੁਰ ਦੁਆਰੇ ਦੀ ਭਾਈ ਜੀ ਦੇ ਸੰਖ ਪੂਰਣ ਤੇ ਖੂਹ ਤੇ ਬਾਲਟੀਆਂ ਦੀ ਟੁਣਕਾਰ, ਅਤੇ ਘਰਾਂ ਵਿੱਚ ਚਾਟੀਆਂ ਵਿੱਚ ਫਿਰਦੀਆਂ ਮਧਾਣੀਆਂ ਦੀ ਘੁਮਕਾਰ , ਖੇਤ ਵਾਹੁਣ ਜਾਂਦੇ ਕਿਸਾਨਾਂ ਦੇ ਬਲਦਾਂ ਦੀਆਂ ਟੱਲੀਆ ਦੀ ਟੁਣਕਾਰ ,ਪਿੰਡ ਦੇ ਸ਼ਾਂਤ ਅਤੇ ਸਾਫ ਸੁਥਰੇ ਮਾਹੌਲ ਵਿਚ ਅਜਬ ਸੰਗੀਤ ਪੈਦਾ ਕਰਦੇ ਸਨ।ਮਾਘੀ ਦੇ ਮਹੀਨੇ ਤਾਂ ਸਾਰਾ ਮਹੀਨਾਂ ਹੀ ਤੜਕ ਸਾਰ ਖੂਹ ਤੇ ਇਸ਼ਨਾਨ ਕਰਨ ਵਾਲਿਆਂ ਦੀ ਭੀੜ ਜਿਹੀ ਲੱਗੀ ਰਹਿੰਦੀ। ਕਈ ਵਾਰ ਖੂਹ ਵਿੱਚੋਂ ਪਾਣੀ ਘਟ ਹੋ ਜਾਣ ਤੇ ਗਾਰ ਵੀ ਕੱਢਣੀ ਪੈਂਦੀ ਸੀ,ਜੋ ਕਿ ਬੜੀ ਮਿਹਣਤ ਤੇ ਜੋਖਮ ਦਾ ਕੰਮ ਹੁੰਦਾ ਸੀ। ਖੂਹ ਤੋਂ ਪਾਣੀ ਭਰਕੇ ਜਦੋਂ ਢਾਕ ਨਾਲ ਘੜੇ ਲਾਈ ਹਾਸੇ ਠੱਠੇ ਬਖੇਰਦੀਆਂ ਸੁਆਣੀਆਂ ਗਲੀ ਵਿੱਚੋਂ ਲੰਘਦੀਆਂ ਸਨ ਤਾਂ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਗਰਮੀਆਂ ਦੀ ਦੁਪਹਿਰ ਕੱਟਣ ਲਈ  ਆਮ ਲੋਕ ਆਪੋ ਆਪਣੇ ਮੰਜੇ  ਲੈ ਕੇ ਖੂਹ ਤੇ ਲੱਗੇ ਇੱਸ ਸੰਘਣੇ ਰੁੱਖ ਦੀ ਛਾਂ ਹੇਠਾਂ  ਆਰਾਮ ਕਰਨ ਲਈ ਆ ਜਾਇਆ ਕਰਦੇ ਸਨ।ਪਲਾਕ ਦੀਆਂ ਟਹਿਣਿਆਂ ਤੇ ਪੀਂਘਾਂ ਪਾ ਕੇ ਜਦੋਂ ਨਿੱਕੇ ਨਿਆਣੇ  ਝੂਟੇ ਲੈਂਦੇ ਸਨ ਤਾਂ ਕਈ ਵਾਰ ਮੁਟਿਆਰਾਂ, ਸੁਆਣੀਆਂ ਬੁਢੀਆਂ ਠੇਰੀਆਂ ਵੀ ਪੀਂਘ ਦਾ ਹੁਲਾਰਾ ਲੈਣ ਤੋਂ ਪਿੱਛੇ ਨਹੀਂ ਰਹਿੰਦੀਆਂ ਸਨ।ਖੂਹ ਦੇ ਨਾਲ ਹੀ ਇੱਕ ਖਰਾਸ ( ਬੈਲਾਂ ਨਾਲ ਚਲੱਣ ਵਾਲੀ ਆਟਾ ਪੀਹਣ ਵਾਲੀ ਚੱਕੀ ) ਵੀ ਹੁੰਦੀ ਸੀ। ਬਹੁਤਿਆਂ ਘਰਾਂ ਵਿੱਚ ਹੱਥ ਨਾਲ  ਚਲਾਉਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ ਵੀ ਹੁੰਦੀਆਂ ਸਨ।