ਰੋਬੋਟੀਕਰਨ ਹੋਣ ਪਿੱਛੋਂ ਮਨੁੱਖੀ ਕਿਰਤ ਦਾ ਕੀ ਬਣੇਗਾ ਤੇ ਕਿਰਤੀ ਰਾਜਨੀਤੀ ਦਾ ਕੀ ਬਣੇਗਾ - ਜਤਿੰਦਰ ਪਨੂੰ

ਮੈਨੂੰ ਇਹ ਨਹੀਂ ਪਤਾ ਕਿ ਰਾਜਨੀਤੀ ਤੋਂ ਹਟ ਕੇ ਲਿਖਣ ਲੱਗਾ ਹਾਂ ਜਾਂ ਰਾਜਨੀਤੀ ਦੇ ਭਵਿੱਖ ਬਾਰੇ ਜਾਂ ਭਵਿੱਖ ਦੀ ਰਾਜਨੀਤੀ ਜਾਂ ਫਿਰ ਕਿਰਤ ਕਰਨ ਅਤੇ ਪੇਟ ਭਰਨ ਵਾਲੀ ਜਮਾਤ ਦੇ ਭਵਿੱਖ ਬਾਰੇ ਲਿਖਣ ਲੱਗਾ ਹਾਂ! ਹਾਲਾਤ ਬੜੀ ਤੇਜ਼ੀ ਨਾਲ ਅਤੇ ਸਾਡੀ ਸੋਚ ਤੋਂ ਬਾਹਰੀ ਤੇਜ਼ੀ ਨਾਲ ਬਦਲ ਰਹੇ ਹਨ। ਅਗਲੇ ਕੁਝ ਸਾਲਾਂ ਵਿੱਚ ਕਈ ਕੁਝ ਇਸ ਤਰ੍ਹਾਂ ਦਾ ਹੋਣ ਵਾਲਾ ਹੈ, ਜਿਸ ਨਾਲ ਅੱਜ ਦੀਆਂ ਸਭ ਧਾਰਨਾਵਾਂ ਬਦਲ ਸਕਦੀਆਂ ਹਨ। ਜਦੋਂ ਏਨਾ ਕੁਝ ਅਤੇ ਏਨੀ ਤੇਜ਼ੀ ਨਾਲ ਬਦਲਣ ਜਾ ਰਿਹਾ ਹੈ, ਇਸ ਦੇ ਅਸਰ ਹੇਠ ਅੱਜ ਦੀ ਰਾਜਨੀਤੀ ਅਤੇ ਕਿਰਤ ਕਰਨ ਵਾਲੀ ਜਮਾਤ ਦੇ ਅਜੋਕੇ ਹੱਕੀ ਸੰਘਰਸ਼ ਜਾਂ ਇਸ ਦੀਆਂ ਮੰਗਾਂ ਵਾਲੇ ਪੱਖ ਉੱਤੇ ਵੀ ਏਨਾ ਅਸਰ ਹੋਣਾ ਹੈ, ਜਿਸ ਦੀ ਗੱਲ ਕਰਨਾ ਹਾਲੇ ਹਾਸੋਹੀਣਾ ਲੱਗਦਾ ਹੈ।
ਇਸ ਜੁਲਾਈ ਦੀ ਪੰਜ ਤਾਰੀਖ ਨੂੰ ਜਦੋਂ ਭਾਰਤ ਦਾ ਬੱਜਟ ਪੇਸ਼ ਕੀਤਾ ਜਾ ਰਿਹਾ ਸੀ, ਖਜ਼ਾਨਾ ਮੰਤਰੀ ਬੀਬੀ ਇਹ ਦੱਸ ਰਹੀ ਸੀ ਕਿ ਅਗਲੇ ਸਾਲਾਂ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਲਈ ਮਾਹੌਲ ਬਣਾਉਣਾ ਹੈ, ਤਾਂ ਇੱਕ ਸੱਜਣ ਨੇ ਫੋਨ ਕਰ ਕੇ ਪੁੱਛ ਲਿਆ ਕਿ ਓਦੋਂ ਫਿਰ ਅੱਜ ਵਾਲੇ ਪੈਟਰੋਲ ਪੰਪਾਂ ਦਾ ਕੀ ਬਣੇਗਾ? ਜਲੰਧਰ ਵਰਗੇ ਸ਼ਹਿਰ ਦੇ ਇੱਕ ਵਧੀਆ ਚੱਲਦੇ ਅਤੇ ਤੀਸਰੀ ਪੀੜ੍ਹੀ ਵੱਲੋਂ ਚਲਾਏ ਜਾ ਰਹੇ ਪੈਟਰੋਲ ਪੰਪ ਦਾ ਅਜੋਕਾ ਸੰਚਾਲਕ ਉਹ ਨੌਜਵਾਨ ਇਸ ਲਈ ਚਿੰਤਤ ਸੀ ਕਿ ਉਸ ਦੇ ਕਾਰੋਬਾਰ ਉੱਤੇ ਸੱਟ ਪੈਣ ਵਾਲੀ ਸੀ, ਪਰ ਅਸੀਂ ਕੁਝ ਅੱਗੇ ਸੋਚ ਰਹੇ ਹਾਂ। ਭਾਰਤ ਦੀ ਸਰਕਾਰ ਦੂਸਰੇ ਦੇਸ਼ਾਂ ਵਾਂਗ ਬਿਜਲੀ ਵਾਲੀਆਂ ਕਾਰਾਂ ਤੇ ਹੋਰ ਗੱਡੀਆਂ ਨੂੰ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਇਸ ਲਈ ਕਿ ਇਸ ਨਾਲ ਪਰਦੂਸ਼ਣ ਘਟੇਗਾ, ਖਰਚਾ ਵੀ ਘਟੇਗਾ ਅਤੇ ਤੇਲ ਦੇਣ ਵੇਲੇ ਅੜੀਆਂ ਕਰਨ ਵਾਲੇ ਦੇਸਾਂ ਉੱਤੇ ਸਾਡੇ ਦੇਸ਼ ਦੀ ਨਿਰਭਰਤਾ ਵੀ ਘਟੇਗੀ। ਸਰਕਾਰ ਏਦਾਂ ਕਰ ਕੇ ਗਲਤ ਕੁਝ ਨਹੀਂ ਕਰਦੀ ਜਾਪਦੀ। ਜਦੋਂ ਇਹ ਪ੍ਰਬੰਧ ਚੱਲਣ ਪਿੱਛੋਂ ਹਰ ਪਾਸੇ ਕਾਰਾਂ ਤੇ ਹੋਰ ਗੱਡੀਆਂ ਬਿਜਲੀ ਨਾਲ ਚੱਲਣ ਲੱਗੀਆਂ, ਪੈਟਰੋਲ ਪੰਪ ਜ਼ਰੂਰ ਬੰਦ ਹੋ ਜਾਣਗੇ। ਇੱਕਦਮ ਇਹ ਬੰਦ ਨਹੀਂ ਹੋਣੇ, ਹੌਲੀ-ਹੌਲੀ ਹੋ ਜਾਣਗੇ, ਪਰ ਇਹ ਕੁਝ ਹੋਣਾ ਤਾਂ ਹੈ ਹੀ। ਅੱਗੇ ਵੀ ਕਈ ਕੁਝ ਬੰਦ ਹੁੰਦਾ ਗਿਆ ਹੈ।
ਸੋਸ਼ਲ ਮੀਡੀਆ ਉੱਤੇ ਏਸੇ ਹਫਤੇ ਕਿਸੇ ਸੱਜਣ ਨੇ ਮੈਸੇਜ ਪਾਇਆ ਹੈ ਕਿ ਪਹਿਲਾਂ ਜਦੋਂ ਕੈਮਰਿਆਂ ਵਿੱਚ ਫਿਲਮ ਪੈਂਦੀ ਸੀ, ਸਾਰੀ ਦੁਨੀਆ ਵਿੱਚ ਕੋਡਕ ਦੀ ਫਿਲਮ ਕੰਪਨੀ ਦੀ ਧੁੰਮ ਹੁੰਦੀ ਸੀ। ਅੱਜ ਨਵੀਂ ਪੀੜ੍ਹੀ ਵਾਲੇ ਲੋਕ ਇਸ ਕੰਪਨੀ ਤੇ ਉਸ ਫਿਲਮ ਰੋਲ ਬਾਰੇ ਜਾਣਦੇ ਵੀ ਨਹੀਂ ਹੋਣੇ। ਇੱਕ ਮੌਕੇ ਵੀਡੀਓ ਰਿਕਾਰਡਿੰਗ ਵਾਸਤੇ ਨਵੀਂ ਚੀਜ਼ ਵੀਡੀਓ ਕੈਸੇਟ ਹੁੰਦੀ ਸੀ, ਅੱਜ ਉਹ ਨਹੀਂ ਰਹੀ ਤੇ ਨਵੀਂ ਪੀੜ੍ਹੀ ਨੂੰ ਇਸ ਦਾ ਪਤਾ ਵੀ ਨਹੀਂ ਹੋਣਾ। ਕੈਸੇਟ ਪਿੱਛੋਂ ਕੰਪਿਊਟਰ ਦੀ ਫਲਾਪੀ ਡਿਸਕ ਆਈ ਸੀ, ਫਿਰ ਜਦੋਂ ਸੀ ਡੀ ਚੱਲ ਪਈ ਤਾਂ ਫਲਾਪੀ ਡਿਸਕ ਨਹੀਂ ਰਹੀ। ਨਵੀਂ ਪੀੜ੍ਹੀ ਦੇ ਬੱਚੇ ਏਨੀ ਗੱਲ ਸੁਣ ਕੇ ਹੀ ਅੱਕ ਜਾਣਗੇ, ਪਰ ਅਸੀਂ ਕੁਝ ਹੋਰ ਯਾਦ ਕਰ ਸਕਦੇ ਹਾਂ। ਸਾਡੇ ਸਾਹਮਣੇ ਪਹਿਲਾਂ ਘਰਾਂ ਦੀਆਂ ਛੱਤਾਂ ਉੱਤੇ ਮੰਜੇ ਇੱਕ ਦੂਸਰੇ ਨਾਲ ਉਲਟੇ ਜੋੜ ਕੇ ਉਨ੍ਹਾਂ ਉੱਤੇ ਲਾਊਡ ਸਪੀਕਰ ਬੰਨ੍ਹਿਆ ਜਾਂਦਾ ਅਤੇ ਉਸ ਦੀ ਮਸ਼ੀਨ ਹੇਠਾਂ ਕਿਸੇ ਕਮਰੇ ਜਾਂ ਵਿਹੜੇ ਵਿੱਚ ਰੱਖ ਕੇ ਉਸ ਉੱਤੇ ਗੋਲਾਈਦਾਰ ਰਿਕਾਰਡ ਲਾ ਕੇ ਘੁੰਮਾਉਣ ਮਗਰੋਂ ਉਸ ਉੱਤੇ ਸੂਈ ਵਾਲਾ ਜੁਗਾੜ ਲਾਇਆ ਜਾਂਦਾ ਸੀ, ਜਿਸ ਦੀ ਸੂਈ ਝਰੀ ਵਿੱਚ ਚੱਲ ਕੇ ਆਵਾਜ਼ ਪੈਦਾ ਕਰਦੀ ਸੀ। ਬਾਅਦ ਵਿੱਚ ਉਹ ਸਭ ਕੁਝ ਗਾਇਬ ਹੋ ਗਿਆ। ਅੱਜ ਲਾਊਡ ਸਪੀਕਰ ਲੱਗਦੇ ਹਨ, ਪਰ ਮਸ਼ੀਨ ਵਿੱਚ ਸੀ ਡੀ ਫਿੱਟ ਹੁੰਦੀ ਹੈ। ਅਸੀਂ ਲੋਕਾਂ ਬਚਪਨ ਵਿੱਚ ਉਹ ਟੈਲੀਫੋਨ ਵੇਖਿਆ ਸੀ, ਜਿਸ ਨੂੰ ਚਲਾਉਣ ਜਾਂ ਘੰਟੀ ਵੱਜੀ ਤੋਂ ਸੁਣਨ ਵੇਲੇ ਨਾਲ ਹੱਥੀ ਘੁੰਮਾ ਕੇ ਚਾਬੀ ਭਰਨੀ ਪੈਂਦੀ ਸੀ, ਵਰਨਾ ਆਵਾਜ਼ ਬੈਠ ਜਾਂਦੀ ਸੀ, ਉਹ ਵੀ ਖਤਮ ਹੋ ਗਏ ਸਨ। ਜਦੋਂ ਹਾਲੇ ਟੈਲੀਫੋਨ ਦਾ ਯੁੱਗ ਨਹੀਂ ਸੀ ਆਇਆ, ਓਦੋਂ ਟੈਲੀਗਰਾਮ ਹੁੰਦੀ ਸੀ ਤੇ ਡਾਕਖਾਨੇ ਜਾਂ ਕਿਸੇ ਸਰਕਾਰੀ ਦਫਤਰ ਵਿੱਚ ਬੈਠਾ ਬੰਦਾ ਉਸ ਦੀ ਪੱਟੀ ਉੱਤੇ ਉਂਗਲ ਦੇ ਨਾਲ ਖਾਸ ਕਿਸਮ ਦੀ ਟਿਕ-ਟਿਕ ਕਰੀ ਜਾਂਦਾ ਸੀ, ਜਿਸ ਦੀ ਟਿਕ-ਟਿਕ ਵਿੱਚ ਛੁਪੇ ਕੋਡ ਸੁਣਦਾ ਦੂਸਰੇ ਪਾਸੇ ਵਾਲਾ ਕਲਰਕ ਸਾਰਾ ਸੰਦੇਸ਼ ਨੋਟ ਕਰ ਸਕਦਾ ਸੀ। ਪਿਛਲੇਰੇ ਸਾਲ ਟੈਲੀਗਰਾਮ ਸਾਰੀ ਦੁਨੀਆ ਵਿੱਚ ਬੰਦ ਹੋ ਗਈ ਤਾਂ ਉਸ ਦਿਨ ਉਸ ਨਾਲ ਜੁੜੇ ਰਹੇ ਪੁਰਾਣੇ ਲੋਕਾਂ ਵਿੱਚੋਂ ਜਿਹੜੇ ਕੁਝ ਬਜ਼ੁਰਗ ਮਿਲੇ ਸਨ, ਉਦਾਸੀ ਜਿਹੀ ਨਾਲ ਜ਼ਿਕਰ ਕਰਦੇ ਸਨ।
ਸਾਡੇ ਵੇਖਦਿਆਂ ਤੋਂ ਪਿੰਡਾਂ ਵਿੱਚ ਖੇਤੀ ਲਈ ਪਾਣੀ ਕੱਢਣ ਵਾਸਤੇ ਵੱਡਾ ਮਹੱਤਵ ਰੱਖਦੇ ਖੂਹ ਗਾਇਬ ਹੋ ਗਏ ਤੇ ਉਨ੍ਹਾਂ ਦੀ ਥਾਂ ਲੋਹੇ ਦੀ ਪਾਈਪ ਵਾਲੇ ਟਿਊਬਵੈੱਲ ਆ ਗਏ ਸਨ। ਜਿਹੜੇ ਬਲਦ ਓਦੋਂ ਖੂਹਾਂ ਨੂੰ ਗੇੜਨ ਲਈ ਵਰਤਣ ਕਰ ਕੇ ਬੜੀ ਅਹਿਮੀਅਤ ਰੱਖਦੇ ਸਨ, ਉਸ ਦੇ ਬਾਅਦ ਗੱਡਿਆਂ ਜੋਗੇ ਰਹਿ ਗਏ ਅਤੇ ਫਿਰ ਗੱਡੇ ਬੰਦ ਹੋਣ ਕਾਰਨ ਬੇਲੋੜੇ ਹੋ ਕੇ ਘਰਾਂ ਤੋਂ ਕੱਢੇ ਜਾਣ ਲੱਗ ਪਏ ਸਨ। ਉਸ ਤੋਂ ਪਹਿਲਾਂ ਗਾਂ ਦੀ ਵੱਛੀ ਦਾ ਮੁੱਲ ਘੱਟ ਤੇ ਵੱਛੇ ਦਾ ਵੱਧ ਹੁੰਦਾ ਸੀ ਤੇ ਉਸ ਦੇ ਬਾਅਦ ਵੱਛੀ ਤੇ ਮੱਝ ਦੀ ਕੱਟੀ ਦੀ ਕਦਰ ਹਾਲੇ ਬਾਕੀ ਹੈ, ਵੱਛਾ ਤੇ ਕੱਟਾ ਬੇਲੋੜੇ ਹੋ ਗਏ ਸਨ। ਕੁਰਾਲੀ ਨੂੰ ਜਾਣ ਵਾਲੇ ਜਿਹੜੇ ਟਾਂਗੇ ਦੇ ਗੀਤ ਚੱਲਦੇ ਸਨ, ਅੱਜ ਉਹ ਟਾਂਗੇ ਕਿਤੇ ਵੀ ਨਹੀਂ ਰਹੇ। ਤਬਦੀਲੀ ਅਜੇ ਵੀ ਜਾਰੀ ਹੈ।
