ਡਾਇਰੀ ਦੇ ਪੰਨੇ : ਕਿੰਨਾ ਪਿਆਰਾ ਲਗਦੈ ਸ਼ਬਦਾਂ ਨਾਲ ਖੇਡ੍ਹਣਾ - ਨਿੰਦਰ ਘੁਗਿਆਣਵੀ

ਬੰਦੇ ਬੋਲਦੇ ਸੁਣਦਾ ਹਾਂ, ਉਹਨਾਂ ਦੇ ਸਹਿਜ-ਸੁਭਾਵਕ ਬੋਲੇ ਬੋਲਾਂ ਦੇ ਅਰਥ ਕਢਦਾ ਹਾਂ। ਇਹ ਕਿਹੜੇ 'ਕੋਸ਼' ਵਿਚ ਦਰਜ ਹੋਊ? ਆਪਣੇ ਆਪ ਨੂੰ ਪੁਛਦਾ ਹਾਂ। ਚੰਗੀਆਂ-ਭਲੀਆਂ ਬੁੜ੍ਹੀਆਂ  ਬਿਲਕੁਲ ਹੀ ਕਮਲੀ ਗੱਲ ਕਰਦੀਆਂ-ਕਰਦੀਆਂ ਕਦੇ-ਕਦੇ ਬਹੁਤ ਹੀ ਸਿਆਣੀ ਜਿਹੀ ਗੱਲ ਕਰ ਜਾਂਦੀਆਂ ਨੇ। ਸੋਚਦਾ ਹਾਂ ਕਿ ਇਹ ਕਿਵੇਂ ਸੁੱਝੀ ਹੋਊ, ਕਿੱਥੋਂ ਸੁੱਝੀ ਹੋਊ? ਸੁਣੇ-ਸੁਣਾਏ ਸ਼ਬਦਾਂ ਬਾਬਤ ਸੋਚਣਾ,ਸ਼ਬਦਾਂ ਨਾਲ ਖੇਡ੍ਹਣਾ, ਸ਼ਬਦਾਂ ਨੂੰ ਰਿੜਕਣਾ, ਸ਼ਬਦਾਂ 'ਤੇ ਹੱਸਣਾ ਤੇ ਸ਼ਬਦਾਂ 'ਤੇ ਰੋਣਾ ਜਾਰੀ ਰਹਿੰਦਾ ਹੈ ਮੇਰਾ। ਪਿੰਡ ਆਇਆ ਹੋਵਾਂ ਤਾਂ ਸੱਥ 'ਚ ਗੇੜੀ ਲਾਉਣੀ ਖੁੰਝਾਉਂਦਾ ਨਹੀਂ ਹਾਂ, ਬਥੇਰਾ ਕੁਛ ਮਿਲ ਜਾਂਦੈ ਇੱਥੋਂ...! ਜੋ ਕੁਛ ਇੱਕ ਸੱਥ ਦਿੰਦੀ ਹੈ, ਉਹ ਕਿਤਾਬ ਨਹੀਂ ਦਿੰਦੀ ਤੇ ਜੋ ਕੁਛ ਇੱਕ ਕਿਤਾਬ ਦਿੰਦੀ ਹੈ, ਉਹ ਸੱਥ ਕੋਲ ਨਹੀਂ ਹੁੰਦਾ।
''ਬੰਦੇ ਨਾਲੋਂ ਜਾਨਵਰ ਚੰਗੈ...।" ਬੰਦੇ ਦੀ ਤੁਲਨਾ ਜਾਨਵਰਾਂ ਤੇ ਪੰਛੀਆਂ ਨਾਲ ਹੁੰਦੀ ਦੇਖ-ਸੁਣ ਕੇ ਅਕਸਰ ਹੀ ਸੋਚਦਾਂ। ਕੋਈ ਗਰੀਬ-ਮਜ਼ਦੂਰ ਮਾਲਕ ਦਾ ਭਾਰੀ ਭਾਰ ਢੋਅ ਰਿਹੈ, ਕਹਿ ਦਿੰਦੇ ਨੇ ਕਿ ਦੇਖ ਕਿਮੇਂ ਗਧੇ ਵਾਂਗੂੰ ਲੱਦਿਆ ਜਾਂਦੈ। ਤਕਲੀਫ ਮੰਨਦਾ ਹੈ ਮਨ ਇਹ ਸੁਣ ਕੇ! 