ਸਮਾਜਿਕ ਮੁੱਦਿਆ ਦੀ ਕਾਮੇਡੀ ਭਰਪੂਰ ਫਿਲਮ...'ਮੁੰਡਾ ਹੀ ਚਾਹੀਦਾ' - ਹਰਜਿੰਦਰ ਸਿੰਘ ਜਵੰਧਾ

ਨੀਰੂ ਬਾਜਵਾ ਨੇ ਬਤੌਰ ਨਿਰਮਾਤਾ ਆਪਣੀਆਂ ਫਿਲਮਾਂ ਦੇ ਵਿਸ਼ੇ ਅਤੇ ਨਾਂ ਹਮੇਸਾਂ ਹੀ ਆਮ ਫਿਲਮਾਂ ਤੋਂ ਹਟਕੇ ਰੱਖੇ ਹਨ। 12 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਉਸਦੀ ਨਵੀਂ ਫਿਲਮ 'ਮੁੰਡਾ ਹੀ ਚਾਹੀਦਾ' ਜਦ ਅਨਾਊਂਸ ਹੋਈ ਸੀ ਤਾਂ ਪੰਜਾਬੀ ਸਿਨਮੇ ਨਾਲ ਜੁੜੇ ਹਰੇਕ ਬੰਦੇ ਨੂੰ ਹੈਰਾਨੀ ਹੋਈ ਕਿ ਹੈਂ ਆਹ ਕੀ ਨਾਂ ਹੋਇਆ? ਫਿਰ ਜਦ ਹੀਰੋ-ਹੀਰੋਇਨ ਦੀ ਗਰਭ ਧਾਰਨ ਅਵੱਸਥਾ ਦਰਸਾਉਂਦਾ ਇਸ ਫ਼ਿਲਮ ਦਾ ਫਸਟਲੁੱਕ ਪੋਸਟਰ ਰਿਲੀਜ਼ ਹੋਇਆ ਤਾਂ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਤੇ ਸੱਭ ਨੇ ਸੋਚਿਆ ਕਿ ਹੁਣ ਆਹੀ-ਕੁਝ ਰਹਿ ਗਿਆ ਸੀ ਪੰਜਾਬੀ ਸਿਨਮੇ ਲਈ੩੩੩..?
ਸਿਨੇਮਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਵੀ ਜੁੜਿਆ ਹੋਇਆ ਹੈ। 'ਬੇਟੀ ਬਚਾਓ-ਬੇਟੀ ਪੜਾਓ' ਦਾ ਨਾਅਰਾ ਤਾਂ ਅੱਜ ਹਰ ਕੋਈ ਲਾਉਂਦਾ ਹੈ ਪਰ ਅਮਲ ਕੋਈ ਨਹੀਂ ਕਰਦਾ। ਇਹ ਦੁਨਿਆਵੀਂ ਸੱਚਾਈ ਹੈ ਕਿ ਹਰ ਸੱਸ ਨੂੰ ਆਪਣੀ ਨੂੰੰਹ ਤੋਂ 'ਮੁੰਡਾ ਹੀ ਚਾਹੀਦਾ' ਹੈ। ਹੁਣ ਇਸੇ ਵਿਸ਼ੇ ਨੂੰ ਮੁੱਖ ਰੱਖਕੇ ਨਿਰਮਾਤਰੀ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੀ ਹੈ ਜਿਸਦਾ ਨਾਂ ਵੀ ਇਹੋ ਹੈ 'ਮੁੰਡਾ ਹੀ ਚਾਹੀਦਾ '।
ਨੀਰੂ ਬਾਜਵਾ ਇੰਟਰਟੇਨਮੇਂਟ ਅਤੇ ਸ੍ਰੀ ਨਰੋਤਮਜੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਨਿਰਮਾਤਾ ਟੀਮ ਵਿੱਚ ਨੀਰੂ ਬਾਜਵਾ, ਅੰਕਿਤ ਵਿਜ਼ਨ, ਨਵਦੀਪ ਨਰੂਲਾ, ਗੁਰਜੀਤ ਸਿੰਘਅਤੇ ਸੰਤੋਸ਼ ਸੁਭਾਸ ਥੀਟੇ  ਦੇ ਨਾਂ ਹਨ। ਜ਼ਿਕਰਯੋਗ ਹੈ ਕਿ ਇਹ ਫਿਲਮ 'ਮੁੰਡਾ ਕੁੜੀ ਜੰਮਣ ਦੇ ਫ਼ਰਕ ਨੂੰ ਲੈ ਕੇ ਭਰੂਣ ਹੱਤਿਆ ਵਰਗੇ ਸਮਾਜਿਕ ਕਲੰਕ ਦੇ ਖਿਲਾਫ਼ ਬੋਲਦੀ ਹੈ ਜੋ ਇਨ੍ਹਾਂ ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਜਾਗੂਰਕ ਕਰੇਗੀ। ਇਸ ਫਿਲਮ ਵਿੱਚ ਰੂਬੀਨਾ ਬਾਜਵਾ ਤੇ ਹਰੀਸ਼ ਵਰਮਾ ਅਜੀਬੋ ਗਰੀਬ ਕਿਰਦਾਰਾਂ 'ਚ ਨਜ਼ਰ  ਆਉਣਗੇ ਜੋ ਕਾਮੇਡੀ ਦੇ ਮਾਹੌਲ 'ਚ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰੇਗੀ। ਵੇਖਦੇ ਹਾਂ ਟੈਸਟ ਟਿਊਬ ਬੇਬੀ ਵਿਧੀ ਹਰੀਸ਼ ਵਰਮਾ ਜਿਹੇ ਕਲਾਕਾਰੀ ਮਰਦ ਲਈ ਕਿੰਨੀਂ ਕੁ ਸਫ਼ਲ ਸਿੱਧ ਹੁੰਦੀ ਹੈ। ਫਿਲਮ ਦੀ ਟੈਗ ਲਾਇਨ ' ਮੁੰਡਾ ਹੀ ਚਾਹੀਦਾ ਤਾਂ ਆਪੇ ਜੰਮੋ' ਵੀ ਬਹੁਤ ਵੱਡੀ ਗੱਲ ਕਹਿੰਦੀ ਹੈ।
      ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਸੰਤੋਸ਼ ਸੁਭਾਸ਼ ਥੀਟੇ ਹੈ। ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ। ਫ਼ਿਲਮ ਵਿੱਚ ਰੁਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ,ਜਤਿੰਦਰ ਕੌਰ, ਸੀਮਾ ਕੌਸ਼ਲ, ਰਾਜ ਧਾਲੀਵਾਲ,ਹਨੀ ਮੱਟੂ,ਜੱਗੀ ਧੂਰੀ,ਰਵਿੰਦਰ ਮੰਡ,ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ, ਗੁਰਚਰਨ ਸਿੰਘ ਨੇ ਦਿੱਤਾ ਹੈ। ਗੀਤ ਹਰਮਨਜੀਤ,ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ।  ਇਹ ਫਿਲਮ 12 ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੁਆਏਜ਼ ਵਲੋਂ ਦੇਸ਼ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।