ਡੇਢ-ਕੁ ਵਰ੍ਹੇ ਬਾਅਦ ਅਕਾਲੀ ਦਲ ਸੌ ਵਰ੍ਹਿਆਂ ਦਾ ਹੋਣ ਜਾ ਰਿਹੈ!  - ਜਸਵੰਤ ਸਿੰਘ 'ਅਜੀਤ'

ਲਗਭਗ ਡੇਢ ਵਰ੍ਹੇ ਬਾਅਦ, ਅਰਥਾਤ 24 ਜਨਵਰੀ 2021 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਇਆਂ ਸੌ (100) ਵਰ੍ਹੇ ਪੂਰੇ ਹੋਣ ਜਾ ਰਹੇ ਹਨ। ਅਜਿਹੇ ਸਮੇਂ ਅਕਾਲੀ ਦਲ ਦੀ ਸਥਾਪਨਾ ਨੂੰ ਲੈ ਕੇ, ਉਸਦੇ ਬੀਤੇ ਇਤਿਹਾਸ ਪੁਰ ਇੱਕ ਉਚਟਦੀ ਨਜ਼ਰ ਮਾਰ ਲੈਣਾ ਗਲਤ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਇਤਿਹਾਸ ਦੇ ਅਨੁਸਾਰ ਜਦੋਂ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅਰੰਭ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਤਾਂ ਉਸ ਸਮੇਂ ਉਸਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਤਾਂ ਉਸ ਸਮੇਂ ਉਸ ਵਿਚ ਇਕ ਤਾਂ ਇਹ ਗਲ ਨਿਸ਼ਚਿਤ ਕੀਤੀ ਗਈ ਕਿ ਇਹ ਜਥੇਬੰਦੀ ਗੁਰਧਾਮਾਂ ਵਿਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ ਅਤੇ ਦੂਸਰੀ ਗਲ ਇਹ ਕਿ ਇਸ ਦਾ ਸੰਗਠਨ ਪੂਰਣ-ਰੂਪ ਵਿਚ ਲੋਕਤਾਂਤ੍ਰਿਕ ਮਾਨਤਾਵਾਂ ਦੇ ਆਧਾਰ ਤੇ ਹੀ ਕੀਤਾ ਜਾਇਗਾ। ਸੰਵਿਧਾਨ ਵਿੱਚ ਇਸਨੂੰ ਹੋਂਦ ਵਿੱਚ ਲਿਆਉਣ ਦਾ ਮੁਖ ਮੰਤਵ, 'ਗੁਰਮਤਿ ਤੇ ਰਹਿਤ ਮਰਿਆਦਾ ਦਾ ਪ੍ਰਚਾਰ ਕਰਨ ਦੇ ਨਾਲ ਹੀ ਨਾਸਤਕਤਾ ਦੇ ਨਾਸ਼ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਅਤੇ ਸੇਵਾ-ਸੰਭਾਲ ਲਈ ਉਦਮ ਕਰਨਾ', ਮਿਥਿਆ ਗਿਆ।

ਸ਼੍ਰੋਮਣੀ ਅਕਾਲੀ ਦਲ ਦਾ ਸੰਗਠਨ : ਇਸਦੇ ਸੰਗਠਨ ਦੇ ਗਠਨ / ਪੁਨਰਗਠਨ ਦੇ ਲਈ, ਸਭ ਤੋਂ ਪਹਿਲਾਂ ਭਰਤੀ ਕੀਤੀ ਜਾਂਦੀ, ਫਿਰ ਭਰਤੀ ਰਾਹੀਂ ਬਣੇ ਮੈਂਬਰਾਂ ਵਲੋਂ ਆਪੋ-ਆਪਣੇ ਇਲਾਕੇ ਦੇ ਜਥਿਆਂ ਦਾ ਗਠਨ ਕੀਤਾ ਜਾਂਦਾ। ਇਲਾਕਿਆਂ ਦੇ ਜਥਿਆਂ ਦੇ ਪ੍ਰਤੀਨਿਧੀ ਮਿਲ-ਬੈਠ ਕੇ ਸ਼ਹਿਰੀ ਜਥੇ ਬਣਾਉਂਦੇ ਅਤੇ ਸ਼ਹਿਰੀ ਜਥਿਆਂ ਦੇ ਪ੍ਰਤੀਨਿਧੀ ਜ਼ਿਲਾ ਜਥੇ ਕਾਇਮ ਕਰਦੇ। ਉਨ੍ਹਾਂ ਜ਼ਿਲਾ ਜਥਿਆਂ ਦੇ ਪ੍ਰਤੀਨਿਧੀ ਪ੍ਰਾਂਤਕ ਜਥਿਆਂ ਦੇ ਗਠਨ ਦਾ ਆਧਾਰ ਬਣਦੇ ਸਨ। ਇਲਾਕਾਈ ਜਥਿਆਂ ਦੇ ਗਠਨ ਤੋਂ ਲੈ ਕੇ ਕੇਂਦਰੀ ਸੰਗਠਨ ਦੇ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਦੀ ਚੋਣ ਦੀ ਸਾਰੀ ਪ੍ਰਕ੍ਰਿਆ ਲੋਕਤਾਂਤ੍ਰਿਕ ਮਾਨਤਾਵਾਂ ਦਾ ਪਾਲਣ ਕਰਦਿਆਂ ਪੂਰੀ ਕੀਤੀ ਜਾਂਦੀ ਸੀ। ਕਿਸੇ ਵੀ ਪੱਧਰ ਤੇ ਨਾਮਜ਼ਦਗੀ ਨਹੀਂ ਸੀ ਕੀਤੀ ਜਾਂਦੀ। ਇਸਤਰ੍ਹਾਂ ਬਣਿਆ ਸੰਗਠਨ ਦਾ ਸਰੂਪ, ਸਮੁਚੇ ਪੰਥ ਨੂੰ ਪ੍ਰਵਾਨ ਹੁੰਦਾ ਸੀ। ਉਸ ਸਮੇਂ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ ਇਲਾਕਾਈ ਜਥੇ ਦੇ ਪ੍ਰਧਾਨ ਤਕ, ਕਿਸੇ ਵਿਅਕਤੀ-ਵਿਸ਼ੇਸ਼ ਦੇ ਨਹੀਂ, ਸਗੋਂ ਸਮੁਚੇ ਪੰਥ ਦੇ ਪ੍ਰਤੀ ਜਵਾਬ-ਦੇਹ ਹੁੰਦੇ ਸਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਮੁਖੀ ਪੰਥ ਸਾਹਮਣੇ ਜਵਾਬ-ਦੇਹ ਹੁੰਦਾ ਸੀ, ਜਿਸ ਕਾਰਣ ਉਹ ਪੰਥ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਸੀ।
ਜਦੋਂ ਸ਼੍ਰੌਮਣੀ ਅਕਾਲੀ ਦਲ ਨੇ ਆਮ ਸਿੱਖਾਂ ਦਾ ਵਿਸ਼ਵਾਸ ਜਿੱਤ ਪੰਥਕ ਹਿੱਤ ਵਿੱਚ ਮੋਰਚੇ ਲਾਏ ਅਤੇ ਇਨ੍ਹਾਂ ਮੋਰਚਿਆਂ ਵਿੱਚ ਸਿੱਖਾਂ ਨੇ ਬਿਨਾਂ ਕਿਸੇ ਲੋਭ ਲਾਲਚ ਦੇ ਸ਼ਾਮਲ ਹੋ ਉਸਦੀ ਸ਼ਕਤੀ ਵਿੱਚ ਹੋ ਰਹੇ ਵਾਧੇ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਇਸ ਸ਼ਕਤੀ ਦੀ ਵਰਤੋਂ ਆਪਣੇ ਹਿੱਤ ਵਿੱਚ ਕਰਨ ਦੇ ਸੁਆਰਥ ਦੀ ਭਾਵਨਾ ਨੇ ਅਖੌਤੀ ਪੰਥਕ ਆਗੂਆਂ ਵਿਚ ਜ਼ੋਰ ਪਕੜਨਾ ਸ਼ੁਰੂ ਕੀਤਾ ਤੇ ਇਸ ਲੋਕ ਸ਼ਕਤੀ ਦੇ ਸਹਾਰੇ ਉਨ੍ਹਾਂ ਦੇ ਦਿਲ ਵਿਚ ਸੱਤਾ ਲਾਲਸਾ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ। ਫਲਸਰੂਪ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿਜੀ ਜਗੀਰ ਸਮਝਣ ਲਗ ਪਏ। ਨਤੀਜਾ ਇਹ ਹੋਇਆ ਕਿ ਆਹਿਸਤਾ-ਆਹਿਸਤਾ ਸ਼੍ਰੋਮਣੀ ਅਕਾਲੀ ਦਲ ਵਿਚ ਲੋਕਤਾਂਤ੍ਰਿਕ ਪ੍ਰਕ੍ਰਿਆ ਪੁਰ ਅਮਲ ਕੀਤਾ ਜਾਣਾ ਬੰਦ ਹੋਣਾ ਸ਼ੁਰੂ ਹੋ ਗਿਆ। ਇਸਤਰ੍ਹਾਂ ਜਦੋਂ ਦਲ ਪੁਰ ਵਿਅਕਤੀ-ਵਿਸ਼ੇਸ਼ ਦੀ ਸੱਤਾ ਕਾਇਮ ਹੋਣ ਲਗੀ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਵਿਚ ਟੁਟ-ਭਜ ਵੀ ਹੋਣ ਲਗ ਪਈ। ਅਕਾਲੀ ਦਲਾਂ ਦੇ ਨਾਂ ਦੇ ਨਾਲ ਸੰਤ, ਮਾਸਟਰ, ਸੰਤ, ਲੌਂਗੋਵਾਲ, ਬਰਨਾਲਾ, ਮਾਨ ਅਤੇ ਬਾਦਲ ਆਦਿ ਦੇ ਨਾਂ ਜੁੜਨ ਲਗ ਪਏ। ਨਤੀਜੇ ਵਜੋਂ ਇਕ ਤੋਂ ਬਾਅਦ ਇਕ ਕਰ ਨਵੇਂ ਤੋਂ ਨਵੇਂ ਅਕਾਲੀ ਦਲ ਹੋਂਦ ਵਿੱਚ ਆਉਂਦੇ ਗਏ। ਜਿਸਤਰ੍ਹਾਂ ਇਨ੍ਹਾਂ ਅਕਾਲੀ ਦਲਾਂ ਦੇ ਨਾਂ ਨਾਲ ਨਿਜੀ ਵਿਅਕਤੀਆਂ ਦੇ ਨਾਂ ਜੁੜਨ ਲਗੇ, ਉਸ ਨਾਲ ਇਹ ਅਕਾਲੀ ਦਲ ਸਮੁਚੇ ਪੰਥ ਦੇ ਪ੍ਰਤੀਨਿਧ ਨਾ ਰਹਿ ਕੇ 'ਪ੍ਰਾਈਵੇਟ ਲਿ. ਕੰਪਨੀਆਂ' ਬਣਨ ਲਗ ਪਏ। ਜੋ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਂ ਦੂਜੇ ਸਬਦਾਂ ਵਿਚ ਪ੍ਰਾਈਵੇਟ ਲਿ. ਕੰਪਨੀ ਦਾ ਚੇਅਰਮੈਨ ਹੁੰਦਾ, ਉਹ ਨਾ ਕੇਵਲ ਆਪਣੀ ਵਰਕਿੰਗ ਕਮੇਟੀ (ਬੋਰਡ ਆਫ ਡਾਇਰੈਕਟਰਸ) ਦਾ ਆਪ ਹੀ ਗਠਨ ਕਰਦਾ, ਸਗੋਂ ਉਪਰ ਤੋਂ ਹੇਠਾਂ ਤਕ ਦੀਆਂ ਨਿਯੁਕਤੀਆਂ ਵੀ ਉਹ ਆਪਣੀ ਇੱਛਾ-ਅਨੁਸਾਰ ਤੇ ਵਫਾਦਾਰੀ ਦੇ ਆਧਾਰ ਤੇ ਹੀ ਕਰਦਾ।
ਅਜ ਸਿੱਖਾਂ ਦੀਆਂ ਵਡੀਆਂ ਧਾਰਮਕ ਸੰਸਥਾਵਾਂ ਪੁਰ ਅਕਾਲੀ ਦਲਾਂ ਦੀ ਹੀ ਸੱਤਾ ਕਾਇਮ ਹੈ। ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧਕੀ ਢਾਂਚਾ ਜਿਸਤਰ੍ਹਾਂ ਦਾ ਕੰਮ ਕਰ ਰਿਹਾ ਹੈ, ਉਸਦੀ ਘੋਖ ਕੀਤਿਆਂ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਵਡੀਆਂ ਧਾਰਮਕ ਸਮਸਥਾਵਾਂ ਵਿਚ ਭਰਿਸ਼ਟਾਚਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਜ਼ਾਬਤਾ ਦੰਮ ਤੋੜਦਾ ਵਿਖਾਈ ਦੇ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲਾਂ ਦੇ ਮੁਖੀਆਂ ਨੇ ਧਾਰਮਕ ਮਰਿਆਦਾਵਾਂ ਦੇ ਪਾਲਣ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਦੇਣ ਪ੍ਰਤੀ ਜ਼ਿਮੇਂਦਾਰੀ ਨਿਭਾਉਣ ਦੀ ਬਜਾਏ, ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤੀ ਵਿਚ ਸਥਾਪਤ ਹੋਣ ਲਈ ਪੌੜੀ ਵਜੋਂ ਇਸਤੇਮਾਲ ਕਰਨ ਦੇ ਉਦੇਸ਼ ਨਾਲ ਹੀ, ਇਨ੍ਹਾਂ ਦੀ ਸੱਤਾ ਪੁਰ ਆਪਣਾ ਕਬਜ਼ਾ ਕਾਇਮ ਕਰਨ ਅਤੇ ਕਾਇਮ ਰਖਣ ਲਈ ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹਥਕੰਡੇ ਅਪਨਾਉਣੇ ਸ਼ੁਰੂ ਕਰ ਦਿਤੇ ਹਨ। ਮੈਂਬਰਾਂ ਦਾ ਸਹਿਯੋਗ ਅਤੇ ਸਮਰਥਨ ਪ੍ਰਾਪਤ ਕਰੀ ਰਖਣ ਲਈ, ਉਨ੍ਹਾਂ ਦੇ ਸਾਹਮਣੇ ਗੋਡੇ ਟੇਕੇ ਜਾਣ ਲਗੇ ਹਨ। ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਣ ਲਈ ਤਤਪਰ ਹੋ ਗਏ ਹੋਏ ਹਨ। ਉਹ ਆਪਣਾ ਸਹਿਯੋਗ ਤੇ ਸਮਰਥਨ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ ਲਗੇ ਹਨ।
ਇਸ ਸਥਿਤੀ ਦੇ ਸੰਬੰਧ ਵਿਚ ਜਦੋਂ ਕੁਝ ਬਜ਼ੁਰਗ ਤੇ ਟਕਸਾਲੀ ਆਗੂਆਂ ਨਾਲ ਗਲ ਕੀਤੀ ਤਾਂ ਉਨ੍ਹਾਂ ਬੜੇ ਹੀ ਦੁਖ ਭਰੇ ਲਹਿਜੇ ਵਿੱਚ ਕਿਹਾ ਕਿ ਅਸਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਗੇ ਮੋਰਚਿਆਂ ਵਿਚ ਸ਼ਾਮਲ ਹੋ ਕੁਰਬਾਨੀਆਂ ਇਸ ਕਰਕੇ ਨਹੀਂ ਸੀ ਦਿਤੀਆਂ, ਕਿ ਇਹ ਪੰਥਕ-ਜਥੇਬੰਦੀ ਗ਼ੈਰ-ਪੰਥਕਾਂ ਦੇ ਹਵਾਲੇ ਕਰ ਦਿਤੀ ਜਾਏ, ਇਸ ਪੁਰ ਉਹ ਵਿਅਕਤੀ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ਵਿਚ ਪੰਥ ਦੀ ਸੇਵਾ ਕਰਨ, ਗੁਰਧਾਮਾਂ ਦੀ ਪਵਿਤ੍ਰਤਾ ਕਾਇਮ ਰਖਣ ਅਤੇ ਧਾਰਮਕ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਰਤੀ ਭਰ ਵੀ ਭਾਵਨਾ ਨਾ ਹੋਵੇ। ਉਹ ਕੇਵਲ ਆਪਣੀ ਰਾਜਸੀ ਲਾਲਸਾ ਨੂੰ ਹੀ ਪੂਰਿਆਂ ਕਰਨ ਲਈ ਇਸ ਜਥੇਬੰਦੀ ਦੇ ਨਾਂ ਦੀ ਵਰਤੋਂ ਕਰ ਲਗ ਪੈਣ।