ਉਦੋਂ ਸਾਰੇ ਪਿੰਡ ਵਿੱਚ ਸਿਰਫ ਤਿੰਨ ਚਾਰ ਹੀ ਪੱਕੇ ਘਰ ਸਨ, ਕੱਚੇ ਕੋਠੇ ਕੰਧਾਂ ਲੱਕੜ ਦੇ ਸ਼ਤੀਰਾਂ ਤੇ ਬਾਲਿਆਂ ਵਾਲੇ ਘਰ, ਬੜੀ ਸੁਹਜ ਨਾਲ ਲਿੰਬੇ ਪੋਚੇ ਚੌਂਕੇ ਚੁਲ੍ਹੇ ,ਕੱਚੀਆਂ ਗਲ਼ੀਆਂ  ਉਨ੍ਹਾਂ ਤੇ ਬਣਾਏ ਫੁੱਲ ਬੂਟੇ,ਪਸੂ ਪੰਛੀਆਂ ਦੇ ਸਿੱਧ ਪਧਰੇ ਘੁੱਗੀਆਂ ਮੋਰਾਂ ਦੇ ਬਣੇ ਚਿੱਤਰ, ਚੌਗਾਣ, ਖੁਲ੍ਹੇ ਵੇਹੜੇ,ਜਿਨ੍ਹਾਂ ਵਿੱਚ ਛਾਂ ਦਾਰ ਰੁੱਖਾਂ ਹੇਠ ਬੈਠੇ  ਸਾਦ ਮਾਰਦੇ ਵਲ਼ ਛਲ ਤੋਂ ਰਹਿਤ,ਮਿੱਟੀ ਨਾਲ ਮਿੱਟੀ ਹੋ ਕੇ ਹੱਕ ਹਲਾਲ ਦੀ ਕਿਰਤ ਕਰਕੇ ਬੈਠੇ  ਗੱਲਾਂ ਬਾਤਾਂ ਕਰਦੇ ਸਦਾ ਬਹਾਰੇ ਮਿਹਣਤੀ ਲੋਕ, ਪਿੰਡਾਂ ਦੀ ਸਾਦਗੀ ਦਾ ਮੂੰਹ ਮੁਹਾਂਦਰਾ ਹੀ ਤਾਂ ਹੁੰਦੇ ਸਨ।ਘਰ ਘਰ ਲਵੇਰੀਆਂ ਹੁੰਦੀਆਂ ਸਨ, ਚਾਟੀ ਵਿੱਚ ਘੁੰਮਦੀਆਂ ਮਧਾਣੀਆਂ ਨਾਲ ਬਣੀ ਲੱਸੀ ,ਦਹੀਂ ਦੇਸੀ ਘਿਉ,ਗੁੜ ਸ਼ੱਕਰ,ਅੱਧ ਰਿਕੜਿਆ ਛੇੰਨੇ ਜਾਂ ਕੌਲ ਜਾਂ ਕੜੀ ਵਾਲੇ ਗਲਾਸ ਭਰ ਭਰ ਕੇ ਪੀਣ ਵਾਲੇ ਡੰਡ ਬੈਠਕਾਂ ਮਾਰਣ ਵਾਲੇ ਦਰਸ਼ਨੀ ਜੁਆਨ,ਉਦੋਂ ਹਰ ਗਲੀ ਵਿੱਚ ਵੇਖੇ ਜਾਂਦੇ ਸਨ।
             ਵਾਹੀ ਜੋਤੀ ਕਿਰਸਾਣੀ ਦਾ ਕੰਮ ਬੜਾ ਔਖਾ ਸੀ।ਹਾੜੀ ਦੀ ਮੁਖ ਫਸਲ ਕਨਕ ਸਰਹੋਂ, ਛੋਲੇ,ਮਸਰ,ਅਤੇ ਖੇਤਾਂ ਦੁਆਲੇ ਬੀਜੇ ਦੋ ਦੋ ਚਾਰ ਚਾਰ ਅਲਸੀ ਦੇ ਸਿਆੜ ਜਦ ਕਾਸ਼ਣੀ ਰੰਗੇ ਫੁੱਲਾਂ ਦੀ ਮਾਲਾ ਨਾਲ ਖੇਤਾਂ ਦਾ ਸ਼ਿੰਗਾਰ ਬਣਦੇ ਸਨ,ਤਾਂ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਸਾਉਣੀ ਦੀ ਫਸਲ ਮੱਕੀ,ਬਰਸੀਮ, ਲਾਲ ਕਿਸਮ ਦਾ ਝੋਨਾ ਜਿਸ ਨੂੰ ਰੱਤੂ ਕਹਿੰਦੇ ਸਨ,ਜੋ ਛੱਟੇ ਨਾਲ ਬੀਜਿਆ ਜਾਂਦਾ ਸੀ। ਜੋ ਮਸਾਂ ਗੁਜ਼ਾਰੇ ਜੋਗਾ ਹੁੰਦਾ ਸੀ।ਧਰਤੀ ਦੀ ਮਿੱਟੀ ਦੇ ਹਿਸਾਬ ਨਾਲ ਕਿਤੇ ਕਿਤੇ ਕਮਾਦ ਵੀ ਲਾਇਆ ਜਾਂਦਾ ਸੀ।ਲੋਕਾਂ ਦੀਆਂ ਲੋੜਾਂ ਘੱਟ ਸਨ ਵਿਆਹ ਸ਼ਾਦੀਆਂ ਦਾ ਘਰਾਂ ਵਿੱਚ ਹੀ ਪ੍ਰਬੰਧ ਹੋ ਜਾਂਦਾ ਸੀ।ਪਿੰਡ ਵਿੱਚ ਇੱਕੋ ਹੀ ਹੱਟੀ,ਅਤੇ ਇਕ ਦਾਣੇ ਭੁਨਣ ਵਾਲੀ ਭੱਠੀ ਵੀ ਹੁੰਦੀ ਸੀ,ਇੱਕ ਸਾਦ ਮੁਰਾਦਾ ਗੁਰਦੁਆਰਾ ਹੁੰਦਾ ਸੀ।ਬ੍ਰਾਤ ਨੂੰ ਹੇਠਾ ਤੱਪੜ ਵਿਛਾਕੇ ਰੋਟੀ ਖੁਆਈ ਜਾਂਦੀ ਸੀ। ਚਉਲਾਂ ਤੇ ਦੇਸੀ ਘਿਉ ਅਤੇ ਸ਼ੱਕਰ ਨਾਲ ਬ੍ਰਾਤ ਦੀ ਸੇਵਾ ਕਰਨੀ ਵੱਡੀ ਸੇਵਾ ਹੁੰਦੀ ਸੀ।ਰਸਮ ਰਿਵਾਜ ਬੜੇ ਸਾਦੇ ਪਰ ਰੌਣਕਾਂ ਭਰੇ ਹੁੰਦੇ ਸਨ।
            ਸਾਦਗੀ,ਬਾਰੇ ਸਾਡੇ ਪਿੰਡੇ ਦੇ ਪੁਰਾਣੇ ਬੰਦਿਆਂ ਦੀਆਂ ਕੰਮ ਦੀਆਂ ਗੱਲਾਂ ਦੀਆਂ ਯਾਦਾਂ ਦੀ ਗੱਠੜੀ ਵਿੱਚ ਅਜੇ ਵੀ ਉਸੇ ਤਰ੍ਹਾਂ ਬੱਝੀ ਪਈ ਹੈ  ਜਿੱਸ ਵਿੱਚੋਂ ਕੁੱਝ ਕੁ ਦੀ ਸਾਂਝ ਆਪਣੇ ਪਾਠਕਾਂ ਨਾਲ ਕਰਨੀ ਚਾਹਵਾਂ ਗਾ। ਸਾਡੇ ਪਿੰਡ ਵਿੱਚ  ਇਕ ਵਡੇਰੀ ਉਮਰ ਦਾ ਸਿੱਧਾ ਸਾਦਾ ਬੰਦਾ ਸੀ।ਜਿਸ ਨੂੰ ਸਾਰਾ ਪਿੰਡ ਲਾਲਾ ਕਿਹਾ ਕਰਦਾ ਸੀ।ਉਸ ਨੂੰ ਇੱਕ ਦਿਨ ਕਿਸੇ ਕੰਮ ਲਈ ਸ਼ਹਿਰ ਜਾਣਾ ਪਿਆ,ਪਿੰਡੋਂ ਸ਼ਹਿਰ ਅੱਠ ਮੀਲ ਦੀ ਦੂਰੀ ਤੇ ਸੀ।ਉਦੋਂ ਕੱਚੀ ਸੜਕ ਤੇ ਸ਼ਹਿਰ ਆਣ ਜਾਣ ਦਾ ਸਾਧਣ ਟਾਂਗੇ ਹੀ ਹੁੰਦੇ ਸਨ। ਸ਼ਹਿਰ ਤੱਕ ਦਾ ਕਿਰਾਇਆ ਇੱਕ ਚਵਾਨੀ ਭਾਵ ਚਾਰ ਆਨੇ ਹੁੰਦਾ ਸੀ। ਘਰ ਦਿਆਂ ਨੇ ਟੁੱਟੇ ਪੈਸੇ ਨਾ ਹੋਣ ਕਰਕੇ  ਉਸ ਨੂੰ ਇੱਕ ਰੁਪਈਆ ਦੇ ਕਿ ਕਿਹਾ ਕਿ ਲਾਲਾ ਇਹ ਲੈ ਕਿਰਾਇਆ ਤੇ ਬਕਾਇਆ ਬਾਰ੍ਹਾਂ ਆਨੇ ਟਾਂਗੇ ਵਾਲੇ ਤੋਂ ਚੇਤੇ ਨਾਲ ਗਿਣ ਕੇ ਲੈ ਲਈਂ।ਉਹ ਰੁਪਈਆ ਗੰਢ ਪੱਲੇ ਬਨ੍ਹ ਕੇ ਜਿਸ ਤਰ੍ਹਾਂ ਲੈ ਗਿਆ ਸੀ ਉਸੇ ਤਰ੍ਹਾਂ ਵਾਪਸ ਘਰ ਲੈ                                    ਆਇਆ।ਪੈਦਲ ਹੀ ਗਿਆ ਤੇ ਪੈਦਲ ਹੀ ਘਰ ਆ ਗਿਆ।ਜਦ ਘਰ ਵਾਲਿਆਂ ਘਰ ਵਾਪਸੀ ਤੇ ਉਸ ਨੂੰ ਪੁੱਛਿਆ ਤਾਂ ਹਸਦਾ ਹੋਇਆ ਕਹਿਣ ਲੱਗਾ, ਮੈਂ ਸੋਚਿਆ ਕਿ ਐਵੇਂ ਕਿੱਥੇ ਬਾਰ੍ਹਾਂ ਆਨਿਆਂ ਦੇ ਬਕਾਏ ਨੂੰ ਗਿਣਦਾ ਫਿਰਾਂਗਾ, ਨਾਲੇ ਟਾਂਗੇ ਦੀ ਢਿਚਕੂੰ ਢਿਚਕੂੰ ਕਰਦੀ ਚਾਲ ਤੋਂ ਮੈਨੂੰ ਬੜੀ ਖਿਝ ਆਉਂਦੀ ਹੈ,ਸ਼ਹਿਰੋਂ ਤੁਰ ਕੇ ਪਤਾ ਹੀ ਨਹੀਂ ਲੱਗਾ ਕਦੋਂ ਘਰ  ਆ ਗਿਆ ਹਾਂ, ਘਰ ਵਾਲੇ ਬਜ਼ੁਰਗ  ਦੀ ਸਾਦਗੀ ਅਤੇ ਸਿੱਧੇ ਸਾਦੇ ਉੱਤਰ ਤੇ ਬੜੇ ਹੱਸੇ।
          ਪਿੰਡ ਦਾ ਇੱਕ ਬਜ਼ੁਰਗ ਕਿਹਾ ਕਿਰਦਾ ਸੀ ਜਿਸ ਪਿੰਡ ਵਿੱਚ ਬੋਹੜ, ਪਿੱਪਲ, ਕਿੱਕਰ ਨਿੰਮ,ਧਰੇਕ ਤੇ ਸ਼ਰੀਂਹ ਦਾ ਰੁੱਖ ਹੋਵੇ,ਉਸ ਪਿੰਡ ਵਿੱਚ ਕੋਈ ਬੀਮਾਰੀ ਤਾਂ ਭੁਲ ਕੇ ਵੀ ਨਹੀਂ ਵੜ ਸਕਦੀ।ਜਿਸ ਘਰ ਵਿੱਚੋਂ ਧੀ ਦਾ ਡੋਲਾ ਨਾ ਉੱਠਿਆ ਹੋਵੇ ਉਹ ਘਰ ਪਵਿੱਤਰ ਨਹੀਂ ਹੁੰਦਾ।ਜਿਸ ਦੇ ਮਾਪੇ ਸੁਖੀ, ਉਹਦਾ ਜੱਗ ਸੁਖੀ।ਇਹ ਸਾਰਾ ਕੁਝ ਹੀ ਇਸ ਪਿੰਡ ਵਿੱਚ ਹੁੰਦਾ ਸੀ। ਘਰ ਘਰ ਧਰੇਕਾਂ ਦੀ ਛਾਂ ਹੁੰਦੀ ਸੀ।ਇੱਕ ਵੇਰਾਂ ਪਿੰਡ ਵਿੱਚ ਕਿਸੇ ਥਾਂ ਅੱਗ ਲੱਗ ਗਈ,  ਪਿੰਡ ਦੇ ਸੱਭ ਛੋਟੇ ਵੱਡੇ ਪਾਣੀ ਦੀਆਂ ਬਾਲਟੀਆਂ ਲੈ ਕੇ ਭੁੱਖੇ ਸ਼ੇਰ ਵਾਂਗ ਅੱਗ ਤੇ  ਟੁੱਟ ਕੇ ਪੈ ਗਏ ।ਇਵੇਂ ਲੱਗਿਆ ਜਿਵੇਂ ਉਨ੍ਹਾਂ ਦੇ ਏਕੇ ਤੇ ਇਕੱਠ ਵੇਖ ਕੇ ਬੈਸੰਤਰ ਦੇਵਤਾ ਤਾਂ ਖੁਸ਼ ਹੋਇਆ ਹੀ,ਜੋ ਅੱਗ  ਬਿਣਾਂ ਕੋਈ ਨੁਕਸਾਨ ਕੀਤੇ ਬੁਝ ਗਈ,ਪਰ ਨਾਲ ਹੀ ਜਿਵੇਂ ਇੰਦਰ ਦੇਵਤਾ ਵੀ ਇਨ੍ਹਾਂ ਦਾ ਇੱਕੱਠ ਵੇਖ ਕੇ ਮਿਹਰਬਾਨ ਹੋ ਗਿਆ, ਵਰਖਾ ਨੇ ਸਾਰੇ ਪਿੰਡ  ਨੂੰ ਹੀ ਨਿਹਾਲ ਵੀ ਕਰ ਦਿੱਤਾ।
           ਮੈਂ ਆਪਣੀ ਦੱਸਵੀਂ ਤੱਕ  ਸਕੂਲ ਦੀ ਪੜ੍ਹਾਈ ਏਸੇ ਪਿੰਡੋਂ ਪੈਦਲ ਹੀ ਜਾ ਕੇ ਕੀਤੀ, ਇੱਕ ਵੇਰਾਂ ਬਾਪੂ ਨੇ ਮੇਰੀ ਹਾਲਤ ਤੇ ਤਰਸ ਖਾ ਕੇ  ਇੱਕ  ਪੁਰਾਣਾ ਸਾਈਕਲ  ਲੈ ਦਿੱਤਾ,ਜਿਸ ਦਾ ਅਗਲਾ ਪਹੀਆ ਵੱਡਾ ਸੀ ਤੇ ਪਿਛਲਾ ਛੋਟਾ ,ਰੋਜ਼ ਰੋਜ਼ ਪੰਚਰ ਹੋ ਜਾਣ  ਕਰਕੇ ਸਕੂਲੋਂ ਲੇਟ ਹੋ ਜਾਣਾ। ਬਿਨਾਂ ਪੈਡਲ ਤੋਂ ਲੋਹੇ ਦੀਆਂ ਕਿੱਲੀਆਂ ਤੋਂ ਕਈ ਵਾਰ ਪੈਰ ਤਿਲਕ ਕੇ ਗਿੱਟੇ ਗੋਡੇ ਲਹੂ ਲੁਹਾਣ ਹੋ ਜਾਣੇ , ਕਦੇ ਗਰਾਰੀ ਵਿੱਚ ਫਸ ਜਾਣ ਕਰਕੇ ਪਜਾਮਾ ਫਟ ਜਾਣਾ, ਕਦੇ ਕੁੱਤੇ ਫੇਲ੍ਹ ਹੋ ਜਾਣ ਦੀ ਮੁਸੀਬਤ,ਸੋਚਿਆ ਐਵੇਂ ਰਾਹ ਜਾਂਦੀ ਬਿਪਤਾ ਸਹੇੜ ਲਈ,ਇਹਦੇ ਨਾਲੋਂ ਤਾਂ ਪੈਦਲ ਹੀ ਚੰਗੇ ਸਾਂ,ਆ ਜਾ ਕੇ ਮੁੜ ਖੋਤੀ ਬੋਹੜ ਹੇਠਾਂ ਵਾਲੀ ਗੱਲ, ਸਾਈਕਲ ਅੰਦਰ ਖੁਰਲੀ ਵਿੱਚ ਸੁੱਟ ਕੇ ਪੈਦਲ ਸੁਆਰ ਜਾਣਾ ਹੀ ਚੰਗਾ ਸਮਝਿਆ।ਮੇਰੇ ਨਾਲ ਦੇ ਸਾਥੀ  ਇਹ ਵੇਖ ਕੇ ਬੜੇ ਖੁਸ਼ ਹੋਏ,ਪੁਰਾਣੇ ਟੋਲੇ ਵਿੱਚ ਅੱਧ ਕੱਚੀ ਸੜਕ ਤੇ ਐਵੇਂ ਹਾਸਾ ਠੱਠਾ ਕਰਦੇ ਬਸਤੇ ਗਲ਼ਾਂ ਵਿੱਚ ਪਾਈ ਜਾਂਦਿਆਂ ਦਾ ਪਤਾ ਹੀ ਨਹੀਂ ਲੱਗਦਾ ਸੀ ਕਿ ਸ਼ਹਿਰ ਕਦੋਂ ਆ ਜਾਂਦਾ।    
            ਫਿਰ ਸਮੇਂ ਨੇ ਹੌਲੀ ਹੌਲੀ  ਕਰਵਟ ਬਦਲਣੀ ਸ਼ੁਰੂ ਕੀਤੀ,ਟਾਂਗਿਆਂ ਦੀ ਥਾਂ ਸੱਭ ਤੋਂ ਪਹਿਲਾਂ ਸ਼ਹਿਰ ਦੀ ਸੜਕ ਤੇ ਤਿੰਨਾ ਪਹੀਆਂ ਵਾਲਾ ਟੈਂਪੂ ਕਿਸੇ ਨੇ ਲੈ ਆਂਦਾ,ਜਿਸ ਦਾ ਰੰਗ ਕਾਲਾ ਤੇ ਪੀਲਾ ਅਤੇ ਸ਼ਕਲ ੳ ਆਵਾਜ਼ ਭੂੰਡ ਵਰਗੀ ਹੋਣ ਕਰਕੇ ਲੋਕ ਇਸ ਨੂੰ ਭੂੰਡ ਕਿਹਾ ਕਰਦੇ ਸਨ।ਟਾਂਗੇ ਵਾਲਿਆਂ ਦੀ ਕਮਾਈ ਵਿੱਚ ਉਨ੍ਹਾਂ ਦੇ ਸ਼ਰੀਕ ਭੂੰਡ ਨਾਲ ਉਨ੍ਹਾਂ ਦੀ  ਬੜੀ ਖਹਿ ਬਾਜ਼ੀ ਚਲਦੀ ਰਹੀ।ਪਰ ਹੌਲੀ ਹੌਲੀ ਬੱਸਾਂ ਦੇ ਆ ਜਾਣ ਕਰਕੇ ਟਾਂਗੇ ਵਿਚਾਰੇ ਤਾਂ ਜਿਵੇਂ ਈਦ ਦੇ ਚੰਨ ਹੀ ਹੋ ਗਏ।ਟੈਂਪੂ ਜਦ ਸੁਵਾਰੀਆਂ ਨਾਲ ਭਰ ਜਾਂਦਾ ਤਾਂ ਡਰਾਈਵਰ ਅਜੇ ਕਿੱਲੀ ਨੱਪ ਕੇ ਤੁਰਨ ਹੀ ਲਗਦਾ ਬੱਸ ਪਾਂ ਪਾਂ ਕਰਦੀ ਬਸ ਆ ਧਮਕਦੀ, ਵੇਖਦੇ ਵੇਖਦੇ ਟੈਂਪੂ ਵਿੱਚੋਂ ਨਿਕਲ ਕੇ ਸੁਵਾਰੀਆਂ ਹਰਲ ਹਰਲ ਕਰਦੀਆਂ ਬਸ ਵਿੱਚ ਜਾ ਵੜਦੀਆਂ ਟੈਂਪੂ ਵਾਲਾ ਬੱਸ ਵੱਲ ਘੂਰਦਾ ਹੀ ਰਹਿ ਜਾਂਦਾ।ਪਿੰਡ ਦੀ ਪੁਰਾਤਨਤਾ ਦੀਆਂ ਪਰਤਾਂ ਦਰ ਪਰਤਾਂ ਸਮੇਂ ਦੇ ਅਗਲੇ ਦੌਰ ਵਿੱਚ ਦਾਖਲ ਹੋ ਕੇ ਹੌਲੀ ਹੌਲੀ ਅਲੋਪ ਹੋਣੀਆਂ ਸ਼ੁਰੂ ਹੋ ਗਈਆਂ।
