ਮਸਲਾ-ਏ-ਖੋਜ - ਇੱਕ ਮਰਨ ਕਿਨਾਰੇ ਪਏ ਵਿਦਵਾਨ ਨਾਲ ਮੁਲਾਕਾਤ !  - ਬੁੱਧ ਸਿੰਘ ਨੀਲੋਂ

ਉਚੇਰੀ ਸਿੱਖਿਆ ਦੇ ਖੇਤਰ ਵਿਚ ਕਿਵੇਂ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ ? ਕਿਵੇਂ ਯੂਨੀਵਰਸਿਟੀਆਂ 'ਚ ਇਹ ਸਭ ਕੁਝ 'ਵਿਦਵਾਨਾਂ' ਦੇ ਨੱਕ ਥੱਲੇ ਹੁੰਦਾ ਹੈ, ਇਸ ਸਬੰਧ ਵਿਚ ਮੇਰੀ ਇੱਕ ਮਰਨ ਕਿਨਾਰੇ ਪਏ ਵਿਦਵਾਨ ਨਾਲ ਗੱਲਬਾਤ ਹੋਈ, ਜਿਹੜੇ ਯੂਨੀਵਰਸਿਟੀ ਵਿੱਚੋਂ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਉਸ ਦੇ ਕੁੱਝ ਅਹਿਮ ਅੰਸ਼ -
      -'' ਡਾਕਟਰ ਸਾਹਿਬ ਤਾਂ ਆਹ ਐਮ.ਫ਼ਿਲ. ਤੇ ਪੀਐੱਚ. ਡੀ. ਦਾ ਰਾਜ ਤਾਂ ਦੱਸ ਦਿਉ, ਕਿਵੇਂ ਖੋਜਾਰਥੀ ਨਕਲ ਮਾਰ ਕੇ ਥੀਸਿਸ ਯੂਨੀਵਰਸਿਟੀਆਂ ਵਿਚ ਜਮਾਂ ਕਰਵਾਈ ਜਾ ਰਹੇ ਹਨ ਤੇ ਡਿਗਰੀਆਂ ਲੈ ਕੇ ਨੌਕਰੀਆਂ ਲਈ ਜਾਂਦੇ ਨੇ ?''
      ਮੇਰੀ ਗੱਲ ਸੁਣ ਕੇ ਉਹ ਥੋੜਾ ਜਿਹਾ ਗੰਭੀਰ ਹੋ ਗਏ। ਫੇਰ ਆਖਣ ਲੱਗੇ -
       “ ਬੇਟਾ ......... ਕੀ ਦੱਸਾਂ .. ਸੱਚ ਦੱਸਦਾਂ ਤਾਂ ਆਪਣਾ ਢਿੱਡ ਨੰਗਾ ਹੁੰਦਾ । ਝੂਠ ਬੋਲਦਾ ਹਾਂ ਤਾਂ ਆਪਣੇ ਆਪ ਅੱਗੇ ਨੀਵਾਂ ਹੁੰਦਾ। ਸਮਝ ਨਹੀਂ ਆਉਦੀ ਤੇਰੇ ਇਸ ਸਵਾਲ ਦਾ ਕੀ ਉਤਰ ਦਿਆਂ?''
