ਖ਼ਬਰਾਂ ਦਾ ਅੰਤ ! - ਸਵਰਾਜਬੀਰ

ਹੁਣੇ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਇਕ ਪੱਤਰਕਾਰ ਦੋਸਤ ਨੇ ਕਿਹਾ ''ਹੁਣ ਖ਼ਬਰਾਂ ਆਉਣੀਆਂ ਬੰਦ ਹੋ ਜਾਣਗੀਆਂ- ਇਹ ਸਮਾਂ ਖ਼ਬਰਾਂ ਦੇ ਖ਼ਤਮ ਹੋਣ ਦਾ ਹੈ।'' ਪੱਤਰਕਾਰ ਦੋਸਤ ਦੇ ਮਨ ਵਿਚ ਫਰਾਂਸਿਸ ਫੂਕੋਯਾਮਾ (Francis Fukuyama) ਦੀ 1992 ਵਿਚ ਛਪੀ ਕਿਤਾਬ 'ਇਤਿਹਾਸ ਦਾ ਅੰਤ ਤੇ ਆਖ਼ਰੀ ਆਦਮੀ (ਐਂਡ ਆਫ਼ ਹਿਸਟਰੀ ਐਂਡ ਦਿ ਲਾਸਟ ਮੈਨ ૶ End of History and the Last Man)' ਸੀ ਜਿਸ ਵਿਚ ਇਹ ਦਲੀਲਾਂ ਦਿੱਤੀਆਂ ਗਈਆਂ : ਸੋਵੀਅਤ ਸੰਘ ਤੇ ਪੂਰਬੀ ਯੂਰਪ ਦੇ ਦੇਸ਼ਾਂ ਵਿਚ ਸਮਾਜਵਾਦ ਖ਼ਤਮ ਹੋਣ ਕਾਰਨ ਉਦਾਰਵਾਦੀ ਜਮਹੂਰੀ ਪ੍ਰਬੰਧ (ਲਿਬਰਲ ਡੈਮੋਕਰੇਸੀ) ਦੀ ਪੂਰੀ ਤਰ੍ਹਾਂ ਜਿੱਤ ਹੋ ਚੁੱਕੀ ਹੈ। ਇਹ ਮਨੁੱਖਤਾ ਦੇ ਇਤਿਹਾਸ ਵਿਚ ਅਖ਼ੀਰਲੇ ਤਰ੍ਹਾਂ ਦਾ ਅਤੇ ਸਭ ਤੋਂ ਬਿਹਤਰ ਰਾਜ-ਪ੍ਰਬੰਧ ਹੈ ਜੋ ਲੋਕਾਂ ਦੀ ਰਜ਼ਾਮੰਦੀ ਨਾਲ ਚੱਲਦਾ ਅਤੇ ਸਮੂਹਿਕ ਲੋਕ-ਮਨ ਰਾਹੀਂ ਪ੍ਰਵਾਨਿਤ ਹੁੰਦਾ ਹੈ, ਗ਼ੈਰ-ਜਮਹੂਰੀ ਦੇਸ਼ ਜਮਹੂਰੀਅਤ ਵੱਲ ਵਧਣਗੇ। ਹੁਣ ਦੁਨੀਆਂ ਵਿਚ ਇਸੇ ਤਰ੍ਹਾਂ ਦੇ ਰਾਜ-ਪ੍ਰਬੰਧ ਹੀ ਚੱਲਣਗੇ ਤੇ ਕਿਸੇ ਹੋਰ ਤਰਜ਼ ਦਾ ਰਾਜ-ਪ੍ਰਬੰਧ (ਭਾਵ ਸਮਾਜਵਾਦੀ, ਸਾਮਵਾਦੀ) ਬਣਨ ਦੀ ਕੋਈ ਆਸ ਨਹੀਂ। ਨਾ ਤਾਂ ਇਨਕਲਾਬ ਹੋਣਗੇ ਅਤੇ ਨਾ ਹੀ ਰਾਜ-ਪ੍ਰਬੰਧਾਂ ਵਿਚ ਮੌਲਿਕ ਤਬਦੀਲੀ ਆਏਗੀ, ਇਸ ਦਾ ਮਤਲਬ ਹੈ ਕਿ ਵੱਡੇ ਇਤਿਹਾਸਕ ਬਦਲਾਓ ਨਹੀਂ ਹੋਣਗੇ ਅਤੇ ਇਹ ਇਤਿਹਾਸ ਦਾ ਅੰਤ ਹੈ। ਫੂਕੋਯਾਮਾ ਨੇ ਬਾਅਦ ਵਿਚ ਸਪੱਸ਼ਟ ਕੀਤਾ ਕਿ ਉਸ ਦਾ ਮਤਲਬ ਇਹ ਨਹੀਂ ਸੀ ਕਿ ਵੱਡੀਆਂ ਜੰਗਾਂ ਤੇ ਇਰਾਕ ਅਤੇ ਅਫ਼ਗ਼ਾਨਿਸਤਾਨ ਉੱਤੇ ਅਮਰੀਕਨ ਹਮਲੇ ਨਹੀਂ ਹੋਣਗੇ, ਸਗੋਂ ਇਸ ਦਾ ਮਤਲਬ ਸੀ ਕਿ ਘਟਨਾਵਾਂ ਤਾਂ ਹੋਣਗੀਆਂ ਪਰ ਉਨ੍ਹਾਂ ਦੀ ਦਿਸ਼ਾ ਉਦਾਰਵਾਦੀ ਜਮਹੂਰੀਅਤ ਵੱਲ ਵਧਣ ਲਈ ਹੋਵੇਗੀ।
     ਪੱਤਰਕਾਰ ਦੋਸਤ ਦੇ ਕਹਿਣ ਦਾ ਭਾਵ ਸੀ ਕਿ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ ਤੇ ਸੋਸ਼ਲ ਮੀਡੀਆ ਦੇ ਮਾਧਿਅਮਾਂ 'ਤੇ ਇਕਹਿਰੇ ਰੰਗ ਦੀਆਂ ਖ਼ਬਰਾਂ ਆਉਣਗੀਆਂ ਜਿਨ੍ਹਾਂ ਵਿਚ ਭਾਜਪਾ ਅਤੇ ਉਸ ਦੁਆਰਾ ਪ੍ਰਚਾਰੀ ਗਈ ਵਿਚਾਰਧਾਰਾ, ਜਿਸ ਵਿਚ ਰਾਸ਼ਟਰਵਾਦ, ਘੱਟਗਿਣਤੀ ਫ਼ਿਰਕੇ ਦਾ ਵਿਰੋਧ, ਪਾਕਿਸਤਾਨ ਨਾਲ ਟਕਰਾਓ ਵਿਚ ਵਾਧਾ, ਧਰਮ-ਨਿਰਪੱਖ ਤਾਕਤਾਂ 'ਤੇ ਲਗਾਤਾਰ ਹਮਲਾ ਸ਼ਾਮਲ ਹਨ, ਦਾ ਪ੍ਰਚਾਰ ਹੋਵੇਗਾ; ਭਾਜਪਾ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਨੂੰ ਖ਼ੋਰਾ ਲੱਗੇਗਾ ਅਤੇ ਸਿਰਫ਼ ਉਸ ਤਰ੍ਹਾਂ ਦੀਆਂ ਘਟਨਾਵਾਂ, ਜਿਨ੍ਹਾਂ ਨੂੰ ਬਹੁਗਿਣਤੀ ਫ਼ਿਰਕੇ ਦੇ ਲੋਕ-ਮਨ ਦੀ ਪ੍ਰਵਾਨਗੀ ਹੋਵੇਗੀ, ਦਾ ਜ਼ਿਕਰ ਕੀਤਾ ਜਾਏਗਾ; ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨ ਵਾਲੀਆਂ ਘਟਨਾਵਾਂ ਤੇ ਖ਼ਬਰਾਂ ਹਾਸ਼ੀਏ 'ਤੇ ਧੱਕੀਆਂ ਜਾਣਗੀਆਂ।
        ਕੀ ਸੱਚਮੁੱਚ ਇਸ ਤਰ੍ਹਾਂ ਹੋ ਸਕਦਾ ਹੈ? ਜੇਕਰ ਵੱਖ ਵੱਖ ਟੈਲੀਵਿਜ਼ਨ ਚੈਨਲ ਵੇਖੀਏ ਤਾਂ ਇਸ ਦਲੀਲ ਵਿਚ ਕੁਝ ਸੱਚ ਦਿਖਾਈ ਦਿੰਦਾ ਹੈ। ਹਰ ਚੈਨਲ 'ਤੇ ਇਕੋ ਤਰ੍ਹਾਂ ਦੀ ਬਹਿਸ ਹੁੰਦੀ ਹੈ : ਭਾਜਪਾ ਦੇ ਹਮਾਇਤੀ ਆਪਣੇ ਵਿਰੋਧੀ ਦੀ ਗੱਲ ਸੁਣਨ ਲਈ ਤਿਆਰ ਨਹੀਂ, ਮਾੜਾ ਮੋਟਾ ਵਿਰੋਧ ਕਰਨ ਵਾਲੇ ਨੂੰ ਵੀ ਬੋਲਣ ਨਹੀਂ ਦਿੱਤਾ ਜਾਂਦਾ। ਕਈ ਚੈਨਲਾਂ ਦੇ ਸੂਤਰਧਾਰ (ਐਂਕਰ) ਖ਼ੁਦ ਏਨੇ ਮੋਦੀਮਈ ਹਨ ਕਿ ਉਹ ਸੱਤਾਧਾਰੀ ਪਾਰਟੀ ਦੇ ਵਿਰੋਧ ਵਿਚ ਤਰਕ ਦੇਣ ਵਾਲਿਆਂ ਨੂੰ ਉੱਚੀ ਉੱਚੀ ਬੋਲ ਕੇ ਚੁੱਪ ਕਰਾ ਦਿੰਦੇ ਹਨ।
       ਬਹੁਤ ਸਾਰੇ ਚਿੰਤਕਾਂ ਨੇ ਫੂਕੋਯਾਮਾ ਦੀ ਧਾਰਨਾ ਕਿ 'ਇਤਿਹਾਸ ਦਾ ਅੰਤ ਹੋ ਗਿਆ ਹੈ' ਦੀ ਆਲੋਚਨਾ ਕੀਤੀ ਤੇ ਸਵਾਲ ਉਠਾਏ ਕਿ ਉਨ੍ਹਾਂ ਸਮਿਆਂ, ਜਿਨ੍ਹਾਂ ਵਿਚ ਆਰਥਿਕ ਅਸਮਾਨਤਾ, ਗ਼ਰੀਬਾਂ ਦਾ ਦਮਨ, ਅਣਹੋਇਆਂ ਨੂੰ ਹਾਸ਼ੀਏ ਵੱਲ ਧੱਕਣਾ, ਬਹੁਰਾਸ਼ਟਰੀ ਸਰਮਾਏਦਾਰੀ ਵੱਲੋਂ ਕੁਦਰਤੀ ਸੋਮਿਆਂ ਦੀ ਖੁੱਲ੍ਹੀ ਲੁੱਟ, ਬੇਰੁਜ਼ਗਾਰੀ, ਭੁੱਖਮਰੀ ਤੇ ਹੋਰ ਅਣਮਨੁੱਖੀ ਵਰਤਾਰੇ ਵਧ ਰਹੇ ਹੋਣ ਤਾਂ ਉਸ ਵੇਲ਼ੇ ਕੋਈ ਚਿੰਤਕ 'ਇਤਿਹਾਸ ਦੇ ਅੰਤ' ਹੋ ਜਾਣ ਦਾ ਐਲਾਨ ਕਿਵੇਂ ਕਰ ਸਕਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਖ਼ਬਰਾਂ ਨੂੰ ਇਕਪਾਸੜ ਬਣਾਉਣ ਦਾ ਰੁਝਾਨ ਤੇਜ਼ ਤਾਂ ਹੋ ਸਕਦਾ ਹੈ ਪਰ ਖ਼ਬਰਾਂ ਦਾ ਅੰਤ ਨਹੀਂ ਹੋ ਸਕਦਾ। ਕਈ ਰਾਜਸੀ ਮਾਹਿਰਾਂ ਤੇ ਸਮਾਜ ਸ਼ਾਸਤਰੀਆਂ ਅਨੁਸਾਰ ਇਹ ਰੁਝਾਨ ਤਾਂ ਪਹਿਲਾਂ ਤੋਂ ਹੀ ਪ੍ਰਤੱਖ ਹੈ। ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ ਅਤੇ ਅਖ਼ਬਾਰਾਂ ਦੀ ਮਾਲਕੀ ਹਿੰਦੋਸਤਾਨ ਦੇ ਸਰਮਾਏਦਾਰ ਘਰਾਣਿਆਂ ਕੋਲ ਹੈ ਤੇ ਉਹ ਘਰਾਣੇ ਵੇਲ਼ੇ ਦੀ ਹਾਕਮ ਧਿਰ ਦੇ ਤੇਵਰ ਵੇਖਦਿਆਂ ਚੈਨਲਾਂ ਤੇ ਅਖ਼ਬਾਰਾਂ ਨੂੰ ਉਹੋ ਜਿਹੀਆਂ ਖ਼ਬਰਾਂ ਦੇਣ ਤੇ ਤਬਸਰੇ ਕਰਨ ਲਈ ਕਹਿ ਰਹੇ ਹਨ ਜਿਹੜੇ ਹਾਕਮ ਧਿਰ ਨੂੰ ਰਾਸ ਆਉਣ।
       ਸ਼ਾਇਦ ਇਹ ਵਰਤਾਰਾ ਜ਼ਿਆਦਾ ਡੂੰਘਾ ਹੈ। ਇਸ ਦੀ ਬੁਨਿਆਦ ਵਿਚ ਵਿਨਾਇਕ ਦਾਮੋਦਰ ਸਾਵਰਕਰ ਦਾ ਹਿੰਦੂਤਵ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਬਾਨੀਆਂ ਦੇ ਹਿੰਦੂ ਰਾਸ਼ਟਰਵਾਦ ਤੇ ਸੱਭਿਆਚਾਰਕ ਰਾਸ਼ਟਰਵਾਦ ਦੇ ਸਿਧਾਂਤ ਹਨ ਜਿਨ੍ਹਾਂ ਵਿਚ ਮੁਸਲਮਾਨਾਂ ਤੇ ਇਸਾਈਆਂ ਦੀ ਪੇਸ਼ਕਾਰੀ ਭਾਰਤੀ ਸੱਭਿਅਤਾ ਵਿਚ ਦਖ਼ਲ ਦੇਣ ਵਾਲੇ ਓਪਰੇ, ਬੇਗ਼ਾਨੇ ਤੇ ਪਰਾਏ ਫ਼ਿਰਕਿਆਂ ਵਜੋਂ ਹੋਈ। ਇਸ ਵਿਚਾਰਧਾਰਾ ਨੇ ਹਿੰਦੂਆਂ ਦੀ ਵੱਡੀ ਗਿਣਤੀ ਦਾ ਵਿਸ਼ਵਾਸ ਜਿੱਤ ਲਿਆ ਤੇ ਹੌਲੀ ਹੌਲੀ ਬਹੁਗਿਣਤੀ ਮੰਨਣ ਲੱਗ ਪਈ ਕਿ ਭਾਜਪਾ ਹੀ ਹਿੰਦੂ ਧਰਮ ਦੀ ਰੱਖਿਆ ਕਰਨ ਅਤੇ ਇਸ ਨੂੰ ਬਾਹਰਲਿਆਂ (ਮੁਸਲਮਾਨਾਂ/ਇਸਾਈਆਂ) ਤੋਂ ਬਚਾਉਣ ਵਾਲੀ ਪਾਰਟੀ ਹੈ। ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਹਿੰਦੂ ਲੋਕ-ਮਨ ਵਿਚ ਕੇਂਦਰੀ ਸਥਾਨ ਮਿਲਣ ਵਿਚ ਲਗਭਗ 80-90 ਵਰ੍ਹੇ ਲੱਗੇ ਅਤੇ ਆਰਐੱਸਐੱਸ ਨੇ ਇਸ ਵਿਚਾਰਧਾਰਕ ਪ੍ਰਮੁੱਖਤਾ (ਹੈਜਮਨੀ) ਨੂੰ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ।
