ਕੀ ਪਾਣੀ ਬਿਨ ਜੀਵਨ ਸੰਭਵ ਹੈ??? - ਫੈਸਲ ਖਾਨ

ਜੇਕਰ ਕੋਈ ਮੈਨੂੰ ਪੁੱਛੇ ਕਿ ਦੁਨੀਆਂ ਵਿਚ ਸਭ ਤੋ ਕੀਮਤੀ ਚੀਜਾਂ ਕਿਹੜੀਆਂ ਹਨ ਤਾਂ ਮੈਂ ਬਿਨਾਂ ਇਕ ਮਿੰਟ ਸੋਚੇ ਕਹਾਂਗਾਂ ਕਿ ਸਾਫ ਪਾਣੀ, ਸਾਫ ਹਵਾ , ਉਪਜਾਊ ਧਰਤੀ ਤੇ ਹਰਾ ਭਰਾ ਚੌਗਿਰਦਾ ਕਿਉਂਕਿ ਇਹਨਾਂ ਤੋ ਬਿਨਾਂ ਨਾ ਤਾ ਜੀਵਨ ਸੰਭਵ ਹੈ ਤੇ ਨਾ ਹੀ ਕੁਝ ਹੋਰ। ਇਸ ਲੇਖ ਵਿਚ ਮੈਂ ਸਭ ਤੋ ਕੀਮਤੀ ਚੀਜਾਂ ਵਿਚੋਂ ਇਕ ਪਾਣੀ ਦੀ ਗੱਲ ਕਰਾਂਗਾਂ।ਪਾਣੀ ਵਾਰੇ ਬ੍ਰਿਟਿਸ ਦੇ ਇਕ ਕਵੀ ਨੇ ਦਿਲ ਨੂੰ ਛੂੰਹਣ ਵਾਲੀ ਗੱਲ ਕਹੀ ਕਹਿੰਦਾ '' ਹਜਾਰਾ ਲੋਕ ਪਿਆਰ ਤੋ ਬਿਨਾ ਰਹਿ ਸਕਦੇ ਹਨ ਪਰੰਤੂ ਇਕ ਵੀ ਵਿਅਕਤੀ ਪਾਣੀ ਤੋ ਬਿਨਾਂ ਨਹੀ ਰਹਿ ਸਕਦਾ''।ਪਾਣੀ ਸਾਡੀ ਮੂਲ ਲੋੜਾਂ ਵਿਚੋਂ ਇਕ ਹੈ।ਨਿਰਮਲ ਪਾਣੀ ਨਿਰੋਗ ਸਰੀਰ ਦਾ ਅਧਾਰ ਹੁੰਦਾ ਹੈ।ਸਾਰੇ ਹੀ ਧਰਮਾਂ ਵਿਚ ਵੀ ਪਾਣੀ ਦਾ ਦਰਜਾ ਜਾ ਸਥਾਨ ਬਹੁਤ ਉਚਾ ਹੈ। ਸਿੱਖ ਧਰਮ ਦੇ ਵਿਚ ਪਾਣੀ ਪਿਤਾ ਦੇ ਸਮਾਨ ਹੈ।ਹਿੰਦੂ ਧਰਮ ਵਿਚ ਪਾਣੀ ਦੇਵਤਾ ਹੈ।ਮੁਸਲਿਮ ਧਰਮ ਵਿਚ ਪਾਣੀ ਦਾ ਸਥਾਨ ਬਹੁਤ ਆਲਾ ਹੈ।ਨਦੀਆਂ, ਦਰਿਆ ,ਧਰਤੀ ਹੇਠਲਾ ਪਾਣੀ ਹਜਾਰਾ ਲੋਕਾਂ ਦੀ ਪਿਆਸ ਬੁਝਾਉਂਦਾ ਹੈ।ਲੱਖਾਂ ਹੈਕਟੇਅਰ ਜਮੀਨਾਂ ਨੂੰ ਸਿੰਜਦਾ ਹੈ।ਲੱਖਾਂ ਜਲੀ ਜੀਵਾਂ ਨੂੰ ਆਸਰਾ ਦਿੰਦਾ ਹੈ।ਵਿਸ਼ਵ ਭਰ ਦੀਆਂ ਸੰਸਥਾਵਾਂ ਅਨੁਸਾਰ ਹੁਣ ਪਾਣੀ ਦੀ ਖੁਦ ਦੀ ਹੀ ਸਿਹਤ ਖਰਾਬ ਹੁੰਦੀ ਜਾ ਰਹੀ ਹੈ।ਮਨੁੱਖ ਦੀਆਂ ਗੈਰ ਕੁਦਰਤੀ ਗਤੀਵਿਧੀਆਂ ਕਾਰਨ ਪਾਣੀ ਬੁਰੀ ਤਰ੍ਹਾਂ ਪ੍ਰਦੂਸਿਤ ਹੋ ਚੁੱਕਾ ਹੈ।ਜਿੱਥੇ ਮਨੁੱਖ ਲਈ ਨਿਰਮਲ ਪਾਣੀ ਵਰ ਹੈ ਉੱਥੇ ਹੀ ਦੂਸ਼ਿਤ ਪਾਣੀ ਸਰਾਪ।