              ਪਿੰਡ ਵਿੱਚ ਖੂਹ ਦੀ ਥਾਂ ਹੌਲੀ ਹੌਲੀ ਨਲਕਿਆਂ ਨੇ ਲੈਣੀ ਸ਼ੁਰੂ ਕੀਤੀ, ਪਹਿਲਾਂ ਪਿੰਡ ਵਿੱਚ ਦੋ ਤਿੰਨ ਸਰਦੇ ਪੁਜਦੇ ਘਰਾਂ ਵਿੱਚ ਨਲਕੇ ਹੁੰਦੇ ਸਨ।ਫਿਰ ਬਿਜਲੀ ਆ ਜਾਣ ਤੇ ਨਲਕਿਆਂ ਤੇ ਮੋਟਰਾਂ ਲੱਗਣ ਤੇ ਹੌਲੀ ਹੌਲੀ ਖੂਹ ਤੇ ਰੌਣਕਾਂ ਵੀ ਘਟਣ ਲੱਗੀਆਂ, ਪਿੰਡ ਵਿੱਚ ਘਰ ਘਰ ਲੱਗ ਰਹੇ ਨਲਕਿਆਂ ਨੇ ਖੂਹ ਨੂੰ ਵੀਰਾਣਗੀ ਵੱਲ ਧੱਕ ਦਿੱਤਾ। ਘਰ ਘਰ ਬਿਜਲੀ ਦੇ ਪੱਖੇ ਲਗ ਜਾਣ ਤੇ ਖੂਹ ਤੇ ਲੱਗਿਆ ਪੁਰਾਣਾ ਛਾਂ ਦਰ ਰੁੱਖ ਬੇ ਲੋੜਾ ਸਮਝ ਕੇ ਆਰੀ ਕੁਹਾੜੇ ਦੀ  ਭੇਟ ਚੜ੍ਹ ਗਿਆ  ਖੂਹ ਵੀ ਗਾਰ ਨਾ ਕੱਢਣ ਕਰਕੇ ਹੌਲੀ ਹੌਲੀ ਸੁਕ ਗਿਆ ।ਫਿਰ ਘਰ ਘਰ ਸਮਰਸੀਬਲ ਪੰਪ  ਲੱਗ ਗਏ।ਕੋਈ ਕੱਚਾ ਘਰ ਵੇਖਣ ਨੂੰ ਨਾ ਰਿਹਾ। ਸਰਕਾਰੀ ਟੈਂਕੀ ਲੱਗ ਜਾਣ ਤੇ ਟੂਟੀ ਦਾ ਪਾਣੀ  ਆਉਣ ਲੱਗ ਪਿਆ।ਗਲੀਆਂ ਫਿਰਨੀਆਂ ਪੱਕੀਆਂ ਹੋਣ ਲਗ ਪਈਆਂ। ਹੌਲੀ ਹੌਲੀ ਪਿੰਡ ਦੀ ਨਵੀਂ ਨੁਹਾਰ ਬਦਲਣੀ ਸ਼ੁਰੂ ਹੋ ਗਈ।ਪਿੰਡ ਦੇ ਕੱਚੇ ਕੋਠਿਆਂ ਦੀ ਥਾਂ ਪੱਕੇ ਘਰਾਂ ਤੇ ਦੁਮੰਜ਼ਿਲੀਆਂ ਕੋਠੀਆਂ ਨੇ ਲੈ ਲਈ ਹੈ।ਘਰ ਘਰ ਆਵਾ ਜਾਈ ਲਈ ਇੱਕ ਨਹੀਂ ਦੋ ਦੋ ਤਿੰਨ ਸਾਧਣ ਬਣ ਗਏ। ਹਲਾਂ ਦੀ ਥਾਂ ਕਰਜ਼ੇ ਤੇ ਕਿਸ਼ਤਾਂ ਤੇ ਲਏ ਟ੍ਰੈਕਟਰਾਂ, ਕੰਬਾਈਨਾਂ ਨੇ ਲੈ ਲਈ ਹੈ।ਹੁਣ ਹੱਥੀਂ ਕੰਮ ਕਰਨਾ ਲੋਕ ਆਪਣੀ ਹੱਤਕ ਸਮਝਣ  ਲੱਗ ਪਏ ਹਨ।ਉਹ ਕਿਰਸਾਣੀ ਜਿਸ ਨੂੰ ਉੱਤਮ ਧੰਦਾ ਗਿਣਿਆ ਜਾਂਦਾ ਸੀ।ਕਿਸਾਨਾਂ ਦੀ ਖੁਦ ਕਸ਼ੀ  ਦੀ ਨੌਬਤ ਤੱਕ ਪਹੁੰਚ ਚੁਕਾ ਹੈ।ਸ਼ੁਕਰ ਹੈ ਮੇਰੇ ਪਿੰਡ ਵਿੱਚ ਇਸਤਰ੍ਹਾਂ ਦੀ ਕੋਈ ਘਟਨਾ ਅਜੇ ਤੀਕ ਨਹੀਂ ਵਾਪਰੀ, ਹਾਂ ਪੜ੍ਹਾਈ ਤੋਂ ਮੂੰਹ ਮੋੜ ਕੇ  ਨੌਜੁਆਨ ਹੁਣ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਵਿੱਚ ਲਗੇ ਹਏ ਹਨ।ਬਿਹਾਰ ਦੇ ਭਈਏ,ਨੇ ਹੁਣ ਪੰਜਾਬ ਦੀ  ਮਿਹਣਤੀ ਕਿਰਸਾਣੀ ਆਦਤ ਨੂੰ ਖੋਰਾ ਲਾ ਦਿੱਤਾ ਹੈ।