ਰਿਸ਼ਤਿਆਂ ਦੀ ਮਹਿਕ : ਗੁਣਾਂ ਦੀ ਗੁਥਲੀ ਮੇਰੀ ਘਰ ਵਾਲੀ - ਰਵੇਲ ਸਿੰਘ ਇਟਲੀ

ਮੈਂ ਤਾਂ ਦੱਸ ਕੁ ਜਮਾਤਾਂ ਪੜ੍ਹ ਕੇ ਪਟਵਾਰੀ ਬਣ ਗਿਆ ਪਰ ਮੇਰੀ ਘਰ ਵਾਲੀ ਬੈਠੀ ਬਿਠਾਈ, ਨਾ ਹਿੰਗ ਲੱਗੀ ਨਾ ਫਟਕਰੀ ਰੰਗ ਚੋਖਾ ਵਾਲੀ ਗੱਲ ਵਾਂਗ ਮੇਰੇ ਨਾਲ ਚਾਰ ਲਾਂਵਾਂ ਲੈ ਕੇ ਪਟਵਾਰਣ ਬਣ ਗਈ।ਪਟਵਾਰੀ ਦੀ ਨੌਕਰੀ ਅੱਜ ਤੋਂ ਕੁੱਝ ਸਮਾਂ ਪਹਿਲਾਂ ਕੋਈ ਛੋਟੀ ਮੋਟੀ ਨੌਕਰੀ ਨਹੀਂ ਸੀ ਹੁੰਦੀ।ਕੋਰੀ ਅਣਪੜ੍ਹ ਹੋਣ ਤੇ ਵੀ ਉੱਸ ਨੇ ਖਿੱਚ ਧ੍ਰੂ ਕੇ ਕੁੱਝ ਲਿਖਣਾ ਪੜ੍ਹਨਾ ਵੀ ਸਿੱਖ ਲਿਆ। ਅਪਣੇ ਨਾਂ ਨਾਲ ਲੱਗਣ ਵਾਲੇ  ਗੁਰਮੁਖੀ ਦੇ ਸੱਤਾਂ ਅੱਖਰਾਂ ਦੇ ਦਸਤਖਤ ਕਰਣ ਲੱਗਿਆਂ ਉਹ ਕਿੰਨਾ ਕਿੰਨਾ ਚਿਰ ਜਿਵੇਂ ਰੱਸਾ ਪਾਕੇ ਧ੍ਰੂੰਦੀ ਹੋਈ ਜਾਪਦੀ ਹੈ।ਪਰ ਉੱਸ ਵਰਗੇ ਦਸਤਖਤ ਕਰ ਲੈਣੇ  ਕੋਈ ਹੋਰ ਹਾਰੀ ਸਾਰੀ ਲਈ ਸੌਖਾ ਕੰਮ ਵੀ ਨਹੀਂ ,  ਕਿਉਂ ਜੋ ਇਨ੍ਹਾਂ,ਵਿੱਚ ਇੱਕ ਅੱਖਰ ਦਾ ਫਰਕ ਤਾਂ  ਉੱਸ ਨੂੰ ਹੀ ਪਤਾ ਹੈ। ਹੁਣ ਤੀਕ  ਵਿਦੇਸ਼ਾਂ ਵਿੱਚ ਜਾਣ ਲਈ ਕਈ ਹਵਾਈ ਜਹਾਜ਼ਾਂ ਦੇ ਲੰਮੇ 2 ਝੂਟੇ ਲੈ ਆਈ ਹੈ। ਪਰ ਸਾਦਗੀ ਪਸੰਦ  ਉਹ ਅਜੇ ਵੀ ਪਹਿਲਾਂ ਵਾਂਗ  ਹੀ ਹੈ। ਕਪੜੇ ਧੋਣ ਵਾਲੀ ਮਸ਼ੀਨ ਤੇ ਬਜਾਏ ਹੱਥਾਂ ਨਾਲ ਹੀ ਕੰਮ ਮੁਕਾ ਲੈਂਦੀ ਹੈ।ਅੱਧੇ ਕੁ  ਕੱਪੜੇ ਤਾਂ ਉਹ ਨ੍ਹਾਉਣ ਲੱਗਿਆਂ ਹੀ ਫੰਡ ਛਡਦੀ ਹੈ। ਜੇਕਰ ਚੌਲਾਂ ਨਾਲ ਦਾਲ ਜਾਂ ਕੜ੍ਹੀ ਬਣੀ ਹੋਵੇ ਤਾਂ ਖਾਂਦਿਆਂ ਉੱਸ ਦਾ ਸੁਆਦ ਨਾਲ ਉੰਗਲਾਂ ਚੱਟਣ ਦਾ ਨਜ਼ਾਰਾ ਵੀ ਵੇਖਣ ਵਾਲਾ  ਹੁੰਦਾ ਹੈ।ਕੁਰਸੀ ਤੇ ਬੈਠ ਕੇ ਰੋਟੀ ਖਾਣ ਦੀ ਬਜਾਏ ਮੰਜੇ ਤੇ ਲੱਤਾਂ ਪਸਾਰ ਕੇ ਰੋਟੀ ਖਾਣਾ ਉਸ ਨੂੰ ਚੰਗਾ ਲਗਦਾ ਹੈ।
