ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਮਹਿੰਗਾਈ ਵਧੀ, ਆਬਾਦੀ ਦਾ ਹੜ੍ਹ ਆਇਆ,
ਭੁੱਖ ਨੰਗ ਵਿੱਚ ਝੂਲੇ ਨਿਸ਼ਾਨ ਸਾਡਾ

ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਕਿਹਾ ਕਿ 2024 ਤੱਕ ਭਾਰਤ ਦੇ ਅਰਥਚਾਰੇ ਨੂੰ ਪੰਜ ਲੱਖ ਕਰੋੜ ਅਮਰੀਕੀ ਡਾਲਰ ਬਨਾਉਣ ਦਾ ਟੀਚਾ ਮਿਥਿਆ ਗਿਆ ਹੈ। ਮੋਦੀ ਨੇ ਕਿਹਾ ਸਬਕਾ ਸਾਥ, ਸਬਕਾ ਵਿਕਾਸ, ਅਤੇ ਸਬਕਾ ਵਿਸ਼ਵਾਸ ਮੰਤਰ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਦੀ ਭੂਮਿਕਾ ਵਿਸ਼ੇਸ਼ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਮਘ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨਹੀਂ ਪੁੱਜੇ।
ਪ੍ਰੇਸ਼ਾਨ ਮਤ ਹੋ, ਮੈਂ ਹੂੰ ਨਾ! ਆਬਾਦੀ ਡੇਢ ਅਰਬ ਹੋ ਜਾਏ, ਭਾਵੇਂ ਦੋ ਅਰਬ ਮੈਂ ਹੂੰ ਨਾ! ਭੁੱਖ  ਨੰਗ ਨਾਲ ਬੰਦਾ ਮਰਦਾ ਏ ਤਾਂ ਮਰੇ, ਪ੍ਰੇਸ਼ਾਨ ਮਤ ਹੋ, ਮੈਂ ਹੂੰ ਨਾ! ਮੈਂ ਵਾਇਦੇ ਕਰੂੰਗਾ, ਲੋਕਾਂ ਦਾ ਢਿੱਡ ਭਰੂੰਗਾ। ਮੈਂ ਉਚੇ ਬੋਲ ਬੋਲੂੰਗਾ, ਲੋਕਾਂ ਨੂੰ ਪੰਜ ਸਾਲ ਡਰਾਵਾਂਗਾ, ਮੁੜ ਗੱਦੀ ਆਪਣੇ ਪੱਲੇ ਪਾਵਾਂਗਾ!
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਵਿਕਾਸ ਦੀ ਹਨੇਰੀ ਚਲਵਾ ਦਿਆਂਗਾ ਅਤੇ ਹਰ ਖੇਤਰ 'ਚ ਵੀਹ, ਪੰਜਾਹ, ਹਜ਼ਾਰ, ਮਾਡਲ ਸ਼ਾਪ ਖੁਲ੍ਹਵਾ ਦਿਆਂਗਾ ਅਤੇ ਗਰੀਬਾਂ ਦੀ ਜੇਬ 'ਚੋਂ ਪੈਸਾ ਖਿਸਕਾ ਲਵਾਂਗਾ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਰਾਜਨੀਤੀ 'ਚ ਐਸੀ ਚਾਲ ਚਲਾਂਗਾ ਕਿ ਵਿਰੋਧੀਆਂ ਨੂੰ ਚਾਰੋਂ ਖਾਨੇ ਚਿੱਤ ਕਰ ਦਿਆਂਗਾ ਕਿਉਂਕਿ ਜਨਤਾ ਨੂੰ ਬੇਵਕੂਫ ਬਨਾਉਣ ਵਿੱਚ ਸਾਡੇ ਤੋਂ ਵੱਡਾ ਕੋਈ ਗਿਆਨੀ ਹੀ ਨਹੀਂ ਹੈ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ, ਗਿਰਗਟ ਵਾਂਗਰ ਰੰਗ ਬਦਲਣ ਵਾਲਾ। ਮੇਰੇ ਕੋਲ ਭਾਈ ਰੰਗ ਬਦਲਣ ਦੀ ਕਲਾ ਹੀ ਇਹੋ ਜਿਹੀ ਹੈ ਕਿ ਗਿਰਗਿਟ ਵੀ ਮੇਰੇ ਸਾਹਮਣੇ ਸ਼ਰਮ ਨਾਲ ਪਾਣੀ-ਪਾਣੀ ਹੋਕੇ ਕੁਝ ਕਰ ਗਿਆ ਅਤੇ ਆਖ਼ਿਰ ਚੁਲੂ ਭਰ ਪਾਣੀ ਵਿੱਚ ਡੁੱਬਕੇ ਮਰ ਗਿਆ।
ਪ੍ਰੇਸ਼ਾਨ ਮੱਤ ਹੋ, ਮੈਂ ਹੂੰ ਨਾ! ਵੱਡੇ-ਵੱਡੇ ਪ੍ਰਾਜੈਕਟ ਬਣਾਵਾਂਗਾ। ਲੋਕਾਂ ਨੂੰ ਦਿਖਾਵਾਂਗਾ ਅਤੇ ਮੁੜ ਆਪਣੇ ਬੋਝੇ 'ਚ ਪਾਕੇ ਵਿਦੇਸ਼ ਫੇਰੀ ਤੇ ਤੁਰ ਜਾਵਾਂਗਾ। ਤੇ ਲੋਕਾਂ ਨੂੰ ਦੱਸਾਂਗਾ ''ਮਹਿੰਗ ਵਧੀ, ਆਬਾਦੀ ਦਾ ਹੜ੍ਹ ਆਇਆ, ਭੁੱਖ ਨੰਗ ਵਿੱਚ ਝੂਲੇ ਨਿਸ਼ਾਨ ਸਾਡਾ''।

ਮਰੇ ਘੋੜੇ 'ਤੇ ਚੜ੍ਹਨ ਦਾ ਕੀ ਫਾਇਦਾ?
ਮੜਕ ਨਾਲ ਤੂੰ ਪੁੱਟ ਦੋ ਪੈਰ ਮੀਆਂ।

ਖ਼ਬਰ ਹੈ ਕਿ ਸ਼ੰਘਾਈ ਸਹਿਯੋਗੀ ਸੰਗਠਨ (ਐਸ.ਸੀ.ਓ.) ਸੰਮੇਲਨ ਵਿੱਚ ਭੂਮੀ ਰਾਸ਼ਟਰਪਤੀ ਰੂਹਾਨੀ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਅਮਰੀਕੀ ਸਰਕਾਰ ਸਾਰੇ ਅੰਤਰਰਾਸ਼ਟਰੀ ਢਾਂਚਿਆਂ ਤੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਹਰ ਖੇਤਰ ਤੇ ਦੁਨੀਆ ਦੀ ਸਥਿਰਤਾ ਲਈ ਗੰਭੀਰ ਖਤਰਾ ਬਣ ਗਿਆ ਹੈ। ਰੂਹਾਨੀ ਨੇ ਪ੍ਰਮਾਣੂ ਸਮਝੋਤੇ ਤੋਂ ਹਟਣ ਲਈ ਅਮਰੀਕਾ ਦੀ ਅਲੋਚਨਾ ਕੀਤੀ। ਅਮਰੀਕਾ ਹੋਰਨਾਂ ਮੁਲਕਾਂ ਤੇ ਦਬਾਅ ਬਣਾ ਰਿਹਾ ਹੈ ਕਿ ਉਹ ਈਰਾਨ ਨਾਲ ਵਪਾਰ ਸਮਝੌਤੇ ਆਮ ਵਰਗੇ ਬਣਾਉਣ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਨੂੰ ਨਾ ਮੰਨੇ।
ਪਤਾ ਨਹੀਂ ਕਿਉਂ ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ, ਕਦੇ ਉਹ ਮੈਕਸੀਕੋ 'ਚ ਕੰਧ ਬਣਾਉਂਦਾ ਹੈ, ਕਦੇ ਈਰਾਨ 'ਚ ਜਾਕੇ ਉਥੇ ਦੇ ਲੋਕਾਂ ਨੂੰ ਢਾਉਂਦਾ ਹੈ ਅਤੇ ਕਦੇ ਇੰਡੀਆ ਨੂੰ ਅੱਖਾਂ ਦਿਖਾਉਂਦਾ ਹੈ। ਪਤਾ ਨਹੀਂ ਕਿਉਂ  ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ।
ਪਤਾ ਨਹੀਂ ਕਿਉਂ  ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ਕਿ ਕਦੇ ਉਹ ਪ੍ਰਵਾਸੀਆਂ ਦੁਆਲੇ ਡੰਡਾ ਖੜਕਾਉਂਦਾ ਹੈ। ਕਦੇ ਦੋ ਚਮਚ ਨਮਕ ਵਿੱਚ ਇੱਕ ਚਮਚ ਰੇਤਾ ਪਾਉਂਦਾ ਹੈ ਅਤੇ ਫਿਰ ਹਰ ਐਰੇ-ਗੈਰੇ ਨੂੰ ਨਾਕੋਂ ਚਨੇ ਚਬਾਉਂਦਾ ਹੈ। ਪਤਾ ਨਹੀਂ ਕਿਉਂ  ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ।
ਪਰ ਜਾਪਦਾ ਹੈ ਸਮਝ ਹੁਣ ਰੂਹਾਨੀ ਵੀ ਗਿਆ ਹੈਕਿ ਭਰਾ ਟਰੰਪ ਕਿੰਨੇ ਕੁ ਪਾਣੀ 'ਚ ਹੈ? ਘੋੜੇ 'ਤੇ ਚੜ੍ਹ ਦੁਲੱਤੀਆਂ ਜਿਹੀਆਂ ਮਾਰਨ ਲੱਗ ਪਿਆ ਆ ਤੇ ਇੰਡੀਆ ਵਾਲੇ ਮੋਦੀ ਤੇ ਰੂਸੀ ਪੁਤਿਨ ਨਾਲ ਜੱਫੀਆਂ ਜਿਹੀਆਂ ਪਾ ਰਿਹਾ ਆ। ਉਂਜ ਭਾਈ ਸੱਭੋ ਜਾਣਦੇ ਆ, ਜਿਹਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਪਰ ਪਤਾ ਨਹੀਂ ਕਿਉਂ  ਟਰੰਪ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ ਤੇ ਉਹ ਜਣੇ-ਖਣੇ ਉਤੇ ਕਿਉਂ ਧੌਂਸ ਜਮਾਉਂਦਾ ਹੈ।
ਵੇਖੋ ਜੀ, ਜਾਣ ਗਿਆ ਹੈ ਰੂਹਾਨੀ ਕਿ ਟਰੰਪ ਟੱਪਦਾ ਫਿਰੇ, ਨੱਸਦਾ ਫਿਰੇ ਜਾਂ ਗੁੱਸੇ ਨਾਲ ਮੂੰਹੋ ਥੁੱਕ ਸੁੱਟਦਾ  ਫਿਰੇ, ਉਹ ਡੁੱਬੇ ਜਹਾਜ਼ ਦੀ ਸਵਾਰੀ ਨਹੀਂ ਬਣੇਗਾ। ਜਾਣ ਗਿਆ ਹੈ ਰੂਹਾਨੀ ਇਹ ਸਭ ਕੁਝ ਤੇ ਤਦੇ ਕਹਿੰਦਾ ਫਿਰਦਾ ਆ ਭਾਈ ''ਮਰੇ ਘੋੜੇ ਤੇ ਚੜ੍ਹਨ ਦਾ ਕੀ ਫਾਇਦਾ, ਮੜਕ ਨਾਲ ਤੂੰ ਪੁੱਟ ਦੋ ਪੈਰ ਮੀਆਂ''।

ਬੰਦੇ-ਬੰਦੇ ਦਾ ਹੁੰਦਾ ਕਿਰਦਾਰ ਵੱਖਰਾ,
ਸਰੀਏ, ਕਾਨੇ ਵਿੱਚ ਜਿਸ ਤਰ੍ਹਾਂ ਫ਼ਰਕ ਹੋਵੇ।

ਖ਼ਬਰ ਹੈ ਕਿ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ 18 ਲੋਕਸ ਭਾ ਮੈਂਬਰਾਂ ਨਾਲ ਅਸਥਾਈ ਰਾਮ ਲਲਾ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਕਿਹਾ ਕਿ ਇਹ ਹਿੰਦੂਵਾਦੀ ਸਰਕਾਰ ਹੈ, ੳਭ ਦਾ ਮੰਨਣਾ ਹੈ ਕਿ ਰਾਮ ਮੰਦਰ ਬਣਨਾ ਚਾਹੀਦਾ ਹੈ, ਤਾਂ ਮੰਦਰ ਬਣਕੇ ਰਹੇਗਾ। ਠਾਕਰੇ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਮੰਦਰ ਬਨਾਉਣ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਹੈ। ਉਹਨਾ ਕਿਹਾ ਕਿ ਜੇ ਲੋੜ ਪਈ ਤਾਂ ਉਹਾਨ ਦੀ ਪਾਰਟੀ ਮੰਦਰ ਲਈ ਅੰਦੋਲਚ ਵੀ ਕਰੇਗੀ।
ਸੁਣੋ ਕਹਾਣੀ ਮੋਦੀ ਦੀ। ਵੋਟਾਂ ਪੁਆਈਆਂ, ਲੋਕਾਂ ਨੂੰ ਖਤਾਈਆਂ ਖੁਆਈਆਂ, ਵਾਇਦਿਆਂ ਦੀਆਂ ਬੋਲੀਆਂ ਭੁਲਾਈਆਂ ਤੇ ਮਿੱਤਰ ਤੁਰ ਗਿਆ ਪ੍ਰਦੇਸ਼!
ਸੁਣੋ ਕਹਾਣੀ, ਰਾਹੁਲ ਦੀ। ਵੋਟਾਂ ਗੁਆਈਆਂ, ਧੈਲੀਆਂ ਵੀ ਪੱਲੇ ਨਾ ਪੁਆਈਆਂ, ਵਾਇਦਿਆਂ ਦੀ ਬੋਲੀਆਂ ਵੀ ਰਾਸ ਨਾ ਆਈਆਂ ਤੇ ਮਿੱਤਰ ਤੁਰ ਗਿਆ ਪ੍ਰਦੇਸ਼!
ਸੁਣੋ ਕਹਾਣੀ, ਭੂਆ ਭਤੀਜੇ, ਮਾਇਆ ਤੇ ਯਾਦਵ ਦੀ! ਆਪਣੀਆਂ ਵੋਟਾਂ ਵੀ ਆਪਣੇ ਹੱਥ ਨਾ ਆਈਆਂ। ਕੋਈ ਹੋਰ ਚੱਕ ਗਏ ਮਲਾਈਆਂ। ਵਿਚਾਰੇ ਦੋਵੇਂ ਹੀ ਗੁਆਚ ਗਏ ਵਿੱਚ ਭੁੱਲ-ਭੁਲਾਈਆਂ।