ਜਰਦਾ ਤੰਬਾਕੂ ਦਾਰੂ ਦੀ ਗੱਲ ਹੁਣ ਪੰਜਾਬੀਆਂ ਦੀ ਗੱਲ ਬਹੁਤ ਪਰਾਣੀ ਹੋ ਚੁਕੀ ਹੈ ਨਵੀਂ ਨਵੀ ਕਿਸਮ ਦੇ ਮਾਰੂ ਨਸ਼ਿਆਂ ਨੇ ਪੰਜਾਬ ਦੇ ਜਿਵੇਂ ਸਾਹ ਹੀ ਸੂਤ ਲਏ ਜਾਪਦੇ ਹਨ।ਵਿਦੇਸ਼ ਦੀ ਚੰਦਰੀ ਚਾਟ ਨੇ ਪਿੰਡਾਂ ਦੇ ਘਰਾਂ ਦੇ ਘਰ ਵੇਹਲੇ ਕਰ ਦਿੱਤੇ ਹਨ। ਘਰ ਦੀ ਨਵੀਂ ਪਨੀਰੀ ਆਪਣੇ ਜੱਦੀ ਪੁਸ਼ਤੀ ਕੰਮ ਕਾਜ ਨੂੰ  ਹੱਥ ਲਾਉਣਾ ਆਪਣੀ ਹੇਠੀ ਸਮਝੀ ਬੈਠੀ ਹੈ।ਪਰ ਵਿਦੇਸ਼ ਵਿੱਚ ਆ ਕੇ ਖੱਜਲ ਖੁਆਰ ਹੋ ਕੇ ਜੋ ਜੋ ਕੰਮ ਇਨ੍ਹਾਂ ਨੂੰ ਕਰਨੇ ਪੈਂਦੇ ਹਨ ਉਨ੍ਹਾਂ ਨੂੰ ਵੇਖ ਸੁਣ ਕੇ ਕੰਨਾਂ ਨੂੰ ਹੇਠੂੰ ਦੀ ਹੱਥ ਕਢ ਕੇ ਲਾ ਕੇ ਤੋਬਾ ਕਰਨੀ ਪੈਂਦੀ ਹੈ। ਜੇ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਪਿੰਡੀਂ ਵੱਸਣ ਦੇਵਤੇ,ਸ਼ਹਿਰਾਂ ਵਿੱਚ ਸ਼ੈਤਾਨ ਦੀ ਥਾਂ, ਪਿੰਡੀ ਵੱਸਣ ਭਈਏ ਤੇ ਪ੍ਰਦੇਸਾਂ ਵਿੱਚ ਕਿਸਾਨ ਹੀ ਕਹਿਣਾ ਪਵੇਗਾ।
       ਹੁਣ ਸਾਰੇ ਪਿੰਡ ਵਿੱਚ ਝਾਤੀ ਮਾਰੀਏ ਤਾਂ ਐਵੇਂ ਉੰਗਲਾਂ ਤੇ ਗਿਣੇ ਜਾਣ ਵਾਲੇ ਪੁਰਾਣੇ ਬੰਦੇ ਹੀ ਰਹਿ ਗਏ ਹਨ। ਮੇਰੇ ਹਮ ਉਮਰਾਂ ਵਿੱਚੋਂ ਪੁਰਾਣੇ ਵੇਲਿਆਂ ਦੇ ਦੋ ਸਾਥੀਆਂ ਵਿੱਚੋਂ ਇੱਕ ਜੋਗਿੰਦਰ ਬਾਰੀਆ ਤਾਂ ਕੁੱਝ ਸਮਾਂ ਪਹਿਲਾਂ ਕਈ ਤੰਗੀਆਂ ਤੁਰਸ਼ੀਆਂ ਤੇ ਘਰੋਗੀ ਉਲਝਣਾਂ ਭਰਿਆ ਜੀਵਣ ਬਿਤਾ ਕੇ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ।ਦੂਜਾ ਹਸਮੁਖਾ ਤੇ ਜ਼ਿੰਦਾ ਦਿਲ ਸਾਥੀ ਮਲ੍ਹਾਰ ਸਿੰਘ ਜੋ ਚੰਗੇ ੳਹੁਦੇ ਤੋਂ ਸੇਵਾ ਮੁਕਤ ਹੋਣ ਤੇ ਵੀ ਪਿੰਡ ਵਿੱਚ ਹੀ ਰਹਿ ਰਿਹਾ, ਜਿਸ ਨਾਲ ਕਦੇ ਕਦੇ ਫੋਨ ਤੇ ਗੱਲ ਹੋ ਜਾਂਦੀ ਹੈ। ਉਹ ਕਹਿੰਦਾ ਹੈ ਆ ਜਾ ਯਾਰ ਛੱਡ ਪ੍ਰਦੇਸ ਨੂੰ, ਕਿਤੇ ਜ਼ਿੰਦਗੀ ਦੇ ਕੁੱਝ ਰਹਿੰਦੇ ਪਲ਼ ਵੇਲੇ ਕੁਵੇਲੇ ਇੱਥੇ ਹੀ ਇੱਕ੍ਠੇ ਬੈਠ ਕੇ ਗੱਲਾਂ ਬਾਤਾਂ ਕਰਕੇ ਲੰਘਾਈਏ।