...ਅਤੇ ਅੰਤ ਵਿਚ : ਗਲਬਾਤ ਵਿੱਚ ਇਕ ਹੋਰ ਸਜਣ ਨੇ ਤਾਂ ਇਹ ਕਹਿਣੋਂ ਵੀ ਸੰਕੋਚ ਨਹੀਂ ਕੀਤਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀ ਦਲ ਦੀਆਂ ਕੁਰਬਾਨੀਆਂ ਅਤੇ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਦੇ ਸਾਰੇ ਅਕਾਲੀ ਦਲ ਹੀ ਨਿਜੀ ਦੁਕਾਨਾਂ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਕੇ ਰਹਿ ਗਏ ਹੋਏ ਹਨ। ਉਸਨੇ ਅੱਖਾਂ ਵਿਚ ਹੰਝੂ ਭਰ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ਿਆਂ ਤੇ 'ਸ਼੍ਰੋਮਣੀ ਅਕਾਲੀ ਦਲ' ਦੇ ਨਾਂ ਨਾਲ ਇਨ੍ਹਾਂ ਦੇ 'ਮਾਲਕਾਂ' ਦੇ ਨਾਂ ਲਿਖੇ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਹੀ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਸ਼੍ਰੌਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਦਾ ਸਨਮਾਨ ਕਰਦਿਆਂ, ਇਸਦੇ ਝੰਡੇ ਹੇਠ ਲਾਏ ਗਏ ਮੋਰਚਿਆਂ ਵਿਚ ਵਧ-ਚੜ੍ਹ ਕੇ ਹਿਸਾ ਲਿਆ ਸੀ ਤੇ ਕੁਰਬਾਨੀਆਂ ਕੀਤੀਆਂ ਸਨ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿਚ ਇਸਦੀ ਮੁਖ ਭੁਮਿਕਾ ਹੋਵੇਗੀ। ਜਿਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਸ਼੍ਰੌਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਗੁਰਧਾਮਾਂ ਦੀ ਮਰਿਆਦਾ, ਪਰੰਪਰਾ ਅਤੇ ਪਵਿਤ੍ਰਤਾ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿਚ ਵੀ ਇਹ ਖਿਆਲ ਨਹੀਂ ਆਇਆ ਹੋਵੇਗਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ, ਅਖੌਤੀ ਅਕਾਲੀ ਆਗੂਆਂ ਵਲੋਂ ਆਪਣੀ ਰਾਜਸੀ ਸੱਤਾ ਦੀ ਲਾਲਸਾ ਪੂਰੀ ਕੀਤੀ ਜਾਣ ਲਗ ਪਿਆ ਕਰੇਗੀ ਤੇ ਸ਼੍ਰੌਮਣੀ ਅਕਾਲੀ ਦਲ ਦੇ ਉਨ੍ਹਾਂ ਮੰਤਵਾਂ ਅਤੇ ਆਦਰਸ਼ਾਂ ਵਲੋਂ ਮੂੰਹ ਮੋੜ ਲਿਆ ਜਾਇਗਾ, ਜਿਨ੍ਹਾਂ ਨੂੰ ਮੁਖ ਰਖ ਕੇ ਇਸਦੀ ਸਥਾਪਨਾ ਅਤੇ ਜਿਨ੍ਹਾਂ ਨਾਲ ਨਿਭਣ ਦੀ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਸੀ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085