      ਇਸ ਵਿਚਾਰਧਾਰਾ ਤੇ ਵਰਤਾਰੇ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਧਰਮ ਨਿਰਪੱਖਤਾ ਇਕ ਝੂਠ ਇਕ ਢਕੋਂਸਲਾ ਹੈ, ਉਨ੍ਹਾਂ ਅਨੁਸਾਰ ਅਮਰੀਕਾ ਤੇ ਯੂਰਪ ਦੇ ਦੇਸ਼ ਇਸਾਈ ਰਾਸ਼ਟਰ ਹਨ, ਮੱਧ ਏਸ਼ੀਆ, ਇੰਡੋਨੇਸ਼ੀਆ, ਪਾਕਿਸਤਾਨ ਆਦਿ ਇਸਲਾਮੀ ਰਾਸ਼ਟਰ ਤੇ ਇਸ ਤਰ੍ਹਾਂ ਜੇ ਉਹ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਕਹਿੰਦੇ ਹਨ ਤਾਂ ਇਹ ਕੋਈ ਵੱਖਰੀ ਗੱਲ ਨਹੀਂ। ਧਾਰਮਿਕ ਖ਼ਾਸਿਆਂ ਅਨੁਸਾਰ ਦਿੱਤੀਆਂ ਜਾਣ ਵਾਲੀਆਂ ਦਲੀਲਾਂ 'ਤੇ ਲੋਕ ਜਲਦੀ ਯਕੀਨ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਵਿਸ਼ਵਾਸਾਂ ਦਾ ਵਿਰੋਧ ਕਰਨਾ ਆਸਾਨ ਨਹੀਂ ਹੁੰਦਾ।
      ਇਸ ਵਿਚਾਰਧਾਰਾ ਨੂੰ ਸਿਰਫ਼ ਖ਼ਬਰਾਂ ਦੇਣ ਵਾਲੇ ਚੈਨਲਾਂ ਰਾਹੀਂ ਹੀ ਕੇਂਦਰੀ ਵਿਚਾਰਧਾਰਾ ਨਹੀਂ ਬਣਾਇਆ ਜਾ ਰਿਹਾ ਸਗੋਂ ਮਨੋਰੰਜਕ ਪ੍ਰੋਗਰਾਮ ਪੇਸ਼ ਕਰਨ ਵਾਲੇ ਚੈਨਲਾਂ ਨੇ ਵੀ ਇਸ ਵਿਚ ਵੱਡਾ ਹਿੱਸਾ ਪਾਇਆ ਹੈ। ਮਿਥਿਹਾਸ ਨਾਲ ਜੁੜੇ ਸੀਰੀਅਲਾਂ ਦੇ ਨਾਲ ਨਾਲ ਆਮ ਸੀਰੀਅਲਾਂ ਵਿਚ ਵੀ ਇਕ ਖ਼ਾਸ ਤਰ੍ਹਾਂ ਦਾ ਨਜ਼ਰੀਆ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਵਿਚ ਪਰੰਪਰਾ ਤੇ ਸੰਸਕ੍ਰਿਤੀ ਦਾ ਹਿੰਦੂ ਪਾਸੇ ਵਾਲਾ ਰੂਪ ਪੇਸ਼ ਕੀਤਾ ਜਾਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਡੇ ਕੋਲ ਤਰਕਸ਼ੀਲ ਵਿਚਾਰਧਾਰਾ ਨਾਲ ਜੁੜੇ ਹੋਏ ਅਜਿਹੇ ਸੀਰੀਅਲ ਨਹੀਂ ਹਨ। ਫ਼ਿਲਮਾਂ ਦਾ ਵੀ ਇਹੀ ਹਾਲ ਹੈ। ਪਰੰਪਰਾ, ਸੱਭਿਅਤਾ, ਰਾਸ਼ਟਰਵਾਦ ਤੇ ਧਾਰਮਿਕ ਵਿਸ਼ਵਾਸਾਂ ਦੀ ਇਹ ਚਾਸ਼ਨੀ ਲੋਕਾਂ ਨੂੰ ਬਹੁਤ ਪਸੰਦ ਆਈ ਹੈ।