ਇੰਟਰਨੈੱਟ ਤੋ ਪ੍ਰਾਪਤ ਡਾਟੇ ਅਨੁਸਾਰ ਵਿਸ਼ਵ ਦੀ ਕੁਲ ਜੰਨਸੰਖਿਆਂ ਲਗਭਗ 7.7 ਬਿਲੀਅਨ ਦੇ ਕਰੀਬ ਹੈ।ਇਹ ਰਿਪੋਰਟ ਦਿਲ ਨੂੰ ਦਹਿਲਾ ਦੇਣ ਵਾਲੀ ਹੈ ਕਿ ਇਸ ਅਤਿ ਆਧੁਨਿਕ ਯੁੱਗ ਵਿਚ ਵੀ 2.3 ਬਿਲੀਅਨ ਲੋਕ ਹਲੇ ਵੀ ਬੁਨਿਆਦੀ ਲੋੜਾਂ ਤੋ ਵਾਝੇ ਹਨ।ਆਧੁਨਿਕਤਾ ਨੇ ਕੁਦਰਤੀ ਸ੍ਰੋਤਾਂ ਨੂੰ ਸਭ ਤੋ ਵੱਧ ਪ੍ਰਭਾਵਿਤ ਕੀਤਾ ਹੈ।ਧਰਤੀ ਹੋਵੇ ਜਾ ਅਕਾਸ ਸਭ ਕੁਝ ਪ੍ਰਦੂਸਿਤ ਹੁੰਦਾ ਜਾ ਰਿਹਾ ਹੈ।ਕਈ ਇਲਾਕਿਆਂ ਵਿਚ ਅੱਜ ਵੀ ਪਾਣੀ ਨਸੀਬ ਨਹੀ ਹੁੰਦਾ ਤੇ ਲੋਕਾਂ ਨੂੰ ਦੂਜੇ ਸਥਾਨਾਂ ਤੋ ਪਾਣੀ ਸਿਰਾਂ ਤੇ ਢੋਅ ਕੇ ਲਿਆਉਂਣਾ ਪੈਦਾ ਹੈ।ਅਫਰੀਕਾ ਦੇ ਪੇਡੂ ਖੇਤਰਾਂ ਵਿਚ ਔਰਤਾਂ ਅੋਸਤਨ  6 ਕਿਲੋਮੀਟਰ ਤੱਕ ਪਾਣੀ ਦੀ ਭਾਲ ਵਿਚ ਘੁੰਮਦੀਆਂ ਹਨ।ਪਾਣੀ ਦੇ ਦੂਸਿਤ ਹੋਣ ਨਾਲ ਹਰ ਤਬਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।ਦੂਸਿਤ ਪਾਣੀ ਪੀਣ ਨਾਲ ਬੱਚੇ ਜਿੰਨਾਂ ਦੀ ਉਮਰ ਪੰਜ ਸਾਲ ਜਾ ਇਸ ਤੋ ਘੱਟ ਹੈ ਸਭ ਤੋ ਵੱਧ ਪ੍ਰਭਾਵਿਤ ਹੁੰੰਦੇ  ਹਨ।ਇਕ ਰਿਪੋਰਟ ਦਸਦੀ ਹੈ ਕਿ ਹਰ ਰੋਜ ਲਗਭਗ 800 ਤੋ ਵੱਧ ਬੱਚੇ ਦੂਸਿਤ ਪਾਣੀ ਪੀਣ ਨਾਲ ਮਰ ਜਾਂਦੇ ਹਨ ਜਿਨਾਂ ਦੀ ਉਮਰ ਪੰਜ ਸਾਲ ਜਾ ਇਸ ਤੋ ਘੱਟ ਹੈ।