ਸਮੇਂ ਦੇ ਹਾਲਾਤ ਦੇ ਪਿੰਜਰੇ ਵਿੱਚ ਕਿਸੇ ਪਰ ਕੱਟੇ ਪੰਛੀ ਵਾਂਗ,ਬੇਵੱਸ ਮੈਂ ਆਪਣੀ ਮਜਬੂਰੀ ਦੱਸ ਕੇ ਸਬਰ ਕਰ ਛਡਦਾ ਹਾਂ।ਹੁਣ ਪਿੰਡ ਵਿੱਚ  ਇੱਕ ਵੱਡਾ ਸ਼ਾਨਦਾਰ ਉੱਚੀ ਦਿੱਖ ਵਾਲੇ ਨਿਸ਼ਾਨ ਸਿਹਬ ਵਾਲਾ ਗੁਦੁਆਰਾ ਤੇ ਇੱਕ ਮੰਦਰ ਵੀ ਬਣ ਚੁਕਾ ਹੈ।ਪਰ ਸ਼ਰਧਾ ਨੀਂਵੀਂ ਹੋ ਗਈ ਹੈ।ਅੰਧ ਵਿਸ਼ਵਾਸ਼ੀ ਦਾ ਬੋਲ ਬਾਲਾ ਹੈ। ਪ੍ਰਧਾਨਗੀ, ਮੈਂਬਰੀ ਦੀ ਦੌੜ ਵਿੱਚ ਪੁਰਾਣੀਆਂ ਸਾਂਝਾਂ ਤੇ ਸੱਭਿਆ ਚਾਰ ਨੂੰ ਛਿੱਕੇ ਟੰਗ ਕੇ ਖੋਰਾ ਲਾਉਣ ਲੋਕ ਰੁੱਝੇ ਹੋਏ ਹਨ।ਪਾਰਟੀ ਬਾਜ਼ੀ,ਤੇ ਮਾੜੀ ਰਾਜਨੀਤੀ ਦੇ ਕਾਲੇ ਪਰਛਾਂਵੇ ਹੁਣ ਇਸ ਪਿੰਡ ਵਿੱਚ ਪੂਰੀ ਤਰ੍ਹਾਂ ਪੈਰ ਪਸਾਰ ਚੁਕੇ ਹਨ।ਬੇਸ਼ੱਕ  ਪਿੰਡ ਵਿੱਚ ਹੋ ਰਹੀ ਸਰਵ ਪੱਖੀ ਤਰੱਕੀ ਤੋਂ ਮੁਨਕਰ ਨਹੀਂ ਹਾਂ,ਪਰ ਵਿਸਰ ਰਹੇ ਪਰ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਦਿਨੋ ਦਿਨ ਅਲੋਪ ਹੋ ਜਾਣ ਦੀ ਚਿੰਤਾ ਨੂੰ ਵੀ ਅੱਖਾਂ ਤੋਂ ਪ੍ਰੋਖੇ ਕੀਤੇ ਜਾਣ ਤੇ ਵੀ ਫਿਕਰ ਮੰਦ ਹਾਂ।ਆਓ ਸਾਰੇ ਮਿਲਕੇ ਆਪਣੇ ਆਪਣੇ ਪਿੰਡਾਂ ਦੀ ਉੱਨਤੀ ਕਰਨ ਦੇ ਨਾਲ ਨਾਲ ਆਪਣੇ ਪੁਰਾਣੇ ਸੱਭਿਆਚਾਰ ਅਤੇ ਵਿਰਸੇ ਦਾ ਵੀ ਪੱਲਾ ਘੁੱਟ ਕੇ ਫੜੀ ਰੱਖੀਏ।

ਤੁਰ ਗਏ ਯਾਰ ਪੁਰਾਣੇ ਲੋਕ,ਉਮਰ ਗੁਜ਼ਾਰ ਪਰਾਣੇ ਲੋਕ।
ਸਾਂਝੀਆਂ ਕੰਧਾਂ ਖੁਲ੍ਹੇ ਵੇਹੜੇ,ਇੱਜ਼ਤ ਦਾਰ ਪੁਰਾਣੇ ਲੋਕ।
ਪਿਆਰ ਮੁਹੱਬਤ ਸਾਂਝਾਂ ਵੰਡਦੇ,ਸ਼ੁਕਰ ਗੁਜ਼ਾਰ ਪਰਾਣੇ ਲੋਕ।
ਨਾ ਚਿੰਤਾ ਨਾ ਝਗੜੇ, ਝੋਰੇ,ਹੌਲ਼ੇ ਭਾਰ ਪਰਾਣੇ ਲੋਕ।
ਸਿੱਧੇ ਸਨ ਪਰ ਸਿਫਤ ਗੁਣਾਂ ਦੇ, ਭਰੇ ਭੰਡਾਰ ਪਰਾਣੇ ਲੋਕ।
ਅਸੀਂ ਵੀ ਜਾਣਾ ਜਿੱਥੇ ਤੁਰ ਗਏ,ਵਾਰੋ ਵਾਰ ਪਰਾਣੇ ਲੋਕ।
ਘੜੀ ਘੜੀ ਪਰ ਚੇਤੇ ਆਉਂਦੇ, ਸਦਾ ਬਹਾਰ ਪੁਰਾਣੇ ਲੋਕ।