       ਉਹ ਮੱਥੇ 'ਤੇ ਹੱਥ ਰੱਖ ਕੇ ਸੋਚੀਂ ਪੈ ਗਏ, ਮੈਨੂੰ ਉਨਾਂ ਦੀ ਇਸ ਤਰਾਂ ਦੀ ਹਾਲਤ ਵੇਖ ਕੇ ਆਪਣੇ ਆਪ ਉਤੇ ਗੁੱਸਾ ਵੀ ਆਇਆ ਕਿ ਮੈਂ ਡਾਕਟਰ ਸਾਹਿਬ ਨੂੰ ਇਹ ਕੀ ਸਵਾਲ ਕਰ ਬੈਠਾ ਪਰ ਮੈਂ ਫਿਰ ਥੋੜਾ ਜਿਹਾ ਗੰਭੀਰਤਾ ਨਾਲ ਗੱਲ ਕਰਦਿਆਂ ਕਿਹਾ-
    - '' ਡਾਕਟਰ ਸਾਹਿਬ ਹੁਣ ਤਾਂ ਤੁਸੀਂ ਸੇਵਾ ਮੁਕਤ ਹੋ, ਤੁਹਾਡੇ 'ਤੇ ਕਿਸੇ ਯੂਨੀਵਰਸਿਟੀ ਦਾ ਕੋਈ ਦਬਾਅ ਨਹੀਂ ਤੁਹਾਡਾ ਹੁਣ ਕੋਈ ਕੁੱਝ ਵਿਗਾੜ ਵੀ ਨਹੀਂ ਸਕਦਾ । ਹੁਣ ਤਾਂ ਉਹ ਦਿਨ ਵੀ ਪਤਾ ਨਹੀਂ ਕਦੋਂ ਆ ਜਾਵੇ, ਜਦੋਂ ਤੁਸੀਂ ਇਹ ਸਾਰਾ ਸੱਚ ਅੰਦਰ ਹੀ ਲੈ ਕੇ ਇਸ ਦੁਨੀਆਂ ਤੋਂ ਤੁਰ ਜਾਵੋ ਪਰ ਮੇਰੇ ਮਨ 'ਤੇ ਭਾਰ ਰਹੇਗਾ ਕਿ ਮੈਂ ਇਹ ਸੱਚ ਕਿਉਂ ਨਹੀਂ ਬਾਹਰ ਕਢਾ ਸਕਿਆ ਪਰ ਤੁਸੀਂ ''?
        ਇਕ ਵਾਰ ਡਾਕਟਰ ਸਾਹਿਬ ਨੇ ਮੇਰੇ ਵੱਲ ਇਉਂ ਦੇਖਿਆ ਜਿਵੇਂ ਉਹ ਕਟਹਿਰੇ ਵਿਚ ਖੜੇ ਹੋਣ। ਉਨਾਂ ਦੀ ਬੇਵਸੀ ਤਸਵੀਰ ਉਨ੍ਹਾਂ ਦੇ ਚਿਹਰੇ ਉਤੇ ਝਲਕ ਰਹੀ ਸੀ। ਉਹ ਆਪਣੀ ਗੱਲ ਤਾਂ ਦੱਸਣੀ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਸਹੀ ਸ਼ਬਦ ਨਹੀਂ ਸੀ ਲੱਭ ਰਹੇ ਜਾਂ ਫਿਰ ਉਹ ਇਸ ਸੱਚ ਨੂੰ ਨੰਗਾ ਨਹੀਂ ਸੀ ਕਰਨਾ ਚਾਹੁੰਦੇ । ਉਹ ਚੁੱਪ ਸਨ। ਉਨ੍ਹਾਂ ਦੀ ਇਸ ਚੁੱਪ ਦਾ ਰਹੱਸ ਨਹੀਂ ਸੀ ਲੱਭ ਰਿਹਾ।
         ਡਾਕਟਰ ਸਾਹਿਬ ਨੇ ਆਪਣੀ ਅਗਵਾਈ 'ਚ ਐਮ.ਫ਼ਿਲ. ਤੇ ਪੀਐਚ. ਡੀ. ਦੇ ਥੀਸਿਸ ਕਰਵਾਏ ਹਨ। ਉਨਾਂ ਨੇ ਕਿੰਨੇ ਹੀ ਥੀਸਿਸਾਂ ਦੇ ਵਾਈਵੇ ਵੀ ਲਏ। ਉਹ ਨਿਗਰਾਨ, ਪ੍ਰੀਖਿਅਕ ਤੇ ਯੂਨੀਵਰਸਿਟੀ 'ਚ ਪ੍ਰਾਅਧਿਆਪਕ ਵੀ ਰਹੇ । ਪਰ ਹੁਣ ਉਹ ਮੇਰੇ ਸਾਹਮਣੇ ਬੁੱਤ ਬਣੇ ਬੈਠੇ ਸਨ। ਉਹ ਮੇਰੀ ਗੱਲ ਦਾ ਜਵਾਬ ਨਹੀਂ ਸੀ ਦੇ ਰਹੇ, ਪਰ ਉਨਾਂ ਦੀ ਇਹ ਹਾਲਤ ਵੀ ਤੜਫ਼ਾ ਰਹੀ ਸੀ ਕਿ ਆਖ਼ਿਰ ਇਹ ਰਹੱਸ ਕੀ ਹੈ? ਜਿਸ ਤਰਾਂ ਡਾਕਟਰ ਸਾਹਿਬ ਆਪਣਾ ਆਪ ਲੁਕਾ ਰਹੇ ਨੇ ਭਾਵੇਂ ਮੈਂ ਅੰਦਰਲਾ ਸੱਚ ਜਾਣਦਾ ਹਾਂ, ਪਰ ਮੈਂ ਇਹ ਰਹੱਸ ਤੋਂ ਪਰਦਾ ਉਨਾਂ ਦੇ ਮੂੰਹੋਂ ਤੇ ਹੱਥੋਂ ਹੀ ਉਤਾਰਨਾ ਚਾਹੁੰਦਾ ਸੀ।
    -''ਡਾਕਟਰ ਸਾਹਿਬ ਤੁਸੀਂ ਕਿੰਨੀਆਂ ਯੂਨੀਵਰਸਿਟੀਆਂ ਦੇ ਨਾਲ ਜੁੜੇ ਰਹੇ ਹੋ?''
      “ਜਿੱਥੇ ਜਿੱਥੇ ਪੰਜਾਬੀ ਪੜਾਈ ਜਾਂਦੀ ?''
    '' ਫੇਰ ਤਾਂ ਤੁਸੀਂ  ਯੂਨੀਵਰਸਿਟੀਆਂ ਵਿਚ ਕਦੇ ਗਾਈਡ ਕਦੇ ਪ੍ਰੀਖਿਅਕ ਬਣਕੇ ਜਾਂਦੇ ਹੋਵੇਗੇ?
     “ ਹਾਂ ਹਾਂ ਜਾਂਦਾ ਹੁੰਦਾ ਸੀ। ਜਦੋਂ ਅਗਲੇ ਬੁਲਾਂਦੇ ਸੀ ਤਾਂ ਜਾਂਦਾ ਸੀ ।''
     “ ਫਿਰ ਤਾਂ ਤੁਸੀਂ ਵਾਈਵੇ ਵੇਲੇ ਖੋਜਾਰਥੀ ਦੀ ਚੰਗੀ ਖੁੰਭ ਠੱਪਦੇ ਹੋਵੇਗੇ?''
    '' ਨਹੀਂ ਇਸ ਤਰਾਂ ਕਦੇ ਖੁੰਭ ਨਹਂਂ ਠੱਪੀ ਜਾਂਦੀ ਜੇ ਅਸਂ ਇਸ ਤਰਾਂ ਖੁੰਭਾਂ ਠੱਪਣ ਲੱਗ ਜਾਂਦੇ ਫਿਰ ਸਾਨੂੰ ਕੌਣ ਗਾਈਡ ਬਣਾਉਂਦਾ ਪ੍ਰਖਿਅਕ ਵਜੋਂ ਕੌਣ ਸੱਦਦਾ।''
     “ ਫਿਰ ਤਾਂ ਤੁਸੀ ਇੱਕ ਦੂਜੇ ਦੀ ਭਾਜੀ ਮੋੜਨ ਵਾਂਗ ਕਰਦੇ ਹੋਵੋਗੇ ਜਿਵੇ ਸ਼ੀਰਨੀ ਵੰਡਦੇ ਹੁੰਦੇ ਆ।''
    '' ਆਹ ਗੱਲ ਤੇਰੀ ਠੀਕ ਹੈ। ਜਿਸ ਖੋਜਾਰਥੀ ਦਾ ਮੈਂ ਨਿਗਰਾਨ ਹਾਂ ਉਸ ਦਾ ਵੀ ਕਿਸੇ ਨੇ ਪ੍ਰਖਿਅਕ ਬਣਨਾ ਹੈ। ਜੇ ਅਸੀਂ ਇੱਕ ਦੂਜੇ ਲਈ ਖੋਜਾਰਥੀਆਂ ਦੇ ਥੀਸਿਸਾਂ ਵਿੱਚੋਂ ਨੁਕਸ ਕੱਢਾਂਗੇ ਤਾਂ ਫਿਰ ਕਿਹੜਾ ਥੀਸਿਸ ਪਾਸ ਹੋ ਸਕਦਾ ਹੈ। ਸਾਨੂੰ ਸਭ ਨੂੰ ਪਤਾ ਹੁੰਦਾ ਹੈ। ਕਿ ਖੋਜਾਰਥੀ ਦੇ ਥੀਸਿਸ ਵਿਚ ਕੀ ਹੈ, ਇਸ ਵਿਚ ਕਿੱਥੋਂ ਕਿੱਥੋਂ ਕੱਟ ਪੇਸਟ ਹੋਈ ਹੈ। ਪਰ ਅਸੀਂ ਜਾਣਦੇ ਹੋਏ ਵੀ ਕੁਝ ਨਹੀਂ ਕਰ ਸਕਦੇ ।''
    ''ਇਹ ਤਾਂ ਤੁਸੀਂ ਫਿਰ ਜਾਣ ਬੁੱਝ ਕੇ ਹਨੇਰ ਫਲਾਉਂਦੇ ਰਹੇ ਹੋ ?''