ਗੱਲ ਫਿਰ ਖਜ਼ਾਨਾ ਮੰਤਰੀ ਅਤੇ ਭਾਰਤ ਸਰਕਾਰ ਦੀ ਇਸ ਸੋਚ ਵੱਲ ਮੁੜ ਪੈਂਦੀ ਹੈ ਕਿ ਛੇਤੀ ਹੀ ਬਿਜਲੀ ਵਾਲੀ ਕਾਰ ਭਾਰਤ ਵਿੱਚ ਆ ਜਾਵੇਗੀ ਅਤੇ ਪੈਟਰੋਲ ਪੰਪ ਬੇਲੋੜੇ ਹੋਣ ਦਾ ਖਦਸ਼ਾ ਹੈ। ਦੁਨੀਆ ਇਸ ਤੋਂ ਅੱਗੇ ਜਾ ਰਹੀ ਹੈ। ਕੁਝ ਦੇਸ਼ਾਂ ਵਿੱਚ ਕਾਰਾਂ ਦੀ ਨਵੀਂ ਨਸਲ ਆ ਰਹੀ ਹੈ, ਜਿਹੜੀ ਡਰਾਈਵਰ ਤੋਂ ਬਿਨਾਂ ਚੱਲਿਆ ਕਰੇਗੀ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਮੁਹਾਰਤ ਏਨੀ ਹੈ ਕਿ ਹਾਦਸੇ ਵੀ ਘੱਟ ਹੋਣਗੇ। ਇਹ ਹੋ ਸਕਦਾ ਹੈ। ਆਕਾਸ਼ ਵਿੱਚ ਉੱਡਦੇ ਜਹਾਜ਼ ਜਦੋਂ ਜ਼ਮੀਨ ਉੱਤੇ ਉੱਤਰਨ ਲੱਗਦੇ ਹਨ, ਕਈ ਥਾਂਈਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਏਅਰ ਪੋਰਟ ਨੇੜੇ ਆਉਣ ਤੋਂ ਬਾਅਦ ਪਾਇਲਟ ਉਸ ਦਾ ਕੰਟਰੋਲ ਛੱਡ ਦੇਂਦਾ ਹੈ ਤੇ ਉਹ ਆਟੋ ਲੈਂਡਿੰਗ ਸਿਸਟਮ ਨਾਲ ਖੁਦ ਹੀ ਜ਼ਮੀਨ ਉੱਤੇ ਵਿਛੇ ਹੋਏ ਰੰਨ-ਵੇਅ ਦੀ ਸੇਧ ਰੱਖ ਕੇ ਉੱਤਰ ਜਾਂਦੇ ਹਨ। ਜ਼ਮੀਨ ਉੱਤੇ ਡਰਾਈਵਰ ਤੋਂ ਬਿਨਾਂ ਚੱਲਦੀਆਂ ਕਾਰਾਂ ਵੀ ਕਾਮਯਾਬ ਹੋ ਜਾਣਗੀਆਂ ਤਾਂ ਫਿਰ ਡਰਾਈਵਰਾਂ ਦੀ ਕੀ ਲੋੜ ਰਹੇਗੀ? ਸਿਰਫ ਡਰਾਈਵਰਾਂ ਬਾਰੇ ਗੱਲ ਨਾ ਕਰੀਏ, ਸਮਾਜ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮਸ਼ੀਨੀਕਰਨ ਹੋ ਰਿਹਾ ਹੈ ਤੇ ਕਈ ਥਾਂ ਇਸ ਨਾਲ ਮਨੁੱਖਤਾ ਦਾ ਇੱਕ ਹਿੱਸਾ ਚਿੰਤਾ ਵਿੱਚ ਹੈ। ਚੀਨ ਵਿੱਚ ਖਬਰਾਂ ਬਣਾਉਣ ਅਤੇ ਇਲੈਕਟਰਾਨਿਕ ਮੀਡੀਆ ਉੱਤੇ ਪੜ੍ਹਨ ਦਾ ਕੰਮ ਰੋਬੋਟ ਵੱਲੋਂ ਕਰਨ ਦਾ ਤਜਰਬਾ ਕਾਮਯਾਬ ਰਿਹਾ ਦੱਸਿਆ ਜਾਂਦਾ ਹੈ ਤੇ ਨਾਲ ਇਹ ਵੀ ਖਬਰ ਸੁਣੀ ਗਈ ਹੈ ਕਿ ਚੀਨ ਵਿੱਚ ਮੀਡੀਆ ਨਾਲ ਜੁੜੇ ਹੋਏ ਲੋਕਾਂ ਨੇ ਇਸ ਬਾਰੇ ਆਪਣੇ ਦੇਸ਼ ਦੀ ਕਮਿਊਨਿਸਟ ਸਰਕਾਰ ਨੂੰ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ ਹੈ।
ਕੀ ਇਹ ਚਿੰਤਾ ਡਰਾਈਵਰਾਂ ਜਾਂ ਮੀਡੀਏ ਵਾਲਿਆਂ ਸੀਮਤ ਰਹੇਗੀ? ਕੀ ਇਹ ਸੱਚ ਸਾਨੂੰ ਪਤਾ ਨਹੀਂ ਹੈ ਕਿ ਕੁਝ ਦੇਸ਼ਾਂ ਦੇ ਹੋਟਲ ਮਾਲਕਾਂ ਨੇ ਗ੍ਰਾਹਕਾਂ ਨੂੰ ਖਾਣਾ ਪਰੋਸਣ ਵਾਸਤੇ ਰੋਬੋਟ ਦੀ ਵਰਤੋਂ ਦਾ ਤਜਰਬਾ ਕਰ ਲਿਆ ਅਤੇ ਉਸ ਦੀ ਕਾਮਯਾਬੀ ਦੇ ਸੋਹਲੇ ਗਾ ਰਹੇ ਹਨ? ਇਹ ਸਾਰਾ ਕੁਝ ਸੁਣ ਕੇ ਕੋਈ ਵੀ ਕਹਿ ਸਕਦਾ ਹੈ ਕਿ ਚੰਗੀ ਗੱਲ ਹੈ। ਗੱਲ ਚੰਗੀ ਹੋਣ ਕਰ ਕੇ ਅਸੀਂ ਇਸ ਦੇ ਵਿਰੋਧੀ ਨਹੀਂ, ਪਰ ਕੀ ਕਦੇ ਅੱਗੇ ਦਾ ਵੀ ਸੋਚਿਆ ਹੈ? ਜਿਨ੍ਹਾਂ ਲੋਕਾਂ ਦੇ ਕੋਲ ਪੈਸਾ ਹੈ, ਉਹ ਬਿਨਾਂ ਡਰਾਈਵਰ ਦੀ ਕਾਰ ਵਰਤਣਗੇ, ਰੋਬੋਟ ਵਾਲੇ ਹੋਟਲ ਤੋਂ ਖਾਣਾ ਖਾਣਗੇ ਤੇ ਆਪਣੇ ਘਰ ਵੀ ਰੋਬੋਟ ਲੈ ਆਉਣਗੇ, ਪਰ ਜਿਹੜੇ ਲੋਕ ਉਸ ਦੌਰ ਵਿੱਚ ਇਨ੍ਹਾਂ ਕੰਮਾਂ ਤੋਂ ਵਿਹਲੇ ਹੋ ਜਾਣਗੇ, ਉਹ ਕਿਸ ਦੀ ਮਾਂ ਨੂੰ ਮਾਸੀ ਕਹਿਣਗੇ? ਰੋਟੀ ਕਮਾ ਕੇ ਖਾਣ ਨੂੰ ਮਿਲਣੀ ਹੈ ਤੇ ਜਦੋਂ ਉਨ੍ਹਾਂ ਵਾਲਾ ਕੰਮ ਪੈਸੇ ਵਾਲੇ ਅਦਾਰੇ ਤੇ ਲੋਕ ਰੋਬੋਟਸ ਤੋਂ ਕਰਵਾ ਲੈਣਗੇ, ਕਿਰਤੀਆਂ ਦੇ ਹੱਕਾਂ ਵਾਸਤੇ ਚੱਲਦੀ ਉਸ ਜੰਗ ਦਾ ਕੀ ਬਣੇਗਾ, ਜਿਸ ਤੋਂ ਤ੍ਰਹਿਕੇ ਹੋਏ ਦੇਸ਼ਾਂ ਦੇ ਆਗੂ ਸਮਾਜੀ ਸੁਰੱਖਿਆ ਦੀਆਂ ਸਕੀਮਾਂ ਦੇ ਐਲਾਨ ਕਰਨ ਨੂੰ ਮਜਬੂਰ ਹੋ ਜਾਂਦੇ ਜਾਂ ਮਜਬੂਰ ਕੀਤੇ ਜਾ ਸਕਦੇ ਸਨ? ਤਕਨੀਕੀ ਯੁੱਗ ਜਿੰਨੀ ਤੇਜ਼ੀ ਨਾਲ ਬਦਲਦਾ ਪਿਆ ਹੈ, ਇਹੋ ਜਿਹਾ ਵਕਤ ਮਨੁੱਖ ਦਾ ਰਾਹ ਰੋਕਣ ਲਈ ਬਹੁਤੀ ਦੇਰ ਨਹੀਂ ਕਰਨ ਵਾਲਾ। ਜਦੋਂ ਉਹ ਦੌਰ ਸਾਡਾ ਰਾਹ ਰੋਕ ਖੜੋਤਾ, ਫਿਰ ਸਰਕਾਰਾਂ ਦੇ ਖਿਲਾਫ ਕਿਰਤੀ ਲੋਕਾਂ ਦੇ ਹੱਕਾਂ ਦਾ ਸੰਘਰਸ਼ ਕਿਸ ਤਰ੍ਹਾਂ ਦਾ ਹੋਵੇਗਾ, ਇਸ ਸੰਬੰਧ ਵਿੱਚ ਸੋਚਣ ਦੀ ਲੋੜ ਅਜੇ ਕਿਸੇ ਧਿਰ ਦੀ ਵਿਚਾਰ ਦੇ ਏਜੰਡੇ ਉੱਤੇ ਆਈ ਹੀ ਨਹੀਂ ਜਾਪਦੀ।
ਅਸੀਂ ਇਸ ਗੱਲ ਬਾਰੇ ਸੋਚ ਕੇ ਚਿੰਤਤ ਨਹੀਂ ਕਿ ਕਿਸੇ ਦੋਸਤ ਪਰਵਾਰ ਦੇ ਤਿੰਨ ਪੀੜ੍ਹੀਆਂ ਤੋਂ ਚੱਲ ਰਹੇ ਪੈਟਰੋਲ ਪੰਪ ਦਾ ਕੀ ਬਣੇਗਾ, ਸਗੋਂ ਇਹ ਸੋਚਣਾ ਪਵੇਗਾ ਕਿ ਭਾਰਤ ਵਿੱਚ ਰਾਜਨੀਤੀ ਜਿਵੇਂ ਕਿਰਤ ਦਾ ਮਾਣ ਭੁੱਲ ਕੇ ਕਲਪਨਾ ਦੇ ਭਗਵਾਨ ਦੁਆਲੇ ਕੇਂਦਰਤ ਹੋਈ ਜਾਂਦੀ ਹੈ, ਦੇਸ਼ ਜਾਂ ਦੁਨੀਆ ਨੂੰ ਅਗਲੇ ਸਾਲਾਂ ਵਿੱਚ ਉਹ ਕਿਸ ਲੀਹੇ ਪਾਉਣ ਵਾਲੀ ਹੈ? ਭਵਿੱਖ ਦੀ ਰਾਜਨੀਤੀ ਜਾਂ ਅਜੋਕੀ ਰਾਜਨੀਤੀ ਦੇ ਭਵਿੱਖ ਬਾਰੇ ਸੋਚਣ ਦੀ ਜਿਹੜੀ ਲੋੜ ਬਣਦੀ ਹੈ, ਉਸ ਬਾਰੇ ਕੋਈ ਸੋਚ ਹੀ ਨਹੀਂ ਰਿਹਾ। ਕਹਿੰਦੇ ਹਨ ਕਿ ਬਿੱਲੀ ਆਉਂਦੀ ਵੇਖ ਕੇ ਕਬੂਤਰ ਅੱਖਾਂ ਵੀ ਮੀਟ ਲਵੇ ਤਾਂ ਬਿੱਲੀ ਮੁੜਨ ਦਾ ਮਨ ਨਹੀਂ ਬਣਾਉਂਦੀ ਹੁੰਦੀ, ਸਗੋਂ ਝਪੱਟਾ ਮਾਰਦੀ ਹੁੰਦੀ ਹੈ ਤੇ ਇਹ ਝਪੱਟਾ ਕਿਰਤੀ ਲੋਕਾਂ ਉੱਤੇ ਵੀ ਵੱਜਣ ਵਾਲਾ ਜਾਪਦਾ ਹੈ।