ਇਸ ਗੱਲ ਨੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ।ਇਕ ਰਿਪੋਰਟ ਮੁਤਾਬਿਕ ਲਗਭਗ 80% ਤੋ ਵੱਧ ਵਿਕਾਸਸੀਲ ਦੇਸ਼ਾ ਵਿਚ ਸੀਵਰੇਜ ਦਾ ਪਾਣੀ ਬਿਨਾਂ ਕਿਸੇ ਟ੍ਰੀਟਮੈਂਟ ਤੋ ਸਿੱਧੇ ਹੀ ਜਲ ਸ੍ਰੋਤਾਂ ਵਿਚ ਸੁੱਟ ਦਿੱਤਾ ਜਾਂਦਾ ਹੈ।ਇਹ ਇਕ ਬਹੁਤ ਵੱਡਾ ਕਾਰਨ ਹੈ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ।ਲੱਖਾਂ ਹੀ ਜਲੀ ਜੀਵ ਪ੍ਰਦੂਸਿਤ ਹੋਏ ਪਾਣੀ ਕਾਰਨ ਮਰ ਜਾਂਦੇ ਹਨ।ਜਲੀ ਵਿਭਿੰਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ ਪਰਿਸਥਿਤਿਕ ਪ੍ਰਬੰਧਾ ਵਿਚ ਵਿਗਾੜ ਆ ਰਿਹਾ ਹੈ।ਨਾਈਟ੍ਰੋਜਨ ਅਤੇ ਫਾਸਫੋਰਸ ਦੇ ਅੰਸ਼ਾ ਦਾ ਪਾਣੀ ਵਿਚ ਮਿਲਣਾ ਸਭ ਤੋ ਵੱਧ ਖਤਰਨਾਕ ਹੈ।ਡਾਟੇ ਦੱਸਦੇ ਹਨ ਕਿ ਸਲਾਨਾ ਹੋਣ ਵਾਲੀਆਂ ਮੌਤਾਂ ਵਿਚ ਸਭ ਤੋ ਵੱਧ ਮੌਤਾਂ ਪ੍ਰਦੂਸਿਤ ਪਾਣੀ ਪੀਣ ਨਾਲ ਹੁੰਦੀਆਂ ਹਨ।ਭਿਆਨਕ , ਅਤਿ ਭਿਆਨਕ ਅਤੇ ਲਾਇਲਾਜ ਬਿਮਾਰੀਆ ਦੁਸ਼ਿਤ ਪਾਣੀ ਪੀਣ ਨਾਲ ਅਸਾਨੀ ਨਾਲ ਫੈਲਦੀਆਂ ਹਨ।
ਸਾਡੇ ਦੇਸ ਭਾਰਤ ਵਿਚ ਵੀ ਪਾਣੀ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ।ਇਕ ਰਿਪੋਰਟ ਦੱਸਦੀ ਹੈ ਕਿ ਲਗਭਗ 200,000 ਭਾਰਤੀ ਹਰ ਸਾਲ ਸਾਫ ਪਾਣੀ ਨਾ ਮਿਲਣ ਕਰਕੇ ਮਰ ਜਾਂਦੇ ਹਨ।ਜਿਸ ਪ੍ਰਕਾਰ ਭਾਰਤ ਦੀ ਜੰਨਸੰਖਿਆਂ ਵੱਧ ਰਹੀ ਹੈ ਉਵੇਂ ਹੀ ਜਲ ਸ੍ਰੋਤਾਂ ਨੇ ਵੀ ਬੋਝ ਵੱਧ ਰਿਹਾ ਹੈ।ਧਰਤੀ ਹੇਠਲੇ ਪਾਣੀ ਨੂੰ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ।ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ।ਇਹ ਇਕ ਬਹੁਤ ਵੱਡਾ ਚਿੰਤਾ ਦਾ ਮਸਲਾ ਹੈ।ਜੇਕਰ ਹਾਲਾਤ ਇਹੀ ਰਹੇ ਤਾਂ ਉਹ ਦਿਨ ਦੂਰ ਨਹੀ ਜਦੋਂ ਪਾਣੀ ਬਿਲਕੁਲ ਖਤਮ ਹੋ ਜਾਵੇਗਾ ਤੇ ਹਰ ਪਾਸੇ ਤ੍ਰਹੀ ਤ੍ਰਹੀ ਮੱਚ ਜਾਵੇਗੀ।ਤਾਮਿਲਨਾਡੂ ਵਿਚ ਇਹ ਗੱਲ ਸੱਚ ਵੀ ਹੋਈ।ਉੱਥੇ ਪਾਣੀ ਦੀ ਕਮੀ ਕਾਰਣ ਬਹੁਤ ਸਾਰੇ ਜੰਗਲੀ ਜੀਵ ਮਰ ਗਏ।ਕਈਆਂ ਨੇ ਪਾਣੀ ਦੀ ਭਾਲ ਕਰਦਿਆਂ ਖੂੰਹਾਂ ਵਿਚ ਛਲਾਂਗ ਲਗਾ ਦਿੱਤੀ।ਰਸਾਇਣਾਂ ਦੇ ਅੰਸ਼ਾ ਦਾ ਪਾਣੀ ਵਿਚ ਰਲਣਾ ਇਕ ਚਿੰਤਾ ਦਾ ਵਿਸ਼ਾ ਹੈ।ਫਲੋਰਾਈਡ ਹੋਵੇ,ਜਾ ਆਰਸੈਨਿਕ ਹੋਵੇ ਜਾ ਨਾਈਟ੍ਰੇਟ ਦੇ ਅੰਸ ਹੋਣ ਜਾ ਕੋਈ ਹੋਰ ਕੋਈ ਰਸਾਇਣ। ਸਭ ਹੀ ਸਿਹਤ ਲਈ ਬਹੁਤ ਖਤਰਨਾਕ ਹਨ।ਮੁਰਸ਼ਿਦਾਬਾਦ ,ਨੋਇਡਾ ,ਪੱਛਮੀ ਬੰਗਾਲ ਦੇ ਕਈ ਜਿਲ੍ਹੀਆ ਆਦਿ ਦੇ ਪਾਣੀ ਵਿਚ ਆਰਸੈਨਿਕ ਦੇ ਸਭ ਤੋ ਵੱਧ ਅੰਸ਼ ਮਿਲੇ ਹਨ।
ਮੱਧ ਪ੍ਰਦੇਸ , ਯੂ.ਪੀ. ,ਪੰਜਾਬ ,ਹਰਿਆਣਾ, ਦਿੱਲੀ ,ਕਰਨਾਟਕ ,ਤਾਮਿਲਨਾਡੂ ਆਦਿ ਦੇ ਖੇਤਰਾਂ ਦੇ ਧਰਤੀ ਹੇਠਲੇ ਪਾਣੀ ਵਿਚ ਨਾਈਟ੍ਰੇਟ ਦੇ ਅੰਸ਼ ਵੱਡੀ ਮਾਤਰਾ ਵਿਚ ਮਿਲੇ ਹਨ ।ਰਸਾਇਣਾਂ ਦਾ ਪਾਣੀ ਵਿਚ ਮਿਲਣਾ ਸਭ ਲਈ ਖਤਰੇ ਦੀ ਘੰਟੀ ਹੈ।