    ''ਜਦੋਂ ਤੁਹਾਨੂੰ ਪਤਾ ਹੈ ਕਿ ਇਹ ਸਭ ਕੁਝ ਗ਼ਲਤ ਹੋ ਰਿਹਾ ਹੈ ਫਿਰ ਤੁਸੀਂ ਇਸ ਤਰਾਂ ਅਪਣੀ ਜ਼ਮੀਰ ਮਾਰ ਕੇ ਕਿਉਂ ਕਰਦੇ ਰਹੇ ਹੋ, ਤੁਹਾਨੂੰ ਇਹ ਅਹਿਸਾਸ ਨਹੀਂ ਸੀ ਕਿ ਕੱਲ ਨੂੰ ਤੁਸੀਂ ਸਮੇਂ ਨੂੰ ਕੀ ਜੁਆਬ ਦਿਓਗੇ।''
       ਮੇਰੇ ਇਸ ਤਿੱਖੇ ਸੁਆਲ ਨੇ ਉਨਾਂ ਦਾ ਅੰਦਰ ਛਿਲ ਦਿੱਤਾ, ਉਨ੍ਹਾਂ ਦਾ ਗੱਚ ਭਰ ਆਇਆ। ਉਹ ਅੱਖਾਂ ਸਾਫ ਕਰਦੇ ਹੋਏ ਆਖਣ ਲੱਗੇ।
      ''ਬੇਟਾ ਤੂੰ ਠੀਕ ਕਹਿ ਰਿਹਾ ਏ ਅਸੀਂ ਨਿੱਕੀਆਂ ਨਿੱਕੀਆਂ ਗਰਜ਼ਾਂ ਪਿੱਛੇ ਇਹ ਹਨੇਰ ਫੈਲਾਉਂਦੇ ਰਹੇ ਹਾਂ ਤੇ ਫੈਲਾਅ ਰਹੇ ਹਾਂ। ਊਦੋਂ ਅਸੀਂ ਇਹ ਸੋਚਿਆ ਹੀ ਨਹੀਂ ਸੀ ਕਿ ਕੱਲ ਨੂੰ ਸਾਨੂੰ ਕੋਈ ਪੁੱਛਣ ਵਾਲਾ ਪੈਦਾ ਹੋਵੇਗਾ । ਬੇਟਾ ਤੂੰ ਨਹੀਂ ਜਾਣਦਾ ਕਿ ਇਨ੍ਹਾਂ ਯੂਨੀਵਰਸਟੀਆਂ ਅੰਦਰ ਬੈਠੇ ਅਖੌਤੀ ਵਿਦਵਾਨ ਅਪਣੇ ਵਿਦਿਆਰਥੀਆਂ, ਖੋਜਾਰਥੀਆਂ ਦਾ ਕਿਵੇਂ ਖੂਨ ਚੂਸਦੇ ਹਨ। ਕਈ ਤਾਂ ਉਨਾਂ ਦਾ ਜਿਸਮ ਵੀ ਚੂਸਦੇ ਹਨ। ਉਨਾਂ ਨੂੰ ਕੋਈ ਸੰਗ ਸ਼ਰਮ ਨਹੀਂ। ਹੁਣ ਜਦੋਂ ਕਦੇ ਮੈਂ ਆਪ ਖੁਦ ਬੈਠ ਕੇ ਸੋਚਦਾ ਹਾਂ ਤਾਂ ਅਪਣੇ ਆਪ ਨੂੰ ਲਾਹਣਤਾਂ ਪਾਉਂਦਾ ਹਾਂ ਕਿ ਅਸੀਂ ਚਾਨਣ ਦੇ ਵਣਜਾਰੇ ਬਣ ਕੇ ਕਿਵੇਂ ਹਨੇਰ ਫੈਲਾਉਂਦੇ ਰਹੇ ਹਾਂ ਅੱਜ ਕੱਲ ਯੂਨੀਵਰਸਟੀਆਂ ਅੰਦਰ ਲੈਕਚਰਾਰ ਤਾਂ ਬਹੁਤ ਹਨ ਪਰ ਕੋਈ ਵਿਦਵਾਨ ਨਜ਼ਰ ਨਹੀਂ ਆ ਰਿਹਾ। ਹਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਹਾਲਤ ਨੌ ਪੂਰਬੀਏ ਅਠਾਰਾਂ ਚੁਲੇ ਵਰਗੀ ਹੋਈ ਪਈ ਹੈ। ਅਧਿਆਪਕ ਸਮਾਜ ਲਈ ਤੇ ਵਿਦਿਆਰਥੀ ਲਈ ਮਾਡਲ ਹੁੰਦਾ ਹੈ। ਜਦੋਂ ਖੋਜਾਰਥੀ ਦੇ ਸਾਹਮਣੇ ਅਧਿਆਪਕ ਦਾ ਮਾਡਲ ਟੁੱਟਦਾ ਹੈ ਤਾਂ ਖੋਜਾਰਥੀ ਵੀ ਹਨੇਰ ਵੱਲ ਵਧਦਾ ਹੈ। ''
     '' ਡਾਕਟਰ ਸਾਹਿਬ, ਇਕੋ ਵਿਸ਼ੇ 'ਤੇ ਕਈ ਕਈ ਡਿਗਰੀਆਂ ਦਾ ਹੋਣਾ ਤੇ ਕਦੇ ਵੀ ਇਸ ਬਾਰੇ ਕਿਧਰੇ ਕੋਈ ਗੱਲ ਨਾ ਹੋਣੀ, ਇਹ ਸਭ ਪਤਾ ਹੋਣ 'ਤੇ ਵੀ ਚੁੱਪ ਰਹਿਣਾ ਕੀ ਚੱਕਰ ਹੈ ?''
     '' ਇਹ ਸਭ ਕੁੱਝ ਦਾ ਸਭ ਨੂੰ ਪਤਾ ਹੈ ਕਿ ਯੂਨੀਵਰਸਿਟੀਆਂ ਵਾਲਿਆਂ ਨੂੰ ਵੀ ਤੇ ਖੋਜਾਰਥੀਆਂ ਨੂੰ ਪਰ ਕੋਈ ਇਸ ਬਾਰੇ ਗੱਲ ਨਹੀਂ ਕਰਦਾ ਕਿਉਂਕਿ ਇਹ ਸਾਰੇ ਕਿਸੇ ਨਾ ਕਿਸੇ ਅਹਿਸਾਨ ਜਾਂ ਫਿਰ ਹੋਰ ਕਿਸੇ ਕਾਰਨ ਇਕ ਦੂਜੇ ਨਾਲ ਇਸ ਮਸਲੇ 'ਤੇ ਗੱਲ ਨਹੀਂ ਕਰਦੇ । ਇਕੋ ਵਿਸ਼ੇ 'ਤੇ ਕਿਸੇ ਦੂਸਰੀ ਯੂਨੀਵਰਸਿਟੀ 'ਚ ਕੰਮ ਹੋ ਜਾਵੇ ਤਾਂ ਕਈ ਵਾਰ ਪਤਾ ਨਹੀਂ ਲੱਗਦਾ ਪਰ ਜਦੋਂ ਆਪਣੇ ਹੀ ਵਿਭਾਗ 'ਚ ਇਹ ਕੰਮ ਹੁੰਦਾ ਹੈ ਤਾਂ ਅੱਖਾਂ ਮੀਟ ਲੈਣੀਆਂ ਕੋਈ ਛੋਟੀ ਗੱਲ ਨਹੀਂ ਪਰ ਇਹ ਸਭ ਚੱਲੀ ਜਾ ਰਿਹਾ ਜੇ ਕਿਸੇ ਨੇ ਇਸ ਬਾਰੇ ਕਦੀ ਚਰਚਾ ਵੀ ਛੇੜੀ ਉਹ ਇਕ ਦੋ ਦਿਨ ਹੋ ਫਿਰ ਸ਼ਾਂਤੀ ਹੋ ਜਾਂਦੀ ਹੈ। ਕੋਈ ਵੀ ਆਪਣੇ ਢਿੱਡ ਨੂੰ ਨੰਗਾ ਕਰਕੇ ਰਾਜੀ ਨਹੀਂ ਪਰ ਗੰਦ ਬਹੁਤ ਪੈ ਗਿਆ ।''