       ਇਹ ਨਹੀਂ ਕਿ ਹੁਣ ਖ਼ਬਰਾਂ ਨਹੀਂ ਆ ਰਹੀਆਂ। ਉਦਾਹਰਨ ਦੇ ਤੌਰ 'ਤੇ 6 ਜੂਨ ਨੂੰ ਖ਼ਬਰ ਛਪੀ ਕਿ ਉੱਤਰ ਪ੍ਰਦੇਸ਼ ਦੇ ਉਮਾਓ ਲੋਕ ਸਭਾ ਹਲਕੇ ਤੋਂ ਜੇਤੂ ਉਮੀਦਵਾਰ ਸਾਕਸ਼ੀ ਮਹਾਰਾਜ ਨੇ ਬੁੱਧਵਾਰ ਸੀਤਾਪੁਰ ਜ਼ਿਲ੍ਹਾ ਜੇਲ੍ਹ ਵਿਚ ਭਾਜਪਾ ਦੇ ਐੱਮਐੱਲਏ ਕੁਲਦੀਪ ਸਿੰਘ ਸੈਂਗਰ, ਜਿਹੜਾ ਨਾਬਾਲਗ ਕੁੜੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਬੰਦ ਹੈ, ਨਾਲ ਮੁਲਾਕਾਤ ਕਰਕੇ ਉਸ ਦੀ ਤਾਰੀਫ਼ ਕੀਤੀ। ਪਿਛਲੇ ਮਹੀਨੇ ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਵਿਚ ਕਥਿਤ ਤੌਰ 'ਤੇ ਗਊ-ਮਾਸ ਲਿਜਾ ਰਹੇ ਦੋ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਅਨੁਸਾਰ ਇਕ ਵਿਅਕਤੀ ਨੂੰ ਔਰਤ ਦੀ ਕੁੱਟਮਾਰ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਉਸ ਤੋਂ 'ਜੈ ਸ੍ਰੀਰਾਮ' ਦੇ ਨਾਅਰੇ ਲਗਵਾਏ। ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿਚ ਇਕ ਆਦਮੀ ਤੋਂ ਉਹਦਾ ਨਾਂ ਪੁੱਛਿਆ ਗਿਆ ਅਤੇ ਇਹ ਪਤਾ ਲੱਗਣ ਤੋਂ ਬਾਅਦ ਕਿ ਉਹ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਹੈ, ਉਸ ਨੂੰ ਪਾਕਿਸਤਾਨ ਜਾਣ ਲਈ ਕਿਹਾ ਗਿਆ ਤੇ ਉਸ 'ਤੇ ਗੋਲੀ ਚਲਾਈ ਗਈ। ਇਸੇ ਤਰ੍ਹਾਂ ਗੁਰੂਗ੍ਰਾਮ (ਗੁੜਗਾਉਂ) ਵਿਚ ਵੀ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਇਕ ਵਿਅਕਤੀ ਦੀ ਟੋਪੀ ਲਾਹ ਕੇ ਉਸ ਤੋਂ 'ਜੈ ਸ੍ਰੀਰਾਮ' ਦੇ ਨਾਅਰੇ ਲਗਵਾਏ ਗਏ। ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਹਲਕਿਆਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਵਿਰੋਧ ਕਰਨ ਵਾਲਿਆਂ, ਇੱਥੋਂ ਤਕ ਕਿ ਇਕ ਸੂਬੇ ਦੀ ਮੁੱਖ ਮੰਤਰੀ ਨੂੰ ਰਾਸ਼ਟਰ-ਵਿਰੋਧੀ ਤੇ ਦੇਸ਼-ਧ੍ਰੋਹੀ ਕਿਹਾ ਜਾ ਰਿਹਾ ਹੈ। ਇਹ ਸਭ ਖ਼ਬਰਾਂ ਇਕੋ ਜਿਹੀ ਰੰਗਤ ਦੀਆਂ ਹਨ ਤੇ ਇਸ ਲਿਹਾਜ਼ ਨਾਲ ਵਿਰੋਧੀ ਸੁਰ ਦੀਆਂ ਕੋਈ ਖ਼ਬਰਾਂ ਨਾ ਆਉਣ ਕਾਰਨ ਇਸ ਨੂੰ ਖ਼ਬਰਾਂ ਦਾ ਅੰਤ-ਸਮਾਂ ਕਿਹਾ ਜਾ ਸਕਦਾ ਹੈ। ਪਰ ਇਸ ਤਰ੍ਹਾਂ ਦੀ ਇਕਪਾਸੜ ਦਲੀਲ ਨਾ 'ਤੇ ਸਹੀ ਹੈ ਅਤੇ ਨਾ ਹੀ ਲੋਕ-ਹਿੱਤ ਵਿਚ।
         ਪੰਜਾਬ ਵਿਚ ਕਿਸਾਨ ਤੇ ਮਜ਼ਦੂਰ ਰੋਜ਼ ਖ਼ੁਦਕੁਸ਼ੀਆਂ ਕਰਦੇ ਹਨ ਅਤੇ ਨੌਜਵਾਨ ਜ਼ਿਆਦਾ ਨਸ਼ਾ ਕਰਨ ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਉਨ੍ਹਾਂ ਬਾਰੇ ਛਪਦੀਆਂ ਖ਼ਬਰਾਂ ਇਕ ਤਰ੍ਹਾਂ ਦੀ ਜਾਣਕਾਰੀ ਹੈ। ਅਸਲੀ ਖ਼ਬਰ ਕੀ ਹੁੰਦੀ ਹੈ? ਇਸ ਸਬੰਧ ਵਿਚ ਪਿਛਲੇ ਦਿਨੀਂ ਫ਼ਰੀਦਕੋਟ ਪੁਲੀਸ ਦੀ ਹਿਰਾਸਤ ਵਿਚ ਹੋਈ ਇਕ ਨੌਜਵਾਨ ਦੀ ਮੌਤ ਦੇ ਵਿਰੁੱਧ ਚੱਲੇ ਅੰਦੋਲਨ ਨੂੰ ਵਿਚਾਰਿਆ ਜਾ ਸਕਦਾ ਹੈ। ਸਾਰੀਆਂ ਲੋਕ-ਪੱਖੀ ਸ਼ਕਤੀਆਂ ਇਕੱਠੀਆਂ ਹੋਈਆਂ ਅਤੇ ਉਨ੍ਹਾਂ ਨੇ ਇਸ ਗ਼ੈਰਕਾਨੂੰਨੀ ਅਤੇ ਅਣਮਨੁੱਖੀ ਵਰਤਾਰੇ ਦੇ ਵਿਰੁੱਧ ਅੰਦੋਲਨ ਕੀਤਾ। ਪਿਛਲੇ ਮਹੀਨਿਆਂ ਵਿਚ ਕਿਸਾਨਾਂ ਨੇ ਆਪਣੇ ਮੁੱਦਿਆਂ ਨੂੰ ਉਭਾਰਨ ਲਈ ਕਈ ਅੰਦੋਲਨ ਕੀਤੇ। ਇਹੋ ਜਿਹੇ ਅੰਦੋਲਨਾਂ ਬਾਰੇ ਜਾਣਕਾਰੀ ਅਸਲੀ ਖ਼ਬਰਾਂ ਹੁੰਦੀ ਹੈ। ਭਾਜਪਾ-ਵਿਰੋਧੀਆਂ ਵੱਲੋਂ ਸਿਰਫ਼ ਸਿਆਸੀ ਬਿਆਨ ਦੇਣਾ ਖ਼ਬਰ ਨਹੀਂ। ਇਕਪਾਸੜ ਖ਼ਬਰਾਂ ਦਾ ਸਾਹਮਣਾ ਕਰਨ ਵਾਲੀਆਂ ਖ਼ਬਰਾਂ ਸਿਰਫ਼ ਵਿਆਪਕ ਸਮਾਜਿਕ ਆਧਾਰ ਵਾਲੇ ਲੋਕ-ਪੱਖੀ ਅੰਦੋਲਨਾਂ ਵਿਚੋਂ ਉੱਭਰ ਕੇ ਸਾਹਮਣੇ ਆ ਸਕਦੀਆਂ ਹਨ। ਵਿਰੋਧੀ ਧਿਰਾਂ ਨੂੰ ਲੋਕਾਂ ਦੇ ਬੁਨਿਆਦੀ ਮੁੱਦਿਆਂ 'ਤੇ ਅੰਦੋਲਨ ਕਰਨ ਲਈ ਸਾਂਝੇ ਮੰਚਾਂ ਉੱਤੇ ਇਕੱਠੇ ਹੋਣਾ ਚਾਹੀਦਾ ਹੈ। ਲੋਕ-ਪੱਖੀ ਵਿਰਸੇ ਤੇ ਸੱਭਿਆਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਵਾਲੀ ਸਿਆਸਤ ਦੇ ਨਾਲ ਨਾਲ ਬੇਰੁਜ਼ਗਾਰੀ, ਕੁਦਰਤੀ ਸੋਮਿਆਂ ਦੀ ਲੁੱਟ ਤੇ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਅਤੇ ਦਮਿਤਾਂ ਦੇ ਦਮਨ ਵਿਰੁੱਧ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਇਹ ਸਿਆਸਤ ਲੋਕਾਂ ਵਿਚ ਰਹਿ ਕੇ ਲੋਕ-ਮਨ ਨੂੰ ਸਮਝਦਿਆਂ ਹੋਇਆਂ ਕੀਤੀ ਜਾਣੀ ਚਾਹੀਦੀ ਹੈ, ਲੋਕਾਂ ਨੂੰ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਤੋਂ ਦੂਰੀਆਂ ਬਣਾ ਕੇ ਨਹੀਂ। ਇਸੇ ਤਰ੍ਹਾਂ ਦੀ ਸਿਆਸਤ ਹੀ ਹਾਵੀ ਹੋ ਰਹੀਆਂ ਇਕਪਾਸੜ ਖ਼ਬਰਾਂ ਦਾ ਜਵਾਬ ਹੋ ਸਕਦੀ ਹੈ।

10 June 2019