          ਰਸੋਈ ਵਿੱਚ ਪਤੀਲੇ ਵਿੱਚ ਕੜਛੀ ਚਲਾਉਣ ਦਾ ਹੁਨਰ ਵੀ ਉੱਸ ਨੂੰ ਵਾਹਵਾ ਆਉਂਦਾ ਹੈ।ਕੜਛੀ ਚਲਾਉਂਦੀ ਦੀ  ਦੀ ਆਵਾਜ਼ ਤਾਂ ਇਵੇਂ ਆਉਂਦੀ ਹੈ ਜਿਵੇਂ ਕਿਸੇ ਮੰਦਰ ਵਿੱਚ ਆਰਤੀ ਦੀ ਟੱਲੀਆਂ ਦੀ ਟੁਣਕਾਰ ਹੋ ਰਹੀ ਹੋਵੇ ।ਦਾਲ ਸਬਜ਼ੀ ਤੇ,ਸਾਗ ਨੂੰ ਤੜਕਾ ਲਾਉਣਾ,ਮੱਕੀ ਦੀ ਰੋਟੀ ਬਣਾਉਣੀ ਤਾਂ ਉੱਸ ਕੋਲੋਂ ਕੋਈ ਸਿੱਖੇ।ਘਰ ਦੀ ਕਿਸੇ ਹੋਰ ਦੀ ਕੀਤੀ ਹੋਈ ਸਫਾਈ ਉੱਸ ਨੂੰ ਪਸੰਦ ਨਹੀਂ।  ਘਰ ਵਿੱਚ ਖਿਲਾਰਾ ਪਾਉਣ ਤੇ ਕੱਪੜਾ ਲੀੜਾ ਉੱਘੜ ਦੁੱਘੜ ਰੱਖਣ ਵਿੱਚ ਮੈਂ ਸਭ ਤੋਂ ਅੱਗੇ ਹਾਂ।ਕਈ ਵਾਰ ਇਸੇ ਗੱਲੋਂ ਉੱਸ ਨਾਲ ਮਾੜੀ ਮੋਟੀ ਗੱਲੇ ਕੁੱਝ ਅਟਾ ਪਟੀ ਵੀ ਹੋ ਜਾਂਦੀ ਹੈ।ਮੈਂ ਆਪਣੀ ਲਾਪ੍ਰਵਾਹੀ ਕਰਕੇ ਘੇਸ ਵੱਟ ਜਾਂਦਾ ਹਾਂ।ਉਹ ਬੋਲੀ ਜਾਂਦੀ ਹੈ ਅਤੇ ਆਪਾਂ ਆਈ ਬਲਾ ਗਈ ਬਲਾ ਕਹਿ ਕੇ ਦੜ ਵੱਟੀ ਰੱਖਦੇ ਹਾਂ, ਤੇ ਇੱਕ ਚੁੱਪ ਸੌ ਸੁਖ ਵਾਲੇ ਸਿਧਾਂਤ ਦਾ ਪੱਲਾ ਘੁੱਟ ਕਟ ਫੜੀ ਰੱਖਦੇ ਹਾਂ। ਮੈਨੂੰ ਪਤਾ ਹੈ, ਕਸੂਰ ਤਾਂ ਆ ਜਾ ਕੇ ਆਪਾਂ ਦਾ ਹੀ ਨਿਕਲਣਾ ਹੈ, ਐਵੇਂ ਵਾਧੂ ਦੀ ਕਿੱਚ ਕਿੱਚ ਤੋਂ ਬਚੇ ਰਹੀਏ ਤਾਂ ਚੰਗਾ ਹੈ।ਇੱਸੇ ਤਰ੍ਹਾਂ ਕਦੇ ਟੂਟੀ ਖੁਲ੍ਹੀ ਰਹਿ ਗਈ ਕਦੇ ਵਾਲ ਵਾਹ ਕੇ ਜਿੱਥੇ ਮਰਜ਼ੀ ਸੁੱਟ ਛੱਡੇ, ਮੰਜੇ ਤੇ ਕੱਪੜੇ ਕਿੱਲੀ ਤੇ ਟੰਗਣ ਦੀ ਅਣਗਹਿਲੀ ਕਰਦਿਆਂ ਬੇ ਤਰਤੀਬੇ ਸੁੱਟ ਛੱਡਣੇ, ਤੇ ਹੋਰ ਕਈ ਕੁੱਝ ਰੋਜ਼ ਦਾ ਕੰਮ ਵੇਖ ਕੇ ਗੱਲਾਂ ਸੁਣ ਕੇ ਚੁੱਪ ਰਹਿਣ ਤੋਂ ਸਿਵਾ ਹੋਰ ਚਾਰਾ ਵੀ ਕਿਹੜਾ ਹੈ। ਨਿਆਣੇ ਵੱਡੇ ਹੋ ਕੇ ਵਿਆਹੇ ਵਰ੍ਹੇ ਜਾ ਕੇ  ਵਿਦੇਸ਼ ਚਲੇ ਗਏ ਫਿਰ ਘਰ ਵਿੱਚ ਉਹੋ ਢਾਈ ਟੋਟਰੂ ਮੀਆਂ ਠਾਕਰ ਦੁਆਰੇ ਵਾਲੀ ਗੱਲ ਤਾਂ ਹੋਣੀ ਹੀ ਸੀ ਪਰ ਅਸੀਂ ਕਿਸੇ ਠਾਕਰ ਦੁਆਰੇ ਤਾਂ ਨਹੀਂ ਜਾ ਬੈਠੇ, ਪਰ ਘਰ ਵੱਡਾ ਹੋਣ ਕਰਕੇ ਸਫਾਈ ਕਰਨੀ ਘਰ ਦੀ ਸਫਾਈ ਕਰਨੀ ਕਿਹੜੀ ਸੌਖੀ ਹੈ ਪਰ ਧੰਨ ਹੈ ਉਹ ਸ਼ੇਰ ਦੀ ਬੱਚੀ ਜੋ ਝਾੜੂ ਫੇਰਦੀ ਸਾਰਾ ਦਿਨ ਬੱਸ ਧੂੜਾਂ ਹੀ ਧੁਮਾਈ ਰੱਖਦੀ ਹੈ।
        ਇੱਕ ਦਿਨ ਮੈਂ ਕਹਿ ਬੈਠਾ ਕਿ ਹੁਣ ਬੁਢੇ ਵਾਰੇ ਹੁਣ ਹੋਰ ਹੱਡ ਘਸਾਉਣ ਨਾਲੋਂ ਕੋਈ  ਕੰਮ ਵਾਲੀ ਰੱਖ ਲਈਏ, ਇਹ ਸੁਣਦਿਆਂ ਹੀ ਉਹ ਲੋਹ ਲਾਖੀ ਹੋ ਕੇ ਬੋਲੀ ਮੇਰੇ ਟੁੱਟ ਹੋਏ ਹਨ।ਜਦ ਤੱਕ ਹੱਥ ਪੈਰ ਚਲਦੇ ਹਨ।ਮੈਂ ਨਹੀਂ ਕਿਸੇ ਨੂੰ ਘਰ ਵੜਨ ਦੇਣਾ।ਮੈਨੂੰ ਨਹੀਂ ਇਤਬਾਰ ਕਿਸੇ ਦੇ ਕੰਮ ਤੇ,ਨਾਲੇ  ਤੁਸੀਂ ਰੋਜ਼ ਸੁਣਦੇ ਹੀ ਓ ,ਬਜ਼ੁਰਗਾਂ ਨਾਲ ਘਰਾਂ ਦੀ ਸਫਾਈ ਕਰਨ ਦੇ ਬਹਾਨੇ ਕੀ ਕੁੱਝ ਹੋ ਰਿਹਾ ਹੈ। ਨਾਲੇ ਰੋਟੀਆਂ ਖੁਆਓ ਨਾਲੇ ਹਰ ਵਕਤ ਜਾਨ ਖਤਰੇ ਚ ਪਾਈ ਰੱਖੋ। ਇੱਕ ਵੇਰਾਂ ਬਾਹਰਲੇ ਦੇਸ਼ ਚੋਂ ਜਦੋਂ ਮੁੜੀ ਤਾਂ ਕਹਿਣ ਲੱਗੀ ਵੇਖਿਆ ਨੇ ਉਥੇ ਕਿਵੇਂ ਲੋਕ ਆਪਣੇ ਘਰਾਂ ਦੀ ਸਫਾਈ ਆਪ ਕਰਦੇ ਹਨ।ਸਾਨੂੰ ਵੀ ਇਨ੍ਹਾਂ ਕੋਲੋਂ ਕੁੱਝ ਸਿੱਖਣਾ ਚਾਹੀਦਾ ਹੈ।ਮੈਂ ਸੁਣ ਕੇ ਸਿਰ ਨੀਵਾਂ ਕਰੀ ,ਕਿੱਲੀ ਓਥੇ ਦੀ ਓਥੇ ਰੱਖ ਛੱਡਨਾ।
                  ਉਹ ਕਹਿੰਦੀ ਕਿ ਮੈਂ ਕਿਹੜੀ ਬਾਹਮਣਾਂ ਦੀ ਜਾਂ ਵਿਹਲੜਾਂ ਦੀ ਧੀ ਹਾਂ ਜੋ ਹੱਥੀਂ ਕੰਮ ਨਾ ਕਰ ਸਕਦੀ ਹੋਵਾਂ। ਸਹੁਰੇ ਘਰ ਦੇ ਵੱਡੇ ਪ੍ਰਿਵਾਰ ਵਿੱਚ ਰਹਿ ਕੇ  ਸੱਭ ਤੋਂ ਵੱਡੀ ਨੋਂਹ ਹੋਣ ਕਰਕੇ ਉੱਸ ਨੇ ਸਾਂਝੇ ਘਰ ਵਿੱਚ ਮਾੜੇ ਚੰਗੇ ਦਿਨਾਂ ਵਿੱਚ ਆਪਣੇ ਆਪ ਦੀ ਪ੍ਰਵਾਹ ਕੀਤੇ ਬਿਨਾਂ ਸਿਰ ਤੋੜ ਮਿਹਣਤ ਮੁਸ਼ੱਕਤ ਕੀਤੀ।ਬੇਸ਼ੱਕ ਮੇਰੀ ਮਾਂ ਵੀ ਕੁੱਝ ਕੌੜੇ ਸੁਭਾਅ ਦੀ ਸੀ।ਪਰ ਘਰ ਦੇ ਕਿਸੇ ਵੀ ਕੰਮ ਵਿੱਚ ਮਾਰ ਨਾ ਖਾ ਸਕਣ ਕਰਕੇ ਉੱਸ ਨੇ ਆਪਣੀ ਸੱਸ ਨੂੰ ਕੁੱਝ ਕਹਿਣ ਦਾ ਕਦੇ ਮੌਕਾ ਨਹੀਂ ਸੀ ਦਿੱਤਾ।ਨੌਂ ਜੀਆਂ ਦੇ ਵੱਡੇ ਪ੍ਰਿਵਾਰ ਵਿੱਚ ਉਹ ਆਪਣੀਆਂ ਨਣਾਨਾਂ ਅਤੇ ਦਿਉਰਾਂ ਨੂੰ ਆਪਣੇ ਭੈਣਾਂ ਭਰਾਂਵਾਂ ਵਾਂਗ ਹੀ ਸਮਝਦੀ ਸੀ। ਘਰ ਦੇ ਗੋਹੇ ਕੂੜੇ ਤੋਂ ਲੈਕੇ ਪੱਠੇ ਦੱਥੇ ਤੱਕ ਤੋਂ ਲੈਕੇ ਰਸੋਈ ਤੱਕ ਦਾ ਕੰਮ ਕਰਨ ਵਿੱਚ ਝਿਜਕਦੀ ਨਹੀਂ ਸੀ। ਗੱਲ ਉਹ ਕਿਸੇ ਦੀ ਨਹੀਂ ਸੀ ਝਲਦੀ। ਇਸੇ ਲਈ ਮਾਂ ਨੇ ਉਹਦਾ ਨਾਂ ,ਧਮੂੜੀ’ ਰੱਖਿਆ ਹੋਇਆ ਸੀ। ਪਰ ਇਹ ਤਾਂ ਮੈਨੂੰ ਹੀ ਪਤਾ ਹੈ ਕਿ ਉਹ ਕਿੰਨੀ ਸਹਿਣ ਸ਼ੀਲ ਹੈ। ਮੇਰੇ ਵੱਲੋਂ  ਕਈ ਕੁਤਾਹੀਆਂ ਹੋਣ ਦੇ ਬਾਵਜੂਦ ਵੀ ਉਹ ਦਰ ਗੁਜ਼ਰ ਕਰ  ਲੈਂਦੀ ਹੈ।
               ਸਾਂਝੇ ਘਰੋਂ ਜਦੋਂ ਅਸੀਂ ਵੱਖ ਹੋਏ ਤਾਂ ਦੋ ਧੀਆਂ ਦਾ ਪ੍ਰਿਵਾਰ ਸੀ, ਤਨਖਾਹਾਂ ਥੋੜ੍ਹੀਆਂ ਸਨ ਨੌਕਰੀ ਕੱਚੀ ਹੋਣ ਕਰਕੇ ਕਈ ਵਾਰ ਛਾਂਟੀ ਹੋਣ ਕਰਕੇ ਬੜੀ ਮੁਸ਼ਕਲ ਨਾਲ ਕਿਤੇ ਜਾਕੇ ਪੈਰ ਲੱਗੇ। ਉਹ ਮੈਨੂੰ ਆਮ ਕਿਹਾ ਕਰਦੀ ਸੀ ਸੱਭ ਤੋਂ ਪਹਿਲਾਂ ਆਪਣੀ ਇੱਜ਼ਤ ਦਾ ਖਿਆਲ ਰੱਖਿਓ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ, ਇੱਜ਼ਤ ਗਈ ਮੁੜ ਹੱਥ ਨਹੀਂ ਆਉਂਦੀ। ਸਾਰਾ ਦਿਨ ਦਫਤਰ ਵਿੱਚ ਮੱਥਾ ਮਾਰਦਿਆਂ ਜਦ ਘਰ ਵੜਨਾ ਤਾਂ ਭੁਲੱਕੜ ਸੁਭਾ ਦਾ ਹੋਣ ਕਰਕੇ ਕਈ ਗੱਲਾਂ ਉੱਸ ਦੀਆਂ ਕੰਨਾਂ ਵਿੱਚ ਉੰਗਲਾਂ ਲੈ ਕੇ ਹੀ ਸੁਣਨੀਆਂ ਪੈਂਦੀਆਂ । ਇਕ ਵੱਡੀ ਭੈੜੀ ਆਦਤ ਮੇਰੇ ਵਿੱਚ ਕਲਮ ਘਸਾਈ ਕਰਨ ਦੀ ਸੀ ਜੋ ਹੁਣ ਤੱਕ ਨਹੀਂ ਗਈ।ਹੌਲੀ ਹੌਲੀ ਪ੍ਰਿਵਾਰ ਦੇ ਵਧਣ ਨਾਲ ਲੋੜਾਂ ਥੋੜਾਂ, ਮਜਬੂਰੀਆਂ ਵੀ ਵਧੀਆਂ ਗਈਆਂ।ਅਸੀਂ ਘਰ ਕਦੇ ਲਵੇਰੀ ਕੋਈ ਗਾਂ ਮੱਝ ਰੱਖ ਲਈ। ਪਰ ਘਾਹ ਪੱਠੇ ਦਾ ਕੰਮ ਨਾ ਮੈਨੂੰ ਆਉਂਦਾ ਸੀ ਨਾ ਮੈਂ ਕੀਤਾ।ਇਹ ਕੰਮ ਵੀ ਉਹੀ ਜਾਣੇ, ਮੈਂ ਵੇਲੇ ਕੁਵੇਲੇ ਦਫਤਰੋਂ ਆ ਕੇ ਪਹਿਲਾਂ ਤਾਂ ਬਾਹਰੋਂ ਮੁਫਤ ਦੀ ਦਾਰੂ ਦਾ ਦੌਰ ਚਲਾ ਕੇ ਘਰ ਆ ਵੜਨਾ ,ਉੱਸ ਨੇ ਸਬਰ ਕਰ ਛਡਨਾ,ਅਖੀਰ ਉੱਸ ਦੇ ਸਬਰ ਦਾ ਬਨ੍ਹ ਟੁੱਟਣ ਤੋਂ ਪਹਿਲਾਂ ਹੀ ਮੈਂ ਦਾਰੂ ਪੀਣ ਦੇ ਨਾਲ  ਮੀਟ ਵਗੈਰਾ ਵੀ ਖਾਣਾ ਛੱਡ ਦਿੱਤਾ,ਘਰ ਵਿੱਚ ਜੋ ਬਣਿਆ ਅਮ੍ਰਿਤ ਸਮਝ ਕੇ ਛਕ ਲਿਆ।
               ਹੁਣ ਨਾ ਮੈਂ ਅਮ੍ਰਿਤ ਧਾਰੀ ਹਾਂ ਨਾ ਰਾਧਾ ਸੁਆਮੀ ਹਾਂ ਨਾ ਨਰੰਕਾਰੀ ਹਾਂ।ਨਾ ਕੋਈ ਹੋਰ ਕੁੱਝ, ਇੱਸ ਸੱਭ ਕੁੱਝ ਦੇ ਖਾਣ ਜਾਂ ਨਾ ਖਾਣ ਨੂੰ ਕਿਸੇ ਪਾਪ ਪੁੰਨ ਨਾਲ ਜੋੜਦਾ ਹਾਂ। ਸਾਦੀ ਤੇ  ਸਿਹਤ ਲਈ ਚੰਗੀ ਤੇ ਸਾਫ ਸੁੱਥਰੀ ਖੁਰਾਕ ਖਾਣ ਨੂੰ ਪਹਿਲ ਜ਼ਰੂਰ ਦਿੰਦਾ ਹਾਂ। ਇੱਸ ਕੰਮ ਵਿੱਚ ਪਤਾ ਨਹੀਂ ਇਹ ਗੱਲ ਮੈਨੂੰ ਸਮਝ ਆ ਗਈ ਹੈ ਜਾਂ ਫਿਰ ਮੇਰੀ ਘਰ ਵਾਲੀ ਦੇ ਸਿੱਧੇ ਸਾਦੇ ਤੇ ਮਿਹਣਤੀ ਸੁਭਾਅ ਦਾ ਥੋੜ੍ਹਾ ਬਹੁਤ ਅਸਰ ਹੈ ਜਾਂ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਸਿਧਾਂਤ ਦਾ ਮੇਰੇ ਤੇ ਅਸਰ ਹੈ । ਹਾਂਲਾਂਕਿ ਖਾਣ ਪੀਣ ਤੋਂ ਉਸ ਨੇ ਕਦੀ ਮੇਰਾ ਵਿਰੋਧਤਾ ਨਹੀਂ ਕੀਤੀ।ਬਹੁਤ ਕੁੱਝ ਤਾਂ ਮੈਨੂੰ ਜ਼ਿੰਦਗੀ ਦੇ ਕੁੱਝ ਤਲਖ ਤਜਰਬਿਆਂ ਤੇ ਆਲੇ ਦੁਆਲੇ ਨੂੰ ਵੇਖ ਅਤੇ ਚੰਗੀ ਸੰਗਤ ਕਰਕੇ ਆਪੇ ਹੀ ਸਮਝ ਆ ਗਈ ਸੀ।
            ਇਟਲੀ ਰਹਿੰਦਿਆਂ, ਪਿੱਛੇ ਸਖਤ ਮਿਹਣਤ ਕਰਨ ਨਾਲ ਉੱਸ ਗੋਡੇ ਕਮਜ਼ੋਰ ਹੋਣ ਕਰਕੇ ਉਨ੍ਹਾਂ ਨੂੰ ਬਦਲੇ ਗਏ। ਥੋੜ੍ਹੇ ਦਿਨਾਂ ਵਿੱਚ ਹੀ ਉਹ ਨੌਂ ਬਰਨੌਂ ਹੋ ਗਈ।ਪਹਿਲਾਂ ਵਾਂਗ ਵਿਦੇਸ਼ ਵਿੱਚ ਵੀ ਘਰ ਦੇ ਕੰਮਾ ਦੇ ਮੋਰਚੇ ਤੇ ਡਟੀ ਰਹਿੰਦੀ।ਇੱਥੇ ਨਿੱਕੇ ਦੇ ਦੋਵੇਂ ਹੰਸੂ ਹੰਸੂ ਕਰਦੇ ਦੋਵੇਂ ਪੋਤਰੇ ਨਾਲ ਉੱਸ ਦਾ ਮਨ ਵਾਹਵਾ ਲੱਗਾ ਰਹਿੰਦਾ ਜਦੋਂ ਕਦੋਂ ਘਰ ਵਿੱਚ ਕੜ੍ਹੀ ਚੌਲ ਉਹ ਬਨਾਂਦੀ ਤਾਂ ਨਿੱਕਾ ਪੋਤਾ ਗੁਰਬਾਜ਼ ਮਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਉਸ ਦੀ ਗੋਦੀ ਵਿੱਚ ਚਮਚੇ ਦੀ ਬਜਾਏ ਉੱਸ ਦੇ ਹੱਥ ਨਾਲ ਖੁਆਉਣ ਨੂੰ ਕਹਿੰਦਾ,ਮਾਂ ਦੇ ਮੋੜਦੇ ਹੋਏ ਵੀ ਆਪਣੀ ਜ਼ਿੱਦ ਪੂਰੀ ਕਰ ਹੀ ਲੈਂਦਾ ਹੈ।
           ਪਿੱਛੇ ਜਦੋਂ ਅਸੀਂ ਦੋਵੇਂ ਪੰਜਾਬ ਗਏ ਤਾਂ ਉੱਸ ਨਾਲ ਹੋਰ ਭਾਣਾ ਵਰਤ ਗਿਆ ਸਕੂਟਰੀ ਤੋਂ ਉਤਰਦੀ ਦਾ ਡਿਗ ਕੇ ਚੂਲਾ ਟੁੱਟਣ ਕਰਕੇ ਡਾਢੀ ਮੁਸੀਬਤ ਬਣ ਗਈ। ਕੁੱਝ ਦਿਨ ਲੋਕਲ ਡਾਕਟਰਾਂ ਦੇ ਇਲਾਜ ਤੋਂ ਬਾਅਦ ਅਮ੍ਰਿਤਰ ਦੇ ਹੱਡੀਆਂ ਦੇ ਹਸਪਤਾਲ ਵਿਚੋਂ ਨਕਲੀ ਚੂਲਾ ਪੈ ਜਾਣ ਤੇ ਬੜੀ ਮੁਸ਼ਕਲ ਨਾਲ ਸੋਟੀ ਦੇ ਸਹਾਰੇ ਚੱਲਣ ਜੋਗੀ ਹੋ ਗਈ। ਜੇਰੇ ਤੇ ਸਿਰ੍ਹੜ ਵਾਲੀ ਹੋਣ ਕਰਕੇ ਫਿਰ  ਹੌਲੀ ਹੌਲੀ ਪੈਰਾਂ ਤੇ ਆ ਗਈ ਤਾਂ ਅਸੀਂ ਫਿਰ ਇਟਲੀ ਆ ਗਏ ਤੇ ਹੁਣ ਇਟਲੀ ਤੋਂ ਕੈਨੇਡਾ ਦੋਹਤੇ ਦੇ ਵਿਆਹ ਤੇ ਭਾਂਵੇਂ ਜਹਾਜ਼ ਤੇ ਵ੍ਹੀਲ ਚੇਅਰ ਨਾਲ ਆਈ ਪਰ ਖੁਸ਼ੀ ਵਿੱਚ  ਗਿੱਧੇ ਦੇ ਗੀਤ ‘ਦੇ ਦੇ ਗੇੜਾ ‘ ਵਾਲੇ  ਗੀਤ ਵੇਲੇ ਗੇੜੇ ਦੇਣ ਵਿੱਚ ਉਹ ਪਿੱਛੇ ਨਹੀਂ ਰਹੀ,ਕਹਿੰਦੀ ਹੈ ਕਿ ਇਹੋ ਜਿਹੇ ਖੁਸ਼ੀ ਦੇ ਮੌਕੇ ਇਸ ਉਮਰੇ ਰੱਬ ਕਿਸੇ ਨੂੰ ਹੀ ਦਿੰਦਾ ਹੈ।ਆਪਾਂ ਪਿੱਛੇ ਕਿਉਂ ਰਹੀਏ, ਪਰ ਮੈਂ ਤਾਂ ਇੱਸ ਪੱਖੋਂ ਪਿੱਛੇ ਹੀ ਰਿਹਾ ਉਹ ਇੱਸ ਕੰਮ ਵਿੱਚ ਵੀ ਮੇਰਾ ਨੰਬਰ ਕੱਟ ਗਈ ਲਗਦੀ ਹੈ। ਸੋਟੀ ਤੋਂ ਬਿਨਾ ਕਦੇ ਕਦੇ ਤੁਰਦੀ ਨੂੰ ਕੋਈ ਨਹੀਂ ਕਹਿ ਸਕਦਾ ਕੇ ਉਹ  ਬੁੱਢੀ ਹੋ ਗਈ ਹੈ।ਜਾਂ ਕਦੇ ਇੱਸ ਦੇ ਗੋਡੇ ਜਾਂ ਚੂਲਾ ਨਵੇਂ ਪਏ ਹੋਣ ਗੇ। ਰਸੋਈ ਵਿੱਚ ਅਤੇ ਘਰ ਦੇ ਕੰਮ ਕਾਰ ਵੀ ਕਰਨ ਵਿੱਚ ਕਹਿੰਦੇ ਕਹਿੰਦੇ ਪਹਿਲਾਂ ਵਾਂਗ ਹੀ ਆਪਣਾ ਆਪ ਵਿਖਾ ਹੀ ਜਾਂਦੀ ਹੈ।
              ਹੁਣ ਕੁੱਝ ਸਮੇਂ ਤੋਂ ਆਪਣੀ ਕੈਨੇਡਾ ਰਹਿੰਦੀ ਧੀ ਅਤੇ ਵੱਡੇ ਪੁੱਤਰ ਕੋਲ ਕੈਨੇਡਾ ਆਏ ਹੋਏ ਹਾਂ।ਦੋਹਾਂ ਕੋਲ ਉਨ੍ਹਾਂ ਦੇ ਬੁਲਾਉਣ ਤੇ ਉਨ੍ਹਾਂ ਕੋਲ ਆਂਦੇ ਜਾਂਦੇ ਰਹਿੰਦੇ ਹਾਂ। ਪਰ ਉਸ ਦੀ  ਪੁਰਾਣੀ ਆਦਤ ਅ ਕੁੱਝ ਨਾ ਕੁਝ ਕਰਦੇ ਰਹਿਣ ਦੀ ਅਜੇ ਵੀ ਨਹੀਂ ਨਹੀਂ ਗਈ,ਬੱਚੇ ਕਹਿੰਦੇ ਰਹਿੰਦੇ ਹਨ ਮਾਤਾ ਹੁਣ ਤੂੰ ਅਰਾਮ ਕਰ ਅਸੀਂ ਜੁ ਹਾਂ ਪਰ ਉਨ੍ਹਾਂ ਕਹਿੰਦੇ ਕਹਿੰਦੇ ਜਿੰਨੀ ਕੁ ਜੋਗੀ ਹੈ।