      - ਥੋੜਾ ਜਿਹਾ ਚੁੱਪ ਰਹਿਣ ਤੋਂ ਬਾਅਦ ਉਹ ਫਿਰ ਬੋਲੇ।
     '' ਖੋਜ ਦਾ ਅਰਥ ਹੀ ਹੈ ਵੱਧ ਤੋਂ ਵੱਧ ਉਸ ਵਿਸ਼ੇ ਨਾਲ ਸੰਬੰਧਤ ਸਮੱਗਰੀ ਇਕੱਠੀ ਕਰੋ ਤੇ ਉਸ ਦਾ ਆਪਣੀ ਸਮਝ ਅਨੁਸਾਰ ਸਿੱਟਾ ਕੱਢੋ ਤੇ ਫਿਰ ਲਿਖੋ, ਪਰ ਹੁੰਦਾ ਕੀ ਹੈ? ਪਹਿਲਾ ਹੋਏ ਦੀ ਕਾਪੀ ਕਰੋ । ਕਈ ਤਾਂ ਇਕ ਅੱਖਰ ਵੀ ਨਹੀਂ ਬਦਲਦੇ, ਡੰਡੀ, ਕੌਮਾਂ, ਸਿਹਾਰੀ, ਬਿਹਾਰੀ ਸਭ ਉਸੇ ਤਰਾਂ ਲਿਖ ਦੇਂਦੇ ਨੇ। ਸਾਡੇ ''ਵਿਦਵਾਨ'' ਵੀ ਕੰਮ ਖੁਦ ਆਪ ਵੀ ਪਹਿਲਾਂ ਕਰੀ ਗਏ। ਉਹ ਪਹਿਲਾਂ ਅੰਗਰੇਜ਼ੀ ਦੀਆਂ ਸਿਧਾਂਤਕ ਕਿਤਾਬਾਂ ਦੇ ਅਨੁਵਾਦ ਕਰਕੇ ਅਪਣੇ ਨਾਂ ਹੇਠ ਛਪਵਾਈ ਗਏ । ਹੁਣ ਸਾਰਾ ਸੱਚ ਸਾਹਮਣੇ ਆਉਣ ਲੱਗ ਪਿਆ। ਇੰਟਰਨੈਟ ਨੇ ਤਾਂ ਸਾਰੇ ਪਰਦੇ ਲਾ ਦਿੱਤੇ।''
      ਡਾਕਟਰ ਸਾਹਿਬ ਤਾਂ ਗਲੋਟੇ ਵਾਂਗ ਉਧੜ ਰਹੇ ਸਨ। ਇੰਝ ਲਗਦਾ ਸੀ ਜਿਵੇਂ ਸਾਰਾ ਸੱਚ ਅੱਜ ਹੀ ਦੱਸਣਾ ਚਾਹੁੰਦੇ ਹੋਣ । ਲਗਦਾ ਤਾਂ ਇਉਂ ਸੀ ਜਿਵੇਂ ਉਹ ਮੂੰਹ ਤੱਕ ਭਰੇ ਹੋਣ , ਉਨ੍ਹਾਂ ਦੇ ਚਿਹਰੇ 'ਤੇ ਗੁਸੇ ਦੀਆਂ ਲਹਿਰਾਂ ਵੀ ਸਨ ਤੇ ਪਛਤਾਵੇ ਦਾ ਪ੍ਰਛਾਵਾਂ ਵੀ ਸਾਫ ਨਜ਼ਰ ਆ ਰਿਹਾ ਸੀ । ਫੇਰ ਉਹ ਇਕਦਮ ਚੁੱਪ ਕਰ ਗਏ । ਕੁੱਝ ਚਿਰ ਬਾਅਦ ਫੇਰ ਬੋਲੇ।
       '' ਜਦੋਂ ਸਾਰੇ ਇਸ ਹਮਾਮ ਵਿਚ ਨੰਗੇ ਹੋਣ ਤਾਂ ਇਸ ਹਨੇਰਗਰਦੀ ਬਾਰੇ ਆਪ ਕੀ ਬੋਲਣ। ਇਹ ਸਭ ਟੁੱਕੀਆਂ ਜੀਭਾਂ ਵਾਲੇ, ਇਨਾਮਾਂ ਦੇ ਮਗਰ ਹੜਲ ਹੜਲ ਕਰਨ ਵਾਲੇ। ਕਿਸੇ ਦੂਸਰੇ ਨੂੰ ਕੀ ਦੋਸ਼ ਦੇਣਗੇ ਜਦ ਆਪ ਹੀ ਏਨੇ ਗੁਨਾਹ ਕੀਤੇ ਹੋਣ ਤਾਂ ਬੇਸ਼ਰਮ ਦੀ ਮਾਂ ਭੜੋਲੀ 'ਚ ਮੂੰਹ । ਦੱਸ ਹੋਰ ਕੀ ਦੱਸਾਂ । ਜਿਵੇਂ ਕਹਿੰਦੇ ਹੁੰਦੇ ਨੇ ਕਮਲੀਏ ਤੂੰ ਇਕ ਨੂੰ ਕੀ ਰੋਂਦੀ ਏ ਇਥੇ ਤਾਂ ਆਵਾ ਹੀ ਊਤਿਆ ਪਿਆ । ਕਈਆਂ ਨੇ ਕੁੜੀਆਂ ਦੇ ਵਿਆਹ ਤੱਕ ਨਾ ਹੋਣ ਦਿੱਤੇ, ਧੀਆਂ ਵਰਗੀਆਂ ਨੂੰ ਰਖੇਲਾਂ ਬਣਾ ਕੇ ਰੱਖਿਆ। ਨਾ ਡਿਗਰੀ ਕਰਾਈ ਤੇ ਨਾ .... ਵਿਆਹ ਹੋਣ ਦਿੱਤਾ .... ਕਈਆਂ ਨੇ ਆਪਣੇ ਹੱਸਦੇ ਵਸਦੇ ਘਰ ਪੱਟ ਲਏ ..... ਹੁਣ ਉਨ੍ਹਾਂ ਦੀ ਔਲਾਦ ਵੀ .... ਹੱਥੋਂ ਨਿਕਲਗੀ ... ਹੁਣ ਰੋਂਦੇ ਨੇ ... ਆ ਚਾਦਰ ਦੇ ਮੈਨੂੰ ਪਾਲ਼ਾ ਲੱਗਦਾ ਆ ... ਬਸ ਹੁਣ ਬਾਕੀ ਕਦੇ ਫੇਰ ਸਹੀ ਤੈਨੂੰ ਹੋਰ ਵੀ ਉਹ ਦੱਸੂੰ .. ਜੋ ਹੁੰਦਾ ਹੈ....।''
      ਡਾਕਟਰ ਸਾਹਿਬ ਇਉ ਆਪਣੇ ਆਪ ਨੂੰ ਲਕੋਣ ਲੱਗ ਪਏ, ਜਿਵੇਂ ਉਹ ਖੁੱਦ ਵੀ ਨੰਗੇ ਹੋ ਗਏ ਹੋਣ।
ਸੰਪਰਕ : 94643-70823
ਪੰਜਾਬੀ ਭਵਨ ਲੁਧਿਆਣਾ, ਪੰਜਾਬ-