ਦਿੱਲੀ ਪੁਲਿਸ ਦੇ ਸ਼ਰੇਬਜ਼ਾਰ ਅਣਮਨੁੱਖੀ ਜਬਰ ਨੇ ਇੱਕ ਵਾਰ ਫਿਰ ਕਰਵਾਇਆ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ - ਬਘੇਲ ਸਿੰਘ ਧਾਲੀਵਾਲ

ਸਮੁੱਚੇ ਇਨਸਾਫ ਪਸੰਦ ਲੋਕ ਇੱਕ ਮੰਚ ਤੇ ਇਕੱਠ ਹੋਕੇ ਕਰਨ ਭਗਵੇ ਅੱਤਵਾਦ ਦਾ ਟਾਕਰਾ

ਦਿੱਲੀ ਦੇ ਜੁਲਮਾਂ ਦੀ ਦਾਸਤਾਨ ਵਿੱਚ ਹਰ ਰੋਜ ਕੋਈ ਨਾ ਕੋਈ ਅਜਿਹਾ ਅਧਿਆਏ ਨਵਾਂ ਜੁੜ ਜਾਂਦਾ ਹੈ,ਜਿਹੜਾ ਪਿਛਲੇ ਜੁਲਮਾਂ ਤੋ ਵੱਧ ਕੇ ਹੁੰਦਾ ਹੈ,ਜਾਂ ਫਿਰ ਉਹ ਪਿਛਲੇ ਜੁਲਮਾਂ ਦੀ ਯਾਦ ਨੂੰ ਤਾਜਾ ਕਰ ਜਾਂਦਾ ਹੈ,ਜਾਂ ਬੌਨਾ ਕਰ ਜਾਂਦਾ ਹੈ।ਇਹ ਗੱਲ ਚਿੰਤਤ ਚਿੰਤਕ ਪਿਛਲੇ ਲੰਮੇ ਸਮੇ ਤੋ ਲਿਖਦੇ ਆ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਘੱਟ ਗਿਣਤੀਆਂ ਤੇ ਜੁਲਮਾਂ ਦੀ ਦਰ ਵਿੱਚ ਰਿਕਾਰਡਤੋੜ ਵਾਧਾ ਹੋ ਰਿਹਾ ਹੈ।ਇਹ ਵੀ ਖਦਸਾ ਚੋਣਾਂ ਤੋ ਪਹਿਲਾਂ ਇਨਸਾਫ ਪਸੰਦ ਲੋਕ ਅਤੇ ਚਿੰਤਕ ਜਾਹਰ ਕਰਦੇ ਰਹੇ ਹਨ ਕਿ ਜੇਕਰ ਕੇਂਦਰ ਵਿੱਚ ਦੁਵਾਰਾ ਭਾਜਪਾ ਦੀ ਸਰਕਾਰ ਬਣ ਗਈ ਤਾਂ ਇਹ ਨਸਲੀ ਹਮਲਿਆਂ ਦੀ ਦਰ ਵਿੱਚ ਹੋਰ ਵੀ ਵਾਧਾ ਹੋਵੇਗਾ।ਖਦਸਾ ਤਾਂ ਇੱਥੋ ਤੱਕ ਵੀ ਜਤਾਇਆ ਜਾਂਦਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਦੁਵਾਰਾ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਦੇਸ਼ ਅੰਦਰ ਫਿਰਕੂ ਦੰਗੇ ਹੋਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ,ਜਿਹੜੀਆਂ ਮੁਲਕ ਦੀ ਅਖੰਡਤਾ ਨੂੰ ਨਵੇਂ ਖਤਰੇ ਸਹੇੜ ਸਕਦੀਆਂ ਹਨ।