'ਗਧੇ ਵਾਂਗ ਰਿੰਗਣਾ' ਤਾਂ ਆਮ ਹੀ ਵਰਤ ਲੈਂਦੇ ਨੇ, ਕਿਸੇ ਨੂੰ ਵੀ ਸੁਣ ਕੇ! ਸਿਧਰੇ ਜਿਹੇ ਬੰਦੇ ਨੂੰ 'ਬੋਕ' ਬਣਾ ਦਿੱਤਾ ਜਾਂਦੈ ਤੇ ਬਹੁਤਾ ਖਾਣ ਵਾਲੇ ਨੂੰ, ''ਦੇਖ ਕਿਮੇਂ ਬੱਕਰੀ ਵਾਂਗੂੰ ਚਰੀ ਜਾਦੈ૴।" ਆਖ ਕੇ ਮਾਣ-ਤਾਣ ਕੀਤਾ ਜਾਂਦੈ। ਹੁਣ ਵੀ ਕਈ ਵਾਰੀ ਸੱਥ 'ਚੋਂ ਸੁਣਨ ਨੂੰ ਮਿਲ ਜਾਂਦੈ, ''ਬਈ ਓਹਦਾ ਕੀ ਕਹਿਣੈ...ਢੱਟੇ ਆਂਗੂੰ ਭੂਸਰਿਆ ਰਹਿੰਦੈ ਤੇ ਓਹ ਅੱਡ ਝੋਟੀ ਆਗੂੰ ਆਫਰੀ ਪਈ ਐ ਖਾ ਖਾ ਕੇ...।" ਵਾਰ ਵਾਰ ਮੁੜ ਆਉਣ ਵਾਲੇ ਨੂੰ, ''ਮੁੜ-ਘੁੜ ਖੋਤੀ ਬੋਹੜ ਥੱਲੇ" ਆਖ ਕੇ ਸਨਮਾਨਿਆਂ ਜਾਂਦੈ। ਜੇ ਕੋਈ ਬਹੁਤੇ ਮਿੱਠੇ ਬੋਲ ਬੋਲਦੈ, ਤਾਂ ਉਹਦੀ ਤੁਲਨਾ ਕੋਇਲ ਨਾਲ ਕੀਤੀ ਜਾਂਦੀ ਹੈ। ਗਾਇਕਾ ਸੁਰਿੰਦਰ ਕੌਰ ਨੂੰ 'ਪੰਜਾਬ ਦੀ ਕੋਇਲ' ਆਖ ਕੇ ਵਡਿਆਇਆ ਗਿਆ ਹੈ। ਕੁੜੀ ਨੂੰ 'ਚਿੜੀ' ਨਾਲ ਤੋਲਿਆ ਗਿਐ ਤੇ ਤੇ ਸੋਹਣੀ ਕੁੜੀ ਨੂੰ ''ਗੁਟਾਰ੍ਹ ਵਰਗੀ" ਆਖਿਆ ਗਿਐ। 'ਬਹਾਦਰ' ਬੰਦੇ ਨੂੰ 'ਬੱਬਰ ਸ਼ੇਰ' ਨਾਲ ਤੇ 'ਡਰਪੋਕ' ਨੂੰ 'ਗਿੱਦੜ' ਨਾਲ। ਜੁਬਾਨੋ ਫਿਰਨ ਵਾਲੇ ਬੰਦੇ ਨੂੰ ਲੂੰਬੜ ਚਾਲੇ ਬੰਦੇ ਦੀ ਪਦਵੀ ਦੇ ਦਿੰਦੇ ਨੇ। ''ਨਗੌਰੀ ਬਲ੍ਹਦ ਵਰਗਾ" ਸ਼ਬਦ ਬਹੁਤ ਵਾਰ ਸੁਣਿਆ।