ਕਹਾਣੀਆਂ ਦਾ ਅੰਤ ਨਹੀਂ ਕੋਈ!ਲਾਲੂ ਦੀ ਗੱਲ ਕਰ ਲਵੋ ਜਾਂ ਮਮਤਾ ਦੀ। ਇਧਰ ਆਪਣੇ ਖਹਿਰੇ ਬੈਂਸ ਦੇ ਕਿੱਸੇ ਪੜ੍ਹ ਲਵੋ ਜਾਂ ਵਿਚਾਰੇ ਅਕਾਲੀ ਦਲ ਵਾਲੇ ਸੁਖਬੀਰ ਦੇ। ਸਾਰੇ ਦੇ ਸਾਰੇ ਦੁੱਖਾਂ ਦੇ ਮਾਰੇ, ਹੱਥ 'ਚ ਕਟੋਰਾ ਫੜ੍ਹ ਵੋਟਾਂ ਮੰਗਦੇ ਰਹੇ, ਪਰ ਨਾ ਲੋਕ ਰਾਸ ਆਏ ਨਾ ਵੋਟਾਂ ਰਾਸ ਆਈਆਂ।
ਆਹ ਵੇਖੋ ਸ਼ਿਵ ਸੈਨਕ, ਮੋਦੀ ਨਾਲ ਇੱਟ ਖੜਿਕਾ ਲਾਉਂਦੇ ਰਹੇ, ਫਿਰ ਸਾਂਝ ਭਿਆਲੀਆਂ ਪਾਉਂਦੇ ਟਹੇ ਅਤੇ ਜਿੱਤ ਤੋਂ ਬਾਅਦ ਭਾਈ ਹੁਣ ਅੱਖਾਂ ਦਿਖਾਉਣ ਲਈ ਸਾਹਮਣੇ! ਤਦੇ ਤਾਂ ਕਹਿਮਦੇ ਆ, ''ਬੰਦੇ ਬੰਦੇ ਦਾ ਹੁੰਦਾ ਕਿਰਦਾਰ ਵੱਖਰਾ, ਸਰੀਏ, ਕਾਨੇ ਵਿੱਚ ਜਿਸ ਤਰ੍ਹਾਂ ਫ਼ਰਕ ਹੋਵੇ''।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ!

2019 ਦੀ ਪਹਿਲੀ ਤਿਮਾਹੀ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੀ ਅਰਥ ਵਿਵਸਥਾ 21.3 ਖਰਬ ਡਾਲਰ ਹੈ। ਚੀਨ ਦੀ ਅਰਥ-ਵਿਵਸਥਾ 2.9 ਖਰਬ ਡਾਲਰ ਹੈ ਅਤੇ ਇਸਦਾ ਸਥਾਨ ਵਿਸ਼ਵ ਵਿੱਚ ਪੰਜਵਾਂ ਹੈ। ਪਰ ਦੇਸ਼ ਵਿੱਚ 4.6 ਕਰੋੜ ਲੋਕ ਹਰ ਰੋਜ਼ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ।

ਇੱਕ ਵਿਚਾਰ

ਦੁਨੀਆ ਦੀ ਸਭ ਤੋਂ ਖ਼ੂਬਸੂਰਤ ਚੀਜ਼ਾਂ ਨੂੰ ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ, ਉਹਨਾ ਨੂੰ ਬੱਸ ਦਿਲ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ। ..............ਹੇਲਨ ਕੇਲਰ

-ਗੁਰਮੀਤ ਸਿੰਘ ਪਲਾਹੀ
-ਮੋਬ ਨੰ: 9815802070