ਕਿਉਕਿ ਭਾਜਪਾ ਦੇ ਏਜੰਡੇ ਵਿੱਚ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣਾ ਵੀ ਸ਼ਾਮਲ ਹੈ,ਜਿਹੜਾ ਭਾਜਪਾ ਦੇ ਨਾਗਪੁਰ ਕੇਂਦਰ ਨੇ 2022 ਤੱਕ ਬਨਾਉਣ ਦਾ ਟੀਚਾ ਮਿਥਿਆ ਹੋਇਆ ਹੈ।ਅਪਣੇ ਇਸ ਮਿਸ਼ਨ ਦੀ ਪੂਰਤੀ ਲਈ ਦੇਸ਼ ਅੰਦਰ ਨਸਲੀ ਹਮਲੇ ਕਰਵਾਉਣੇ ਉਹਨਾਂ ਦੇ ਪਰੋਗਰਾਮ ਦਾ ਹਿੱਸਾ ਹੈ।ਇਸ ਤਰਾਂ ਦੇ ਹਮਲਿਆਂ ਤੋ ਖਫਾ ਹੋਏ ਪੀੜਤ ਫਿਰਕਿਆਂ ਦੇ ਲੋਕ ਸਰਕਾਰ ਖਿਲਾਫ ਬਗਾਵਤ ਕਰਨਗੇ ਤੇ ਫਿਰ ਬਗਾਵਤੀ ਲੋਕਾਂ ਨੂੰ ਦੇਸ਼ ਧਰੋਹੀ ਗਰਦਾਨ ਕੇ ਉਹਨਾਂ ਦੀ ਨਸਕੁਸ਼ੀ ਦਾ ਰਾਹ ਪੱਧਰਾ ਕੀਤਾ ਜਾਵੇਗਾ।ਚੋਣਾਂ ਜਿੱਤਣ ਤੋਂ ਬਾਅਦ ਜਿਸਤਰਾਂ ਦੇ ਹਾਲਾਤ ਦੇਸ਼ ਵਿੱਚ ਬਣਦੇ ਜਾ ਰਹੇ ਹਨ,ਉਸ ਤੋ ਚਿੰਤਤ ਬੁੱਧੀਜੀਵੀਆਂ ਦੀ ਇਹ ਭਵਿੱਖ ਵਾਣੀ ਸੱਚ ਹੋ ਰਹੀ ਹੈ,ਜਿਸਦੇ ਬਾਰੇ ਉਹਨਾਂ ਨੇ ਚੋਣਾਂ ਤੋ ਪਹਿਲਾਂ ਖਦਸ਼ਾ ਜਾਹਰ ਕੀਤਾ ਸੀ। ਜੇਕਰ ਇਕੱਲੀ ਸਿੱਖ ਕੌਂਮ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਅੱਧੀ ਦਰਜਨ ਹਮਲੇ ਇਕੱਲੇ ਸਿੱਖਾਂ ਤੇ ਹੋਏ ਹਨ,ਜਿੰਨਾਂ ਨੂੰ ਸਿੱਖ ਕੌਂਮ ਨੇ ਗੰਭੀਰਤਾ ਨਾਲ ਨਹੀ ਲਿਆ।ਪਰੰਤੂ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੀ ਪੁਲਿਸ ਵਾਲੇ ਵਹਿਸੀ ਕਾਰਨਾਮੇ ਨੇ ਜੋ ਸੁਨੇਹਾ ਦਿੱਤਾ ਹੈ ਉਹ ਜਰੂਰ ਭੈਭੀਤ ਕਰਨ ਵਾਲਾ ਹੈ,ਕਿਉਕਿ ਦਿੱਲੀ ਦੀ ਪੁਲਿਸ ਵੱਲੋਂ ਇਸਤਰਾਂ ਦਾ ਵਿਹਾਰ ਸਿੱਖਾਂ ਨਾਲ ਕਰਨ ਦਾ ਸਿੱਧਾ ਸਪੱਸਟ ਮਤਲਬ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਅਕਾਲੀ ਦਲ ਬਾਦਲ ਦੀ ਭਾਈਵਾਲ ਪਾਰਟੀ ਹੈ ਤੇ ਅਕਾਲੀ ਦਲ ਭਾਜਪਾ ਨਾਲ ਅਪਣੇ ਰਿਸਤੇ ਨੂੰ ਨਹੁੰ ਮਾਸ ਵਾਲਾ ਰਿਸਤੇ ਤੋ ਵੀ ਉੱਪਰ ਪਤੀ ਪਤਨੀ ਵਾਲਾ ਰਿਸ਼ਤਾ ਕੂਕ ਕੂਕਕੇ ਕਹਿੰਦੇ ਰਹੇ ਹਨ,ਉਹਨਾਂ ਦੀ ਨੀਅਤ ਸਿੱਖਾਂ ਪ੍ਰਤੀ ਬੇਹੱਦ ਮਾੜੀ,ਮਾਰੂ ਤੇ ਨਫਰਤ ਵਾਲੀ ਹੈ।ਇਹ ਹੋ ਨਹੀ ਸਕਦਾ ਕਿ ਇਸ ਦਾ ਅੰਦਾਜਾ ਬਾਦਲਕਿਆਂ ਨੂੰ ਨਾ ਹੋਵੇ,ਪਰ ਉਹਨਾਂ ਵੱਲੋਂ ਅਪਣੀ ਕੌਂਮ ਤੇ ਹੁੰਦੇ ਜੁਲਮਾਂ ਨੂੰ ਦੇਖ ਕੇ ਕਬੂਤਰ ਵਾਂਗ ਅੱਖਾਂ ਮੀਚ ਲੈਣਾ,ਉਹਨਾਂ ਦੀ ਅਕ੍ਰਿਤਘਣਤਾ ਹੈ।ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭਗਵੇਂ ਅੱਤਵਾਦ ਵੱਲੋਂ ਸਿੱਖਾਂ ਤੇ ਕਰਵਾਏ ਜਾ ਰਹੇ ਨਸਲੀ ਹਮਲਿਆਂ ਦੀ ਸ਼ੋਸ਼ਲ ਮੀਡੀਏ ਤੇ ਕਰੜੀ ਨਿੰਦਾ ਅਤੇ ਬਦਨਾਮੀ ਹੋਣ ਦੇ ਬਵਜੂਦ ਵੀ ਭਾਰਤੀ ਕੱਟੜਵਾਦੀ ਤਾਕਤਾਂ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀ ਸਮਝੀ,ਸਗੋਂ ਆਏ ਦਿਨ ਕੋਈ ਨਾ ਕੋਈ ਦਿਲ ਚੀਰਵੀ ਹੋਰ ਘਟਨਾ ਸਾਹਮਣੇ ਆ ਜਾਂਦੀ ਹੈ।ਦਿੱਲੀ ਦੀ ਪੁਲਿਸ ਵੱਲੋਂ ਜੋ ਸਿੱਖ ਟੈਕਸੀ ਡਰਾਇਵਰ ਅਤੇ ਉਸ ਦੇ ਪੰਦਰਾ ਸਾਲਾ ਪੁੱਤਰ ਤੇ ਬੇਰਹਿਮੀ ਨਾਲ ਸ਼ਰੇ ਬਜਾਰ ਜੁਲਮ ਢਾਹਿਆ ਗਿਆ ਹੈ,ਉਸ ਤੋਂ ਭਵਿੱਖ ਦੀ ਚਿੰਤਾ ਹੋਰ ਵੀ ਜਿਆਦਾ ਵਧ ਗਈ ਹੈ।