ਕੋਈ ਸੋਹਣਾ ਹੈ ਤਾਂ ਉਸਨੂੰ 'ਕਬੂਤਰ ਵਰਗਾ' ਕਹਿਣਾ ਸੌਖਾ-ਸੌਖਾ ਲਗਦੈ। ਤਿੱਖੀ ਆਵਾਜ਼ ਵਾਲੇ ਨੂੰ, ''ਕਾਂ ਅਰਗੀ ਆਵਾਜ਼ ਐ ਵਈ ਏਹਦੀ," ਆਖ ਦਿੰਦੇ ਸੁਣਿਆ ਹੈ।  ਤੇਜ਼ ਨਜ਼ਰ ਵਾਲੇ ਨੂੰ ''ਕਾਂ ਅੱਖਾ" ਵੀ ਆਖਦੇ ਨੇ। ਸੋਹਣੀ ਤੋਰ ਤੁਰਨ ਵਾਲੇ ਨੂੰ ''ਮੋਰ ਵਾਂਗ ਪੈਲਾਂ ਪਾਉਣ ਵਾਲਾ" ਆਖ ਕੇ ਉਹਦੀ ਤੋਰ ਦੀ ਤਾਰੀਫ਼ ਬਥੇਰੀ ਸੁਣੀ ਹੈ। ਸਾਡੇ ਗੀਤਾਂ ਤੇ ਲੋਕ ਗੀਤਾਂ ਵਿਚ ਇੱਕ ਨਹੀਂ, ਸਗੋਂ  ਅਣਗਿਣਤ ਉਦਾਹਰਨਾਂ ਅਜਿਹੀਆਂ ਮਿਲ ਜਾਣਗੀਆਂ।
                                 """""""""""""
ਰੋਜ਼ ਗਾਰਡਨ ਵਿਚ ਸੈਰ ਕਰਦਿਆਂ ਸਾਹਿਤਕ ਅੰਕਲ ਹਰਪ੍ਰੀਤ ਸਿੰਘ ਚੰਨੂ ਵਾਲੇ ਨੇ ਇੱਕ ਬੰਦੇ ਦੀ ਤੁਲਨਾ 'ਢੱਟੇ ਦੀ ਬੰਨ' ਨਾਲ ਕੀਤੀ। ਦੰਗ ਹੀ ਰਹਿ ਗਿਆ ਸੁਣਕੇ, ਤੇ ਪਲ ਦੀ ਪਲ ਕਦੇ ਉਹ ਬੰਦੇ  ਨੂੰ ਤੇ ਕਦੇ ਢੱਟੇ ਦੀ ਬੰਨ ਨੂੰ ਅੱਖਾਂ ਅੱਗੇ ਸਕਾਰਿਆ, ਤਾਂ ਉਹ ਬੰਦਾ ਸੱਚੀਓਂ ਡੱਟੇ ਦੀ ਬੰਨ ਵਰਗਾ ਦਿਖਦਾ ਸੀ। ਜੇ ਬੰਦਾ ਵਫ਼ਾਦਾਰ ਹੈ ਤਾਂ ਉਹਦੀ ਤੁਲਨਾ ਕੁੱਤੇ ਦੀ ਵਫਾਦਾਰੀ ਨਾਲ ਕਰਦੇ ਆਮ ਹੀ ਦੇਖਦੇ ਹਾਂ। ਜੇ ਕੋਈ ਜ਼ਿਆਦਾ ਬੋਲਦਾ ਹੈ ਤਾਂ ਇਹ ਆਖਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ, ''ਦੇਖ ਕਿਮੇਂ ਕੁੱਤੇ ਆਂਗੂੰ ਭੌਕੀ ਜਾਦੈ...