ਸੋਧਕਰਤਾ ਦੱਸਦੇ ਹਨ ਕਿ ਦੂਸ਼ਿਤ ਪਾਣੀ ਪੀਣ ਨਾਲ ਪੀਲੀਆ, ਡਾਇਰੀਆ, ਹੈਜਾ ,ਹੇਪੇਟਾਈਟਸ ,ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਵੱਡੇ ਪੈਮਾਨੇ ਉੱਤੇ ਅਪਣੇ ਪੈਰ ਪਸਾਰ ਲੈਣਗੀਆਂ।ਬੰਗਲੋਰ ਦੇ ਵਿਚ ਕਈ ਵਿਗਿਆਨੀਆਂ ਨੇ ਧਰਤੀ ਹੇਠਲੇ ਪਾਣੀ ਤੇ ਅਧਿਐਨ ਕੀਤਾ।ਉਹਨਾਂ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਬੰਗਲੋਰ ਵਿਚ 75% ਬੋਰਵੈੱਲਾਂ ਦਾ ਪਾਣੀ ਦੂਸ਼ਿਤ ਹੋ ਚੁੱਕ ਹੈ।ਧਰਤੀ ਉੱਤੇ ਪੀਣ ਯੋਗ ਪਾਣੀ ਤਾਂ ਪਹਿਲਾਂ ਹੀ ਬਹੁਤ ਘੱਟ ਹੈ ਉਸਦੇ ਉੱਤੋਂ ਅਸੀਂ ਇਸ ਨੂੰ ਵੀ ਦੂਸ਼ਿਤ ਕਰੀ ਜਾ ਰਹੇ ਹਾਂ।ਜੇਕਰ ਪਾਣੀ ਹੀ ਨਾ ਰਿਹਾ ਤਾ ਧਰਤੀ ਤੇ ਕੋਣ ਰਹੇਗਾ?? ਪਾਣੀ ਦੇ ਖਤਮ ਹੋਣ ਨੇ ਨਾਲ ਹੀ ਧਰਤੀ ਉਪਰਲਾ ਜੀਵਨ ਵੀ ਖਤਮ ਹੋ ਜਾਵੇਗਾ।ਨੀਤੀ ਆਯੋਗ ਦੀ ਇਕ ਰਿਪੋਰਟ ਮੁਤਾਬਿਕ 2030 ਤੱਕ 40% ਭਾਰਤੀ ਪਾਣੀ ਤੋ ਵਾਝੇ ਹੋ ਜਾਣਗੇ ।ਸੋਧ ਕਰਤਾ ਮੰਨਦੇ ਹਨ ਕਿ ਧਰਤੀ ਹੇਠਲੇ ਪਾਣੀ ਤੇ ਵਧਿਆ ਬੇ ਲੋੜਾਂ ਬੋਝ ਅਤੇ ਧਰਤੀ ਹੇਠਲੇ ਪਾਣੀ ਦਾ ਦੂਸ਼ਿਤ ਹੋਣਾ ਸਭ ਤੋ ਵੱਧ ਖਤਰਨਾਕ ਹੈ।ਜਾਣਕਾਰ ਮੰਨਦੇ ਹਨ ਕਿ ਸਰਕਾਰਾਂ ਧਰਤੀ ਹੇਠਲੇ ਪਾਣੀ ਦੀ ਖੁਦ ਹੀ ਲੁੱਟ ਕਰਵਾ ਰਹੀਆਂ ਹਨ।ਟਿਊਵੈੱਲਾਂ ਆਦਿ ਨੂੰ ਬਿੱਜਲੀ ਬਿੱਲ ਮੁਕਤ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਲੁੱਟ ਵਧੀ ਹੈ।ਇਹ ਲੁੱਟ ਜਿੱਥੇ 2004 ਵਿਚ 58% ਦੇ ਕਰੀਬ ਸੀ ਉੱਥੇ ਹੀ 2011 ਵਿਚ ਇਹ ਵੱਧ ਕੇ 62% ਹੋ ਗਈ।ਭਾਰਤ ਲਗਾਤਾਰ ਧਰਤੀ ਹੇਠਲੇ ਪਾਣੀ ਤੇ ਅਪਣੀ ਨਿਰਭਰਤਾ ਵਧਾ ਰਿਹਾ ਹੈ।ਇਕ ਰਿਪੋਰਟ ਅਨੁਸਾਰ ਭਾਰਤ ਸੰਯੁਕਤ ਰਾਸ਼ਟਰ ਅਤੇ ਚੀਨ ਤੋ ਵੱਧ ਧਰਤੀ ਹੇਠਲੇ ਪਾਣੀ ਦੀ ਵਰਤੋ ਕਰ ਰਿਹਾ ਹੈ।ਮਹਿਰ ਮੰਨਦੇ ਹਨ ਕਿ ਭਾਰਤ ਵਿਚ ਸਿੰਚਾਈ ਤਕਨੀਕਾਂ ਬਹੁਤ ਖਰਾਬ ਹਨ।ਤੁਬਕਾ ਸਿੰਚਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਜਲ ਸੰਕਟ ਦਾ ਕੁਝ ਹਲ ਹੋ ਸਕਦਾ ਸੀ ਪਰ ਤੁਬਕਾ ਸਿੰਚਾਈ ਦੀ ਤਕਨੀਕ ਕੁਝ ਮਹਿੰਗੀ ਹੈ ਤੇ ਝੋਨੇ ਦੀ ਸਿੱਧੀ ਬਿਜਾਈ ਦੀ ਜਮੀਨੀ ਹਕੀਕਤ ਤੋ ਆਪਾਂ ਸਭ ਜਾਣੂੰ ਹੀ ਹਾਂ।
ਸਾਡੇ ਕੋਲ 4% ਵਿਸ਼ਵ ਦਾ ਪਾਣੀ ਹੈ ਤੇ 16% ਆਬਾਦੀ ।ਆਬਾਦੀ ਪ੍ਰਤੀਸ਼ਤ ਆਉਣ ਵਾਲੇ ਸਾਲਾਂ ਵਿਚ ਵੱਧ ਸਕਦੀ ਹੈ ਪਰ ਪਾਣੀ ਦਾ ਪ੍ਰਤੀਸ਼ਤ ਘੱਟਣ ਦੇ ਹੀ ਆਸਾਰ ਹਨ।ਇਕ ਰਿਪੋਰਟ ਦੱਸਦੀ ਹੈ ਕਿ ਭਾਰਤ ਕੋਲ ਲੋੜੀਂਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਹਨ।ਜਿਸ ਕਾਰਨ ਕਈ ਥਾਂਵਾ ਤੇ ਸੀਵਰੇਜ ਦੇ ਪਾਣੀ ਨੂੰ ਸਿੱਧੇ ਹੀ ਜਲ ਸ੍ਰੋੋਤਾਂ ਵਿਚ ਸੁੱਟ ਦਿੱਤਾ ਜਾਂਦਾ ਹੈ।ਜਿੱਥੇ ਇਸ ਨਾਲ ਜਲੀ ਵਿਭਿੰਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਉੱਥੇ ਹੀ ਕਈ ਇਲਾਕਿਆਂ ਵਿਚ ਇਸ ਪਾਣੀ ਨੂੰ ਪੀਣ ਲਈ ਵੀ ਵਰਤ ਲਿਆ ਜਾਂਦਾ ਹੈ।ਹੁਣ ਅੱਗੇ ਕੀ ਹੋਵੇਗਾ ਆਪਾਂ ਸਮਝ ਹੀ ਚੁੱਕੇ ਹਾਂ।
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੁਣ ''ਬੇ-ਆਬ'' ਹੋਣ ਵੱਲ ਵੱਧ ਰਿਹਾ ਹੈ।ਧਰਤੀ ਹੇਠਲਾ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਬਾਕੀ ਕਸਰ ਪਾਣੀ ਨੂੰ ਦੂਸ਼ਿਤ ਕਰ ਕੇ ਪੂਰੀ ਕਰ ਦਿੱਤੀ ਹੈ।ਪੁਰਾਣੇ ਸਮਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਪਾਣੀ ਦੀ ਸੰਭਾਲ ਲਈ ਪਿੰਡ ਦਾ ਇਕ ਟੋਭਾ ਹੁੰਦਾ ਸੀ । ਜਿਸ ਦਾ ਜਿਕਰ ਕਈ ਲੋਕ ਗੀਤਾਂ ਵਿਚ ਵੀ ਆਉਂਦਾ ਹੈ।ਹੁਣ ਨਾ ਹੀ ਟੋਭੇ ਰਹੇ ਤੇ ਸੰਬੰਧਿਤ ਲੋਕ ਗੀਤ ਵੀ ਲੁਪਤ ਹੀ ਹੋ ਚੁੱਕੇ ਹਨ।ਪਾਣੀ ਦੀ ਮੰਗ ਲਗਾਤਾਰ ਵੱਧ ਰਹੀ ਪਰ ਧਰਤੀ ਹੇਠਲੇ ਪਾਣੀ ਦੀ ਰਿ-ਚਾਰਜਿੰਗ ਦਰ ਨਾ ਬਰਾਬਰ ਹੀ ਹੈ।ਬਠਿੰਡਾ, ਮਾਨਸਾ , ਮੁਕਤਸਰ , ਫਰੀਦਕੋਟ ਅਤੇ ਕੁਝ ਹਿੱਸੇ ਫਿਰੋਜਪੁਰ ਦਾ ਪਾਣੀ ਖਾਰਾ ਅਤੇ ਕਲੋਰਾਈਡ ਯੁਕਤ ਹੋ ਚੁੱਕਾ ਹੈ।ਸ. ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਖੇਤਰਾਂ ਵਿਚ ਪਾਣੀ ਵਿਚ ਸੈਲੇਨੀਅਮ ਦੇ ਅੰਸ਼ ਪ੍ਰਾਪਤ ਹੋਏ ਹਨ।ਖੇਤਾਂ ਵਿਚ ਪ੍ਰਯੋਗ ਹੋਣ ਵਾਲੀਆਂ ਰਸਾਇਣਕ ਖਾਦਾਂ ਦਾ ਜਲ ਸ੍ਰੋਤਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਵਿਚ ਬਹਤ ਵੱਡਾ ਹੱਥ ਹੈ।ਖਾਦਾਂ ਦੀ ਮੰਗ ਦੇਖ ਕੇ ਹੈਰਾਨੀ ਹੁੰਦੀ ਹੈ ।ਹੁਣ ਦਾ ਇੰਝ ਲੱਗਦਾ ਹੀ ਕਿ ਅਸੀਂ ਨਿਰਾ ਜ਼ਹਿਰ ਹੀ ਖਾ ਰਹੇ ਹਾਂ।