ਬੇ ਝਿਜਕ ਸੋਟੀ ਦਾ ਸਹਾਰਾ ਲਈ ਆਪਣੀ ਫੁਰਤੀ ਵਿਖਾ ਹੀ ਜਾਂਦੀ ਹੈ।ਮੈਂ ਤਾਂ ਸਾਰਾ ਦਿਨ ਕੰਪਿਊਟਰ ਤੇ ਸਿਰਫ ਉੰਲੀਆਂ ਹੀ ਨਚਾਉਂਦਾ ਰਹਿੰਦਾ ਹਾਂ।ਪਰ ਉਹ ਮਾਂ ਦੀ ਦੇ ਹੱਥਾਂ ਦੀ ਬਣੀ  ਦਾਲ ਸਬਜ਼ੀ ਬਣੀ ਅਤੇ ਕਰਾਰੇ ਫੁਲਕੇ ਜਦੋਂ ਪਕਾਉਂਦੀ ਨੂੰ ਬੱਚੇ ਉੰਗਲਾਂ ਚੱਟ ਚੱਟ ਕੇ ਖਾਂਦੇ ਹਨ ਤਾਂ ਬੱਚੇ ਵੀ’ ਵਾਹ ਦਾਦੀ, ਵਾਹ ਦਾਦੀ, ਕਹਿੰਦੇ, ਹੱਸਦੇ ਵੀ ਹਨ ਅਤੇ , ਉਸ ਦੇ ਸ਼ਹਿਦ ਦੀ ਮੱਖੀ ਵਾਂਗ ਸਦਾ ਆਪਣੇ ਕੰਮ ਵਿਚ ਲੱਗੇ ਰਹਿਣ ਤੇ  ਹੈਰਾਨ ਵੀ ਹੁੰਦੇ ਹਨ।
                 ਕੁੱਝ ਵੀ ਹੋਵੇ ਮੇਰੀ ਘਰ ਵਾਲੀ ਤਾਂ ਨਿਰੀ ਗੁਣਾਂ ਦੀ ਗੁੱਥਲੀ ਹੈ। ਇਹੋ ਜਿਹੀਆਂ ਗੁਣਾਂ ਦੀਆਂ ਗੁਥਲੀਆਂ  ਘਰ ਵਾਲੀਆਂ ਤਾਂ ਰੱਬ ਸਾਰਿਆਂ ਨੂੰ ਦੇਵੇ।
       ਗ੍ਰਹਿਥ ਗੱਡੀ ਦੇ ਦੋਵੇਂ ਪਹੀਏ, ਚਲਦੇ ਰਹਿਣ ਤਾਂ ਚੰਗਾ।
     ਜੇ ਇੱਕ ਟੁੱਟ ਜਾਏ ਜਾਂ  ਲਹਿ ਜਾਵੇ,ਪੈ ਜਾਂਦਾ ਫਿਰ ਪੰਗਾ।
     ਜੀਵਣ ਸਾਥੀ ਛੱਡ ਜਾਏ ਤਾਂ ਹੁੰਦਾ,ਚਾਰੇ ਤਰਫ ਹਨੇਰਾ
     ਜੀਵਣ ਦਾ ਸਾਥੀ  ਜੇ ਹੋਵੇ, ਜੀਵਣ ਫਿਰ ਬਹੁ ਰੰਗਾ।
     ਜਗ ਵਿੱਚ ਰਿਸ਼ਤੇ ਹੋਰ ਬਥੇਰੇ,ਇਸ ਦੀ ਰੀਸ ਨਾ ਕੋਈ,
     ਇਸ ਰਿਸ਼ਤੇ ਦੇ ਬਾਝੋਂ ਬੰਦਾ,ਹੁੰਦਾ ਕੀਟ ਪਤੰਗਾ।
     ਬੈਸ਼ੱਕ ਭਾਂਡੇ ਰਹਿਣ ਖੜਕਦੇ,ਇਹ ਸੰਗੀਤ ਨਿਰਾਲਾ,
     ਘਰ ਵਿੱਚ ਵਗਦੀ ਰਹਿੰਦੀ ਹੈ, ਇੱਕ ਸਾਂਝਾਂ ਦੀ ਗੰਗਾ।