ਚੁੱਪ ਕਰਜਾ ਹੁਣ ਬਥੇਰਾ ਭੌਕ ਲਿਐ...।" ''ਕੁੱਤੇ ਝਾਕ" ਸ਼ਬਦ ਵੀ ਇੰਝ ਹੀ ਜਨਮਿਆਂ ਹੋਣੈ। ਲੰਮ-ਸੁਲੰਮੇ ਬੰਦੇ ਨੂੰ ਬਹੁਤੀ ਵਾਰ ਆਖ ਦਿੰਦੇ, ''ਕੱਦ ਤਾਂ ਵਈ ਏਹਦਾ ਊਠ ਜਿੱਡਾ ਐ...।" ਜੇ ਕੋਈ ਬਹੁਤਾ ਹੁੰਦੜਹੇਲ ਹੈ ਤਾਂ ਉਹਦੀ ਤੁਲਨਾ ਹਾਥੀ ਨਾਲ ਵੀ ਕਰ ਦਿੱਤੀ ਜਾਂਦੀ ਹੈ। ਹੱਟੇ-ਕੱਟੇ ਬੰਦੇ ਨੂੰ ਕਹਿ ਦਿੰਦੇ ਨੇ, ''ਦੇਖ ਤਾਂ ਵਈ ਝੋਟੇ ਵਰਗਾ ਸਰੀਰ ਐ...।" ਇੱਕ ਦਿਨ ਕਿਸੇ ਮਿੱਤਰ ਦੇ ਬੁੱਢੇ ਤੇ ਸਿਹਤਮੰਦ ਬਾਪੂ ਨੂੰ ਉਹਦੇ ਬੇਲੀ ਨੇ ਹਾਸੇ ਹਾਸੇ ਛੇੜਿਆ ਸੀ, ''ਬਾਪੂ, ਤੂੰ ਤਾਂ ਨਾਈਆਂ ਦੇ ਕੱਟੇ ਅਰਗਾ ਪਿਆ ਏਂ, ਕੀ ਖਾਨੈ...।" ਇਹ ਸੁਣ ਬਾਪੂ ਹੱਸਿਆ ਸੀ। ਉਸਦੀ ਚੰਗੀ ਸਿਹਤ ਦੀ ਨਿਸ਼ਾਨਦੇਹੀ ਨਾਈਆਂ ਦੇ ਕੱਟੇ ਦੀ ਸਿਹਤ ਬਰੋਬਰ ਕਰ ਦਿੱਤੀ ਗਈ ਸੀ। ਇਹ ਮਨੁੱਖੀ ਮਨ ਦੀ ਹੀ ਕਾਢ ਹੈ ਬੰਦੇ ਦੀ ਤੁਲਨਾ  ਜਾਨਵਰਾਂ ਤੇ ਪੰਛੀਆਂ ਨਾਲ ਕਰਦਾ ਹੈ। ਇਸ ਮਾਮਲੇ ਵਿਚ ਬੰਦੇ ਨੂੰ ਸ਼ਬਦ ਦਗਾ ਨਹੀਂ ਦਿੰਦੇ, ਸਗੋਂ ਪੂਰਾ ਪੂਰਾ ਸਾਥ ਨਿਭਾਉਂਦੇ ਨੇ ਬੰਦੇ ਦਾ ਸ਼ਬਦ। ਮੈਂ ਵਾਰੀ ਤੇ ਬਲਿਹਾਰੀ ਜਾਵਾਂ ਸ਼ਬਦਾਂ ਤੋਂ, ਸ਼ਬਦਾਂ ਦੀ ਤਾਕਤ ਤੋਂ। ਕਿੰਨਾ ਪਿਆਰਾ-ਪਿਆਰਾ ਲਗਦੈ ਮੈਨੂੰ ਸ਼ਬਦਾਂ ਨਾਲ ਖੇਡ੍ਹਣਾ-ਸ਼ਬਦਾਂ ਨੂੰ ਕੁਰੇਦਣਾ, ਸ਼ਬਦਾਂ ਨਾਲ ਰੁੱਸਣਾ, ਸ਼ਬਦਾਂ ਨੂੰ ਮਨਾਉਣਾ, ਸ਼ਬਦਾਂ ਸੰਗ ਹੱਸਣਾ ਤੇ ਸ਼ਬਦਾਂ ਸੰਗ ਰੋਣਾ...!ਇਹ ਮੈਂ ਹੀ ਜਾਣਦਾ ਹਾਂ।

94174-21700

12 June 2019