ਇਕ ਸੰਸਥਾ ਦੀ ਰਿਪੋਰਟ ਪੜ ਕੇ ਹੈਰਾਨੀ ਹੁੰਦੀ ਹੈ ਕਿ ਦੇਸ ਵਿਚ 1951 ਵਿਚ ਖਾਦਾਂ ਦਾ ਉਤਪਾਦਨ 5.2 ਕਰੋੜ ਟਨ ਸੀ ਜੋ ਕਿ 2017-18 ਵਿਚ ਵੱਧ ਕੇ 27.7 ਕਰੋੜ ਟਨ ਦੇ ਕਰੀਬ ਹੋ ਗਿਆ।ਜਾਣਕਾਰ ਮੰਨਦੇ ਹਨ ਕਿ ਜੇਕਰ ਇਹ ਸਭ ਕੁਝ ਇੰਝ ਹੀ ਚੱਲਦਾ ਰਿਹਾ ਤਾਂ ਧਰਤੀ ਬੰਜਰ ਤਾ ਹੋ ਹੀ ਜਾਵੇਗੀ ਨਾਲ ਹੀ ਪਾਣੀ ਵੀ ਪੀਣ ਯੋਗ ਨਹੀਂ ਰਹੇਗਾ।ਜੇਕਰ ਆਉਣ ਵਾਲੀ ਪੀੜੀ ਨੂੰ ਪਾਣੀ ਅਤੇ ਉਪਜਾਊ ਧਰਤੀ ਦੇਣਾ ਚਾਹੁੰਦੇ ਹਾਂ ਤਾ ਪਾਣੀ ਅਤੇ ਖਾਦਾਂ ਦੀ ਖਪਤ ਨੂੰ ਘਟਾਉਣਾ ਪਵੇਗਾ।
ਪਿੱਛੇ ਜਿਹੇ ਹੋਈਆ ਲੋਕ ਸਭਾ ਚੋਣਾਂ ਵਿਚ ਵਾਤਾਵਰਨ ਦੇ ਮੁੱਦੇ ਉਦਾਸੀਨ ਹੀ ਰਹੇ।ਇਹ ਕਿੰਨੇ ਦੁੱਖ ਅਤੇ ਚਿੰਤਾ ਦੀ ਗੱਲ ਹੈ।ਹਰੇਕ ਸਰਕਾਰ ਵਿਕਾਸ ਦੀ ਗੱਲ ਕਰਦੀ ਹੈ ਪਰ ਸਥਾਈ ਵਿਕਾਸ ਦੀ ਨਹੀਂ।ਜੇਕਰ ਤੰਦਰੁਸਤ ਚੋਗਿਰਦਾ ਹੀ ਨਾ ਰਿਹਾ ਤਾ ਸਰਤੀਸ਼ਾਲੀ ਰਾਸ਼ਟਰ ਦਾ ਨਿਰਮਾਣ ਕਿਵੇਂ ਹੋ ਸਕਦਾ ਹੈ??
ਅੱਜ ਲੋੜ ਹੈ ਸਾਨੂੰ ਸਭ ਨੂੰ ਸਾਵਧਾਨ ਹੋਣ ਦੀ ਤੇ ਚੋਗਿਰਦੇ ਨੂੰ ਹਰਾ ਭਰਾ ਬਣਾਉਣ ਦੀ।ਅੱਜ ਲੋੜ ਹੈ ਕਿ ਅਸੀਂ ਪਾਣੀ ਦੀ ਹਰ ਬੂੰਦ ਦੀ ਅਹਿਮੀਅਤ ਨੂੰ ਸਮਝੀਏ ਤਾਂ ਜੋ ਸਾਡੀ ਆਉਣ ਵਾਲੀਆਂ ਪੀੜੀਆਂ ਸਾਨੂੰ ਇਹ ਤਾਅਨਾ ਨਾ ਮਾਰਨ ਕਿ ਤੁਸੀਂ ਸਾਨੂੰ ਦਿੱਤਾ ਹੀ ਕੀ??
ਪੈਸੇ ਨਾਲ ਹੋਰ ਭਾਵੇਂ ਸਭ ਕੁਝ ਮਿਲ ਜਾਵੇ ਪਰ ਸਾਫ ਪਾਣੀ , ਸੁੱਧ ਹਵਾ , ਤੰਦਰੁਸਤ ਚੌਗਿਰਦਾ ਚੰਗੀ ਸਿਹਤ ਤੇ ਸਮਾਈਲ ਨਹੀ ਮਿਲਣੀ।

ਫੈਸਲ ਖਾਨ
ਜਿਲ੍ਹਾ : ਰੋਪੜ
ਮੋਬ: 99149-65937