ਇਹਨਾਂ ਜੁਲਮਾਂ ਦਾ ਟਾਕਰਾ ਕਰਨ ਲਈ ਘੱਟ ਗਿਣਤੀਆਂ ਅਤੇ ਦਲਿਤਾਂ ਕੋਲ ਇੱਕੋ ਇੱਕ ਰਾਹ ਹੈ ਕਿ ਉਹ ਅਪਣੀ ਆਪਸੀ ਏਕਤਾ ਦੇ ਯਤਨ ਤੇਜ ਕਰਨ।ਇਸ ਤੋ ਵੀ ਪਹਿਲਾਂ ਧੜਿਆਂ ਵਿੱਚ ਵੰਡੀ ਸਿੱਖ ਕੌਂਮ ਨੂੰ ਏਕਤਾ ਦਾ ਰਾਹ ਅਖਤਿਆ ਕਰਨਾ ਪਵੇਗਾ,ਫਿਰ ਹੀ ਦੂਸਰੀਆਂ ਘੱਟ ਗਿਣਤੀਆਂ ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਵਸਦੇ ਦਲਿਤ ਭਾਈਚਾਰੇ ਨੂੰ ਨਾਲ ਲਿਆ ਜਾ ਸਕੇਗਾ।ਇਹ ਸਮਾ ਸਿਆਸਤ ਕਰਨ ਦਾ ਨਹੀ,ਸਗੋ ਅਪਣੀ ਅਪਣੀ ਹੋਂਦ ਨੂੰ ਬਚਾਉਣ ਲਈ ਗੰਭੀਰਤਾ ਅਤੇ ਇਮਾਨਦਾਰੀ ਨਾਲ ਸਿਰ ਜੋੜਨ ਦਾ ਸਮਾ ਹੈ।ਭਾਰਤ ਦੇ ਭਗਵੇਂ ਅੱਤਵਾਦ ਦੇ ਖਿਲਾਫ ਘੱਟ ਗਿਣਤੀਆਂ ਅਤੇ ਦਲਿਤ ਸਮਾਜ ਦੇ ਇਸ ਜਬਰ ਵਿਰੋਧੀ ਸੰਘਰਸ਼ ਦਾ ਸਾਥ ਹਰ ਉਹਨਾਂ ਇਨਸਾਫ ਪਸੰਦ ਲੋਕਾਂ,,ਸੰਸਥਾਵਾਂ ਅਤੇ ਸਮੁੱਚੀਆਂ ਲੋਕ ਪੱਖੀ ਜਥੇਬੰਦੀਆਂ ਨੂੰ ਵੀ ਦੇਣਾ ਹੋਵੇਗਾ,ਜਿਹੜੀਆਂ ਭਾਰਤ ਨੂੰ ਕੱਟੜਵਾਦ ਦੇ ਪੰਜੇ ਤੋ ਮੁਕਤ ਦੇਖਣਾ ਚਾਹੁੰਦੀਆਂ ਹਨ। ਫਾਸੀਵਾਦ ਦੇ ਖਿਲਾਫ ਲੜੀ ਜਾਣ ਵਾਲੀ ਇਹ ਲੜਾਈ ਕਿਸੇ ਇਕੱਲੇ ਫਿਰਕੇ ਦੀ ਨਹੀ,ਸਗੋਂ ਹੁਣ ਇਹ ਲੜਾਈ ਹਰ ਉਸ ਭਾਰਤੀ ਦੀ ਲੜਾਈ ਹੈ,ਜਿਸਨੇ ਸਮੇ ਦੇ ਹਾਣ ਦਾ ਹੋ ਕੇ ਅਜਾਦੀ ਨਾਲ ਜਿਉਣ ਦਾ ਸੁਪਨਾ ਦੇਖਿਆ ਹੋਇਆ ਹੈ।ਦਿੱਲੀ ਵਿੱਚ ਵਾਪਰੀ ਇਹ ਹੌਲਨਾਕ ਘਟਨਾ ਨੇ ਜਿੱਥੇ ਹਰ ਸਿੱਖ ਨੂੰ ਚਿੰਤਤ ਕੀਤਾ ਹੈ,ਓਥੇ ਦਿੱਲੀ ਦੇ ਸਿੱਖਾਂ ਦੀ ਬਹਾਦਰੀ ਅਤੇ ਇੱਕ ਜੁੱਟਤਾ ਦੇਖ ਕੇ ਮਨ ਨੂੰ ਸਕੂਨ ਵੀ ਮਿਲਿਆ ਹੈ ਤੇ ਪੰਜਾਬ ਦੇ ਸਿੱਖਾਂ ਨੂੰ ਇਹ ਨਸੀਹਤ ਵੀ ਮਿਲੀ ਹੋਵੇਗੀ ਕਿ ਜੇਕਰ ਦਿੱਲੀ ਦੇ ਸਿੱਖ ਅਪਣੇ ਭਾਈਚਾਰੇ ਤੇ ਹੁੰਦੇ ਜਬਰ ਜੁਲਮ ਖਿਲਾਫ ਇੱਕ ਜੁੱਟਤਾ ਨਾਲ ਮੈਦਾਨ ਵਿੱਚ ਨਿੱਤਰ ਸਕਦੇ ਹਨ,ਤਾਂ ਪੰਜਾਬ ਦੇ ਵੱਖ ਵੱਖ ਦਲਾਂ ਦੀ ਦਲਦਲ ਵਿੱਚ ਧਸੇ ਸਿੱਖਾਂ ਨੂੰ ਵੀ ਇਹ ਸਮਝ ਆ ਜਾਂਣੀ ਚਾਹੀਦੀ ਹੈ ਕਿ ਹਿਟਲਰ ਦੇ ਭਗਵੇਂ ਉਪਾਸਕਾਂ  ਦਾ ਮੁਕਾਬਲਾ ਕਰਨ ਲਈ ਕੌਮੀ ਏਕਤਾ ਹੀ ਇੱਕੋ ਇੱਕ ਰਾਹ ਹੈ,ਜੇ ਕਰ ਹੁਣ ਵੀ ਦਿੱਲੀ ਦੇ ਰਹਿਮੋ ਕਰਮ ਤੇ ਸੂਬੇ ਦੀ ਸੂਬੇਦਾਰੀ ਦੀ ਝਾਕ ਸਿੱਖ ਆਗੂਆਂ ਦੇ ਮਨ ਵਿੱਚ ਕਿਤੇ ਨਾ ਕਿਤੇ ਅੰਗੜਾਈ ਭਰ ਰਹੀ ਹੈ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਜਭਾਗ ਹੱਸਦੇ ਵਸਦੇ ਪੰਜਾਬ ਤੇ ਹੀ ਕੀਤਾ ਜਾ ਸਕੇਗਾ,ਬੰਜਰ,ਬੀਆਵਾਨ ਅਤੇ ਸਿਵਿਆਂ ਦੀ ਰਾਖ ਹੋਏ ਪੰਜਾਬ ਤੇ ਰਾਜ ਕਰਨ ਦੀ ਝਾਕ ਲਾਉਣ ਵਾਲੇ ਆਗੂਆਂ ਨੂੰ ਪੜਿਆ ਵਿਚਾਰ ਲੈਣਾ ਚਾਹੀਦਾ ਹੈ,ਕਿ ਜੇਕਰ ਇਤਿਹਾਸ ਨੇ ਤੇਜੇ,ਪਹਾੜੇ,ਲਾਲੇ,ਗੁਲਾਬੇ ਤੇ ਧਿਆਨੇ ਵਰਗਿਆਂ ਦੇ ਵਿਸ਼ਵਾਸਘਾਤੀ ਕਿਰਦਾਰ ਨੂੰ ਅਪਣੇ ਕਾਲੇ ਪੰਨਿਆਂ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਤਾਂ ਮੌਜੂਦਾ ਸਿੱਖ ਆਗੂਆਂ ਦੀ ਕੌਮ ਧਰੋਹੀ ਦਾ ਹਿਸਾਬ ਵੀ ਇਤਿਹਾਸ ਦੇ ਉਹਨਾਂ ਸ਼ਾਹ ਕਾਲੇ ਪੰਨਿਆਂ ਤੇ ਹੀ ਅੰਕਤ ਹੋਵੇਗਾ,ਜਿਸ ਨੂੰ ਪੜ ਕੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਸ਼ਰਮਸਾਰ ਹੋਇਆ ਕਰਨਗੀਆਂ।

ਬਘੇਲ ਸਿੰਘ ਧਾਲੀਵਾਲ
99142-58142